ਭਾਰਤ ਆਪਣੇ ਆਰਥਿਕ ਸਬੰਧਾਂ ਨੂੰ ਕਰ ਰਿਹਾ ਮਜ਼ਬੂਤ

ਵਿਸ਼ਵ ਭਰ ‘ਚ ਕੋਵਿਡ-19 ਮਹਾਮਾਰੀ ਕਰਕੇ ਸਿਹਤ ਅਤੇ ਆਰਥਿਕ ਖੇਤਰ ਬਹੁਤ ਪ੍ਰਭਾਵਿਤ ਹੋਇਆ ਹੈ।ਅਜਿਹੀ ਸਥਿਤੀ ‘ਚ ਭਾਰਤ ਲਗਾਤਾਰ ਵੱਖ-ਵੱਖ ਦੇਸ਼ਾਂ ਨਾਲ ਆਪਣੇ ਵਪਾਰਕ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ‘ਚ ਲੱਗਿਆ ਹੋਇਆ ਹੈ।ਇਸ ਸੰਦਰਭ ‘ਚ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਅਮਰੀਕੀ ਕਾਰੋਬਾਰ ਅਤੇ ਉਦਯੋਗ ਨੂੰ ਆਪਣੇ ਭਾਰਤੀ ਹਮਅਹੁਦਿਆਂ ਨਾਲ ਕੰਮ ਕਰਨ ਦਾ ਖੁੱਲਾ ਸੱਦਾ ਦਿੱਤਾ ਹੈ ਤਾਂ ਕਿ ਦੁਵੱਲੇ ਵਪਾਰ ਨੂੰ ਹੁਲਾਰਾ ਮਿਲ ਸਕੇ।ਵਰਚੁਅਲ ਕਾਨਫਰੰਸ ਰਾਹੀਂ ਅਮਰੀਕਾ-ਭਾਰਤ ਰਣਨੀਤਕ ਸਾਂਝੇਦਾਰੀ ਮੰਚ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਗੋਇਲ ਨੇ ਕਿਹਾ ਕਿ ਦੋਵੇਂ ਲੋਕਤੰਤਰੀ ਤਾਕਤਾਂ ਮਜ਼ਬੂਤ ਵਚਨਬੱਧਤਾਵਾਂ ਨੂੰ ਸਾਂਝਾ ਕਰਦੀਆਂ ਹਨ ਜੋ ਕਿ ਸਰਕਾਰ, ਵਪਾਰ ਅਤੇ ਲੋਕਾਂ ਦੇ ਪੱਧਰ ‘ਤੇ ਅਧਾਰਤ ਹਨ।ਦੋਵੇਂ ਦੇਸ਼ ਮੁਕਤ ਅਤੇ ਨਿਰਪੱਖ ਵਪਾਰ ਦੇ ਹੱਕ ‘ਚ ਹਨ ਅਤੇ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ।ਮੰਤਰੀ ਨੇ ਕਿਹਾ ਕਿ ਆਪਸ ‘ਚ ਜੁੜੇ ਇਸ ਸੰਸਾਰ ‘ਚ ਦੋਵੇਂ ਦੇਸ਼ ਵਪਾਰਕ ਸਬੰਧਾਂ ਤੋਂ ਪਰੇ ਵਿਸ਼ਵਵਿਆਪੀ ਕਦਰਾਂ ਦੀ ਲੜੀ ‘ਚ ਲਚਕੀਲੇ ਭਾਈਵਾਲ ਹੋ ਸਕਦੇ ਹਨ।
ਭਾਰਤੀ ਵਣਜ ਅਤੇ ਉਦਯੋਗ ਮੰਤਰੀ ਨੇ ਅਮਰੀਕਾ-ਭਾਰਤ ਰਣਨੀਤਕ ਸਾਂਝੇਦਾਰੀ ਮੰਚ ਦੇ ਮੈਂਬਰਾਂ ਨੂੰ ਉਦਯੋਗ ਅਤੇ ਨਿਵੇਸ਼ ਦੀ ਸਹੂਲਤ ਲਈ ਦੇਸ਼ ‘ਚ ਹੋ ਰਹੇ ਉਪਰਾਲਿਆਂ ਬਾਰੇ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਜੀਆਈਐਸ- ਸਮਰਥਿਤ ਜ਼ਮੀਨ ਬੈਂਕ ਪਾਇਲਟ ਪ੍ਰਾਜੈਕਟ ਦੇ ਅਧਾਰ ‘ਤੇ ਸ਼ੁਰੂ ਕੀਤਾ ਗਿਆ ਹੈ।ਜਿਸ ‘ਚ 6 ਰਾਜ ਸ਼ਾਮਲ ਹਨ ਜੋ ਕਿ ਨਿਵੇਸ਼ਕਾਂ ਨੂੰ ਜ਼ਮੀਨ ਅਤੇ ਸਥਾਨ ਦੀ ਪਛਾਣ ਕਰਨ ‘ਚ ਮਦਦ ਕਰਨਗੇ।ਮੰਤਰੀ ਨੇ ਹਰ ਤਰ੍ਹਾਂ ਦੀ ਮਨਜ਼ੂਰੀ ਲਈ ਇਕਹਰੀ ਵਿੰਡੋ ਪ੍ਰਣਾਲੀ ਦਾ ਵੀ ਜ਼ਿਕਰ ਕੀਤਾ।ਜਿਸ ਨੂੰ ਕਿ ਕੇਂਦਰੀ, ਸੂਬਾਈ ਅਤੇ ਨਗਰ ਨਿਗਮ ਪੱਧਰ ‘ਤੇ ਵੱਖ-ਵੱਖ ਮਨਜ਼ੂਰਸ਼ੁਦਾ ਅਥਾਰਟੀਆਂ ਅਤੇ ਏਜਮਸੀਆਂ ਦੇ ਸਹਿਯੋਗ ਨਾਲ ਵਿਕਸਤ ਕੀਤਾ ਜਾ ਰਿਹਾ ਹੈ।ਅਮਰੀਕਾ ਅਤੇ ਭਾਰਤ ਦਰਮਿਆਨ ਵਪਾਰਕ ਸਮਝੌਤੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਸ਼ੁਰੂਆਤੀ ਸੀਮਤ ਵਪਾਰ ਪੈਕੇਜ ‘ਤੇ ਦਸਤਖਤ ਕਰਨ ਨੂੰ ਤਿਆਰ ਹੈ ਅਤੇ ਹੁਣ ਇਹ ਅਮਰੀਕਾ ‘ਤੇ ਨਿਰਭਰ ਕਰਦਾ ਹੈ ਕਿ ਉਹ ਕਦਮ ਅੱਗੇ ਵਧਾਵੇ।
ਸ੍ਰੀ ਗੋਇਲ ਨੇ ਅੱਗੇ ਕਿਹਾ ਕਿ ਭਾਵੇਂ ਕਿ ਇਸ ਰਾਹ ‘ਤੇ ਬਹੁਤ ਚੁਣੌਤੀਆਂ ਹਨ ਪਰ ਨਾਲ ਹੀ ਮੌਕੇ ਵੀ ਮੌਜੂਦ ਹਨ।ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਦੇਸ਼ ‘ਚ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਹਨ ਪਰ ਇੰਨ੍ਹਾਂ ਦੀ ਮੁੜ ਸੁਰਜੀਤੀ ਦੇ ਸੰਕੇਤ ਵੀ ਮਿਲੇ ਹਨ।ਭਾਰਤੀ ਰੇਲਵੇ ਦੇ ਕਿਰਾਏ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਗਸਤ 2020 ‘ਚ 2019 ਦੇ ਮੁਕਾਬਲੇ 4% ਵਾਧਾ ਹੋਇਆ ਹੈ।ਇਸੇ ਤਰ੍ਹਾਂ ਹੀ ਜੁਲਾਈ 2019 ਦੇ ਮੁਕਾਬਲੇ ਜੁਲਾਈ 2020 ‘ਚ ਬਰਾਮਦ 88% ਤੱਕ ਪਹੁੰਚ ਗਈ ਹੈ।ਜੇਕਰ ਤੇਲ ਅਤੇ ਰਤਨ/ਗਹਿਿਣਆਂ ਦੇ ਖੇਤਰਾਂ ਦੇ ਅੰਕੜੇ ਨੂੰ ਕੁੱਲ ਨਿਰਯਾਤ ਤੋਂ ਬਾਹਰ ਰੱਖਿਆ ਜਾਵੇ ਤਾਂ ਵਿਕਾਸ ਹੋਰ ਵੀ ਵੱਧ ਜਾਵੇਗਾ।
ਦੇਸ਼ ‘ਚ ਕੋਵਿਡ-19 ਦੇ ਫੈਲਾਅ ‘ਤੇ ਰੋਕ ਲਗਾਉਣ ਲਈ ਕਈ ਅਹਿਮ ਫ਼ੈਸਲੇ ਲਏ ਗਏ ਹਨ ਅਤੇ ਉਨ੍ਹਾਂ ਨੂੰ ਜ਼ਮੀਨੀ ਪੱਧਰ ‘ਤੇ ਬਹੁਤ ਹੀ ਸਾਵਧਾਨੀ ਨਾਲ ਅਮਲ ‘ਚ ਵੀ ਲਿਆਂਦਾ ਗਿਆ ਹੈ।ਇਸ ਸਮੇਂ ਦੇਸ਼ ‘ਚ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੀ ਦਰ 2% ਤੋਂ ਵੀ ਘੱਟ ਹੈ ਅਤੇ ਰਿਕਵਰੀ ਦਰ 77% ਦੇ ਕਰੀਬ ਅੱਪੜ ਚੁੱਕੀ ਹੈ।
ਸ੍ਰੀ ਗੋਇਲ ਨੇ ਅੱਗੇ ਕਿਹਾ ਕਿ ਭਾਵੇਂ ਕਿ ਭਾਰਤ ਆਬਾਦੀ ਪੱਖੋਂ ਬਹੁਤ ਵੱਡਾ ਮੁਲਕ ਹੈ ਪਰ ਫਿਰ ਵੀ ਸਾਰੇ ਦੇਸ਼ ਵਾਸੀਆਂ ਨੇ ਮਿਲ ਕੇ ਇਸ ਔਖੀ ਘੜੀ ਦਾ ਸਾਹਮਣਾ ਕੀਤਾ ਹੈ।ਲੌਕਡਾਉਨ ਦੌਰਾਨ ਦੇਸ਼ ‘ਚ ਸਿਹਤ ਅਤੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਗਿਆ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਜ਼ਬੂਤ ਅਗਵਾਈ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪੀਐਮ ਮੋਦੀ ਹਮੇਸ਼ਾਂ ਹੀ ਆਪਣੀ ਯੋਜਨਾ ਤੋਂ ਦੋ ਪਗ ਅੱਗੇ ਹੀ ਰਹਿੰਦੇ ਹਨ।
ਭਾਰਤ ਨੇ ਆਪਣੇ ਭਾਈਵਾਲ ਦੇਸ਼ ਆਸਟ੍ਰੇਲੀਆ ਅਤੇ ਜਪਾਨ ਨਾਲ ਇੱਕ ਨਿਰਪੱਖ, ਸੰਮਲਿਤ ਅਤੇ ਸਥਿਰ ਵਪਾਰਕ ਮਾਹੌਲ ਪ੍ਰਦਾਨ ਕਰਨ ਦੀ ਆਪਣੀ ਅਗਵਾਈ ਕਰਨ ਦੀ ਦ੍ਰਿੜਤਾ ਦੀ ਪੁਸ਼ਟੀ ਕੀਤੀ ਹੈ।ਮੰਗਲਵਾਰ ਨੂੰ ਭਾਰਤ , ਆਸਟ੍ਰੇਲੀਆ ਅਤੇ ਜਪਾਨ ਦੇ ਵਪਾਰ ਅਤੇ ਵਣਜ ਮੰਤਰੀਆਂ ਵਿਚਾਲੇ ਵੀਡੀਓ ਕਾਨਫਰੰਸ ਰਾਹੀਂ ਬੈਠਕ ਹੋਈ।ਤਿੰਨਾਂ ਦੇਸ਼ਾਂ ਦੇ ਮੰਤਰੀਆਂ ਨੇ ਨਿਰਪੱਖ, ਪਾਰਦਰਸ਼ੀ ਅਤੇ ਸਥਿਰ ਨਿਵੇਸ਼ਕ ਮਾਹੌਲ ਨੂੰ ਉਤਸ਼ਾਹਤ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ।
ਬੈਠਕ ਨੂੰ ਸੰਬੋਧਨ ਕਰਦਿਆਂ ਭਾਰਤੀ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਯੂੂਸ਼ ਗੋਇਲ ਨੇ ਕਿਹਾ ਕਿ ਇਹ ਉਪਰਾਲਾ ਬਹੁਤ ਹੀ ਸਹੀ ਸਮੇਂ ‘ਤੇ ਕੀਤਾ ਗਿਆ ਹੈ।ਉਨ੍ਹਾਂ ਅੱਗੇ ਕਿਹਾ ਕਿ ਕੋਵਿਡ ਕਾਲ ਤੋਂ ਬਾਅਦ ਹਿੰਦ-ਪ੍ਰਸ਼ਾਂਤ ਖੇਤਰ ‘ਚ ਸਪਲਾਈ ਚੇਨ ਦੇ ਮੁੜ ਬਹਾਲ ਹੋਣ ਦੀ ਸੰਭਾਵਨਾ ਬਰਕਰਾਰ ਹੈ।ਵਣਜ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਇੰਡੋ-ਪੈਸੀਫਿਕ ‘ਚ ਭਰੋਸੇਯੋਗ, ਨਿਰਭਰ ਅਤੇ ਉੱਚਿਤ ਸਪਲਾਈ ਚੇਨ ਨੂੰ ਯਕੀਨੀ ਬਣਾਉਣ ਲਈ ਕੀਤੇ ਜਾਣ ਵਾਲੇ ਕਾਰਜਾਂ ਦੇ ਸੰਕਲਪ ਦੀ ਹਿਮਾਇਤ ਕਰਦਾ ਹੈ।
ਸਪਲਾਈ ਚੇਨ ਨੂੰ ਲੀਹੇ ਰੱਖਣ ਲਈ ਖੇਤਰੀ ਸਹਿਯੋਗ ਦੀ ਮਹੱਤਤਾ ਨੂੰ ਸਮਝਦਿਆਂ ਮੰਤਰੀਆਂ ਨੇ ਮਿਲ ਕੇ ਨਵੀਂ ਪਹਿਲਕਦਮੀ ‘ਤੇ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ।ਉਨ੍ਹਾਂ ਨੇ ਆਪਣੇ ਅਧੀਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਇਸ ਨਵੀਂ ਪਹਿਲਕਦਮੀ ਦੇ ਵੇਰਵਿਆਂ ‘ਤੇ ਫੋਰੀ ਕੰਮ ਸ਼ੁਰੂ ਕੀਤਾ ਜਾਵੇ ਤਾਂ ਜੋ ਇਸ ਸਾਲ ਦੇ ਅੰਤ ਤੱਕ ਇਸ ਦਾ ਆਗਾਜ਼ ਸੰਭਵ ਹੋ ਸਕੇ।ਮੰਤਰੀਆਂ ਨੇ ਇਸ ਉਦੇਸ਼ ਦੀ ਪੂਰਤੀ ਲਈ ਵਪਾਰਕ ਅਤੇ ਅਕਾਦਮਿਕ ਖੇਤਰ ਦੀ ਭੂਮਿਕਾ ਨੂੰ ਵੀ ਵਿਚਾਰਿਆ।
ਇਸ ਤੋਂ ਇਲਾਵਾ ਮੰਤਰੀਆਂ ਨੇ ਖੇਤਰ ਦੇ ਦੂਜੇ ਦੇਸ਼ਾਂ ਨੂੰ ਵੀ ਇਸ ਪਹਿਲਕਦਮੀ ਦਾ ਹਿੱਸਾ ਬਣਣ ਦੀ ਅਪੀਲ ਕੀਤੀ।

Comments

Popular posts from this blog

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ

ਮੰਗੋਲੀਆਈ ਰਾਸ਼ਟਰਪਤੀ ਦਾ ਭਾਰਤੀ ਦੌਰਾ