ਇਮਰਾਨ ਖ਼ਾਨ ਦਾ ਰਿਆਸਤ-ਏ-ਮਦੀਨਾ ਦਾ ਸੁਪਨਾ ਭਰਮ ਭੁਲੇਖਿਆਂ ਦਾ ਘਰ
ਪਾਕਿਸਤਾਨ ਦੇ ਵਜ਼ੀਰ –ਏ-ਆਜ਼ਮ ਇਮਰਾਨ ਖ਼ਾਨ ਨੇ ਸੱਤਾ ‘ਚ ਆਉਣ ਲੱਗਿਆ ਆਪਣੀ ਅਵਾਮ ਨਾਲ ਵਾਅਦਾ ਕੀਤਾ ਸੀ ਕਿ ‘ਨਵੇਂ ਪਾਕਿਸਤਾਨ’ ਦੀ ਸਿਰਜਣਾ ਕਰਕੇ ਉਹ ਦੇਸ਼ ਦੇ ਅਕਸ ‘ਚ ਸੁਧਾਰ ਕਰਨਗੇ।ਨਵਾਂ ਪਾਕਿਸਤਾਨ ਭ੍ਰਿਸ਼ਟਾਚਾਰ ਮੁਕਤ ਮੁਲਕ ਹੋਵੇਗਾ।ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਨੂੰ ਇਕ ਇਸਲਾਮੀ ਭਲਾਈ ਰਾਜ ਬਣਾਉਣ ਦਾ ਵਾਅਦਾ ਕੀਤਾ ਸੀ, ਜੋ ਕਿ ਮਦੀਨਾ ਰਾਜ ਅਤੇ ਨਬੀ ਦੇ ਸਿਧਾਂਤਾ ‘ਤੇ ਅਧਾਰਤ ਸੀ।ਪਰ ਅਜਿਹਾ ਕੁੱਝ ਵੀ ਵਿਖਾਈ ਨਹੀਂ ਦੇ ਰਿਹਾ ਹੈ।ਜਨਾਬ ਖ਼ਾਨ ਦੇ ਕਾਰਜਕਾਲ ਦੇ ਦੂਜੇ ਸਾਲ ‘ਚ ਵੀ ਕੁੱਝ ਉਤਸਾਹਜਨਕ ਨਹੀਂ ਹੈ। ਦੇਸ਼ ਦੀ ਆਰਥਿਕਤਾ ਡਾਵਾਂਡੋਲ ਹੈ ਅਤੇ ਪਾਰਟੀ ਵਿਚਾਲੇ ਅੰਦਰੂਨੀ ਮਤਭੇਦਾਂ ਤੇ ਐਫਏਟੀਐਫ ਵੱਲੋਂ ਕਾਲੀ ਸੂਚੀ ‘ਚ ਪਾਏ ਜਾਣ ਦਾ ਡਰ ਜਿਉਂ ਦਾ ਤਿਉਂ ਕਾਇਮ ਹੈ।
ਆਪਣੀ ਹਕੂਮਤ ਦੀ ਦੂਜੀ ਵਰ੍ਹੇਗੰਢ ਮੌਕੇ ਇਮਰਾਨ ਖ਼ਾਨ ਵੱਲੋਂ ਕੁੱਝ ਟੀਵੀ ਇੰਟਰਵਿਊ ਰਾਹੀਂ ਆਪਣੀ ਸਰਕਾਰ ਦੀਆਂ ਦੋ ਸਾਲਾਂ ‘ਚ ਹਾਸਲ ਕੀਤੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ।ਜਨਾਬ ਖ਼ਾਨ ਮੁਤਾਬਕ ਵਿਦੇਸ਼ ਨੀਤੀ ‘ਚ ਕੀਤੀ ਤਬਦੀਲੀ ਸਦਕਾ ਪਾਕਿਸਤਾਨ ਦੇ ਅਕਸ ‘ਚ ਬਦਲਾਵ ਆਇਆ ਹੈ ਅਤੇ ਨਾਲ ਹੀ ਇਸ ਮਹਾਮਾਰੀ ਕਾਲ ‘ਚ ਉਨ੍ਹਾਂ ਦੀ ਸਰਕਾਰ ਨੇ ਮਿਸਾਲੀ ਪ੍ਰਬੰਧਨ ਕੀਤਾ ਹੈ, ਜੋ ਕਿ ਕਾਬਲੇ ਤਾਰੀਫ਼ ਹੈ।ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਨੂੰ ਇਸਲਾਮੀ ਭਲਾਈ ਰਾਜ ਦੀ ਰਾਹ ‘ਤੇ ਅੱਗੇ ਲੈ ਕੇ ਜਾ ਰਹੇ ਹਨ।ਜਨਾਬ ਖ਼ਾਨ ਨੇ ਕਿਹਾ ਕਿ ਉਹ ਪਾਕਿਸਤਾਨ ਨੂੰ ਇਸਲਾਮੀ ਜਗਤ ਦਾ ਇੱਕ ਮਿਸਾਲੀ ਮੁਲਕ ਬਣਾਉਣਾ ਚਾਹੁੰਦੇ ਹਨ।
ਪਾਕਿਸਤਾਨ ਹਕੂਮਤ ਨੇ ਵਿਵਾਦਪੂਰਨ ਇਕਹੇਰੀ ਰਾਸ਼ਟਰੀ ਪਾਠਕ੍ਰਮ ਨੀਤੀ, ਐਸਐਨਸੀਪੀ ਨੂੰ ਮੁੱਖ ਧਾਰਾ ਦੇ ਮਦਰੱਸਿਆਂ ‘ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।ਇਸ ਨੀਤੀ ਤਹਿਤ ਪੰਜਵੀ ਜਮਾਤ ਤੱਕ ਇਸਲਾਮ ਸਬੰਧੀ ਧਾਰਮਿਕ ਪੁਸਤਕਾਂ ਪੜਾਉਣਾ ਲਾਜ਼ਮੀ ਹੈ ਅਤੇ ਇਸ ਤੋਂ ਇਲਾਵਾ 8ਵੀਂ, 9ਵੀਂ ਅਤੇ 10ਵੀਂ ਜਮਾਤ ਦੇ ਪਾਠਕ੍ਰਮ ‘ਚ ਨਬੀ ਦੇ ਜੀਵਨ ਅਤੇ ਇਤਿਹਾਸ ਸਬੰਧੀ ਇੱਕ ਵਾਧੂ ਅਧਿਆਇ ਪੜਾਉਣਾ ਜ਼ਰੂਰੀ ਹੋਵੇਗਾ।ਇਸ ਦਾ ਉਦੇਸ਼ ਨਬੀ ਦੇ ਜੀਵਨ ਤੋਂ ਵਿਿਦਆਰਥੀਆਂ ਨੂੰ ਸਬਕ ਸਿਖਾਉਣਾ ਹੈ।
ਐਸਐਨਸੀਪੀ ਦੇ ਆਲੋਚਕਾਂ ਅਨੁਸਾਰ ਇਹ ਨੀਤੀ ਵਿਿਦਅਕ ਨਹੀਂ ਸਗੋਂ ਵਿਚਾਰਧਾਰਕ ਵਧੇਰੇ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੀਤੀ ਰਾਹੀਂ ਧਰਮ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾ ਰਿਹਾ ਹੈ, ਜਿਸ ਨਾਲ ਕਿ ਛੋਟੀ ਉਮਰ ਦੇ ਬੱਚਿਆਂ ‘ਚ ਕੱਟੜਤਾ ਭਰੀ ਜਾ ਸਕਦੀ ਹੈ।ਪਾਕਿਸਤਾਨ ਦੇ ਸਿੱਖਿਆ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਸ ਨੀਤੀ ਦੇ ਆਉਣ ਨਾਲ ਮਦਰੱਸਿਆਂ ਦੀ ਮੁੱਖ ਧਾਰਾ ਦੀ ਵਾਪਸੀ ਹੋਈ ਹੈ।ਮੁੱਖ ਧਾਰਾ ਦੇ ਵਿਿਦਆਰਥੀ ਭਵਿੱਖ ‘ਚ ਮਦਰੱਸਿਆਂ ਤੋਂ ਵਧੇਰੇ ਪ੍ਰਭਾਵਿਤ ਹੋ ਸਕਦੇ ਹਨ।
ਐਸਐਨਸੀਪੀ ਬਾਰੇ ਗੱਲ ਕਰਦਿਆਂ ਪਾਕਿ ਸਿੱਖਿਆ ਸ਼ਾਸਤਰੀ ਪਰਵੇਜ਼ ਹੁੱਡਭੌਏ ਨੇ ਦਲੀਲ ਦਿੱਤੀ ਕਿ ਇਹ ਨਵਾਂ ਪਾਠਕ੍ਰਮ ਕਿਸੇ ਵੀ ਸਥਿਤੀ ‘ਚ ਵਿਿਦਆਰਥੀਆਂ ਲਈ ਬਰਾਬਰਤਾ ਨਹੀਂ ਲਿਆਵੇਗਾ।ਉਨ੍ਹਾਂ ਕਿਹਾ ਕਿ ਪੰਜਵੀ ਜਮਾਤ ਤੱਕ ਦੇ ਬੱਚਿਆਂ ਲਈ ਇਸ ਪੱਧਰ ਤੱਕ ਧਾਰਮਿਕ ਗਿਆਨ ਸਹੀ ਨਹੀਂ ਹੈ।ਹਰ ਚੀਜ਼ ਦੀ ਇੱਕ ਸੀਮਾ ਹੁੰਦੀ ਹੈ।ਬੱਚਿਆਂ ਨੂੰ ਨਾ ਸਿਰਫ ਵਾਧੂ ਧਾਰਮਿਕ ਗਿਆਨ ਦਿੱਤਾ ਜਾਵੇਗਾ ਬਲਕਿ ਕੁਰਾਨ ਯਾਦ ਕਰਨਾ , ਉਸ ਦਾ ਅਨੁਵਾਦ ਅਤੇ ਨਮਾਜ਼ ਵੀ ਯਾਦ ਕਰਨੀ ਹੋਵੇਗੀ।ਜੋ ਕਿ ਇੰਨ੍ਹੇ ਛੋਟੇ ਬੱਚਿਆਂ ਲਈ ਬਹੁਤ ਵਧੇਰੇ ਹੈ।ਧਾਰਮਿਕ ਸਿੱਖਿਆ ਦੇ ਨਾਲ ਨਾਲ ਦੂਜੇ ਵਿਸ਼ੇ ਵੀ ਪੜ੍ਹਣੇ ਹੁੰਦੇ।ਮਦਰੱਸੇ ਇਕ ਤਰ੍ਹਾਂ ਨਾਲ ਜੀਵਨ ਤੋਂ ਅਗਾਂਹ ਦੀ ਸਥਿਤੀ ਲਈ ਤਿਆਰ ਕਰਦੇ ਹਨ ਅਤੇ ਦੂਜੇ ਪਾਸੇ ਸਕੂਲ ਬੱਚਿਆਂ ਨੂੰ ਇਸ ਜ਼ਿੰਦਗੀ ਲਈ ਤਿਆਰ ਕਰਦੇ ਹਨ।ਫਿਰ ਇੰਨ੍ਹਾਂ ਦੋਵਾਂ ਨੂੰ ਆਪਸ ਕਿਵੇਂ ਜੋੜਿਆ ਜਾ ਸਕਦਾ ਹੈ? ਇਸ ਤੋਂ ਇਲਾਵਾ ਪਰਵੇਜ਼ ਨੇ ਨਵੇਂ ਪਾਠਕ੍ਰਮ ਨੂੰ ਤੈਅ ਕਰਨ ਲਈ ਨਿਯੁਕਤ ਕੀਤੇ 400 ਮਾਹਰਾਂ ਦੀ ਭਰੋਸੇਯੋਗਤਾ ‘ਤੇ ਵੀ ਸਵਾਲ ਚੁੱਕਿਆ ਹੈ।
ਪਿਛਲੇ 2 ਸਾਲਾਂ ‘ਚ ਪੀਟੀਆਈ ਹਕੂਮਤ ਦੇ ਕੀਤੇ ਕਾਰਜਾਂ ਸਬੰਧੀ ਕੀਤੇ ਗਏ ਸਰਵੇਖਣ ਮੁਤਾਬਕ 54% ਪਾਕਿਸਤਾਨੀ ਮਹਿਸੂਸ ਕਰਦੇ ਹਨ ਕਿ ਮੌਜੂਦਾ ਸਰਕਾਰ ਆਪਣੀ ਕਾਰਗੁਜ਼ਾਰੀ ‘ਚ ਅਸਫਲ ਰਹੀ ਹੈ।ਇਮਰਾਨ ਸਰਕਾਰ ਦੇ ਮਾੜੇ ਪ੍ਰਦਰਸ਼ਨ ਦੇ ਪੰਜ ਪ੍ਰਮੁੱਖ ਕਾਰਕ ਮਹਿੰਗਾਈ, ਵੱਧ ਰਹੀ ਬੇਰੁਜ਼ਗਾਰੀ, ਖਰਾਬ ਵਜ਼ਾਰਤ ਦੀ ਚੋਣ, ਭ੍ਰਿਸ਼ਟਾਚਾਰ ਅਤੇ ਵਜ਼ੀਰ-ਏ-ਆਜ਼ਮ ਇਮਾਰਨ ਖ਼ਾਨ ਵੱਲੋਂ ਆਪਣੀ ਹੀ ਕਥਨੀ ਤੋਂ ਪਲਟਨਾ ਹੈ।
ਸੁਣਨ ‘ਚ ਆ ਰਿਹਾ ਹੈ ਕਿ ਪੀਟੀਆਈ ਦੀ ਵਜ਼ਾਰਤ ‘ਚ ਖਿੱਚੋਤਾਣੀ ਚੱਲ ਰਹੀ ਹੈ।ਜਦੋਂ ਵੀ ਇਮਰਾਨ ਖ਼ਾਨ ਦੇ ਇਸਲਾਮੀ ਭਲਾਈ ਰਾਜ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਦੀ ਵਜ਼ਾਰਤ ਦੇ ਲੋਕ ਇੱਕ ਪੱਖ ‘ਚ ਨਹੀਂ ਹੁੰਦੇ ਹਨ।ਉਨ੍ਹਾਂ ‘ਚ ਲਗਾਤਾਰ ਮਤਭੇਦ ਵੱਧ ਰਹੇ ਹਨ।
ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਜਨਾਬ ਖ਼ਾਨ ਲਗਾਤਾਰ ਹੋ ਰਹੇ ਵਿਰੋਧ, ਕਮਜ਼ੋਰ ਆਰਥਿਕਤਾ ਅਤੇ ਐਫਏਟੀਐਫ ਦਾ ਦਬਾਅ ਦੇ ਚੱਲਦਿਆਂ ਆਪਣੇ ਰਿਆਸਤ-ਏ-ਮਦੀਨਾ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਨ ਜਾਂ ਫਿਰ ਨਹੀਂ ।ਜਨਾਬ ਖ਼ਾਨ ਨੂੰ ਜ਼ਮੀਨੀ ਹਕੀਕਤ ਦਾ ਅਹਿਸਾਸ ਕਦੋਂ ਹੋਵੇਗਾ, ਇਹ ਵੀ ਵੇਖਣਾ ਅਜੇ ਬਾਕੀ ਹੈ।
ਸਕ੍ਰਿਪਟ: ਡਾ.ਜ਼ੈਨਬ ਅਖ਼ਤਰ, ਪਾਕਿਸਤਾਨ ਲਈ ਵਿਸ਼ਲੇਸ਼ਕ
Comments
Post a Comment