ਰਾਸ਼ਟਰਪਤੀ ਕੋਵਿੰਦ ਦੇ ਪੱਛਮੀ ਅਫ਼ਰੀਕਾ ਦੇ ਤਿੰਨ ਮੁਲਕਾਂ ਦੇ ਦੌਰੇ ਨੇ ਭਾਰਤੀ ਪਹੁੰਚ ਨੂੰ ਦਿੱਤੀ ਗਤੀ

ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਪੱਛਮੀ ਅਫ਼ਰੀਕਾ ਦੇ ਤਿੰਨ ਦੇਸ਼ਾਂ ਬੇਨਿਨ, ਗਾਂਬੀਆ ਅਤੇ ਗਿੰਨੀ ਦਾ ਦੌਰਾ ਕੀਤਾ। ਉਨ੍ਹਾਂ ਵੱਲੋਂ 7 ਦਿਨਾਂ ਲੰਬੀ ਯਾਤਰਾ ਕੀਤੀ ਗਈ।ਇੰਨ੍ਹਾਂ ਤਿੰਨ੍ਹਾਂ ਮੁਲਕਾਂ ਦੀ ਚੋਣ ਕੀਤੇ ਜਾਣ ਪਿੱਛੇ ਕਈ ਮਹੱਤਵਪੂਰਨ ਕਾਰਨ ਰਹੇ ਹਨ ਕਿਉਂਕਿ ਭਾਰਤ ਵੱਲੋਂ ਅਫ਼ਰੀਕਾ ਖਾਸ ਤੌਰ ‘ਤੇ ਫਰਾਂਸੋਫੋਨ ਪੱਛਮੀ ਅਫ਼ਰੀਕਾ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤਰਜੀਹ ਦਿੱਤੀ ਜਾ ਰਹੀ ਹੈ।

ਰਾਸ਼ਟਰਪਤੀ ਕੋਵਿੰਦ ਵੱਲੋਂ ਇੰਨ੍ਹਾਂ ਤਿੰਨ ਮੁਲਕਾਂ ਦਾ ਦੌਰਾ ਇਤਿਹਾਸਿਕ ਹੋ ਨਿਭੜਿਆ, ਕਿਉਂਕਿ ਉਹ ਪਹਿਲੇ ਭਾਰਤੀ ਰਾਸ਼ਟਰਪਤੀ ਰਹੇ ਹਨ ਜਿੰਨ੍ਹਾਂ ਵੱਲੋਂ ਇੱਥੋਂ ਦਾ ਦੌਰਾ ਕੀਤਾ ਗਿਆ ਹੈ।ਜੇਕਰ ਰਵਾਇਤੀ ਤੌਰ ‘ਤੇ ਵੇਖਿਆ ਜਾਵੇ ਤਾਂ ਭਾਰਤ ਦੇ ਫਰਾਂਸੋਫੋਨ ਪੱਛਮੀ ਅਫ਼ਰੀਕਾ ਦੇ ਦੇਸ਼ਾਂ ਨਾਲ ਕੋਈ ਖਾਸ ਮਜ਼ਬੂਤ ਸਬੰਧ ਨਹੀਂ ਰਹੇ ਹਨ, ਜਿੰਨ੍ਹੇ ਕਿ ਅੰਗ੍ਰੇਜੀ ਬੋਲਣ ਵਾਲੇ ਅਫ਼ਰੀਕੀ ਮੁਲਕਾਂ ਨਾਲ ਹਨ।ਭਾਸ਼ਾਈ ਰੁਕਾਵਟ, ਸੰਪਰਕ ਦੀ ਘਾਟ ਅਤੇ ਦੂਰੀ ਕਾਰਨ ਦੁਵੱਲੇ ਸਬੰਧਾਂ ‘ਚ ਮਜ਼ਬੂਤੀ ਦੀ ਕਮੀ ਵੇਖਣ ਨੂੰ ਮਿਲੀ ਹੈ।ਪਰ ਸਮੇਂ ਦੇ ਨਾਲ-ਨਾਲ ਵੱਖ-ਵੱਖ ਪਹਿਲਕਦਮੀਆਂ ਸਦਕਾ ਭਾਰਤ ਦੇ ਇੰਨ੍ਹਾਂ ਮੁਲਕਾਂ ਨਾਲ ਸਬੰਧਾਂ ‘ਚ ਸੁਧਾਰ ਆਉਣ ਦੀ ਸੰਭਾਵਨਾ ਵੱਧ ਰਹੀ ਹੈ।ਇਹ ਉੱਚ ਪੱਧਰੀ ਦੌਰਾ ਵੀ ਭਾਰਤ ਵੱਲੋਂ ਕੀਤੇ ਜਾ ਰਹੇ ਯਤਨਾ ਦਾ ਹੀ ਸਿੱਟਾ ਹੈ।ਹਾਲ ‘ਚ ਹੀ ਭਾਰਤ ਨੇ ਇਸ ਖੇਤਰ ‘ਚ ਆਪਣੇ ਕੂਟਨੀਤਕ ਪੈਰ ਜਮਾਉਣ ਲਈ ਅਫ਼ਰੀਕਾ ਖਾਸ ਕਰਕੇ ਫਰਾਂਸੋਫੋਨ ਪੱਛਮੀ ਅਫ਼ਰੀਕੀ ਮੁਲਕਾਂ ‘ਚ 18 ਮਿਸ਼ਨਾਂ ਦਾ ਐਲਾਨ ਕੀਤਾ।ਰਾਸ਼ਟਰਪਤੀ ਕੋਵਿੰਦ ਦੇ ਇਸ ਦੌਰੇ ਨੂੰ ਵਿਆਪਕ ਪ੍ਰਸੰਗ ਨਾਲ ਜੋੜ ਕੇ ਵੇਖਣਾ ਚਾਹੀਦਾ ਹੈ।

ਇੰਨ੍ਹਾਂ ਮੁਲਾਕਾਤਾਂ ਦੌਰਾਨ ਸ੍ਰੀ ਕੋਵਿੰਦ ਨੇ ਸਬੰਧਿਤ ਆਗੂਆਂ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ ਅਤੇ ਬੇਨਿਨ ਅਤੇ ਗਾਂਬੀਆ ‘ਚ ਕੌਮੀ ਅਸੈਂਬਲੀ ਨੂੰ ਸੰਬੋਧਨ ਵੀ ਕੀਤਾ।ਉਨ੍ਹਾਂ ਨੇ ਤਿੰਨ੍ਹਾਂ ਮੁਲਕਾਂ ‘ਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਵੀ ਕੀਤੀ।ਉਨ੍ਹਾਂ ਦੇ ਵਿਚਾਰ ਵਟਾਂਦਰੇ ‘ਚ ਵਪਾਰ, ਨਿਵੇਸ਼, ਸੌਰ ਊਰਜਾ, ਖੇਤੀਬਾੜੀ, ਡਿਜੀਟਲ ਤਕਨਾਲੋਜੀ, ਸਮਰੱਥਾ ਨਿਰਮਾਣ, ਸਮੁੰਦਰੀ ਸੁਰੱਖਿਆ ਅਤੇ ਰੱਖਿਆ ਵਰਗੇ ਮਹੱਤਵਪੂਰਨ ਖੇਤਰਾਂ ‘ਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਅੰਤਰਰਾਸ਼ਟਰੀ ਖੇਤਰ ‘ਚ ਸਾਂਝੀ ਚਿੰਤਾਂ ਦੇ ਮੁੱਦਿਆਂ ਨੂੰ ਮੁੱਖ ਕੇਂਦਰ ‘ਚ ਰੱਖਿਆ ਗਿਆ।

ਬੇਨਿਨ ‘ਚ ਦੋਵਾਂ ਧਿਰਾਂ ਨੇ ਨਿਰਯਾਤ ਨੂੰ ਵਧਾਉਣ ਅਤੇ ਨਾਲ ਹੀ ਆਪਸੀ ਨਿਵੇਸ਼ ਨੂੰ ਸਮਰਥਨ ਦੇਣ ਦੀ ਸਹਿਮਤੀ ਪ੍ਰਗਟ ਕੀਤੀ ।ਰਾਸ਼ਟਰਪਤੀ ਕੋਵਿੰਦ ਨੇ ਈ-ਵੀਜ਼ਾ ਸਹੂਲਤ ਦੀ ਮਿਆਦ ‘ਚ ਵਾਧਾ ਕਰਨ ਦਾ ਵੀ ਐਲਾਨ ਕੀਤਾ।ਉਨ੍ਹਾਂ ਕਿਹਾ ਕਿ ਇਸ ਨਾਲ ਵਪਾਰਕ ਸਬੰਧਾਂ ਨੂੰ ਹੁਲਾਰਾ ਮਿਲੇਗਾ।ਗਾਂਬੀਆ ‘ਚ ਰਾਸ਼ਟਰਪਤੀ ਕੋਵਿੰਦ ਨੇ ਭਾਰਤੀ ਉਦਯੋਗਾਂ ਅਤੇ ਨਿਵੇਸ਼ ਲਈ ਗਾਂਬੀਆਂ ਦੇ ਨਿਰੰਤਰ ਸਮਰਥਨ ਲਈ ਭਾਰਤ ਦੀਆਂ ਉਮੀਦਾਂ ਨੂੰ ਉਜਾਗਰ ਕੀਤਾ।ਗਿੰਨੀ ‘ਚ ਰਾਸ਼ਟਰਪਤੀ ਕੋਵਿੰਦ ਨੇ ਗਿੰਨੀ ‘ਚ ਖਾਸ ਕਰਕੇ ਖਾਨਨ, ਬੁਨਿਆਦੀ ਢਾਂਚੇ ਸਿਹਤ ਅਤੇ ਫਾਰਮਾ ਦੇ ਖੇਤਰ ‘ਚ ਭਾਰਤੀ ਕੰਪਨੀਆਂ ਵੱਲੋਂ ਨਿਵੇਸ਼ ਕੀਤੇ ਜਾਣ ਦੀ ਇੱਛਾ ਨੂੰ ਪੇਸ਼ ਕੀਤਾ।

ਇੰਨ੍ਹਾਂ ਮੁਲਕਾਂ ਨਾਲ ਤਰਜੀਹ ਦੇ ਅਧਾਰ ‘ਤੇ ਵਿਕਾਸ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਭਾਰਤ ਦੇ ਰਾਸ਼ਟਰਪਤੀ ਵੱਲੋਂ ਕਈ ਐਲਾਨ ਕੀਤੇ ਗਏ।ਉਨ੍ਹਾਂ ਨੇ ਬੇਨਿਨ ਲਈ ਆਪਣੇ ਕੌਮੀ ਤਰਜੀਹੀ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਲਈ 100 ਮਿਲੀਅਨ ਡਾਲਰ ਦੇ ਕਰਜੇ ਦਾ ਐਲਾਨ ਕੀਤਾ।ਇੰਨ੍ਹਾਂ ਪ੍ਰਾਜੈਕਟਾਂ ‘ਚ ਅੰਗ੍ਰੇਜੀ ਦੀ ਮੁਹਾਰਤ ਲਈ ਵਿਸ਼ੇਸ਼ ਆਈ.ਟੀ.ਈ.ਸੀ. ਕੋਰਸ ਅਤੇ ਬੇਨਿਨ ਤੋਂ ਵਿਦੇਸ਼ੀ ਕੂਟਨੀਤਕਾਂ ਲਈ ਇੱਕ ਵਿਸ਼ੇਸ਼ ਪੇਸ਼ੇਵਰ ਕੋਰਸ ਸ਼ਾਮਲ ਹੈ। ਗਾਂਬੀਆਂ ਲਈ 500,000 ਅਮਰੀਕੀ ਡਾਲਰ ਦੀ ਮਦਦ ਦੀ ਘੋਸ਼ਣਾ ਕੀਤੀ ਗਈ ਤਾਂ ਜੋ ਹੁਨਰ ਵਿਕਾਸ ਅਤੇ ਕੋਟੇਜ ਉਦਯੋਗ ਪ੍ਰਾਜੈਕਟਾਂ ਨੂੰ ਸਮਰਥਨ ਦਿੱਤਾ ਜਾ ਸਕੇ।ਗਾਂਬੀਆਂ ਦੀ ਗੁਜ਼ਾਰਿਸ਼ ‘ਤੇ ਨਿਆਂਪਾਲਿਕਾ, ਪੁਲਿਸ, ਪ੍ਰਸ਼ਾਸਨ ਅਤੇ ਤਕਨੀਕੀ ਮੁਹਾਰਤ ਦੇ ਖੇਤਰਾਂ ‘ਚ ਸਿਖਲਾਈ ਦੇ ਪ੍ਰਬੰਧ ਦਾ ਵੀ ਐਲਾਨ ਕੀਤਾ ਗਿਆ।ਇਸ ਤੋਂ ਇਲਾਵਾ ਗਿੰਨੀ ‘ਚ ਕੋਨਾਕਰੀ ਜਲ ਸਪਲਾਈ ਪ੍ਰਾਜੈਕਟ ਲਈ 170 ਮਿਲੀਅਨ ਡਾਲਰ ਦੇ ਕਰਜੇ ਦਾ ਐਲਾਨ ਕੀਤਾ ਗਿਆ।

ਰਾਸ਼ਟਰਪਤੀ ਕੋਵਿੰਦ ਨੇ ਸੌਰ ਊਰਜਾ ‘ਚ ਸਹਿਯੋਗ ਵਧਾਉਣ ‘ਤੇ ਵੀ ਜ਼ੋਰ ਦਿੱਤਾ ਤਾਂ ਜੋ ਜਲਵਾਯੂ ਤਬਦੀਲੀ ਨਾਲ ਨਜਿੱਠਿਆ ਜਾ ਸਕੇ।ਉਨ੍ਹਾਂ ਨੇ ਤਿੰਨ੍ਹਾਂ ਮੁਲਕਾਂ ਦੇ ਆਗੂਆਂ ਵੱਲੋਂ ਇਸ ਸਥਿਤੀ ‘ਚ ਸਾਥ ਦੇਣ ‘ਤੇ ਉਨ੍ਹਾਂ ਦੀ ਸਰਾਹਨਾ ਵੀ ਕੀਤੀ।ਅੰਤਰਰਾਸ਼ਟਰੀ ਸੌਰ ਗੱਠਜੋੜ ‘ਚ ਹਿੱਸੇਦਾਰੀ ਪਾਉਣ ‘ਤੇ ਬੇਨਿਨ, ਬਾਂਗੀਆਂ ਅਤੇ ਗਿੰਨੀ ਦੇ ਆਗੂਆਂ ਦੇ ਫ਼ੈਸਲੇ ਦੀ ਸਰਾਹਨਾ ਕੀਤੀ ਗਈ।

ਭਾਰਤ ਵੱਲੋਂ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਵੀ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ।ਗਿੰਨੀ ਦੀ ਖਾੜੀ ‘ਚ ਸਮੁੰਦਰੀ ਡਾਕੂਆਂ ਦੇ ਵੱਧ ਰਹੇ ਚਲਣ ਦੇ ਮੱਦੇਨਜ਼ਰ ਭਾਰਤ ਨੇ ਬੇਨਿਨ ਨੂੰ ਡਾਕੂਆਂ ‘ਤੇ ਸ਼ਿੰਕਜਾ ਕੱਸਣ ਦੀ ਸਮਰੱਥਾ ਵਧਾਉਣ ਲਈ ਸਿਖਲਾਈ ਦੇਣ ‘ਚ ਮਦਦ ਕਰਨ ਦੀ ਪੇਸ਼ਕਸ਼ ਕੀਤੀ।ਸਾਂਝੇ ਐਲਾਨਨਾਮਿਆਂ ‘ਚ ਦੋਵਾਂ ਧਿਰਾਂ ਨੇ ਆਲਮੀ ਬੁਰਾਈ ਅੱਤਵਾਦ ਦੇ ਲਗਾਤਾਰ ਹੋ ਰਹੇ ਵਾਧੇ ‘ਤੇ ਜਿੱਥੇ ਚਿੰਤਾ ਜਾਹਿਰ ਕੀਤੀ ਉੱਥੇ ਹੀ ਨਾਲ ਹੀ ਇਸ ‘ਤੇ ਨਕੇਲ ਪਾਉਣ ਲਈ ਵਿਆਪਕ ਕਾਰਵਾਈ ਲਈ ਕੌਮਾਂਤਰੀ ਅੱਤਵਾਦ ‘ਤੇ ਵਿਆਪਕ ਕੰਨਵੇਸ਼ਨ ਦੀ ਲੋੜ ਨੂੰ ਵੀ ਉਜਾਗਰ ਕੀਤਾ।

ਇੰਨ੍ਹਾਂ ਤਿੰਨ੍ਹਾਂ ਮੁਲਕਾਂ ਦੇ ਦੌਰਿਆਂ ਦੌਰਾਨ ਕਈ ਅਹਿਮ ਮੰਗ ਪੱਤਰਾਂ ਨੂੰ ਵੀ ਸਹੀਬੱਧ ਕੀਤਾ ਗਿਆ।ਭਾਰਤ ਅਤੇ ਬੇਨਿਨ ਦਰਮਿਆਨ ਸਭਿਆਚਾਰ ਆਦਾਨ-ਪ੍ਰਦਾਨ, ਨਿਰਯਾਤ ਕ੍ਰੈਡਿਟ ਅਤੇ ਨਿਵੇਸ਼ ਬੀਮਾ ‘ਚ ਸਹਿਯੋਗ, ਈ-ਵੀ.ਬੀ.ਏ.ਬੀ ਨੈੱਟਵਰਕ ਪ੍ਰਾਜੈਕਟ (ਈ ਵਿੱਦਿਆ ਭਾਰਤੀ ਅਤੇ ਈ-ਅਰੋਗਿਆ), ਭਾਰਤੀ ਕੂਟਨੀਤਕਾਂ ਅਤੇ ਅਧਿਕਾਰੀਆਂ ਲਈ ਵੀਜ਼ਾ ‘ਚ ਛੋਟ ਸਬੰਧੀ ਚਾਰ ਸਮਝੌਤੇ ਸਹੀਬੱਧ ਕੀਤੇ ਗਏ।

ਅੰਤ ‘ਚ ਕਹਿ ਸਕਦੇ ਹਾਂ ਕਿ ਰਾਸ਼ਟਰਪਤੀ ਕੋਵਿੰਦ ਦੀ ਇਹ ਤਿੰਨ ਦੇਸ਼ਾਂ ਦੀ ਫੇਰੀ ਸਫਲ ਰਹੀ ਅਤੇ ਇਸ ਖੇਤਰ ‘ਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਗਵਾਹੀ ਭਰੇਗੀ।

ਲੇਖਨ: ਡਾ. ਨਿਵੇਦਿਤਾ ਰੇ, ਅਫ਼ਰੀਕਾ ਦੇ ਰਣਨੀਤਕ ਵਿਸ਼ਲੇਸ਼ਕ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ