ਚੀਨ ਅਤੇ ਪਾਕਿਸਤਾਨ ਦਾ ਗੱਠਜੋੜ ਫਿਰ ਹੋਇਆ ਉਜਾਗਰ
ਪਿਛਲੇ ਦਿਨੀਂ ਚੀਨ ਨੇ ਕਸ਼ਮੀਰ ਮੁੱਦੇ 'ਤੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਵਿਚ ਗੈਰ-ਰਸਮੀ ਚਰਚਾ ਕਰਨ ਦੀ ਮੰਗ ਕੀਤੀ। ਚੀਨ ਦੇ ਇਸ ਫੈਸਲੇ ਨੇ ਉਸ ਦੇ ਲਈ ਬੜੀ ਹੀ ਕਸੂਤੀ ਸਥਿਤੀ ਪੈਦਾ ਕਰ ਦਿੱਤੀ। ਗੌਰਤਲਬ ਹੈ ਕਿ ਚੀਨ ਦੀ ਇਸ ਸਾਰੀ ਕਵਾਇਦ ਨੂੰ ਪਾਕਿਸਤਾਨ ਦੀ ਹਿਮਾਇਤ ਹਾਸਿਲ ਸੀ। ਹਾਲਾਂਕਿ ਸੁਰੱਖਿਆ ਪਰਿਸ਼ਦ ਦੇ ਜ਼ਿਆਦਾਤਰ ਮੈਂਬਰਾਂ ਨੇ ਇਸ ਮੰਗ ਨੂੰ ਖਾਰਜ ਕਰ ਦਿੱਤਾ। ਕਾਬਿਲੇਗੌਰ ਹੈ ਕਿ ਭਾਰਤ ਦੁਆਰਾ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਦੇ ਮੁੱਦੇ ਨੂੰ ਕੌਮਾਂਤਰੀ ਪੱਧਰ ‘ਤੇ ਚੁੱਕਣ ਦੀ ਚੀਨ ਦੀ ਇਹ ਤੀਜੀ ਕੋਸ਼ਿਸ਼ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬੀਜਿੰਗ ਨੂੰ ਇਨ੍ਹਾਂ ਅਸਫ਼ਲ ਕੋਸ਼ਿਸ਼ਾਂ ਤੋਂ ਕੋਈ ਸਬਕ ਸਿੱਖਣਾ ਚਾਹੀਦਾ ਹੈ। ਸੁਰੱਖਿਆ ਪਰਿਸ਼ਦ ਦੇ ਬਹੁ-ਗਿਣਤੀ ਮੈਂਬਰਾਂ ਦਾ ਮੰਨਣਾ ਹੈ ਕਿ ਇਹ ਦੁ-ਪੱਖੀ ਮੁੱਦਾ ਹੈ।
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਸਈਦ ਅਕਬਰੂਦੀਨ ਨੇ ਕਿਹਾ ਕਿ ਪਾਕਿਸਤਾਨ ਝੂਠੇ ਦਾਅਵਿਆਂ ਨਾਲ ਇਸ ਮੁੱਦੇ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਉਨ੍ਹਾਂ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ ਜੋ ਕਿ ਉਨ੍ਹਾਂ ਦੇ ਮੁਲਕ ਨੂੰ ਪ੍ਰਭਾਵਿਤ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਮੁੱਦੇ ਨੂੰ ਲੈ ਕੇ ਸ਼ੋਰ-ਸ਼ਰਾਬਾ ਪਾਉਣਾ ਸਹੀ ਰਣਨੀਤੀ ਨਹੀਂ ਹੈ। ਸਾਨੂੰ ਹਮੇਸ਼ਾ ਸਹੀ ਕਦਮ ਪੁੱਟਣਾ ਚਾਹੀਦਾ ਹੈ ਭਾਵੇਂ ਇਹ ਛੋਟਾ ਕਦਮ ਹੀ ਕਿਉਂ ਨਾ ਹੋਵੇ। ਜਨਾਬ ਅਕਬਰੂਦੀਨ ਨੇ ਕਿਹਾ ਕਿ ਅਸਲ ਵਿੱਚ ਸੁਰੱਖਿਆ ਪਰਿਸ਼ਦ ਦੇ ਪ੍ਰਮੁੱਖ ਮੈਂਬਰਾਂ; ਅਮਰੀਕਾ, ਬ੍ਰਿਟੇਨ, ਫਰਾਂਸ ਅਤੇ ਰੂਸ ਨੇ ਭਾਰਤ ਦੇ ਪੱਖ ਵਿੱਚ ਆਪਣੀ ਹਿਮਾਇਤ ਦਿੱਤੀ ਹੈ। ਚਾਰ ਸਥਾਈ ਮੈਂਬਰਾਂ ਨੇ ਇਸ ਮਾਮਲੇ ਨੂੰ ਭਾਰਤ ਦਾ ਘਰੇਲੂ ਮਸਲਾ ਦੱਸਿਆ ਹੈ।
ਭਾਰਤ ਦੇ ਸਥਾਈ ਨੁਮਾਇੰਦੇ ਨੇ ਇਹ ਵੀ ਦੱਸਿਆ ਕਿ ਚੀਨ ਜੋ ਕਿ ਪਾਕਿਸਤਾਨ ਦਾ ਖਾਸ ਦੋਸਤ ਹੈ, ਨੇ ਸੁਰੱਖਿਆ ਪਰਿਸ਼ਦ ਵਿੱਚ ਕਸ਼ਮੀਰ ਮੁੱਦੇ ਨੂੰ “ਹੋਰਨਾਂ ਮਾਮਲਿਆਂ” ਦੇ ਤਹਿਤ ਉਠਾਉਣ ਦੀ ਤਾਜ਼ਾ ਕੋਸ਼ਿਸ਼ ਕੀਤੀ ਸੀ। ਪੰਜ ਸਥਾਈ ਮੈਂਬਰਾਂ ਵਿਚੋਂ ਇਕ ਨੇ ਹੀ ਕਸ਼ਮੀਰ ਮੁੱਦੇ ਨੂੰ ਉਛਾਲਣ ਦੀ ਕੋਸ਼ਿਸ਼ ਕੀਤੀ, ਜਦ ਕਿ ਬਾਕੀ ਦੇ ਸਥਾਈ ਮੈਂਬਰਾਂ ਨੇ ਇਸ ਤੋਂ ਬਿਲਕੁਲ ਉਲਟਾ ਰੁਖ਼ ਅਖਤਿਆਰ ਕੀਤਾ।
ਕਾਬਿਲੇਗੌਰ ਹੈ ਕਿ ਚੀਨ ਨੇ ਹੁਣ ਤੱਕ ਅਜਿਹੀਆਂ ਕੋਸ਼ਿਸ਼ਾਂ ਤਹਿਤ ਕਸ਼ਮੀਰ ਮੁੱਦੇ ਨੂੰ ਕੌਮਾਂਤਰੀ ਪੱਧਰ ‘ਤੇ ਉਛਾਲਣ ਦੀਆਂ ਤਿੰਨ ਕੋਸ਼ਿਸ਼ਾਂ ਕੀਤੀਆਂ ਹਨ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਨੁਮਾਇੰਦੇ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਚੀਨ ਨੇ ਸੁਰੱਖਿਆ ਪਰਿਸ਼ਦ ਦੇ ਨਵੇਂ ਮੈਂਬਰਾਂ ਤੋਂ ਕਿਸੇ ਤਰ੍ਹਾਂ ਦੀ ਹਿਮਾਇਤ ਮਿਲਣ ਦੀ ਉਮੀਦ ਨਾਲ ਹੀ ਇਸ ਮੁੱਦੇ ਨੂੰ ਚੁੱਕਿਆ ਹੋਵੇ। ਗੌਰਤਲਬ ਹੈ ਕਿ ਸੁਰੱਖਿਆ ਪਰਿਸ਼ਦ ਜੋ ਕਿ 15 ਮੈਂਬਰੀ ਸੰਸਥਾ ਹੈ, ਉਹ ਹਰ ਸਾਲ ਬਦਲਦੀ ਹੈ। ਪਿਛਲੇ ਸਾਲ ਇਸ ਵਿੱਚ ਪੰਜ ਮੈਂਬਰ ਅਜਿਹੇ ਸਨ ਜੋ ਇਸ ਸਾਲ ਤੋਂ ਵੱਖਰੇ ਸਨ। ਚੀਨ ਨੇ ਸੋਚਿਆ ਹੋਵੇਗਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਨਵੇਂ ਮੈਂਬਰ, ਬਦਲੀ ਹੋਈ ਰਚਨਾ ਕਾਰਨ ਪਹਿਲਾਂ ਵਾਲੇ ਨਜ਼ਰੀਏ ਤੋਂ ਸ਼ਾਇਦ ਵੱਖਰੀ ਤਰ੍ਹਾਂ ਦਾ ਰੁਖ਼ ਅਖਤਿਆਰ ਕਰਨਗੇ। ਪਰ ਚੀਨ-ਪਾਕਿਸਤਾਨ ਦੇ ਇਸ ਕਦਮ ਨੂੰ ਕਿਸੇ ਦਾ ਵੀ ਸਾਥ ਨਹੀਂ ਮਿਲਿਆ।
ਸੰਯੁਕਤ ਰਾਸ਼ਟਰ ਵਿਚਲੇ ਹਾਲੀਆ ਘਟਨਾਕ੍ਰਮ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਪੂਰੀ ਦੁਨੀਆ ਕਸ਼ਮੀਰ ਨੂੰ ਇਕ ਅਜਿਹਾ ਮੁੱਦਾ ਮੰਨਦੀ ਹੈ, ਜਿਸ ਨੂੰ ਭਾਰਤ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਦੁਆਰਾ ਆਪਸੀ ਗੱਲਬਾਤ ਨਾਲ ਹੱਲ ਕਰਨਾ ਪਵੇਗਾ। ਜਨਾਬ ਅਕਬਰੂਦੀਨ ਨੇ ਕਿਹਾ ਕਿ ਸੁਰੱਖਿਆ ਪਰਿਸ਼ਦ ਦੇ ਹਾਲੀਆ ਰੁਖ਼ ਨੇ ਚੀਨ ਅਤੇ ਇਸਲਾਮਾਬਾਦ ਨੂੰ ਇਸ ਮੁੱਦੇ ‘ਤੇ ਸਪੱਸ਼ਟ ਸੰਕੇਤ ਦੇ ਦਿੱਤਾ ਹੈ। ਇਸ ਦੇ ਨਾਲ ਹੀ ਅੱਤਵਾਦ ਪ੍ਰਤੀ ਪਾਕਿਸਤਾਨ ਦੇ ਰਵੱਈਏ ਨੂੰ ਲੈ ਕੇ ਭਾਰਤੀ ਨੁਮਾਇੰਦੇ ਨੇ ਪਾਕਿਸਤਾਨ ਨੂੰ ਕਰੜੇ ਹੱਥੀਂ ਲਿਆ।
ਕਾਬਿਲੇਗੌਰ ਹੈ ਕਿ ਭਾਰਤ ਦੁਆਰਾ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ, ਪਾਕਿਸਤਾਨ ਹਰ ਮੌਕੇ 'ਤੇ ਇਸ ਮਾਮਲੇ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਪਾਕਿਸਤਾਨ ਨੂੰ ਆਪਣੀ ਇਸ ਰਣਨੀਤੀ ਦਾ ਕੋਈ ਫਾਇਦਾ ਨਹੀਂ ਹੋਇਆ ਹੈ। ਪਾਕਿ ਵਜ਼ੀਰੇ-ਏ-ਆਜ਼ਮ ਇਮਰਾਨ ਖਾਨ ਆਪਣੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਤੋਂ ਧਿਆਨ ਹਟਾਉਣ ਲਈ ਭਾਰਤ ਦੇ ਘਰੇਲੂ ਮੁੱਦਿਆਂ ਨੂੰ ਉਜਾਗਰ ਕਰਨ ਦੇ ਰਾਹ ਪਏ ਹੋਏ ਹਨ। ਇਹ ਸੱਚਮੁੱਚ ਇਕ ਤਰ੍ਹਾਂ ਦਾ ਢੌਂਗ ਹੀ ਤਾਂ ਹੈ।
ਪਾਕਿਸਤਾਨ ਨੂੰ ਭਾਰੀ ਆਰਥਿਕ ਸਮੱਸਿਆਵਾਂ ਅਤੇ ਘਰੇਲੂ ਉਥਲ-ਪੁਥਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ; ਪਰ ਇਨ੍ਹਾਂ ਮੁੱਦਿਆਂ ਤੋਂ ਬਚਣ ਲਈ ਪਾਕਿ ਵਜ਼ੀਰੇ-ਏ-ਆਜ਼ਮ ਇਮਰਾਨ ਖਾਨ ਨੇ ਉਸ ਹਰੇਕ ਪਾਕਿਸਤਾਨੀ ਸਿਆਸਤਦਾਨ ਦਾ ਸਹਾਰਾ ਲਿਆ, ਜੋ ਕਿ ਭਾਰਤ ਵਿਰੋਧੀ ਬਿਆਨਬਾਜ਼ੀ ਕਰਦਾ ਹੈ। ਕ੍ਰਿਕੇਟਰ ਤੋਂ ਸਿਆਸਤਦਾਨ ਬਣਨ ਵਾਲੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਜਿਹੀਆਂ ਚਾਲਾਂ ਚੱਲਣ ਨਾਲ ਆਪਣੇ ਮੁਲਕ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਦੇ ਨਹੀਂ ਕੱਢਿਆ ਜਾ ਸਕਦਾ। ਸਾਰੇ ਦੱਖਣੀ ਏਸ਼ਿਆਈ ਮੁਲਕਾਂ ਵਿਚ ਪਾਕਿਸਤਾਨ ਦਾ ਮਨੁੱਖੀ ਵਿਕਾਸ ਸੂਚਕ ਅੰਕ ਸਭ ਤੋਂ ਘੱਟ ਹੈ। ਧਿਆਨਯੋਗ ਹੈ ਕਿ ਉਸ ਦੇ 65 ਮਿਲੀਅਨ ਲੋਕ ਬੇਹੱਦ ਗਰੀਬੀ ਦੀ ਜ਼ਿੰਦਗੀ ਗੁਜ਼ਾਰ ਰਹੇ ਹਨ। ਬਹੁਤ ਸਾਰੀਆਂ ਗਰੀਬ ਪਾਕਿਸਤਾਨੀ ਔਰਤਾਂ ਗਰੀਬੀ ਦੇ ਨਾਲ-ਨਾਲ ਜ਼ਿੰਦਗੀ ਭਰ ਚੰਗੇ ਮੌਕਿਆਂ ਦੀ ਆਸ ਵਿੱਚ ਹੀ ਜੀਵਨ ਬਿਤਾ ਦਿੰਦੀਆਂ ਹਨ।
ਹੁਣ ਵਕਤ ਹੈ ਕਿ ਜਨਾਬ ਇਮਰਾਨ ਖਾਨ ਭਾਰਤ ਖਿਲਾਫ਼ ਆਪਣਾ ਭੰਡੀ ਪ੍ਰਚਾਰ ਬੰਦ ਕਰਕੇ ਪਾਕਿਸਤਾਨੀ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਮੁਤਾਬਿਕ 'ਰਿਆਸਤ-ਏ-ਮਦੀਨਾ' (ਕਲਿਆਣਕਾਰੀ ਰਾਜ) ਬਣਾਉਣ ਦੇ ਆਪਣੇ ਵਿਚਾਰ ਨੂੰ ਅਮਲੀ ਰੂਪ ਦੇਣ।
ਸਕ੍ਰਿਪਟ: ਕੌਸ਼ਿਕ ਰਾਏ, ਸਮਾਚਾਰ ਵਿਸ਼ਲੇਸ਼ਕ, ਆਕਾਸ਼ਵਾਣੀ
Comments
Post a Comment