2020 ਅਮਰੀਕੀ ਰਾਸ਼ਟਰਪਤੀ ਦੀ ਚੋਣ ਵਾਸਤੇ ਉਤਸ਼ਾਹ ਜ਼ੋਰਾਂ 'ਤੇ

ਕੋਰੋਨਾ ਮਹਾਂਮਾਰੀ ਨੇ ਵਿਸ਼ਵ ਦੇ 200 ਤੋਂ ਵੱਧ ਦੇਸ਼ਾਂ ਵਿੱਚ ਰਹਿੰਦੇ ਅਰਬਾਂ ਲੋਕਾਂ ਦੇ ਜੀਵਨ, ਸਮਾਜਿਕ ਸਬੰਧਾਂ ਅਤੇ ਸਭ ਤੋਂ ਮਹੱਤਵਪੂਰਨ, ਆਰਥਿਕ ਸਥਿਤੀਆਂ ਨੂੰ ਪ੍ਰਭਾਵਿਤ ਕੀਤਾ ਹੈ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇਸ ਨੇ ਲੋਕਤੰਤਰੀ ਦੇਸ਼ਾਂ ਵਿਚ ਰਾਜਨੀਤੀ ਅਤੇ ਰਾਜਨੀਤਿਕ ਪ੍ਰਕਿਰਿਆਵਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ, ਜਿਥੇ ਸਮੇਂ-ਸਮੇਂ ਤੇ ਹੁੰਦੀਆਂ ਚੋਣਾਂ ਸ਼ਾਸਨ ਪ੍ਰਣਾਲੀ ਦਾ ਇਕ ਮਹੱਤਵਪੂਰਨ ਹਿੱਸਾ ਹੁੰਦੀਆਂ ਹਨ।


ਗੌਰਤਲਬ ਹੈ ਕਿ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ, ਲਚਕੀਲਾ ਅਤੇ ਸਭ ਤੋਂ ਅਮੀਰ ਲੋਕਤੰਤਰੀ ਦੇਸ਼ ਸੰਯੁਕਤ ਰਾਜ ਅਮਰੀਕਾ ਆਪਣੀਆਂ ਰਾਜਨੀਤਿਕ ਪ੍ਰਕਿਰਿਆਵਾਂ ਵਿੱਚ ਪੈਂਦੇ ਵਿਘਨ ਸਮੇਤ ਕਈਂ ਤਰੀਕਿਆਂ ਨਾਲ ਇਸ ਮਹਾਂਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਹਰ ਚੌਥੇ ਸਾਲ, ਅਮਰੀਕੀ ਨਵੇਂ ਰਾਸ਼ਟਰਪਤੀ ਨੂੰ ਵੋਟ ਦਿੰਦੇ ਹਨ। ਕਦੇ-ਕਦਾਈਂ, ਉਹ ਚਾਰ ਸਾਲਾਂ ਦੀ ਇਕ ਹੋਰ ਮਿਆਦ ਲਈ ਉਸ ਨੂੰ ਮੁੜ ਤੋਂ ਚੁਣਦੇ ਹਨ। ਅੱਜ ਵੱਡਾ ਪ੍ਰਸ਼ਨ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਦੀ ਚੋਣ ਸੁਚਾਰੂ ਢੰਗ ਨਾਲ ਨੇਪੜੇ ਚੜ੍ਹ ਜਾਵੇਗੀ? ਕੀ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੁਬਾਰਾ ਚੁਣ ਲਿਆ ਜਾਵੇਗਾ?


3 ਨਵੰਬਰ 2020 ਨੂੰ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਵਾਸਤੇ ਰਾਜਸੀ ਪ੍ਰਕ੍ਰਿਰਿਆਵਾਂ ਸਾਧਾਰਨ ਤੌਰ ਤੇ ਨਿਰਵਿਘਨ ਚੱਲ ਰਹੀਆਂ ਹਨ।ਕੋਵਿਡ- 19 ਕਾਰਣ ਤਾਲਾਬੰਦੀ, ਬਾਅਦ ਵਿੱਚ ਅਣ-ਲਾਕਡਾਊਨ, ਜਨ ਸਾਧਾਰਨ ਵਿੱਚ ਮਹਾਂਮਾਰੀ ਦਾ ਨਿਰੰਤਰ ਡਰ, ਰੈਲੀਆਂ ਅਤੇ ਜਨਤਕ ਮੀਟਿੰਗਾਂ ਵਿੱਚ ਦਰਪੇਸ਼ ਮੁਸ਼ਕਲਾਂ ਆਦਿ ਸਭਨਾਂ ਨੇ ਪ੍ਰਾਇਮਰੀ ਚੋਣਾਂ ਅਤੇ ਅਮਰੀਕੀ ਰਾਜਨੀਤਿਕ ਪਾਰਟੀਆਂ ਦੀਆਂ ਕੋਰਸ ਮੀਟਿੰਗਾਂ ਦੇ ਆਯੋਜਿਨਾਂ ਨੂੰ ਪ੍ਰਭਾਵਿਤ ਕੀਤਾ ਹੈ ਜੋ ਪ੍ਰਧਾਨਗੀ ਵਾਸਤੇ ਉਮੀਦਵਾਰ ਨੂੰ ਨਾਮਜ਼ਦ ਕਰਨ ਦਾ ਜ਼ਰੂਰੀ ਹਿੱਸਾ ਹਨ। 


ਡੈਮੋਕ੍ਰੇਟਿਕ ਪਾਰਟੀ ਅਤੇ ਰਿਪਬਲੀਕਨ ਪਾਰਟੀ ਦੇ ਰਾਸ਼ਟਰੀ ਸੰਮੇਲਨਾਂ ਦੇ ਅੰਤ ਵਿੱਚ ਨਾਮਜ਼ਦ ਵਿਅਕਤੀ ਦੀ ਚੋਣ ਕਰਨ ਲਈ ਵਿਸ਼ਾਲ ਰੈਲੀਆਂ ਅਤੇ ਪ੍ਰਦਰਸ਼ਨ ਸਮਾਰੋਹ ਆਯੋਜਿਤ ਹੁੰਦੇ ਹਨ। ਹਾਲਾਂਕਿ ਰਿਪਬਲੀਕਨ ਪਾਰਟੀ ਦਾ ਹਾਰਨਾ ਬਹੁਤ ਦੂਰ ਦੀ ਗੱਲ ਹੈ, ਕਿਉਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਸਪੱਸ਼ਟ ਤੌਰ 'ਤੇ ਉਸਦੇ ਉਮੀਦਵਾਰ ਹੋਣਗੇ, ਫਿਰ ਵੀ ਇਹਨਾਂ ਸਮਾਰੋਹਾਂ ਵਿਚ ਲੱਖਾਂ ਅਮਰੀਕੀ ਵੋਟਰਾਂ ਅਤੇ ਵਿਸ਼ਵ ਭਰ ਦੇ ਲੋਕਾਂ ਨੂੰ ਉਨ੍ਹਾਂ ਦੁਆਰਾ ਪ੍ਰਚਾਰ ਸਮੇਂ ਦਿੱਤੇ ਗਏ ਭਾਸ਼ਣ ਨੂੰ ਦੇਖਣ ਦਾ ਮੌਕਾ ਮਿਲਦਾ ਹੈ। ਸਾਬਕਾ ਉਪ ਰਾਸ਼ਟਰਪਤੀ, ਜੋਏ ਬਿਡੇਨ ਦੀ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਦਾ ਰਸਮੀ ਤੌਰ 'ਤੇ ਜਮਹੂਰੀ ਰਾਸ਼ਟਰੀ ਸੰਮੇਲਨ ਪੂਰਾ ਹੋ ਗਿਆ। ਇਹ ਇੱਕ ਵਰਚੁਅਲ ਸੈਟਿੰਗ ਦੁਆਰਾ ਆਯੋਜਿਤ ਕੀਤਾ ਗਿਆ ਸੀ। ਹਜ਼ਾਰਾਂ ਡੈਲੀਗੇਟ ਮਿਲਵੌਕੀ, ਵਿਸਕਾਨਸਿਨ ਵਿਖੇ ਇਕੱਠੇ ਹੋਏ ਹੋਣਗੇ, ਪਰ ਚਾਰ ਸਾਲਾਂ ਵਿਚ ਇਕ ਵਾਰ ਹੋਣ ਵਾਲੇ ਇਸ ਸਮਾਗਮ ਤੋਂ ਖੁੰਝ ਗਏ। ਸੈਨੇਟਰ ਜੋਏ ਬਿਡੇਨ ਨੂੰ ਰਾਸ਼ਟਰਪਤੀ ਅਹੁਦੇ ਲਈ ਪਾਰਟੀ ਦਾ ਉਮੀਦਵਾਰ ਅਤੇ ਸੈਨੇਟਰ ਕਮਲਾ ਹੈਰਿਸ ਨੂੰ ਪਾਰਟੀ ਦਾ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਨਾਮਜ਼ਦ ਕੀਤਾ ਗਿਆ।


ਕੋਵਿਡ-19 ਕਾਰਨ ਅਮਰੀਕਾ ਵਿਸ਼ਵ ਦਾ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਸਰਕਾਰ ਦੁਆਰਾ ਮਹਾਂਮਾਰੀ ਦਾ ਪ੍ਰਬੰਧਨ ਅਤੇ ਸਮਾਜ ਦੇ ਧਰੁਵੀਕਰਨ ਤੋਂ ਬਾਅਦ ਬਹੁਤ ਸਾਰੇ ਅਮਰੀਕੀ ਨਾਗਰਿਕ ਸਰਕਾਰ ਤੋਂ ਅਸਤੁੰਸ਼ਟ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਦੇਸ਼ ਵਿਚ ਬੇਰੁਜ਼ਗਾਰੀ ਦੀ ਦਰ ਬਹੁਤ ਜ਼ਿਆਦਾ ਵਧੀ ਹੈ ਅਤੇ ਆਰਥਿਕ ਵਿਕਾਸ ਦਰ ਥੱਲੇ ਆ ਗਈ ਹੈ। ਕੋਰੋਨਵਾਇਰਸ ਸੰਕਟ ਦੌਰਾਨ ਦੇਸ਼ ਦਾ ਸਿਹਤ ਢਾਂਚਾ ਢੁੱਕਵਾਂ ਨਹੀਂ ਪਾਇਆ ਗਿਆ। ਇਸ ਨੇ ਪ੍ਰਸ਼ਾਸਨ ਦੀ ਉਹ ਪੋਲ ਵੀ ਖੋਲ੍ਹ ਕੇ ਦਿਖਾ ਦਿੱਤੀ ਹੈ, ਜਦੋਂ ਵਾਇਰਸ ਨਾਲ ਲੜਨ ਦੀ ਮਾਹਿਰਾਂ ਵੱਲੋਂ ਦਿੱਤੀ ਸਲਾਹ ਨੂੰ ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਖਾਰਜ ਕਰ ਦਿੱਤਾ। ਨਸਲਵਾਦ ਦੇਸ਼ ਦੇ ਹਰ ਕੋਨੇ ਵਿਚ ਫੈਲ ਗਿਆ ਹੈ। ਜਿਸ ਨਾਲ ਮੌਜੂਦਾ ਅਮਰੀਕੀ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਿੱਚ ਵਾਧਾ ਹੋਇਆ ਹੈ।


ਇਮੀਗ੍ਰੇਸ਼ਨ ਨੀਤੀ, ਵਾਤਾਵਰਣ ਸੰਬੰਧੀ ਚਿੰਤਾਵਾਂ, ਆਰਥਿਕਤਾ ਨੂੰ ਸੰਭਾਲਣਾ ਅਤੇ ਮਹਾਂਮਾਰੀ ਆਦਿ ਇਹ ਸਭ ਅਮਰੀਕੀ ਵਿਰੋਧੀ ਧਿਰਾਂ ਦੇ ਮੁੱਖ ਨਿਸ਼ਾਨੇ 'ਤੇ ਹਨ। ਸੇਨ ਜੋਇ ਬਿਡੇਨ ਇਸ ਸਮੇਂ ਚਾਰ ਪ੍ਰਤੀਸ਼ਤ ਅੰਕਾਂ ਨਾਲ ਓਪਨੀਅਨ ਪੋਲ ਵਿੱਚ ਮੋਹਰੀ ਹਨ।
ਹਰ ਚੌਥੇ ਸਾਲ ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਵੇਲੇ, ਭਾਰਤੀ ਲੋਕ ਇਸ ਬਾਰੇ ਬਹਿਸ ਕਰਦੇ ਹਨ ਕਿ ਭਾਰਤ ਲਈ ਕਿਹੜਾ ਬਿਹਤਰ ਰਾਸ਼ਟਰਪਤੀ ਹੋਵੇਗਾ ? ਇਹ ਕੁਦਰਤੀ ਹੈ, ਪਰ ਡੈਮੋਕਰੇਟਿਕ ਅਤੇ ਰਿਪਬਲੀਕਨ ਪ੍ਰਸ਼ਾਸਨ, ਦੋਵਾਂ ਦੇ ਭਾਰਤ ਨਾਲ ਨੇੜਲੇ ਸਬੰਧਾਂ ਦੀ ਪੜਤਾਲ ਇਹ ਦਰਸਾਉਂਦੀ ਹੈ ਕਿ ਭਾਰਤ ਨਾਲ ਦੋਵਾਂ ਮੁੱਖ ਅਮਰੀਕੀ ਰਾਜਨੀਤਿਕ ਪਾਰਟੀਆਂ ਦੇ ਕੋਈ ਵਿਚਾਰਧਾਰਕ ਮਤਭੇਦ ਨਹੀਂ ਹਨ।
ਸੈਨੇਟਰ ਕਮਲਾ ਹੈਰਿਸ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਨਾਮਜ਼ਦ ਹੋਣ ਮਗਰੋਂ ਪਹਿਲੀ ਭਾਰਤੀ ਮੂਲ ਦੀ ਵਿਅਕਤੀ ਬਣ ਗਈ ਹੈ। ਇਸ ਨਾਲ ਕੁਦਰਤੀ ਤੌਰ 'ਤੇ ਅਗਾਮੀ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਭਾਰਤ ਵਿਚ ਬਹੁਤ ਜ਼ਿਆਦਾ ਰੁਚੀ ਪੈਦਾ ਹੋਈ ਹੈ।


ਭਾਰਤ ਨਾਲ ਮਜ਼ਬੂਤ ​​ਰਣਨੀਤਕ ਸਹਿਯੋਗ ਬਣਾਈ ਰੱਖਣ ਦੀ ਨੀਤੀ ਨਾਲ ਸੰਯੁਕਤ ਰਾਜ ਦੇ ਦੋ-ਪੱਖੀ ਸਮਰਥਨ ਵਿੱਚ ਨਿਰੰਤਰ ਵਾਧਾ ਹੋਇਆ ਹੈ। ਜੇ ਜਨਵਰੀ 2021 ਵਿਚ ਵ੍ਹਾਈਟ ਹਾਊਸ ਵਿਚ ਸੱਤਾ ਦੀ ਤਬਦੀਲੀ ਹੁੰਦੀ ਹੈ, ਤਾਂ ਇਹ ਭੌਤਿਕ ਤੌਰ 'ਤੇ ਭਾਰਤ-ਅਮਰੀਕਾ ਸੰਬੰਧਾਂ ਦੇ ਬੁਨਿਆਦੀ ਰੂਪਾਂ ਨੂੰ ਨਹੀਂ ਬਦਲੇਗੀ।


ਅਮਰੀਕਾ ਵਿਚ ਮੌਜੂਦਾ ਚੋਣ ਪ੍ਰਕਿਰਿਆ ਵਿਚ, ਡੋਨਾਲਡ ਟਰੰਪ ਅਤੇ ਜੋ ਬਿਡੇਨ ਦੋਵੇਂ ਆਪਣੇ ਆਪ ਨੂੰ ਇਕ ਦੂਜੇ ਨਾਲੋਂ ਜ਼ਿਆਦਾ ਚੀਨ 'ਤੇ ਸਖਤ ਹੋਣ ਨੂੰ ਸਾਬਿਤ ਕਰ ਰਹੇ ਹਨ। ਦੋਵਾਂ ਉਮੀਦਵਾਰਾਂ ਨੇ ਵਾਰ-ਵਾਰ ਦੱਸਿਆ ਹੈ ਕਿ ਉਹ ਭਾਰਤ-ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਬਣਾਈ ਰੱਖਣ ਲਈ ਇਕ ਸ਼ਕਤੀਸ਼ਾਲੀ ਭਾਰਤ ਵਰਗੇ ਦੇਸ਼ ਨਾਲ ਅਮਰੀਕਾ ਦੇ ਸਹਿਯੋਗ ਨੂੰ ਹੋਰ ਅੱਗੇ ਕਿਵੇਂ ਵਧਾਉਣਗੇ।


ਸਕ੍ਰਿਪਟ: ਪ੍ਰੋ: ਚਿੰਤਮਨੀ ਮਹਾਪਾਤਰਾ, ਵੀ ਸੀ ਅਤੇ ਰੈਕਟਰ, ਜੇ ਐਨ ਯੂ


ਅਨੁਵਾਦਕ: ਮਨਜੀਤ ਅਣਖੀ

Comments

Popular posts from this blog

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ

ਮੰਗੋਲੀਆਈ ਰਾਸ਼ਟਰਪਤੀ ਦਾ ਭਾਰਤੀ ਦੌਰਾ