ਭਾਰਤ-ਅਮਰੀਕਾ ਦੋਵੇਂ ਹੀ ਚੀਨ ਦੀ ਆਲਮੀ ਸ਼ਕਤੀ ਬਣਨ ਦੀ ਇੱਛਾ ਦੇ ਖ਼ਿਲਾਫ
ਭਾਰਤ ਅਤੇ ਅਮਰੀਕਾ ਵਿਚਾਲੇ ਰਣਨੀਤਕ ਸਾਂਝੇਦਾਰੀ ਪਿਛਲੇ ਦੋ ਦਹਾਕਿਆਂ ਤੋਂ ਤੇਜ਼ੀ ਨਾਲ ਵਧੀ ਹੈ ਅਤੇ ਦੋਵਾਂ ਵਿਚਾਲੇ ਮਜ਼ਬੂਤ ਰਣਨੀਤਕ ਸਬੰਧ ਕਾਇਮ ਹੋਏ ਹਨ, ਪਰ ਇਸ ਦੀ ਸਾਰਥਕਤਾ, ਉਪਯੋਗਤਾ ਅਤੇ ਸਹੂਲਤ ਲਈ ਅਸਲ ਚੁਣੌਤੀ ਉਸ ਸਮੇਂ ਸਾਹਮਣੇ ਆਈ ਜਦੋਂ ਚੀਨ ਨੇ ਅਸਲ ਨਿਯੰਤਰਣ ਰੇਖਾ ‘ਤੇ ਆਪਣੀ ਹਮਲਾਵਰ ਨੀਤੀ ਦਾ ਪ੍ਰਦਰਸ਼ਨ ਕੀਤਾ।
ਭਾਰਤ ਦੀ ਦੁਨੀਆਂ ਦੇ ਕਈ ਮੁਲਕਾਂ ਨਾਲ ਰਣਨੀਤਕ ਸਾਂਝ ਹੈ, ਪਰ ਅਮਰੀਕਾ ਨੇ ਖੁੱਲੇ ਤੌਰ ‘ਤੇ ਭਾਰਤ ਦੀ ਹਿਮਾਇਤ ਕਰਦਿਆਂ ਚੀਨ ਦੀ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ।ਇਸ ਦੇ ਨਾਲ ਹੀ ਅਮਰੀਕਾ ਨੇ ਕੁੱਝ ਅਜਿਹੇ ਕਦਮ ਚੁੱਕੇ ਜਿੰਨ੍ਹਾਂ ਕਰਕੇ ਚੀਨ ਨੂੰ ਪਿੱਛੇ ਹੱਟਣ ਲਈ ਮਜ਼ਬੂਰ ਹੋਣਾ ਪਿਆ।
ਹਾਲਾਂਕਿ ਇਹ ਮੰਨਣਾ ਸਹੀ ਨਹੀਂ ਹੋਵੇਗਾ ਕਿ ਚੀਨ-ਭਾਰਤ ਸਰਹੱਦ ‘ਤੇ ਅਮਰੀਕਾ ਅਤੇ ਭਾਰਤ ਦਰਮਿਆਨ ਕੋਈ ਫੌਜੀ ਗੱਠਜੋੜ ਹੈ।ਭਾਰਤ ਅਤੇ ਅਮਰੀਕਾ ਦੋਵੇਂ ਹੀ ਚੀਨ ਵਿਰੋਧੀ ਗੱਠਜੋੜ ਦੇ ਗਠਨ ਦੇ ਹੱਕ ‘ਚ ਨਹੀਂ ਹਨ।
ਪਰ ਦੂਜੇ ਪਾਸੇ ‘ਰਣਨੀਤਕ ਭਾਈਵਾਲੀ’ ਨੂੰ ਧਿਆਨ ‘ਚ ਰੱਖਦਿਆਂ ਵਾਈਟ ਹਾਊਸ ਅਤੇ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਕਈ ਸਾਹਸੀ ਐਲਾਨ ਕੀਤੇ ਗਏ ਅਤੇ ਦੱਖਣੀ ਚੀਨ ਸਾਗਰ ‘ਚ ਦੋ ਹਵਾਈ ਜਹਾਜ਼ ਭੇਜਣ ‘ਤੇ ਪੈਂਟਾਗਾਨ ਖ਼ਿਲਾਫ ਕਾਰਵਾਈ ਕਰਨ ਅਤੇ ਐਲਏਸੀ ‘ਤੇ ਭਾਰਤੀ ਫੌਜ ਦੀ ਹਿੰਮਤ ਅਤੇ ਬਹਾਦਰੀ ਨੇ ਸਾਬਤ ਕਰ ਦਿੱਤਾ ਹੈ ਕਿ ਚੀਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਜਾਂ ਅਨੈਤਿਕ ਕਾਰਵਾਈ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ-ਚੀਨ ਸਰਹੱਦ ਦਾ ਦੌਰਾ ਕਰਕੇ ਫੌਜੀ ਸੈਨਿਕਾਂ ਅਤੇ ਸਹਾਇਕ ਅਮਲੇ ਦੇ ਮਨੋਬਲ ਨੂੰ ਵਧਾਇਆ ਹੈ।ਭਾਰਤੀ ਵਿਦੇਸ਼ ਮੰਤਰੀ ਅਤੇ ਸਾਬਕਾ ਕੂਟਨੀਤਕ ਡਾ.ਜੈਸ਼ੰਕਰ ਦੀ ਅਗਵਾਈ ‘ਚ ਵਿਦੇਸ਼ ਮੰਤਰਾਲੇ ਵੱਲੋਂ ਬੇਮਿਸਾਲ ਕੂਟਨੀਤਕ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਬਹੁਤ ਹੀ ਵਧੀਆ ਢੰਗ ਨਾਲ ਇਸ ਚੁਣੌਤੀ ਨਾਲ ਨਜਿੱਠਿਆ ਗਿਆ।ਇਕ ਪਾਸੇ ਜਿੱਥੇ ਦੇਸ਼ ਕੋਵਿਡ-19 ਦਾ ਡੱਟ ਕੇ ਟਾਕਰਾ ਕਰ ਰਿਹਾ ਹੈ ਉੱਥੇ ਹੀ ਸਰਹੱਦ ‘ਤੇ ਵੀ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਲਈ ਭਾਰਤੀ ਫੌਜ ਤਿਆਰ ਬਰ ਤਿਆਰ ਹੈ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬਾਹਰੀ ਤਾਕਤਾਂ ਵੀ ਉਦੋਂ ਹੀ ਕਿਸੇ ਦੇਸ਼ ਦੇ ਹੱਕ ‘ਚ ਖੜ੍ਹੀਆਂ ਹੁੰਦੀਆਂ ਹਨ, ਜਦੋਂ ਉਹ ਦੇਸ਼ ਆਪਣੀ ਸੁਰੱਖਿਆ ਦੇ ਸਮਰੱਥ ਹੁੰਦਾ ਹੈ।
ਭਾਰਤ ਸਰਕਾਰ ਨੇ ਇਸ ਮਸਲੇ ਨਾਲ ਨਿਜੱਠਣ ਲਈ ਇੱਕ ਇਕੋ ਪ੍ਰਣਾਲੀ ਦਾ ਨਿਰਮਾਣ ਕੀਤਾ ਹੈ, ਜਿੱਥੇ ਦੂਜੀਆਂ ਚਾਹਵਾਨ ਸ਼ਕਤੀਆਂ, ਖਾਸ ਤੌਰ ‘ਤੇ ਅਮਰੀਕਾ ਇਸ ਮੰਚ ‘ਤੇ ਇੱਕਠੇ ਹੋਏ ਅਤੇ ਚੀਨ ਦੀ ਨੰਬਰ ਇੱਕ ਬਣਨ ਦੀ ਇੱਛਾ ਨੂੰ ਢਾਹ ਲਗਾਉਣ ਦਾ ਸੰਕੇਤ ਦਿੱਤਾ।
ਮਹਾਮਾਰੀ ਕੋਵਿਡ-19 ਦੀ ਸਥਿਤੀ ਦਾ ਲਾਭ ਚੁੱਕਦਿਆਂ ਚੀਨ ਨੇ ਆਪਣੀ ਭੂਗੋਲਿਕ ਸਥਿਤੀ ਦੇ ਵਿਸਥਾਰ ਦੀ ਇੱਛਾ ਨੂੰ ਜਗ ਜਾਹਰ ਕੀਤਾ ਹੈ।ਚੀਨ ਨੇ ਦੂਜੇ ਦੇਸ਼ਾਂ ਦੀਆਂ ਸਰਹੱਦਾਂ ਭਾਵੇਂ ਉਹ ਜ਼ਮੀਨੀ ਹੋਣ ਜਾਂ ਫਿਰ ਸਮੁੰਦਰੀ, ਉੰਨ੍ਹਾਂ ਅੰਦਰ ਆਪਣਾ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ
ਚੀਨ ਜਿੱਥੇ ਇਸ ਮਹਾਮਾਰੀ ਨੇ ਜਨਮ ਲਿਆ ਹੈ, ਉਸ ਨੇ ਆਪਣੇ ਆਪ ਨੂੰ ਇਸ ਮਹਾਮਾਰੀ ਤੋਂ ਮੁਕਤ ਐਲਾਨ ਦਿੱਤਾ ਹੈ ਪਰ ਦੂਜੇ ਪਾਸੇ ਦੁਨੀਆ ਭਰ ਦੇ ਦੇਸ਼ ਇਸ ਮਹਾਮਾਰੀ ਨਾਲ ਨਜਿੱਠ ਰਹੇ ਹਨ।ਅਜਿਹੀ ਸਥਿਤੀ ‘ਚ ਬੀਜਿੰਗ ਮੌਕੇ ਦਾ ਫਾਇਦਾ ਚੁੱਕਣ ‘ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦਾ ਹੈ।
ਚੀਨ ਦੇ ਇਸ ਵਤੀਰੇ ਨੇ “ ਚੀਨ ਦਾ ਸ਼ਾਂਤੀਪੂਰਵਕ ਉਭਾਰ” ਦੇ ਸਿਧਾਂਤ ਨੂੰ ਗਲਤ ਸਿੱਧ ਕੀਤਾ ਹੈ।ਜਿਸ ਦੀ ਕੀ ਵਰਤੋਂ ਬੀਜਿੰਗ ਵੱਲੋਂ ਆਪਣੇ ਲਾਭ ਲਈ ਕੀਤੀ ਜਾਂਦੀ ਰਹੀ ਹੈ।
ਚੀਨ ਦੇ ਇਸ ਰਵੱਈਏ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਵਧੇਰੇ ਦੇਸ਼ਾਂ ਨੂੰ ਮੁਸੀਬਤ ‘ਚ ਪਾਉਣਾ ਚਾਹੁੰਦਾ ਹੈ, ਵਿਸ਼ੇਸ਼ ਕਰਕੇ ਉਹ ਦੇਸ਼ ਜੋ ਕਿ ਕਿਸੇ ਨਾ ਕਿਸੇ ਰੂਪ ‘ਚ ਅਮਰੀਕਾ ਦੇ ਸਹਿਯੋਗੀ , ਰਣਨੀਤਕ ਭਾਈਵਾਲ ਜਾਂ ਫਿਰ ਭਵਿੱਖ ‘ਚ ਬਣਨ ਵਾਲੇ ਮਿੱਤਰ ਮੁਲਕ ਹਨ।ਪੂਰੀ ਯੋਜਨਾਬੱਧ ਤਰੀਕੇ ਨਾਲ ਚੀਨ ਨੇ ਜਾਪਾਨ, ਵਿਅਤਨਾਮ, ਭਾਰਤ ,ਭੂਟਾਨ ਅਤੇ ਆਸਟ੍ਰੇਲੀਆਂ ਨਾਲ ਟੱਕਰ ਲਈ ਹੈ।
ਪਰ ਚੀਨ ਵੱਲੋਂ ਜੋ ਸੋਚਿਆ ਗਿਆ ਸੀ ਉਹ ਹਵਾ ਹੋ ਗਿਆ ਹੈ। ਬੀਜਿੰਗ ਨੇ ਭਾਰਤੀ ਸਰਹੱਦ ਤੋਂ ਆਪਣੇ ਸੈਨਿਕਾਂ ਨੂੰ ਪਿੱਛੇ ਹਟਾ ਲਿਆ ਹੈ।ਹਾਂਗਕਾਂਗ ਮੁੜ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਦੀ ਰਾਡਾਰ ‘ਤੇ ਆ ਗਿਆ ਹੈ।
ਅਮਰੀਕਾ ਨੇ ਖੁੱਲੇ ਤੌਰ ‘ਤੇ ਐਲਾਨ ਕੀਤਾ ਹੈ ਕਿ ਚੀਨ ਇੱਕ ਦੁਸ਼ਮਣ ਦੇਸ਼ ਹੈ।ਆਸ਼ੀਆਨ ਨੇ ਵੀ ਸਾਗਰ ਸੰਧੀ ਦੇ ਸੰਯੁਕਤ ਰਾਸ਼ਟਰ ਕਾਨੂੰਨ ਮੁਤਾਬਕ ਦੱਖਣੀ ਚੀਨ ਸਾਗਰ ‘ਚ ਨਿਯਮ ਅਧਾਰਤ ਅਪਵਾਦ ਮਤੇ ਦਾ ਸਮਰਥਨ ਕੀਤਾ ਹੈ।ਚੀਨ ਦੀ ਬੀਆਰਆਈ ਪਹਿਲਕਦਮੀ ਨੇ ਕਈ ਮੁਲਕਾਂ ਦੀ ਸਰਹੱਦੀ ਸਥਿਤੀ ਨੂੰ ਚੁਣੌਤੀ ਦਿੱਤੀ ਹੈ।
ਭਾਰਤ ਅਤੇ ਅਮਰੀਕਾ ਨੇ ਪਿਛਲੇ ਲੰਬੇ ਸਮੇਂ ਤੋਂ ਇਕ ਅਜਿਹੇ ਦ੍ਰਿਸ਼ਟੀਕੋਣ ਦਾ ਸਮਰਥਨ ਕੀਤਾ ਹੈ ਜਿਸ ਦੇ ਤਹਿਤ ਚੀਨ ਅੰਤਰਰਾਸ਼ਟਰੀ ਪ੍ਰਣਾਲੀ ‘ਚ ਹਿੱਸੇਦਾਰ ਬਣਨ ਦੇ ਯੋਗ ਹੋ ਸਕੇ।
ਭਾਰਤ ਅਤੇ ਅਮਰੀਕਾ ਦੋਵਾਂ ਦਾ ਹੀ ਮੰਨਣਾ ਸੀ ਕਿ ਚੀਨ ਨਾਲ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਉਤਸ਼ਾਹਤ ਕਰਨ ਨਾਲ ਬੀਜਿੰਗ ਆਪਣੀਆਂ ਘਰੇਲੂ ਅਤੇ ਵਿਦੇਸ਼ੀ ਨੀਤੀਆਂ ‘ਚ ਵਧੇਰੇ ਉਦਾਰ ਬਣ ਜਾਵੇਗਾ।ਪਰ ਉਨ੍ਹਾਂ ਦੀ ਇਹ ਧਾਰਨਾ ਗਲਤ ਸਿੱਧ ਹੋਈ।ਚੀਨ ਨੇ ਇਸ ਸਥਿਤੀ ਨੂੰ ਦੂਜੇ ਢੰਗ ਨਾਲ ਲੈਂਦਿਆਂ ਆਪਣੇ ਆਪ ਨੂੰ ਵਿਸ਼ਵ ਦੀ ਨੰਬਰ ਇੱਕ ਸ਼ਕਤੀ ਬਣਨ ਵੱਲ ਤੋਰ ਲਿਆ।
ਭਾਰਤ ਅਤੇ ਅਮਰੀਕਾ ਨੂੰ ਹੋਰ ਦੂਜੇ ਦੇਸ਼ਾਂ ਨਾਲ ਮਿਲ ਕੇ ਚੀਨ ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ, ਕਿਉਂਕਿ ਕਿਸੇ ਨੇ ਠੀਕ ਕਿਹਾ ਹੈ ਕਿ ‘ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮਾਨਤੇ’ ।ਚੀਨ ਵੀ ਸਿਧਾਂਤਾ ਦੀ ਭਾਸ਼ਾ ਨਹੀਂ ਸਮਝਦਾ, ਇਸ ਲਈ ਬੀਜਿੰਗ ਨੂੰ ਸਮਝਾਉਣ ਲਈ ਉਸ ਦੀਆਂ ਕਾਰਵਾਈਆਂ ਵਾਂਗਰ ਹੀ ਜਵਾਬੀ ਕਾਰਵਾਈ ਕਰਨ ਦੀ ਲੋੜ ਹੈ।ਚੀਨ ਨੂੰ ਇਹ ਕਦੇ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਉਹ ਆਪਣੇ ਨੇਮਾਂ ਅਤੇ ਸ਼ਰਤਾਂ ਦੇ ਅਧਾਰ ‘ਤੇ ਆਲਮੀ ਨਿਯਮਾਂ ‘ਚ ਬਦਲਾਵ ਕਰੇ।
ਸਕ੍ਰਿਪਟ: ਪ੍ਰੋ.ਚਿੰਤਾਮਨੀ ਮਹਾਪਾਤਰਾ, ਪ੍ਰੋ ਉਪ ਕੁਲਪਤੀ, ਜੇਐਨਯੂ
Comments
Post a Comment