ਭਾਰਤ ਦੇ ਮੋਜ਼ਾਮਬੀਕ ਨਾਲ ਮਜ਼ਬੂਤ ਸਬੰਧ

ਮੋਜ਼ਾਮਬੀਕ ਨਾਲ ਰਣਨੀਤਕ ਸਬੰਧਾਂ ਅਤੇ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ, ਜਿਥੇ ਭਾਰਤ ਵਿਚ ਬਹੁਤ ਵੱਡਾ ਆਰਥਿਕ ਨਿਵੇਸ਼ ਹੈ, ਉਥੇ ਹੀ ਦੋਵਾਂ ਮੁਲਕਾਂ ਨੇ ਦੋ ਮਹੱਤਵਪੂਰਨ ਸਹਿਮਤੀ ਪੱਤਰਾਂ 'ਤੇ ਦਸਤਖ਼ਤ ਕਰਕੇ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ, ਇਹ ਸਮਝੌਤੇ "ਵਾਇਟ ਸ਼ਿਪਿੰਗ" ਦੀ ਜਾਣਕਾਰੀ ਸਾਂਝਾ ਕਰਨ ਅਤੇ ਹਾਇਡ੍ਰੋਗ੍ਰਾਫੀ ਦੇ ਖੇਤਰ ਵਿਚ ਸਹਿਯੋਗ ਲਈ ਕੀਤੇ ਗਏ ਹਨ। ਇਹ ਸਮਝੌਤੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਦੇ ਹਾਲ ਹੀ 'ਚ ਸੰਪੰਨ ਹੋਏ ਅਫ਼ਰੀਕੀ ਮੁਲਕਾਂ ਦੇ ਤਿੰਨ ਦਿਨੀਂ ਦੌਰੇ ਦੌਰਾਨ ਕੀਤੇ ਗਏ ਸਨ।

ਆਪਣੇ ਮੋਜ਼ਾਮਬੀਕ ਦੇ ਹਮਰੁਤਬਾ ਸ੍ਰੀ ਅਤਨਾਸੀਓ ਮਟੂਮੁਕ ਨਾਲ ਵਾਰਤਾਲਾਪ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਮੋਜ਼ਾਮਬੀਕ ਨੂੰ ਅਫ਼ਰੀਕਾ ਵਿੱਚ ਆਪਣੇ ਸਭ ਤੋਂ ਮਹੱਤਵਪੂਰਨ ਦੋਸਤਾਂ ਅਤੇ ਭਾਈਵਾਲਾਂ ਵਿਚੋਂ ਇਕ ਮੰਨਦਾ ਹੈ। ਅੰਕੜਿਆਂ ਅਨੁਸਾਰ ਉਸ ਦੇਸ਼ ਵਿਚ ਭਾਰਤੀ ਨਿਵੇਸ਼ 7 ਬਿਲੀਅਨ ਡਾਲਰ ਦਾ ਹੈ, ਜੋ ਕਿ ਜ਼ਿਆਦਾਤਰ ਊਰਜਾ ਅਤੇ ਕੋਲੇ ਨਾਲ ਸਬੰਧਿਤ ਹੈ ਅਤੇ ਅਫਰੀਕਾ ਵਿਚ ਭਾਰਤੀ ਨਿਵੇਸ਼ ਦਾ ਲਗਭਗ 25% ਹੈ। 2017 ਵਿਚ ਮੋਜ਼ਾਮਬੀਕ ਦੀ ਸਭ ਤੋਂ ਜ਼ਿਆਦਾ ਬਰਾਮਦ ਭਾਰਤ ਤੋਂ ਹੋਈ ਸੀ, ਜਿਸ ਵਿਚ ਇਸ ਦੇ ਕੁੱਲ ਨਿਰਯਾਤ ਮਾਲੀਏ ਦਾ ਲਗਭਗ 35 ਪ੍ਰਤੀਸ਼ਤ ਹਿੱਸਾ ਸੀ।

ਕਬੀਲੇ ਗੌਰ ਹੈ ਕਿ ਰੱਖਿਆ ਮੰਤਰੀ ਵਜੋਂ ਆਪਣੀ ਪਹਿਲੀ ਵਿਦੇਸ਼ੀ ਯਾਤਰਾ ਅਤੇ ਇਕ ਭਾਰਤੀ ਰੱਖਿਆ ਮੰਤਰੀ ਦੀ ਪਹਿਲੀ ਮੋਜ਼ਾਮਬੀਕ ਯਾਤਰਾ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਮੁਲਾਕਾਤ ਦੁਵੱਲੇ ਸਬੰਧਾਂਅਤੇ ਭਾਰਤ -ਮੋਜ਼ਾਮਬੀਕ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਅਹਿਮ ਕੜੀ ਹੋਵੇਗੀ ਅਤੇ ਹਿੰਦ ਮਹਾਸਾਗਰ ਖੇਤਰ ਵਿਚ ਸੁਰੱਖਿਆ ਸਹਿਯੋਗ ਵਧਾਉਣ ਦੀ ਸਮੱਰਥਾ ਵਿਚ ਵੀ ਸੁਧਾਰ ਆਵੇਗਾ।

ਸ੍ਰੀ ਰੱਖਿਆ ਮੰਤਰੀ ਨੇ ਸੰਚਾਰ ਉਪਕਰਣਾਂ ਦੀ ਸਹਾਇਤਾ ਦੀ ਘੋਸ਼ਣਾ ਕੀਤੀ ਅਤੇ ਗੈਰ ਰਵਾਇਤੀ ਖਤਰਿਆਂ ਜਿਵੇਂ ਸਮਗਲਿੰਗ, ਅੱਤਵਾਦ, ਸਮੁੰਦਰੀ ਡਾਕੂ, ਸ਼ਿਕਾਰ ਅਤੇ ਸਮੁੰਦਰੀ ਖੇਤਰ ਵਿਚ ਸਮੁੱਚੇ ਸਹਿਯੋਗ ਨੂੰ ਰੋਕਣ ਲਈ ਇਕੱਠੇ ਕੰਮ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ। ਇਥੋ ਤੱਕ ਕਿ ਭਾਰਤ ਦੁਆਰਾ ਬਣਾਏ ਗਏ ਦੋ ਫਾਸਟ ਇੰਟਰਸੈਪਟਰ ਕਿਸ਼ਤੀਆਂ (ਐਫ.ਆਈ,ਬੀ) ਅਤੇ 44 ਐਸ.ਯੂ.ਵੀ. ਨੂੰ ਮਾਪੂਟੋ ਦੇ ਇਕ ਸਮਾਰੋਹ ਵਿਚ ਮੋਜ਼ਾਮਬੀਕ ਨੂੰ ਸੋਂਪਿਆ ਗਿਆ। ਇੱਕ 4 ਮੈਂਬਰੀ ਇੰਡੀਅਨ ਕੋਸਟ ਗਾਰਡ ਟੀਮ ਇਨ੍ਹਾਂ ਕਿਸ਼ਤੀਆਂ ਦੇ ਰੱਖ ਰਖਾਵ ਅਤੇ ਸੰਚਾਲਨ ਲਈ ਸਿਖਲਾਈ ਅਤੇ ਸਹਿਯੋਗ ਵਿੱਚ ਸਹਾਇਤਾ ਵੀ ਕਰ ਰਹੀ ਹੈ।

ਇਸ ਤੋਂ ਪਹਿਲਾਂ ਮੋਜ਼ਾਮਬੀਕ ਦੇ ਰੱਖਿਆ ਮੰਤਰੀ ਨੇ ਸ੍ਰੀ ਸਿੰਘ ਨੂੰ ਅੰਦਰੂਨੀ ਸੁਰੱਖਿਆ ਸਥਿਤੀ ਅਤੇ ਚੱਲ ਰਹੀ ਨਿਹੱਥੇਬੰਦੀ, ਨਿਰਮਾਣ ਅਤੇ ਮੁੜ ਪੁਨਰਗਠਨ (ਡੀ.ਡੀ.ਆਰ.) ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਸ੍ਰੀ ਸਿੰਘ ਨੇ ਮੋਜ਼ਾਮਬੀਕਨ ਨੇਤਾਵਾਂ ਨਾਲ ਮੁਲਾਕਾਤ ਕਰਦਿਆਂ ਦੁਵੱਲੇ ਸੰਬੰਧਾਂ ਦੇ ਪੂਰੇ ਖੇਤਰ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਦੋਵਾਂ ਮੁਲਕਾਂ ਦਰਮਿਆਨ ਸ਼ਾਨਦਾਰ ਸਰਕਾਰ ਤੋਂ ਸਰਕਾਰ ਦੇ ਸਬੰਧਾਂ, ਮਜ਼ਬੂਤ ਵਪਾਰਕ ਵਟਾਂਦਰਾ, ਜੀਵੰਤ ਵਿਕਾਸ ਭਾਈਵਾਲੀ ਅਤੇ ਲੰਬੇ ਸਮੇਂ ਤੋਂ ਲੋਕਾਂ ਨਾਲ ਲੋਕਾਂ ਦੇ ਸਬੰਧਾਂ ਦਾ ਜ਼ਿਕਰ ਕੀਤਾ।

ਉਨ੍ਹਾਂ ਨੇ ਮੋਜ਼ਾਮਬੀਕ ਦੇ ਪ੍ਰਧਾਨਮੰਤਰੀ, ਸ੍ਰੀ ਕਾਰਲੋਸ ਅਗੋਸਤੀਨਹੋ ਦੋ ਰੋਸਾਰੀਓ ਨਾਲ ਮਾਪੁਤੋ ਵਿਖੇ ਮੁਲਾਕਾਤ ਕੀਤੀ ਅਤੇ ਦੋਵਾਂ ਮੁਲਕਾਂ ਦਰਮਿਆਨ ਰੱਖਿਆ ਅਤੇ ਸੁਰੱਖਿਆ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ ;ਤੇ ਚਰਚਾ ਕੀਤੀ। ਅਫ਼ਰੀਕੀ ਮੁਲਕ ਅੱਤਵਾਦ ਅਤੇ ਕੱਟੜਪੰਥੀਵਾਦ ਦੇ ਵੱਧ ਰਹੇ ਖਤਰੇ ਨਾਲ ਨਜਿੱਠਣ ਲਈ ਭਾਰਤ ਤੋਂ ਸਹਿਯੋਗ  ਚਾਹੁੰਦਾ ਹੈ। ਦੋਵਾਂ ਧਿਰਾਂ ਨੇ ਹਿੰਦ ਮਹਾਂਸਾਗਰ ਦੇ ਖੇਤਰ ਵਿਚ ਸੁਰੱਖਿਆ ਵਧਾਉਣ ਲਈ ਸਹਿਯੋਗ ਮਜ਼ਬੂਤ ਦੀਆਂ ਸੰਭਾਵਨਾਵਾਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ।

ਨਿਵੇਸ਼ ਤੋਂ ਇਲਾਵਾ ਦੋਵਾਂ ਮੁਲਕਾਂ ਦੇ ਦੁਵੱਲੇ ਵਪਾਰ ਵੀ ਪਿਛਲੇ ਸਾਲਾਂ ਤੋਂ ਤੇਜ਼ੀ ਨਾਲ ਵੱਧ ਰਿਹਾ ਹੈ। ਦੋਵਾਂ ਮੁਲਕਾਂ ਦਰਮਿਆਨ ਵਪਾਰ 2010 ਦੇ ਮੁਕਾਬਲੇ 2015 ਵਿਚ ਪੰਜ ਗੁਣਾ ਵਧਿਆ। ਦੁਵੱਲਾ ਵਪਾਰ 2014-15 ਵਿਚ 2.4 ਬਿਲੀਅਨ ਡਾਲਰ ਨਾਲ ਸਿਖਰ 'ਤੇ ਪਹੁੰਚ ਗਿਆ ਸੀ। ਸਭ ਤੋਂ ਮਹੱਤਵਪੂਰਨ ਭਾਰਤ ਤੋਂ ਨਿਰਯਾਤ ਹੋਣ ਵਾਲੀਆਂ ਵਸਤਾਂ ਰਿਫਾਇੰਡ ਪੈਟਰੋਲੀਅਮ ਉਤਪਾਦ ਅਤੇ ਫਾਰਮਾਸੀਉਟੀਕਲ ਹਨ ਜਦੋਂ ਕਿ ਕੋਲਾ ਅਤੇ ਕਾਜੂ ਮੋਜ਼ਾਮਬੀਕ ਤੋਂ ਸਭ ਤੋਂ ਵੱਧ ਆਉਣ ਵਾਲੀਆਂ ਵਸਤਾਂ ਹਨ। ਮੌਜ਼ਾਮਬੀਕ ਦੇ ਲਗਭਗ 20,000 ਨਾਗਰਿਕ ਅਜਿਹੇ ਹਨ ਜੋ ਆਪਣੇ ਵੰਸ਼ ਨੂੰ ਭਾਰਤ ਵਿਚ ਲਭ ਰਹੇ ਹਨ।

ਜਿਵੇਂ ਕਿ ਭਾਰਤੀ ਰੱਖਿਆ ਮੰਤਰਾਲੇ ਨੇ ਇਹ ਕਿਹਾ ਹੈ ਕਿ ਭਾਰਤ ਮੋਜ਼ਾਮਬੀਕ ਨਾਲ ਨਜ਼ਦੀਕੀ, ਨਿੱਘੇ ਅਤੇ ਦੋਸਤਾਨਾ ਸੰਬੰਧ ਸਾਂਝੇ ਕਰਦਾ ਹੈ ਜੋ ਮਜ਼ਬੂਤ ਵਿਕਾਸ ਦੀ ਭਾਈਵਾਲੀ ਅਤੇ ਭਾਰਤੀ ਪ੍ਰਵਾਸੀਆਂ ਦੀ ਵੱਡੀ ਮੌਜੂਦਗੀ ਦੁਆਰਾ ਦਰਸਾਇਆ ਜਾਂਦਾ ਹੈ। ਇਸ ਨੂੰ ਦੇਖਦਿਆਂ ਰੱਖਿਆ ਮੰਤਰੀ ਦੇ ਦੌਰੇ ਰਾਹੀਂ ਮੋਜ਼ਾਮਬੀਕ ਨਾਲ ਸੰਬੰਧ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ।

ਗੌਰਤਲਬ ਹੈ ਕਿ ਜੁਲਾਈ 2016 ਵਿਚ ਅਫ਼ਰੀਕੀ ਰਾਸ਼ਟਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤੀ ਫੇਰੀ ਤੋਂ ਬਾਅਦ ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਸਬੰਧ ਤੇਜ਼ੀ ਨਾਲ ਮਜ਼ਬੂਤ ਹੋਏ ਹਨ। ਇਹ ਜ਼ਿਕਰ ਕਰਨਾ ਵੀ ਮਹੱਤਵਪੂਰਨ ਹੈ ਕਿ ਸਾਲ 2014 ਪਹਿਲੀ ਵਾਰ ਸ੍ਰੀ ਮੋਦੀ ਦੇ  ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਸਿਰਫ ਮੋਜ਼ਾਮਬੀਕ ਹੀ ਨਹੀਂ ਬਲਕਿ ਹੋਰ ਅਫ਼ਰੀਕੀ ਮੁਲਕਾਂ ਨਾਲ ਭਾਰਤ ਦੇ ਸਬੰਧਾਂ ਵਿਚ ਵਿਸ਼ੇਸ਼ ਸੁਧਾਰ ਹੋਇਆ ਹੈ। ਸਰੋਤ ਨਾਲ ਭਰੇ ਅਫ਼ਰੀਕਾ ਦੇ ਉੱਚ ਪੱਧਰੀ ਦੌਰਿਆਂ ਵਿੱਚ ਵਾਧਾ ਹੋਇਆ ਹੈ, ਖ਼ਾਸਕਰ 2015 ਵਿੱਚ ਤੀਜੇ ਭਾਰਤ-ਅਫਰੀਕਾ ਸੰਮੇਲਨ ਤੋਂ ਬਾਅਦ। ਉਸ ਤੋਂ ਉਪਰੰਤ ਹੁਣ ਤੱਕ ਭਾਰਤ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਇਲਾਵਾ ਹੋਰ ਸੀਨੀਅਰ ਮੰਤਰੀਆਂ ਦੁਆਰਾ ਅਫ਼ਰੀਕਾ ਦੇ 29 ਦੌਰੇ ਹੋਏ ਹਨ। ਇਸ ਵੇਲੇ ਵੀ ਰਾਸ਼ਟਰਪਤੀ ਸ਼੍ਰੀ ਰਾਮ ਨਾਥਕੋਵਿੰਦ, ਤਿੰਨ ਪੱਛਮੀ ਅਫ਼ਰੀਕੀ ਮੁਲਕਾਂ ਦੇ ਦੌਰੇ 'ਤੇ ਹਨ।


ਸਕ੍ਰਿਪਟ: ਵਿਨੀਤ ਵਾਹੀ, ਪੱਤਰਕਾਰ
ਅਨੁਵਾਦਕ: ਸਿਮਰਨਜੀਤ ਸਿੱਧੂ

Comments

Popular posts from this blog

ਅਮਰੀਕੀ ਰਾਸ਼ਟਰਪਤੀ ਚੋਣਾਂ ਵਾਸਤੇ ਦੌੜ ਭੱਜ ਅਤੇ ਦਰਪੇਸ਼ ਚੁਣੌਤੀਆਂ।

ਭਾਰਤ ਨੇ ਬੋਧੀ ਸਰਕਿਟ ਦੇ ਵਿਕਾਸ ਵਿੱਚ ਲਿਆਂਦੀ ਤੇਜ਼ੀ

ਪਾਕਿਸਤਾਨ ਅੱਗੇ ਮੁੜ ਆਪਣੇ ਹੀ ਟੀਚੇ ਨੂੰ ਹਾਸਲ ਕਰਨ ਦੀ ਚੁਣੌਤੀ