ਭਾਰਤ-ਬੰਗਲਾਦੇਸ਼ ਸੰਬੰਧ ਉੱਚਾਈਆਂ ‘ਤੇ
ਭਾਰਤ ਦੇ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਦੋ ਦਿਨਾਂ ਲਈ ਬਗਲਾਦੇਸ਼ ਦੀ ਯਾਤਰਾ ਕੀਤੀ। ਆਪਣੀ ਇਸ ਫੇਰੀ ਦੌਰਾਨ ਉਨ੍ਹਾਂ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕੀਤੀ ਅਤੇ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਦੇ ਸੰਦੇਸ਼ ਨੂੰ ਉਨ੍ਹਾਂ ਤੱਕ ਪਹੁੰਚਾਇਆ।
ਪੀਐਮ ਹਸੀਨਾ ਨੇ ਨਿੱਜੀ ਤੌਰ ‘ਤੇ ਭਾਰਤੀ ਵਿਦੇਸ਼ ਸਕੱਤਰ ਦਾ ਸਵਾਗਤ ਕੀਤਾ।ਕੋਵਿਡ-19 ਮਹਾਮਾਰੀ ਦੇ ਫੈਲਾਅ ਤੋਂ ਬਾਅਦ ਸ਼੍ਰਿੰਗਲਾ ਪਹਿਲੇ ਵਿਦੇਸ਼ੀ ਪਤਵੰਤੇ ਹਨ ਜਿੰਨ੍ਹਾਂ ਦਾ ਪੀਐਮ ਹਸੀਨਾ ਵੱਲੋਂ ਨਿੱਜੀ ਤੌਰ ‘ਤੇ ਸਵਾਗਤ ਕੀਤਾ ਗਿਆ ਹੈ।
ਪਿਛਲੇ ਕੁੱਝ ਮਹੀਨਿਆਂ ‘ਚ ਨਵੀਂ ਦਿੱਲੀ ਅਤੇ ਢਾਕਾ ਵਿਚਾਲੇ ਦੁਵੱਲੇ ਵਿਚਾਰ ਚਰਚਾਵਾਂ ਵਰਚੁਅਲ ਮੰਚ ਰਾਹੀਂ ਆਯੋਜਿਤ ਹੋਈਆਂ ਹਨ।ਇਸ ਤੱਥ ਦੇ ਮੱਦੇਨਜ਼ਰ ਕਿ ਦੱਖਣੀ ਏਸ਼ੀਆ ਇਸ ਵਿਸ਼ਵਵਿਆਪੀ ਮਹਾਮਾਰੀ ਕਰਕੇ ਆਰਥਿਕ ਪੱਖ ਤੋਂ ਬਹੁਤ ਪ੍ਰਭਾਵਿਤ ਹੋਇਆ ਹੈ, ਇਸ ਫੇਰੀ ਦਾ ਵਿਸ਼ੇਸ਼ ਮਹੱਤਵ ਹੈ।
ਭਾਰਤੀ ਵਿਦੇਸ਼ ਸਕੱਤਰ ਨੇ ਬੰਗਲਾਦੇਸ਼ ਦੇ ਆਪਣੇ ਹਮਅਹੁਦਾ ਏ.ਕੇ.ਅਬਦੁੱਲ ਮੋਮਿਨ, ਵਿਦੇਸ਼ ਰਾਜ ਮੰਤਰੀ ਸ਼ਾਹਰੀਅਰ ਆਲਮ ਅਤੇ ਵਿਦੇਸ਼ ਸਕੱਤਰ ਮਾਸੌਦ ਬਿਨ ਮੋਮਿਨ ਨਾਲ ਵੀ ਮੁਲਾਕਾਤ ਕੀਤੀ।
ਲਗਭਗ ਇੱਕ ਘੰਟੇ ਤੱਕ ਚੱਲੀ ਇਸ ਬੈਠਕ ‘ਚ ਭਾਰਤੀ ਵਿਦੇਸ਼ ਸਕੱਤਰ ਅਤੇ ਬੰਗਲਾਦੇਸ਼ੀ ਪੀਐਮ ਨੇ ਦੋਵਾਂ ਦੇਸ਼ਾਂ ਵਿਚਾਲੇ ਮੌਜੂਦਾ ਸੰਪਰਕ ਨੈੱਟਵਰਕ ਦੀ ਮੁੜ ਬਹਾਲੀ, ਕੋਵਿਡ-19 ਦੇ ਟੀਕੇ ਦੇ ਵਿਕਾਸ ਲਈ ਸਹਿਯੋਗ ਦੇ ਤਰੀਕਿਆਂ ਸਬੰਧੀ ਚਰਚਾ ਕੀਤੀ ਅਤੇ ਸਾਂਝੇ ਤੌਰ ‘ਤੇ ਮਨਾਏ ਜਾ ਰਹੇ ਮੁਜੀਬ ਬੋਰਸ਼ੋ ਉਤਸਵ ਦੀ ਸਮਾਪਤੀ ਕੀਤੀ।ਦੋਵਾਂ ਆਗੂਆਂ ਨੇ ਦੋਵਾਂ ਦੇਸ਼ਾਂ ਨੂੰ ਦਰਪੇਸ਼ ਆ ਰਹੀਆਂ ਆਰਥਿਕ ਚੁਣੋਤੀਆਂ ਨਾਲ ਨਜਿੱਠਣ ਲਈ ਕੋਵਿਡ ਕਾਲ ਤੋਂ ਬਾਅਦ ਦੀ ਰਣਨੀਤੀ ਤਿਆਰ ਕਰਨ ਸਬੰਧੀ ਚਰਚਾ ਕੀਤੀ।
ਭਾਰਤ ਨੇ ਸੰਯੁਕਤ ਸਲਾਹਕਾਰ ਕੌਂਸਲ ਨੂੰ ਮੁੜ ਸ਼ੁਰੂ ਕਰਨ ਦਾ ਪ੍ਰਸਤਾਵ ਵੀ ਰੱਖਿਆ, ਜੋ ਕਿ ਵਿਦੇਸ਼ ਮੰਤਰੀ ਪੱਧਰ ਦੀ ਬੈਠਕ ਹੁੰਦੀ ਹੈ, ਜਿਸ ‘ਚ ਬੰਗਲਾਦੇਸ਼ ‘ਚ ਚੱਲ ਰਹੇ ਵੱਖ-ਵੱਖ ਪ੍ਰਾਜੈਕਟ ਜਿੰਨ੍ਹਾਂ ਲਈ ਭਾਰਤੀ ਫੰਡ ਮੁਹੱਈਆ ਕੀਤਾ ਗਿਆ ਹੈ, ਉਨ੍ਹਾਂ ਦੀ ਨਿਗਰਾਨੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਵੱਖ-ਵੱਖ ਦੁਵੱਲੇ ਮੁੱਦਿਆਂ ਨੂੰ ਵਿਚਾਰਿਆਂ ਜਾਂਦਾ ਹੈ।ਕੌਂਸਲ ਦੀ ਆਖਰੀ ਬੈਠਕ ਫਰਵਰੀ 2019 ‘ਚ ਆਯੋਜਿਤ ਹੋਈ ਸੀ ਅਤੇ ਭਾਰਤ ਨੇ ਵਰਚੁਅਲੀ ਇਸ ਨੂੰ ਮੁੜ ਸ਼ੁਰੂ ਕਰਨ ਦੀ ਗੱਲ ਕਹੀ ਹੈ।ਇਸ ਤੋਂ ਇਲਾਵਾ ਨਵੀਂ ਦਿੱਲੀ ਨੇ ਦੋਵਾਂ ਮੁਲਕਾਂ ਦਰਮਿਆਨ ਏਅਰ ਬੱਬਲ ਯੋਜਨਾ ਸ਼ੁਰੂ ਕਰਨ ਦਾ ਵੀ ਪ੍ਰਸਤਾਵ ਰੱਖਿਆ ਹੈ।ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਬੰਗਲਾਦੇਸ਼ ਉਨ੍ਹਾਂ ਮੁਲਕਾਂ ਦੀ ਸੂਚੀ ‘ਚ ਸਭ ਤੋਂ ਉੱਪਰ ਹੈ , ਜਿੰਨ੍ਹਾਂ ਦੇ ਨਾਗਰਿਕ ਮੈਡੀਕਲ ਸਹੂਲਤ ਹਾਸਲ ਕਰਨ ਲਈ ਭਾਰਤ ਆਉਂਦੇ ਹਨ।ਬੰਗਲਾਦੇਸ਼ ਨੇ ਆਪਣੇ ਖੇਤਰ ‘ਚ ਭਾਰਤੀ ਕੋਵਿਡ-19 ਦੇ ਟੀਕੇ ਦੇ ਮਨੁੱਖੀ ਪ੍ਰੀਖਣ ਸਬੰਧੀ ਵੀ ਚਰਚਾ ਕੀਤੀ।
ਕੋਵਿਡ-19 ਕਾਰਨ ਪ੍ਰਭਾਵਿਤ ਹੋਏ ਦੁਵੱਲੇ ਵਪਾਰ ਨੂੰ ਮੁੜ ਲੀਹ ‘ਤੇ ਲਿਆਉਣ ਲਈ ਭਾਰਤ ਵੱਲੋਂ ਕਈ ਅਹਿਮ ਕਦਮ ਚੁੱਕੇ ਗਏ ਹਨ।ਲਗਭਗ 2 ਮਹੀਨਿਆਂ ਤੱਕ ਸਰਹੱਦਾਂ ਬੰਦ ਰਹਿਣ ਤੋਂ ਬਾਅਧ ਦੋਵਾਂ ਦੇਸ਼ਾਂ ਦਰਮਿਆਨ ਸਰਹੱਦੀ ਵਪਾਰ ਜੂਨ ਮਹੀਨੇ ਮੁੜ ਸ਼ੁਰੂ ਹੋਇਆ ਹੈ।
ਬੰਗਲਾਦੇਸ਼ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਰੋਹਿੰਗੀਆ ਸ਼ਰਨਾਰਥੀ ਹਨ।ਢਾਕਾ ਨੇ ਭਾਰਤ ਅੱਗੇ ਇਸ ਵਿਸ਼ੇ ਨੂੰ ਵਿਚਾਰਨ ਦੀ ਗੱਲ ਰੱਖੀ ਹੈ ਕਿ ਇਹ ਸ਼ਰਨਾਰਥੀ ਖੇਤਰੀ ਸੁਰੱਖਿਆ ਲਈ ਖ਼ਤਰਾ ਬਣ ਸਕਦੇ ਹਨ।ਢਾਕਾ ਨੇ ਭਾਰਤ ਅੱਗੇ ਗੁਜ਼ਾਰਿਸ਼ ਕੀਤੀ ਹੈ ਕਿ ਉਹ ਆਪਣੇ ਵਧੀਆ ਸਬੰਧਾਂ ਦੀ ਬਦੌਲਤ ਮਿਆਂਮਾਰ ਨੂੰ ਰੋਹਿੰਗੀਆ ਸ਼ਰਨਾਰਥੀ ਵਾਪਸ ਲੈਣ ਲਈ ਮਨਾਵੇ।ਭਾਰਤ ਨੇ ਹਮੇਸ਼ਾਂ ਹੀ ਢਾਕਾ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ ਅਤੇ ਕਈ ਮੌਕਿਆਂ ‘ਤੇ ਆਪਣੇ ਬਿਆਨਾਂ ਰਾਹੀਂ ਮਿਆਂਮਾਰ ਨੂੰ ਕਿਹਾ ਹੈ ਕਿ ਉਹ ਰੋਹਿੰਗੀਆ ਸ਼ਰਨਾਰਥੀਆਂ ਨੂੰ ਵਾਪਸ ਲਵੇ।ਨਵੀਂ ਦਿੱਲੀ ਨੇ ਰੋਹਿੰਗੀਆ ਸ਼ਰਨਾਰਥੀਆਂ ਦੀ ਵਾਪਸੀ ਪ੍ਰਕ੍ਰਿਆ ਸੁਰੱਖਿਅਤ ਅਤੇ ਸਹੀ ਢੰਗ ਨਾਲ ਹੋਣ ਦੀ ਹਿਮਾਇਤ ਵੀ ਭਰੀ ਹੈ।ਸ਼ਰਨਾਰਥੀਆਂ ਦੀ ਵਾਪਸੀ ਲਈ ਭਾਰਤ ਨੇ ਮਿਆਂਮਾਰ ਨਾਲ ਹੋਏ ਇੱਕ ਸਮਝੌਤੇ ਤਹਿਤ 250 ਤਿਆਰ ਘਰਾਂ ਦੀ ਸੁਪਦਰਗੀ ਮਿਆਂਮਾਰ ਨੂੰ ਦਿੱਤੀ ਹੈ।ਇਸ ਤੋਂ ਇਲਾਵਾ ਬੰਗਲਾਦੇਸ਼ ‘ਚ ਸ਼ਰਨਾਰਥੀ ਕੈਂਪ ‘ਚ ਰਹਿ ਰਹੇ ਸ਼ਰਨਾਰਥੀਆਂ ਲਈ ਭਾਰਤ ਨੇ ‘ਇਨਸਾਨੀਅਤ’ ਮਹਿੰਮ ਅਧੀਨ ਹਰ ਸੰਭਵ ਮਦਦ ਵੀ ਮੁਹੱਈਆ ਕਰਵਾਈ ਹੈ।
ਸੰਖੇਪ ‘ਚ ਕਹਿ ਸਕਦੇ ਹਾਂ ਕਿ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੁਵੱਲੇ ਸੰਬੰਧ ਸਮੇਂ ਦੀ ਪਰਖ ‘ਤੇ ਮਜ਼ਬੂਤ ਹੋ ਰਹੇ ਹਨ।ਕੋਵਿਡ-19 ਦੇ ਸਮੇਂ ਦੌਰਾਨ ਭਾਰਤੀ ਵਿਦੇਸ਼ ਸਕੱਤਰ ਵੱਲੋਂ ਬੰਗਲਾਦੇਸ਼ ਦੀ ਫੇਰੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ਦੁਵੱਲੇ ਸੰਬੰਧ ਮੌਜੂਦ ਹਨ ਅਤੇ ਭਵਿੱਖ ‘ਚ ਵੀ ਇਹ ਮਜ਼ਬੂਤੀ ਬਣੀ ਰਹੇਗੀ।
Comments
Post a Comment