ਭਾਰਤ-ਬਹਿਰੀਨ ਆਪਸੀ ਰਿਸ਼ਤੇ ਹੋਰ ਮਜ਼ਬੂਤ ਕਰਨ ਲਈ ਸਹਿਮਤ
ਇਤਿਹਾਸਕ ਸੰਬੰਧਾਂ, ਦੁਵੱਲੇ ਵਪਾਰ ਅਤੇ ਆਮ ਲੋਕਾਂ ਦੇ ਸੰਪਰਕਾਂ ਦੇ ਅਧਾਰ 'ਤੇ ਬਹਿਰੀਨ ਵਰਗੇ ਛੋਟੇ ਜਿਹੇ ਟਾਪੂ ਰਾਸ਼ਟਰ ਦੇ ਭਾਰਤ ਨਾਲ ਮਜ਼ਬੂਤ ਵਪਾਰਕ, ਰਣਨੀਤਕ ਅਤੇ ਸਭਿਆਚਾਰਕ ਸੰਬੰਧ ਹਨ। ਅਕਾਰ ਵਜੋਂ ਛੋਟਾ ਹੋਣ ਦੇ ਬਾਵਜੂਦ ਇਹ ਰਾਜ, ਰਣਨੀਤਕ ਤੌਰ 'ਤੇ ਖਾੜੀ ਦੇ ਦੱਖਣ-ਪੱਛਮ ਵਿੱਚ ਸਥਿਤ ਹੈ ।ਜਿਸ ਕਾਰਣ ਖੇਤਰੀ ਸੁਰੱਖਿਆ ਅਤੇ ਸਥਿਰਤਾ ਦੇ ਪੱਖੋਂ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਬਹਿਰੀਨ ਅਰਬ ਖਾੜੀ ਦੇ ਵਿਕਾਸ ਦੇ ਮਾਡਲ ਦਾ ਮੋਹਰੀ ਵੀ ਹੈ। ਭਾਰਤ ਨੇ ਬਹਿਰੀਨ ਨਾਲ ਹਮੇਸ਼ਾਂ ਮਜ਼ਬੂਤ ਕੂਟਨੀਤਕ ਅਤੇ ਵਪਾਰਕ ਸੰਬੰਧ ਬਣਾਈ ਰੱਖੇ ਹਨ। ਪੈਟਰੋਲੀਅਮ ਅਤੇ ਹੋਰ ਵਸਤੂਆਂ ਦੇ ਦੁਵੱਲੇ ਵਪਾਰ ਤੋਂ ਇਲਾਵਾ, ਇਹ ਰਾਜ ਲਗਭਗ 300,000 ਵਿਦੇਸ਼ੀ ਪ੍ਰਵਾਸੀਆਂ ਦੀ ਮੇਜ਼ਬਾਨੀ ਕਰਦਾ ਹੈ, ਜਿਨ੍ਹਾਂ ਨੇ ਇਸਦੇ ਆਰਥਿਕ ਵਿਕਾਸ ਵਿਚ ਯੋਗਦਾਨ ਪਾਇਆ ਹੈ ਅਤੇ ਸਥਾਨਕ ਭਾਈਚਾਰੇ ਨਾਲ ਸਦਭਾਵਨਾਤਮਕ ਸੰਬੰਧਾਂ ਸਥਾਪਤ ਕੀਤੇ ਹਨ ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੁਵੱਲੇ ਸੰਬੰਧ ਨਵੀਂਆਂ ਉਚਾਈਆਂ ਤੇ ਪਹੁੰਚ ਗਏ ਹਨ, ਜੋ ਅਗਸਤ 2019 ਵਿਚ ਇਸ ਟਾਪੂ ਰਾਸ਼ਟਰ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਦੇ ਕਾਰਨ ਬਣੇ ਸਨ। ਭਾਰਤ ਅਤੇ ਬਹਿਰੀਨ ਦਰਮਿਆਨ ਦੁਵੱਲੇ ਸੰਬੰਧਾਂ ਨੂੰ ਉਤਸ਼ਾਹਤ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਸਨਮਾਨ ਵਿੱਚ, ਪ੍ਰਧਾਨ ਮੰਤਰੀ ਨੂੰ ਰਾਜਾ ਹਮਦ ਬਿਨ ਈਸਾ ਅਲ-ਖਲੀਫਾ ਦੁਆਰਾ ਬਹਿਰੀਨ ਆਰਡਰ - ਪਹਿਲੀ ਸ਼੍ਰੇਣੀ ਦਿੱਤੀ ਗਈ। ਦੌਰੇ ਦੌਰਾਨ, ਦੋਵਾਂ ਧਿਰਾਂ ਨੇ ਇਸਰੋ , ਬਹਿਰੀਨੀ ਨੈਸ਼ਨਲ ਪੁਲਾੜ ਅਤੇ ਵਿਗਿਆਨ ਏਜੰਸੀ (ਐਨਐਸਐਸਏ) ਵਿਚਕਾਰ ਸਹਿਯੋਗ ਅਤੇ ਅੰਤਰਰਾਸ਼ਟਰੀ ਸੋਲਰ ਅਲਾਇੰਸ (ਆਈਐਸਏ) ਦੇ ਨਾਲ ਬਹਿਰੀਨੀ ਦੇ ਸਹਿਯੋਗ ਲਈ ਚਾਰ ਸਮਝੌਤਿਆਂ 'ਤੇ ਦਸਤਖਤ ਕੀਤੇ। ਇਨ੍ਹਾਂ ਨਾਲ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੀ ਹੈ।
ਭਾਰਤ ਅਤੇ ਬਹਿਰੀਨ ਨੇ ਕੋਵਿਡ -19 ਵਿਰੁੱਧ ਲੜਾਈ ਵਿਚ ਵੀ ਸਹਿਯੋਗ ਕਰਨ ਲਈ ਵਚਨਬੱਧਤਾ ਪ੍ਗਟਾਈ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਕਿੰਗ ਹਮਦ ਨੇ ਅਪ੍ਰੈਲ 2020 ਵਿਚ ਟੈਲੀਫ਼ੋਨਿਕ ਗੱਲਬਾਤ ਕੀਤੀ ਅਤੇ "ਇਸ ਗੱਲ 'ਤੇ ਸਹਿਮਤ ਹੋਏ ਕਿ ਉਨ੍ਹਾਂ ਦੇ ਅਧਿਕਾਰੀ ਨਿਯਮਤ ਸੰਪਰਕ ਵਿਚ ਰਹਿਣਗੇ ਅਤੇ ਕੋਵਿਡ -19 ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇਕ ਦੂਜੇ ਨੂੰ ਦਿੱਤੀ ਜਾਣ ਵਾਲੀ ਹਰ ਸੰਭਵ ਸਹਾਇਤਾ ਯਕੀਨੀ ਬਣਾਉਣਗੇ।" ਬਹਿਰੀਨ ਵੀ ਉਨ੍ਹਾਂ ਦੇਸ਼ਾਂ ਦੇ ਪਹਿਲੇ ਸਮੂਹ ਵਿੱਚ ਸ਼ਾਮਲ ਸੀ, ਜਿਥੇ ਭਾਰਤ ਨੇ ਮਹਾਂਮਾਰੀ ਦੇ ਵਿਰੁੱਧ ਲੜਾਈ ਵਿੱਚ ਸਹਾਇਤਾ ਲਈ ਹਾਈਡਰੋਕਸਾਈਕਲੋਰੋਕਿਨ ਦੇ ਨਿਰਯਾਤ ਨੂੰ ਹਰੀ ਝੰਡੀ ਦਿੱਤੀ ਹੈ।
ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਬਹਿਰੀਨ ਦਾ ਦੌਰਾ ਕਰਨ ਦੀ ਚੋਣ ਕੀਤੀ ਹੈ। ਇਹ ਉਨ੍ਹਾਂ ਕੁਝ ਦੌਰਿਆਂ ਵਿਚੋਂ ਇਕ ਹੈ,ਜੋ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਨੇ ਹਾਲ ਹੀ ਦੇ ਮਹੀਨਿਆਂ ਵਿਚ ਕੀਤੇ ਹਨ , ਕਿਉਂਕਿ ਕੋਵਿਡ -19 ਦੁਆਰਾ ਅੰਤਰਰਾਸ਼ਟਰੀ ਯਾਤਰਾਵਾਂ ਅਤੇ ਮੀਟਿੰਗਾਂ ਵਿਚ ਵਿਘਨ ਪਿਆ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਵਿਦੇਸ਼ ਮੰਤਰੀ ਵਜੋਂ ਡਾ. ਜੈਸ਼ੰਕਰ ਦੀ ਬਹਿਰੀਨ ਦੀ ਇਹ ਪਹਿਲੀ ਯਾਤਰਾ ਹੈ । ਹਾਲਾਂਕਿ ਉਹ ਕੂਟਨੀਤੀ ਦੇ ਆਪਣੇ ਲੰਬੇ ਕੈਰੀਅਰ ਦੌਰਾਨ ਅਰਬ ਖਾੜੀ ਰਾਜਾਂ ਨਾਲ ਸਬੰਧਾਂ ਨੂੰ ਵਧਾਉਣ ਵਿਚ ਕੋਈ ਅਜਨਬੀ ਨਹੀਂ ਹਨ।
ਦੋ ਦਿਨਾਂ ਦਾ ਇਹ ਦੌਰਾ ਕਈ ਕਾਰਨਾਂ ਕਰਕੇ ਮਹੱਤਵਪੂਰਨ ਹੈ। ਇਹ ਦੁਵੱਲੇ ਸੰਬੰਧਾਂ ਨੂੰ ਮਜਬੂਤ ਕਰਨ ਵਿਚ ਸਹਾਇਤਾ ਕਰੇਗਾ, ਜਿਸ ਨਾਲ ਵਿਸ਼ਵ ਕੋਵਿਡ - 19 ਮਹਾਂਮਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੜਨ, ਰਾਸ਼ਟਰ 'ਤੇ ਆਈ ਆਰਥਿਕ ਸੱਟ ਤੋਂ ਉੱਭਰਨ ਅਤੇ ਕੋਵਿਡ ਤੋਂ ਬਾਅਦ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਿਚ ਸਹਾਇਤਾ ਮਿਲੇਗੀ । ਆਪਣੇ ਬਹਿਰੀਨੀ ਹਮਰੁਤਬਾ ਡਾ. ਅਬਦੁੱਲਲਾਤੀਫ ਬਿਨ ਰਾਸ਼ਿਦ ਅਲ ਜ਼ਿਆਣੀ ਨਾਲ ਵਿਚਾਰ ਵਟਾਂਦਰੇ ਦੌਰਾਨ, ਦੋਵੇਂ ਧਿਰਾਂ ਨੇ ਰੱਖਿਆ,ਸਮੁੰਦਰੀ ਸੁਰੱਖਿਆ, ਪੁਲਾੜ ਤਕਨਾਲੋਜੀ, ਵਪਾਰ , ਨਿਵੇਸ਼, ਬੁਨਿਆਦੀ ,ਢਾਂਚਾ, ਆਈ.ਟੀ, ਫਿਨਟੈਕ, ਸਿਹਤ, ਹਾਈਡਰੋਕਾਰਬਨ ਅਤੇ ਨਵਿਆਉਣਯੋਗ ਊਰਜਾ ਦੇ ਖੇਤਰਾਂ ਸਮੇਤ ਇਤਿਹਾਸਿਕ ਭਾਰਤ-ਬਹਿਰੀਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਸਹਿਮਤੀ ਪ੍ਗਟਾਈ। ਡਾ. ਜੈਸ਼ੰਕਰ ਨੇ ਆਉਣ ਵਾਲੇ ਮਹੀਨਿਆਂ ਵਿਚ ਹੋਣ ਵਾਲੀ ਤੀਜੀ ਭਾਰਤ-ਬਹਿਰੀਨ ਉੱਚ ਸੰਯੁਕਤ ਕਮਿਸ਼ਨ ਦੀ ਬੈਠਕ ਵਿਚ ਹਿੱਸਾ ਲੈਣ ਲਈ ਬਹਿਰੀਨ ਦੇ ਵਿਦੇਸ਼ ਮੰਤਰੀ ਨੂੰ ਨਵੀਂ ਦਿੱਲੀ ਆਉਣ ਦਾ ਸੱਦਾ ਵੀ ਦਿੱਤਾ।
ਇਸ ਫੇਰੀ ਤੋਂ ਖੇਤਰੀ ਅਤੇ ਅੰਤਰਰਾਸ਼ਟਰੀ ਕ੍ਰਮ ਦੇ ਬਦਲਦੇ ਹੋਏ ਖਾੜੀ ਖੇਤਰ ਨਾਲ ਭਾਰਤ ਦੀ ਵੱਧ ਰਹੀ ਸਾਂਝੇਦਾਰੀ ਨੂੰ ਅੱਗੇ ਵੱਧਣ ਦੀ ਉਮੀਦ ਕੀਤੀ ਜਾ ਰਹੀ ਹੈ। ਬਹਿਰੀਨ ਅਤੇ ਸੰਯੁਕਤ ਅਰਬ ਅਮੀਰਾਤ ਦੇ ਇਜ਼ਰਾਈਲ ਨਾਲ ਸਬੰਧਾਂ ਨੂੰ ਆਮ ਬਣਾਉਣ ਦਾ ਫੈਸਲਾ, ਜਿਸਦਾ ਭਾਰਤ ਨੇ ਸਵਾਗਤ ਕੀਤਾ, ਇੱਕ ਮਹੱਤਵਪੂਰਨ ਖੇਤਰੀ ਵਿਕਾਸ ਹੈ। ਭਾਰਤ ਬਦਲਦੀ ਖੇਤਰੀ ਗਤੀਸ਼ੀਲਤਾ ਪ੍ਰਤੀ ਸੁਚੇਤ ਹੈ ਅਤੇ ਖੇਤਰੀ ਸੁਰੱਖਿਆ ਅਤੇ ਸਥਿਰਤਾ ਦਾ ਸਮਰਥਨ ਕਰਦਾ ਹੈ।
ਵਿਦੇਸ਼ ਮੰਤਰੀ ਨੇ ਬਹਿਰੀਨ ਦੇ ਕ੍ਰਾਊਨ ਪ੍ਰਿੰਸ ਸਲਮਾਨ ਬਿਨ ਹਮਦ ਅਲ-ਖਲੀਫਾ, ਉਪ ਸੁਪਰੀਮ ਕਮਾਂਡਰ ਅਤੇ ਰਾਜ ਦੇ ਪ੍ਰਧਾਨਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਪ੍ਰਿੰਸ ਖਲੀਫਾ ਬਿਨ ਸਲਮਾਨ ਅਲ-ਖਲੀਫਾ ਦੇ ਭਾਰਤ-ਬਹਿਰੀਨ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਬਹਿਰੀਨ ਵਿਚ ਭਾਰਤੀ ਭਾਈਚਾਰੇ ਦੀ ਭਲਾਈ ਲਈ ਦਿੱਤੇ ਯੋਗਦਾਨ ਨੂੰ ਯਾਦ ਕੀਤਾ।
ਮੁਲਾਕਾਤ ਦੌਰਾਨ ਈਏਐਮ ਨੇ ਬਹਿਰੀਨ ਵਿੱਚ ਭਾਰਤੀ ਭਾਈਚਾਰੇ ਦੇ ਨੇਤਾਵਾਂ ਨਾਲ ਇੱਕ ਵਰਚੁਅਲ ਮੀਟਿੰਗ ਵੀ ਕੀਤੀ ਅਤੇ ਮਨਾਮਾ ਵਿੱਚ 200 ਸਾਲ ਪੁਰਾਣੇ ਸ਼੍ਰੀਨਾਥਜੀ (ਸ਼੍ਰੀ ਕ੍ਰਿਸ਼ਨ) ਮੰਦਰ ਦਾ ਦੌਰਾ ਕੀਤਾ, ਜੋ ਭਾਰਤ ਅਤੇ ਬਹਿਰੀਨ ਦੇ ਵਿਚਕਾਰ ਇਤਿਹਾਸਕ ਸਬੰਧਾਂ ਅਤੇ ਲੋਕਾਂ ਦੇ ਦੋਸਤਾਨਾ ਸਬੰਧਾਂ ਦੀ ਗਵਾਹੀ ਭਰਦਾ ਹੈ।
ਭਾਰਤ ਅਤੇ ਬਹਿਰੀਨ ਇਤਿਹਾਸਕ ਸੰਪਰਕਾਂ, ਵਪਾਰ, ਆਰਥਿਕ , ਕੂਟਨੀਤਕ ਸੰਬੰਧਾਂ , ਹਜ਼ਾਰਾਂ ਸਾਲਾਂ ਦੇ ਵਧ ਰਹੇ ਰਾਜਨੀਤਿਕ, ਸੁਰੱਖਿਆ ਅਤੇ ਰੱਖਿਆ ਸਹਿਯੋਗ ਦੇ ਅਧਾਰ 'ਤੇ ਦੋਸਤਾਨਾ ਸਬੰਧਾਂ ਨੂੰ ਮਜਬੂਤ ਕਰਦੇ ਹਨ। ਖੇਤਰੀ , ਵਿਸ਼ਵਵਿਆਪੀ ਸ਼ਾਂਤੀ ਅਤੇ ਖੁਸ਼ਹਾਲੀ ਉੱਤੇ ਦੋਵਾਂ ਦੇਸ਼ਾਂ ਦੀ ਸਾਂਝੀ ਨਜ਼ਰ ਹੈ ਅਤੇ ਡਾ. ਜੈਸ਼ੰਕਰ ਦੀ ਯਾਤਰਾ ਦੋ-ਪੱਖੀ ਸਬੰਧਾਂ ਨੂੰ ਹੋਰ ਵਧਾਏਗੀ। ਇਹ ਆਪਸੀ ਦਿਲਚਸਪੀ ਦੇ ਖੇਤਰਾਂ ਵਿਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਵੀ ਸੁਰ ਨਿਰਧਾਰਿਤ ਕਰਦੀ ਹੈ।
ਸਕ੍ਰਿਪਟ: ਡਾ ਮੁਹੰਮਦ. ਮੁਦੱਸਰ ਕਮਰ, ਮਿਡਲ ਈਸਟ ਦੇ ਰਣਨੀਤਕ ਵਿਸ਼ਲੇਸ਼ਕ
ਅਨੁਵਾਦਕ: ਮਨਜੀਤ ਅਣਖੀ
Comments
Post a Comment