ਮਾਊਂਟ ਐਵਰੈਸਟ ਦੀ ਚੜ੍ਹਾਈ ਸੰਬੰਧੀ ਨੇਮਾਂ ਨੂੰ ਸਖ਼ਤ ਬਣਾਏਗਾ ਨੇਪਾਲ

ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੇਪਾਲ ਵਿੱਚ ਹੈ। ਤਕਰੀਬਨ 8848 ਮੀਟਰ ਉੱਚੀ ਇਸ ਚੋਟੀ ਦੀਆਂ ਮੁਹਿੰਮਾਂ ਲਈ ਹਰ ਸਾਲ ਆਉਣ ਵਾਲੇ ਪਰਬਤਾਰੋਹੀਆ ਤੋਂ ਨੇਪਾਲ ਨੂੰ ਕਾਫੀ ਕਮਾਈ ਵੀ ਹੁੰਦੀ ਹੈ। ਹਾਲਾਂਕਿ ਇਨ੍ਹਾਂ ਮੁਹਿੰਮਾਂ ਕਾਰਨ ਇਸ ਸਾਲ ਮਈ ਵਿੱਚ ਹੁਣ ਤੱਕ ਦੀ ਦੂਜੀ ਸਭ ਤੋਂ ਵੱਧ ਤਾਦਾਦ ਵਿੱਚ ਹੋਈਆਂ 11 ਮੌਤਾਂ ਤੋਂ ਇਹ ਫਿਕਰਮੰਦ ਵੀ ਹੈ। ਕਾਬਿਲੇਗੌਰ ਹੈ ਕਿ ਸਾਲ 2015 ਵਿਚ 22 ਮੌਤਾਂ ਦਰਜ ਕੀਤੀਆਂ ਗਈਆਂ ਸਨ, ਜਦੋਂ ਇਕ ਉੱਚ ਤੀਬਰਤਾ ਵਾਲੇ ਭੂਚਾਲ ਨੇ ਪੂਰੇ ਹਿਮਾਲਿਆਈ ਖੇਤਰ ਨੂੰ ਝੰਜੋੜ ਦਿੱਤਾ ਸੀ, ਜਿਸ ਦੇ ਸਿੱਟੇ ਵਜੋਂ 25 ਅਪ੍ਰੈਲ ਨੂੰ ਆਏ ਬਰਫੀਲੇ ਤੂਫਾਨ ਕਾਰਨ ਬਹੁਤ ਸਾਰੇ ਪਰਬਤਾਰੋਹੀ ਇਸ ਵਿਚ ਫਸ ਗਏ ਸਨ। ਗੌਰਤਲਬ ਹੈ ਕਿ ਇਸ ਸਾਲ 800 ਤੋਂ ਵੱਧ ਪਰਬਤਾਰੋਹੀਆਂ ਨੇ ਇਸ ਚੋਟੀ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਸਿੱਟੇ ਵਜੋਂ ਵੱਡੀ ਗਿਣਤੀ ਵਿੱਚ ਪਰਬਤਾਰੋਹੀ 8,000 ਮੀਟਰ ਤੋਂ ਉਪਰ ਮੌਤ ਦੀ ਘਾਟੀ ਵਜੋਂ ਜਾਣੀ ਜਾਂਦੀ ਇਸ ਜਗ੍ਹਾ ਵਿੱਚ ਘੰਟਿਆਂ ਬੱਧੀ ਕਤਾਰਬੱਧ ਖੜ੍ਹੇ ਉੱਪਰ ਜਾਣ ਦੀ ਉਡੀਕ ਕਰਦੇ ਰਹੇ। ਹਰ ਕੋਈ ਥੋੜ੍ਹੇ ਚਿਰ ਲਈ ਕੀਤੀ ਅਨੁਕੂਲ ਮੌਸਮ ਦੀ ਭਵਿੱਖਬਾਣੀ ਦੀ ਮਿਆਦ ਦੌਰਾਨ ਚੋਟੀ ਤੇ ਪਹੁੰਚਣਾ ਚਾਹੁੰਦਾ ਸੀ। ਇਸ ਨਾਲ ਥਕਾਵਟ ਅਤੇ ਉੱਚਾਈ ਕਾਰਨ ਹੋਣ ਵਾਲੀ ਕਮਜ਼ੋਰੀ ਕਾਰਨ ਕਈਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਨੇਪਾਲ ਸਰਕਾਰ ਮੁਤਾਬਿਕ ਇਸ ਸਾਲ 22 ਮਈ ਨੂੰ ਇਕੋ ਹੀ ਦਿਨ ਵਿਚ 223 ਪਰਬਤਾਰੋਹੀ ਪਹਾੜ ਤੇ ਚੜ੍ਹ ਗਏ, ਜਿਸ ਨੇ 2016 ਦੇ 204 ਪਰਬਤਾਰੋਹੀਆਂ ਦੁਆਰਾ ਸਫ਼ਲਤਾ ਪੂਰਵਕ ਪਹਾੜ ਚੜ੍ਹਨ ਦੇ ਪਿਛਲੇ ਰਿਕਾਰਡ ਨੂੰ ਵੀ ਤੋੜ ਦਿੱਤਾ ਸੀ।

ਨੇਪਾਲ ਸਰਕਾਰ ਹਰ ਸਾਲ ਪਰਬਤਾਰੋਹੀਆਂ ਦੀ ਵੱਧ ਰਹੀ ਭੀੜ ਤੋਂ ਕਾਫੀ ਫਿਕਰਮੰਦ ਹੈ ਅਤੇ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਸਮੇਤ ਸਭ ਤੋਂ ਉੱਚੀ ਚੋਟੀ ਨੂੰ ਬਚਾਉਣ ਦੀਆਂ ਕੋਸ਼ਿਸਾਂ ਤਹਿਤ ਉਹ ਸੁਰੱਖਿਆ ਦੇ ਲਈ ਸਖ਼ਤ ਦਿਸ਼ਾ-ਨਿਰਦੇਸ਼ਾਂ 'ਤੇ ਵਿਚਾਰ ਕਰ ਰਹੀ ਹੈ। ਗੌਰਤਲਬ ਹੈ ਕਿ ਇਸ ਸਾਲ ਹੁਣ ਤੱਕ ਦੇ ਸਭ ਤੋਂ ਵੱਧ, 381 ਪਰਮਿਟ ਜਾਰੀ ਕੀਤੇ ਗਏ ਸਨ, ਜਿਸ ਕਾਰਨ ਮਾਊਂਟ ਐਵਰੈਸਟ ਤੇ ਭਾਰੀ ਭੀੜ ਇਕੱਠੀ ਹੋ ਗਈ ਸੀ।

ਕਾਬਿਲੇਗੌਰ ਹੈ ਕਿ ਮਾਹਿਰ ਦੀ ਇਕ ਟੀਮ ਦੀ ਰਿਪੋਰਟ ਦੇ ਅਧਾਰ ਤੇ ਨਵੇਂ ਨੇਮਾਂ ਦੀ ਸਿਫਾਰਸ਼ ਕੀਤੀ ਗਈ ਹੈ, ਜਿਸ ਨੂੰ ਨੇਪਾਲ ਸਰਕਾਰ ਨੇ 2020 ਦੇ ਪਰਬਤਾਰੋਹੀ ਸੀਜ਼ਨ ਤੋਂ ਲਾਗੂ ਕਰਨ ਦੀ ਯੋਜਨਾ ਬਣਾਈ ਹੈ। ਇਸ ਦੇ ਮੁਤਾਬਿਕ ਸਾਰੇ ਪਰਬਤਾਰੋਹੀਆਂ ਨੂੰ ਲਾਜ਼ਮੀ ਤੌਰ 'ਤੇ 11,000 ਡਾਲਰ ਦੀ ਅਦਾਇਗੀ ਕਰਨ ਦਾ ਸਬੂਤ ਜਮ੍ਹਾ ਕਰਾਉਣ ਦੇ ਨਾਲ ਹੀ, ਨੇਪਾਲ ਵਿਚ ਘੱਟੋ-ਘੱਟ 6,500 ਮੀਟਰ ਉੱਚੀ ਚੋਟੀ ਤੇ ਕੀਤੀ ਗਈ ਚੜ੍ਹਾਈ ਦਾ ਪ੍ਰਮਾਣ-ਪੱਤਰ ਅਤੇ ਤੰਦਰੁਸਤ ਸਿਹਤ ਦਾ ਸਰਟੀਫਿਕੇਟ ਵੀ ਜਮ੍ਹਾ ਕਰਵਾਉਣਾ ਪਵੇਗਾ। ਇਸ ਦੇ ਨਾਲ ਹੀ ਨੇਪਾਲ ਸਰਕਾਰ ਐਵਰੇਸਟ ਬੇਸ ਕੈਂਪ ਵਿਖੇ ਲਾਜ਼ਮੀ ਸਿਹਤ ਜਾਂਚ ਬਾਰੇ ਵੀ ਵਿਚਾਰ ਕਰ ਰਹੀ ਹੈ। ਜੇਕਰ ਕੋਈ ਪਰਬਤਾਰੋਹੀ ਉੱਚੀ ਥਾਂ ਤੇ ਫਸ ਜਾਵੇ ਤਾਂ ਉਸ ਸਥਿਤੀ ਨਾਲ ਨਿਪਟਣ ਲਈ ਸਾਰੇ ਪਰਬਤਾਰੋਹੀਆਂ ਦੇ ਲਈ ਜੀਵਨ ਬੀਮਾ ਵੀ ਜ਼ਰੂਰੀ ਹੋਵੇਗਾ, ਜਿਸ ਵਿੱਚ ਜੀਵਨ ਬੀਮਾ ਤੋਂ ਇਲਾਵਾ ਖੋਜ, ਬਚਾਅ ਅਤੇ ਇਲਾਜ ਵੀ ਸ਼ਾਮਿਲ ਹੋਣਾ ਚਾਹੀਦਾ ਹੈ। ਮਾਊਂਟ ਐਵਰੈਸਟ ਦੀ ਚੜ੍ਹਾਈ ਲਈ ਕੀਤੇ ਜਾਣ ਵਾਲੇ ਗਾਈਡ ਨੂੰ ਵੀ ਉੱਚੀਆਂ ਚੋਟੀਆਂ ਚੜ੍ਹਨ ਵਿੱਚ ਘੱਟੋ-ਘੱਟ ਤਿੰਨ ਸਾਲਾਂ ਦਾ ਤਜ਼ਰਬਾ ਹੋਣਾ ਜ਼ਰੂਰੀ ਹੈ।

ਮਾਊਂਟ ਐਵਰੈਸਟ ਤੇ ਚੜ੍ਹਨ ਵਾਲੇ ਪਰਬਤਾਰੋਹੀਆਂ ਦੇ ਲਈ ਮੌਜੂਦਾ ਨੇਮਾਂ ਤਹਿਤ ਉਨ੍ਹਾਂ ਨੂੰ ਆਪਣੇ ਪਾਸਪੋਰਟ ਦੀ ਇੱਕ ਕਾਪੀ ਅਤੇ ਸੀਮਤ ਬਾਇਓਗ੍ਰਾਫੀਕਲ ਡਾਟਾ ਅਤੇ ਇੱਕ ਸਿਹਤ ਸਰਟੀਫਿਕੇਟ ਜਮ੍ਹਾ ਕਰਵਾਉਣਾ ਹੋਵੇਗਾ। ਮਾਹਿਰਾਂ ਦੀ ਟੀਮ ਨੇ ਇਹ ਵੀ ਦੱਸਿਆ ਕਿ ਮੁਹਿੰਮ ਦਾ ਆਯੋਜਨ ਕਰਨ ਵਾਲੀਆਂ ਕੰਪਨੀਆਂ ਨੂੰ ਮਾਊਂਟ ਐਵਰੈਸਟ ਦੀ ਮੁਹਿੰਮ ਲਈ ਘੱਟੋ-ਘੱਟ 35,000 ਡਾਲਰ ਅਤੇ 8,000 ਮੀਟਰ ਤੋਂ ਵੱਧ ਹੋਰ ਪਹਾੜੀ ਚੋਟੀਆਂ ਲਈ 20,000 ਡਾਲਰ ਦੀ ਫੀਸ ਦੇਣੀ ਪਵੇਗੀ। ਉੱਚੀ ਚੋਟੀ 'ਤੇ ਭੀੜ ਤੋਂ ਬਚਣ ਲਈ ਨੇਪਾਲ ਸਰਕਾਰ ਮਾਊਂਟ ਐਵਰੈਸਟ' ਤੇ ਚੜ੍ਹਨ ਲਈ ਪਰਮਿਟਾਂ ਦੀ ਸੰਖਿਆ ਨੂੰ ਵੀ ਸੀਮਤ ਕਰ ਸਕਦੀ ਹੈ ਪਰ ਇਸ ਤਰ੍ਹਾਂ ਕਰਨ ਨਾਲ ਹੋਣ ਵਾਲੀ ਆਮਦਨ ਦੇ ਨੁਕਸਾਨ ਨੂੰ ਵੀ ਵਿਚਾਰਿਆ ਜਾ ਰਿਹਾ ਹੈ।

ਐਡਮੰਡ ਹਿਲੇਰੀ ਅਤੇ ਤੇਨਜਿੰਗ ਨੋਰਗੇ ਦੁਆਰਾ 1953 ਵਿਚ ਮਾਊਂਟ ਐਵਰੈਸਟ ਤੇ ਪਹਿਲੀ ਵਾਰੀ ਸਫਲਤਾ ਪੂਰਵਕ ਚੜ੍ਹਾਈ ਪੂਰੀ ਕਰਨ ਤੋਂ ਬਾਅਦ, ਖਾਸ ਤੌਰ ਤੇ 1990 ਦੇ ਦਹਾਕੇ ਤੋਂ ਬਾਅਦ ਮਾਊਂਟ ਐਵਰੈਸਟ ਦੀ ਚੜ੍ਹਾਈ ਕਰਨ ਵਾਲੇ ਪਰਬਤਾਰੋਹੀਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਨ੍ਹਾਂ ਪਰਬਤਾਰੋਹੀਆਂ ਨੇ ਐਵਰੇਸਟ ਦੀਆਂ ਢਲਾਣਾਂ ਨੂੰ ਕੂੜੇ ਨਾਲ ਭਰ ਦਿੱਤਾ ਹੈ, ਜਿਸ ਵਿੱਚ ਮਨੁੱਖੀ ਰਹਿੰਦ-ਖੂੰਹਦ, ਬਚਿਆ ਖਾਣਾ, ਫਟੇ ਤੰਬੂ, ਰੱਸੇ, ਆਕਸੀਜਨ ਦੇ ਖਾਲੀ ਸਿਲੰਡਰ, ਪੌੜੀਆਂ, ਪਲਾਸਟਿਕ ਦੀਆਂ ਬੋਤਲਾਂ ਅਤੇ ਕੈਨ ਆਦਿ ਸ਼ਾਮਲ ਹਨ। ਮਾਊਂਟ ਐਵਰੈਸਟ ਦੀ ਸਫਾਈ ਲਈ ਨੇਪਾਲ ਸਰਕਾਰ ਦੁਆਰਾ ਛੇੜੀ ਇੱਕ ਮੁਹਿੰਮ ਵਿੱਚ ਇਸ ਸਾਲ 11 ਟਨ ਕੂੜਾ-ਕਚਰਾ ਅਤੇ ਚਾਰ ਲਾਸ਼ਾਂ ਨੂੰ ਉਥੋਂ ਹਟਾਇਆ ਹੈ।

ਗੌਰਤਲਬ ਹੈ ਕਿ ਕੌਮਾਂਤਰੀ ਭਾਈਚਾਰਾ ਵੀ ਗਲੋਬਲ ਵਾਰਮਿੰਗ ਕਾਰਨ ਬੇਹੱਦ ਫਿਕਰਮੰਦ ਹੈ, ਜਿਸ ਦੇ ਸਿੱਟੇ ਵਜੋਂ ਗਲੇਸ਼ੀਅਰਆਂ ਦੇ ਤੇਜ਼ੀ ਨਾਲ ਪਿਘਲਣ ਕਾਰਨ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿਚ ਬਰਫੀਲੇ ਤੂਫਾਨ, ਭੌਂ-ਖੋਰ ਅਤੇ ਹੜ੍ਹਾਂ ਦੀ ਮਾਰ ਕਾਰਨ ਮੌਸਮ ਵਿੱਚ ਤਬਦੀਲੀ ਆ ਰਹੀ ਹੈ। ਇਕ ਅਧਿਐਨ ਵਿਚ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਫਗਾਨਿਸਤਾਨ ਤੋਂ ਮਿਆਂਮਾਰ, ਭਾਰਤ, ਨੇਪਾਲ ਅਤੇ ਬੰਗਲਾਦੇਸ਼ ਸਮੇਤ ਹਿਮਾਲਿਆ ਦੇ ਗਲੇਸ਼ੀਅਰਾਂ ਵਿਚੋਂ ਘੱਟੋ-ਘੱਟ ਇਕ ਤਿਹਾਈ ਮੌਜੂਦਾ ਹਾਲਾਤ ਕਾਰਨ ਸਦੀ ਦੇ ਅੰਤ ਤਕ ਪਿਘਲ ਜਾਣਗੇ।

ਕਾਬਿਲੇਗੌਰ ਹੈ ਕਿ ਭਾਰਤ ਨੇ ਨੇਪਾਲ ਦੁਆਰਾ ਮਾਊਂਟ ਐਵਰੈਸਟ ਦੀ ਚੜ੍ਹਾਈ ਲਈ ਪਹੁੰਚਣ ਵਾਲੇ ਪਰਬਤਾਰੋਹੀਆਂ ਦੀ ਗਿਣਤੀ ਨੂੰ ਸੀਮਤ ਕਰਨ ਦੇ ਕਦਮ ਦਾ ਸਵਾਗਤ ਕੀਤਾ ਹੈ। ਭਾਰਤ ਕੁਦਰਤੀ ਤੌਰ 'ਤੇ ਇਨ੍ਹਾਂ ਘਟਨਾਵਾਂ ਤੋਂ ਚਿੰਤਤ ਹੈ ਅਤੇ ਉਸ ਨੇ ਹਿਮਾਲਿਆ ਦੇ ਵਾਤਾਵਰਣ ਦੇ ਵਿਗਾੜ ਨੂੰ ਰੋਕਣ ਲਈ ਆਪਣੀ ਪ੍ਰਤੀਬੱਧਤਾ ਨੂੰ ਵੀ ਉਜਾਗਰ ਕੀਤਾ ਹੈ। ਭਾਰਤ ਨੇ ਜਲਵਾਯੂ ਪਰਿਵਰਤਨ ਅਤੇ ਹਿਮਾਲਿਆ ਦੇ ਰੱਖ-ਰਖਾਅ ਨੂੰ ਯਕੀਨੀ ਬਣਾਉਣ ਦੇ ਕੌਮੀ ਮਿਸ਼ਨ ਲਈ ਇੱਕ ਰਾਸ਼ਟਰੀ ਕਾਰਜ ਯੋਜਨਾ ਬਣਾਈ ਹੈ ਅਤੇ ਇਸ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਧਿਆਨਯੋਗ ਹੈ ਕਿ ਸਿੱਕਿਮ, ਮੇਘਾਲਿਆ, ਨਾਗਾਲੈਂਡ ਅਤੇ ਉੱਤਰਾਖੰਡ ਸਮੇਤ 12 ਪਹਾੜੀ ਰਾਜਾਂ ਨੇ ਪਿਛਲੇ ਸਾਲ 1500 ਤੋਂ ਵੱਧ ਥਾਵਾਂ 'ਤੇ ਹਿਮਾਲਿਆ ਦੀ ਸਫਾਈ ਦਾ ਅਭਿਆਨ ਚਲਾਇਆ ਸੀ।

ਸਕ੍ਰਿਪਟ: ਰਤਨ ਸਾਲਦੀ, ਸਿਆਸੀ ਟਿੱਪਣੀਕਾਰ

Comments

Popular posts from this blog

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ

ਮੰਗੋਲੀਆਈ ਰਾਸ਼ਟਰਪਤੀ ਦਾ ਭਾਰਤੀ ਦੌਰਾ