ਹਿੰਦ-ਪ੍ਰਸ਼ਾਂਤ ਖੇਤਰ ‘ਚ ਕੁਆਡ ਸਹਿਕਾਰਤਾ ਨੂੰ ਕਰ ਰਿਹਾ ਹੈ ਮਜ਼ਬੂਤ

ਜਾਪਾਨ ਨੇ ਦੂਜੇ ਭਾਰਤ-ਆਸਟ੍ਰੇਲੀਆ-ਜਾਪਾਨ-ਅਮਰੀਕਾ ਕੁਆਡਰੀਲੇਟਰਲ (ਕੁਆਡ) ਮੰਤਰੀਆਂ ਦੀ ਬੈਠਕ ਦੀ ਮੇਜ਼ਬਾਨੀ ਕੀਤੀ।ਭਾਰਤੀ ਵਿਦੇਸ਼ ਮੰਤਰੀ ਡਾ.ਐਸ ਜੈਸ਼ੰਕਰ ਨੇ ਇਸ ਮੁਲਾਕਾਤ ‘ਚ ਹਿੱਸਾ ਲਿਆ।ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ, ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਮਾਰੀਸ ਪਾਏਨੀ ਅਤੇ ਜਾਪਾਨੀ ਵਿਦੇਸ਼ ਮੰਤਰੀ ਮੋਟੇਗੀ ਤੋਸ਼ੀਮੀਤਸੂ ਅਤੇ ਭਾਰਤੀ ਵਿਦੇਸ਼ ਮੰਤਰੀ ਨੇ ਟੋਕਿਓ ‘ਚ ਮੁਲਾਕਾਤ ਕੀਤੀ ਅਤੇ ਕੋਵਿਡ-19 ਤੋਂ ਬਾਅਧ ਦੇ ਸਮੇਂ ਦੀਆਂ ਚੁਣੌਤੀਆਂ ਅਤੇ ਮੌਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ।ਮੌਜੂਦਾ ਸਮੇਂ ਮਹਾਮਾਰੀ ਕਾਲ ਦੇ ਚੱਲਦਿਆਂ ਅਨਿਸ਼ਚਿਤ ਵਿਸ਼ਵਵਿਆਪੀ ਆਰਥਿਕ ਨਜ਼ਰੀਏ, ਅਮਰੀਕਾ-ਚੀਨ ਵਿਚਾਲੇ ਵੱਧ ਰਹੇ ਤਣਾਅ ਅਤੇ ਖੇਤਰੀ ਤਣਾਅ ਦੇ ਚੱਲਦਿਆਂ ਪੈਦਾ ਹੋਈ ਰਣਨੀਤਕ ਪਿਛੋਕੜ ਦੇ ਮੱਦੇਨਜ਼ਰ ਇਹ ਬੈਠਕ ਬਹੁਤ ਮਹੱਤਵਪੂਰਣ ਰਹੀ।

ਪਹਿਲੀ ਭਾਰਤ-ਆਸਟ੍ਰੇਲੀਆ-ਜਾਪਾਨ-ਅਮਰੀਕਾ ਕੁਆਡ ਮੰਤਰੀ ਮੰਡਲ ਦੀ ਬੈਠਕ ਸਤੰਬਰ 2019 ‘ਚ ਅਮਰੀਕਾ ‘ਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਤੋਂ ਪਰਾਂ ਹੋਈ ਸੀ।ਜਿਸ ਦਾ ਉਦੇਸ਼ ਹਿੰਦ ਪ੍ਰਸ਼ਾਂਤ ਖੇਤਰ ‘ਚ ਆਰਥਿਕ ਖੁਸ਼ਹਾਲੀ ਨੂੰ ਹੁਲਾਰਾ ਦੇਣਾ ਸੀ।

ਇਸ ਦੀ ਇੱਕ ਪ੍ਰਮੁੱਖ ਤਰਜੀਹ ਨੇਮ ਅਧਾਰਤ ਆਦੇਸ਼ ਨੂੰ ਕਾਇਮ ਰੱਖਣਾ ਹੈ ਜੋ ਕਿ ਕਾਨੂੰਨ ਦੇ ਸ਼ਾਸਨ, ਪਾਰਦਰਸ਼ਤਾ, ਨੈਵੀਗੇਸ਼ਨ ਦੀ ਆਜ਼ਾਦੀ, ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦਾ ਸਨਮਾਨ ਅਤੇ ਆਪਸੀ ਮਤਭੇਦ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਰਾਹੀਂ ਸਥਾਪਤ ਕੀਤਾ ਗਿਆ ਹੈ।

ਆਸੀਆਨ ਨੂੰ ਅਹਿਮੀਅਤ ਦਿੰਦਿਆਂ ਆਸੀਆਨ ਦੀ ਅਗਵਾਈ ਵਾਲੇ ਖੇਤਰੀ ਨਿਰਮਾਣ ਜ਼ਰੀਏ ਹੀ ਆਜ਼ਾਦ, ਖੁੱਲ੍ਹੇ ਅਤੇ ਸੰਮਲਿਤ ਹਿੰਦ ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਤ ਕੀਤਾ ਜਾ ਸਕਦਾ ਹੈ ਅਤੇ ਰਣਨੀਤਕ ਸਥਿਰਤਾ ਕਾਇਮ ਰੱਖਣ ਲਈ ਵੀ ਇਹ ਬਹੁਤ ਖਾਸ ਹੈ।

ਕੁਆਡ ਦੇਸ਼ਾਂ ਦਰਮਿਆਨ ਡੂੰਘੀ ਰਣਨੀਤਕ ਸਮਝ, ਤਾਲਮੇਲ ਅਤੇ ਮੁੱਦੇ ‘ਤੇ ਅਧਾਰਤ ਅਨੁਕੂਲਤਾਵਾਂ ਨੂੰ ਪੇਸ਼ ਕਰਦਾ ਹੈ।ਸਮਝੌਤਿਆਂ ਦੇ ਜ਼ਰੀਏ ਸੁਰੱਖਿਆ ਸਹਿਯੋਗ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਜਲ ਸੈਨਾਵਾਂ ਵਿਚਾਲੇ ਸਾਂਝੀਆਂ ਕਿਵਾਇਦਾਂ ਵੀ ਅੰਤਰ ਕਾਰਜਸ਼ੀਲਤਾ ਨੂੰ ਵਧੇਰੇ ਮਜ਼ਬੂਤ ਕਰ ਰਹੀਆਂ ਹਨ।

ਹਿੰਦ ਪ੍ਰਸ਼ਾਂਤ ਮਹਾਂਸਾਗਰ ਲਈ ਭਾਰਤ ਦੀ ਪਹਿਲਕਦਮੀ ਸੁਰੱਖਿਅਤ ਅਤੇ ਸਥਿਰ ਸਮੁੰਦਰੀ ਡੋਮੇਨ ਨੂੰ ਅੱਗੇ ਵਧਾਉਣ ‘ਚ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ।ਇਸ ਤੋਂ ਇਲਾਵਾ 2+2 ਮੰਤਰੀ ਪੱਧਰੀ ਸੰਵਾਦ ਅਤੇ ਭਾਰਤ-ਅਮਰੀਕਾ-ਜਾਪਾਨ ਅਤੇ ਭਾਰਤ-ਜਾਪਾਨ-ਆਸਟ੍ਰੇਲੀਆ ਵਰਗੇ ਤਿਕੌਣੀ ਰਣਨੀਤਕ ਹਿੰਦ-ਪ੍ਰਸ਼ਾਂਤ ਗਠਜੋੜ ਕੁਆਡ ਨੂੰ ਮੁਕੰਮਲ ਕਰਦੇ ਹਨ।

ਮਹਾਮਾਰੀ ਅਤੇ ਵਿਸ਼ਵਿਆਪੀ ਆਰਥਿਕ ਅਤੇ ਤਕਨਾਲੋਜੀ ਸਥਾਪਤੀ ‘ਚ ਵਾਪਰ ਰਹੀਆਂ ਤਬਦੀਲੀਆਂ ਤੋਂ ਬਾਅਦ ਸਪਲਾਈ ਚੇਨ ਨੂੰ ਸਹੀ ਢੰਗ ਨਾਲ ਜਾਰੀ ਰੱਖਣਾ ਬਹੁਤ ਜ਼ਰੂਰੀ ਹੈ।ਸਪਲਾਈ ਚੇਨ ‘ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਕੋਵਿਡ-19 ਮਹਾਮਾਰੀ ਤੋਂ ਬਾਅਧ ਆਉਣ ਵਾਲੀਆਂ ਚੁਣੌਤੀਆਂ ਅਤੇ ਆਰਥਿਕਤਾਵਾਂ ਲਈ ਇੱਕ ਪ੍ਰਮੁੱਖ ਚਿੰਤਾ ਦਾ ਵਿਸ਼ਾ ਬਣੇਗੀ।ਇਸ ਦੇ ਸਬੰਧ ‘ਚ ਹੀ ਕੁਆਡ ਦੇ ਕੁੱਝ ਮੈਂਬਰਾਂ ਨੇ ਠੋਸ ਕਦਮ ਚੁੱਕੇ ਹਨ।

ਖੁੱਲ੍ਹੇ ਅਤੇ ਆਜ਼ਾਦ ਹਿੰਦ-ਪ੍ਰਸ਼ਾਂਤ ਖੇਤਰ ਨੂੰ ਅੱਗੇ ਵਧਾਉਣ ਲਈ ਗੁਣਵੱਤਾਪੂਰਨ ਬੁਨਿਆਦੀ ਢਾਂਚੇ ਦਾ ਨਿਰਮਾਣ ਅਤੇ ਖੇਤਰੀ ਸੰਪਰਕ ਨੂੰ ਉਤਸ਼ਾਹਤ ਕਰਨਾ ਮਹੱਤਵਪੂਰਣ ਹੈ।ਇਸ ਤੋਂ ਇਲਾਵਾ ਖੇਤਰੀ ਸੁਰੱਖਿਆ ਚੁਣੌਤੀਆਂ ਨੂੰ ਵੀ ਵਿਚਾਰਿਆ ਗਿਆ, ਜਿਸ ‘ਚ ਅੱਤਵਾਦ ਵਿਰੋਧੀ ਜੰਗ ਅਤੇ ਸਾਈਬਰ ਤੇ ਸਮੁੰਦਰੀ ਸੁਰੱਖਿਆ ਆਦਿ ਮੁੱਦੇ ਸ਼ਾਮਲ ਸੀ।

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਚਾਰ ਦੇਸ਼ਾਂ ਦੇ ਸੰਗਠਨ ਕੁਆਡ ਵਿੱਚ ਸੰਬੋਧਨ ਦੌਰਨ ਕਿਹਾ, "ਕੁਆਡ ਦੇ ਮੈਂਬਰਾਂ ਵਜੋਂ, ਪਹਿਲਾਂ ਨਾਲੋਂ ਹੁਣ ਕਿਤੇ ਜ਼ਿਆਦਾ ਅਹਿਮ ਹੋ ਗਿਆ ਹੈ ਕਿ ਅਸੀਂ ਆਪਣੇ ਲੋਕਾਂ ਅਤੇ ਸਾਥੀਆਂ ਨੂੰ ਚਾਈਨੀਜ਼ ਕਮਿਊਨਿਸਟ ਪਾਰਟੀ ਦੇ ਸ਼ੋਸ਼ਣ, ਭ੍ਰਿਸ਼ਟਾਚਾਰ ਅਤੇਧੱਕੇ ਤੋਂ ਬਚਾਈਏ।"

ਕੁਆਡ ਬਾਰੇ ਆਪਣੀ ‘ਨਫ਼ਰਤ’ ਜ਼ਾਹਰ ਕਰਦਿਆਂ ਚੀਨ ਨੇ ਪਹਿਲਾਂ ਹੀ ਅਜਿਹਾ ਕੋਈ ਸਮੂਹ ਬਣਾਏ ਜਾਣ ਖ਼ਿਲਾਫ਼ ਚੇਤਾਵਨੀ ਦਿੱਤੀ ਸੀ ਜਿਸ ਵਿੱਚ ਤੀਜੀਆਂ ਧਿਰਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਹੋਵੇ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੈਨਬਿਨ ਨੇ ਕਿਹਾ, "ਸਾਨੂੰ ਉਮੀਦ ਹੈ ਕਿ ਸੰਬੰਧਿਤ ਦੇਸ਼ ਖਿੱਤੇ ਦੇ ਦੇਸ਼ਾਂ ਦੇ ਸਾਂਝੇ ਹਿੱਤਾਂ ਤੋਂ ਅੱਗੇ ਵਧ ਸਕਦੇ ਹਨ। ਜੋ ਕਿ ਖੇਤਰੀ ਅਮਨ, ਸਥਿਰਤਾ ਅਤ ਵਿਕਾਸ ਲਈ ਸਹਾਇਕ ਹੋਵੇ ਨਾ ਕਿ ਇਸ ਤੋਂ ਉਲਟ।"

ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਅਤੇ ਰੱਖਇਆ ਅਤੇ ਆਰਥਿਕਤਾ ਨਾਲ ਜੁੜੇ ਸਾਂਝੇ ਹਿੱਤਾਂ ਲਈ "ਹਮਖ਼ਿਆਲ ਦੇਸ਼ਾਂ ਦੀ ਇਕਜੁਟਤਾ" ਉੱਪਰ ਜ਼ੋਰ ਦਿੱਤਾ।

ਆਪਣੇ ਇਸ ਦੌਰੇ ਦੌਰਾਨ ਭਾਰਤੀ ਵਿਦੇਸ਼ ਮੰਤਰੀ ਨੇ ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੇ ਆਪਣੇ ਹਮਅਹੁਦਿਆਂ ਨਾਲ ਦੁਵੱਲੀ ਗੱਲਬਾਤ ਵੀ ਕੀਤੀ।ਜਾਪਾਨ ਭਾਰਤ ਦੀ ‘ਐਕਟ ਈਸਟ’ ਨੀਤੀ ਦਾ ਇੱਕ ਅਹਿਮ ਥੰਮ੍ਹ ਹੈ।ਜਿਵੇਂ ਹੀ ਪ੍ਰਧਾਨ ਮੰਤਰੀ ਸੁਗਾ ਆਪਣਾ ਅਹੁਦਾ ਸੰਭਾਲਣਗੇ, ਭਾਰਤ ਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ-ਜਾਪਾਨ ਰਣਨੀਤਕ ਅਤੇ ਆਲਮੀ ਸਾਂਝੇਦਾਰੀ ਨੂੰ ਵਧੇਰੇ ਹੁਲਾਰਾ ਮਿਲੇਗਾ।

ਸਕ੍ਰਿਪਟ: ਡਾ.ਤਿਤਲੀ ਬਾਸੂ, ਪੂਰਬੀ ਅਤੇ ਦੱਖਣ-ਪੂਰਬੀ ਏਸ਼ੀਆ ਦੀ ਰਣਨੀਤਕ ਵਿਸ਼ਲੇਸ਼ਕ

Comments

Popular posts from this blog

ਅਮਰੀਕੀ ਰਾਸ਼ਟਰਪਤੀ ਚੋਣਾਂ ਵਾਸਤੇ ਦੌੜ ਭੱਜ ਅਤੇ ਦਰਪੇਸ਼ ਚੁਣੌਤੀਆਂ।

ਭਾਰਤ ਨੇ ਬੋਧੀ ਸਰਕਿਟ ਦੇ ਵਿਕਾਸ ਵਿੱਚ ਲਿਆਂਦੀ ਤੇਜ਼ੀ

ਪਾਕਿਸਤਾਨ ਅੱਗੇ ਮੁੜ ਆਪਣੇ ਹੀ ਟੀਚੇ ਨੂੰ ਹਾਸਲ ਕਰਨ ਦੀ ਚੁਣੌਤੀ