ਅਮਰੀਕਾ-ਭਾਰਤ ਸਬੰਧ ਅਤੇ ਇਰਾਨ ਲਈ ਛੋਟ
ਇਸ ਹਫ਼ਤੇ ਦੀ ਸ਼ੁਰੂਆਤ ‘ਚ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਇਰਾਨ ਤੋਂ ਤੇਲ ਦੀ ਦਰਾਮਦ ‘ਚ ਦਿੱਤੀ ਛੋਟ ‘ਚ ਹੋਰ ਵਾਧਾ ਨਹੀਂ ਕਰੇਗਾ।ਭਾਰਤ, ਚੀਨ ਅਤੇ ਅਮਰੀਕੀ ਸਹਿਯੋਗੀ ਜਾਪਾਨ, ਦੱਖਣੀ ਕੋਰੀਆ ਅਤੇ ਤੁਰਕੀ ਇਸ ਨਵੇਂ ਐਲਾਨ ਨਾਲ ਪ੍ਰਭਾਵਿਤ ਹੋਣਗੇ।ਇੰਨਾਂ ਤੋਂ ਇਲਾਵਾ ਛੋਟ ਪ੍ਰਾਪਤ ਕਰਨ ਵਾਲੇ ਤਿੰਨ ਹੋਰ ਮੁਲਕਾਂ ਇਟਲੀ , ਗ੍ਰੀਸ ਅਤੇ ਤਾਇਵਾਨ ਨੇ ਆਪਣਾ ਆਯਾਤ ਘਟਾ ਕੇ ਜ਼ੀਰੋ ਕਰ ਦਿੱਤਾ ਹੈ।
ਇਰਾਨ ਪ੍ਰਮਾਣੂ ਸਮਝੌਤੇ ਤੋਂ ਵੱਖ ਹੋ ਕੇ ਟਰੰਪ ਪ੍ਰਸ਼ਾਸਨ ਇਰਾਨ ਨੂੰ ਆਰਥਿਕ ਅਤੇ ਕੂਟਨੀਤਕ ਤੌਰ ‘ਤੇ ਦੁਨੀਆ ਨਾਲੋਂ ਵੱਖ ਕਰਨ ਦੀ ਕੋਸ਼ਿਸ ਕਰ ਰਿਹਾ ਹੈ।ਇਰਾਨ ਤੋਂ ਤੇਲ ਆਯਾਤ ਲਈ ਛੋਟ ਨਵੰਬਰ 2018 ‘ਚ 180 ਦਿਨਾਂ ਲਈ ਲਾਗੂ ਕੀਤੀ ਗਈ ਸੀ, ਜਿਸ ਦੀ ਕਿ ਮਿਆਦ 2 ਮਈ ਨੂੰ ਖ਼ਤਮ ਹੋਣ ਜਾ ਰਹੀ ਹੈ।ਅਮਰੀਕਾ ਵੱਲੋਂ ਅਜਿਹਾ ਐਲਾਨ ਕੀਤਾ ਜਾਣਾ ਪਹਿਲਾਂ ਤੋਂ ਹੀ ਤੈਅ ਸੀ।
ਭਾਰਤੀ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਅਮਰੀਕੀ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਰੱਖੇਗਾ ਤਾਂ ਜੋ ਇਸ ਸਬੰਧੀ ਚਰਚਾ ਕੀਤੀ ਜਾ ਸਕੇ।ਭਾਰਤ ਵੱਲੋਂ ਲਗਾਤਾਰ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਛੋਟ ਦੀ ਮਿਆਦ ‘ਚ ਵਾਧਾ ਕਰਾਇਆ ਜਾ ਸਕੇ।ਜਿੱਥੇ ਇੱਕ ਪਾਸੇ ਅਮਰੀਕਾ ਨਾਲ ਗੱਲਬਾਤ ਜਾਰੀ ਹੈ ਉੱਥੇ ਹੀ ਭਾਰਤ ਵੱਲੋਂ ਤੇਲ ਆਯਾਤ ਲਈ ਇਰਾਨ ਦੇ ਬਦਲ ‘ਚ ਕਿਸੇ ਹੋਰ ਸਰੋਤ ਦੀ ਤਲਾਸ਼ ਵੀ ਕੀਤੀ ਜਾ ਰਹੀ ਹੈ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਸਾਫ਼ ਤੌਰ ‘ਤੇ ਕਿਹਾ ਹੈ ਕਿ ਕੱਚੇ ਤੇਲ ਦੀ ਢੁਕਵੀਂ ਸਪਲਾਈ ਨੂੰ ਯਕੀਨੀ ਬਣਾਉਣ ਲਈ ਮਜ਼ਬੂਤ ਯੋਜਨਾਵਾਂ ਨੂੰ ਤਿਆਰ ਕੀਤਾ ਗਿਆ ਹੈ।ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਦੀ ਊਰਜਾ ਨੂੰ ਧਿਆਨ ‘ਚ ਰੱਖਦਿਆਂ ਦੂਜੇ ਮੁਲਕਾਂ ਤੋਂ ਕੱਚੇ ਤੇਲ ਦਾ ਆਯਾਤ ਕੀਤਾ ਜਾਵੇਗਾ।
ਭਾਰਤੀ ਤੇਲ ਕਾਰਪੋਰੇਸ਼ਨ, ਆਈ.ਓ.ਸੀ. ਨੇ ਕਿਹਾ ਹੈ ਕਿ ਤੇਲ ਸੋਧਕ ਕੰਪਨੀਆਂ (ਰਿਫਾਇਨਰਾਂ) ਵੱਲੋਂ ਬਹੁਤ ਸਾਰੇ ਹੋਰ ਸੋਰਤਾਂ ਤੋਂ ਕੱਚੇ ਤੇਲ ਦੀ ਦਰਾਮਦ ਕੀਤੀ ਜਾਂਦੀ ਹੈ ਅਤੇ ਪਿਛਲੇ ਕੁੱਝ ਮਹੀਨਿਆਂ ਤੋਂ ਉਨ੍ਹਾਂ ਵੱਲੋਂ ਬਦਲਵੀ ਸਪਲਾਈ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਓਪੇਕ ਦੇ ਹੋਰ ਮੈਂਬਰ ਮੁਲਕਾਂ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਉਹ ਕੱਚੇ ਤੇਲ ਦੀ ਹੋਣ ਵਾਲੀ ਕਮੀ ਨੂੰ ਪੂਰਾ ਕਰਨਗੇ।ਇੰਨ੍ਹਾਂ ਭਰੋਸਿਆਂ ਦੇ ਬਾਵਜੂਦ ਅੰਤਰਰਾਸ਼ਟਰੀ ਤੇਲ ਕੀਮਤਾਂ ‘ਚ ਲਗਾਤਾਰ ਵਾਧਾ ਜਾਰੀ ਹੈ।ਤੇਲ ਦੀਆਂ ਕੀਮਤਾਂ ਛੇ ਮਹੀਨਿਆਂ ਦੇ ਸਭ ਤੋਂ ਉੱਚ ਪੱਧਰ ‘ਤੇ ਪਹੁੰਚ ਗਈਆਂ ਹਨ।ਤੇਲ ਦੀਆਂ ਵਧੀਆਂ ਕੀਮਤਾਂ ਨਾਲ ਭਾਰਤ ਦੇ ਵਿੱਤੀ ਅਤੇ ਮੌਜੂਦਾ ਚਾਲੂ ਖਾਤੇ ਦੇ ਘਾਟੇ ‘ਤੇ ਦਬਾਅ ਬਣ ਸਕਦਾ ਹੈ ਅਤੇ ਨਾਲ ਹੀ ਮਹਿੰਗਾਈ ‘ਚ ਵੀ ਵਾਧਾ ਹੋਵੇਗਾ ਕਿਉਂਕਿ ਖਪਤਕਾਰ ਨੂੰ ਵਧੀਆਂ ਕੀਮਤਾਂ ਦਾ ਭੁਗਤਾਨ ਕਰਨਾ ਹੋਵੇਗਾ।ਭਾਰਤ ਪੱਛਮੀ ਏਸ਼ੀਆ ਦੇ ਆਪਣੇ ਸਹਿਯੋਗੀ ਮੁਲਕਾਂ ਤੋਂ ਉਨ੍ਹਾਂ ਸ਼ਰਤਾਂ ‘ਤੇ ਹੀ ਤੇਲ ਦਰਾਮਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਅਧਾਰ ‘ਤੇ ਉਹ ਇਰਾਨ ਤੋਂ ਕਰਦਾ ਸੀ।ਭਾਰਤ ਘੱਟ ਸਮੇਂ ਦੇ ਵਿਕਲਪ ਦੀ ਥਾਂ ‘ਤੇ ਸਾਲਾਨਾ ਸਮਝੌਤੇ ਤਹਿਤ ਤੇਲ ਖ੍ਰੀਦ ਨੂੰ ਪਹਿਲ ਦੇ ਰਿਹਾ ਹੈ ਕਿਉਂਕਿ ਇਹ ਸਸਤਾ ਪਵੇਗਾ।
ਭਾਰਤ ਇਰਾਨ ਤੋਂ ਤੇਲ ਖ੍ਰੀਦਣ ਵਾਲ ਦੂਜਾ ਸਭ ਤੋਂ ਵੱਡਾ ਮੁਲਕ ਹੈ। ਪਹਿਲੇ ਸਥਾਨ ‘ਤੇ ਚੀਨ ਹੈ।ਇਰਾਕ ਅਤੇ ਸਾਊਦੀ ਅਰਬ ਤੋਂ ਬਾਅਦ ਇਰਾਨ ਭਾਰਤ ਨੂੰ ਤੇਲ ਬਰਾਮਦ ਕਰਵਾਉਣ ਵਾਲਾ ਤੀਜਾ ਸਭ ਤੋਂ ਵੱਡਾ ਸਪਲਾਇਰ ਮੁਲਕ ਹੈ।ਅਦਾਇਗੀ ਦੀਆਂ ਸ਼ਰਤਾਂ ਵੀ ਭਾਰਤ ਦੇ ਅਨੁਕੂਲ ਹਨ ਕਿਉਂਕਿ ਨਵੀਂ ਦਿੱਲੀ ਵੱਲੋਂ ਭਾਰਤੀ ਰੁਪਏ ‘ਚ ਤੇਲ ਦੀ ਕੀਮਤ ਦਾ ਭੁਗਤਾਨ ਕੀਤਾ ਜਾਂਦਾ ਹੈ।ਜਿਸ ਨੂੰ ਕਿ ਭਾਰਤੀ ਬੈਂਕ ‘ਚ ਏਸਕਰੋ (escrow ) ਖਾਤੇ ‘ਚ ਜਮ੍ਹਾਂ ਕਰਵਾਇਆ ਜਾਂਦਾ ਹੈ। ਇਸ ਰਾਸ਼ੀ ਨੂੰ ਇਰਾਨ ਵੱਲੋਂ ਦਵਾਈਆਂ, ਖੁਰਾਕੀ ਵਸਤਾਂ ਵਰਗੀਆਂ ਜ਼ਰੂਰੀ ਚੀਜਾਂ ਦੀ ਖ੍ਰੀਦ ਲਈ ਵਰਤਿਆ ਜਾਂਦਾ ਹੈ।ਭਾਵੇਂ ਕਿ ਅਮਰੀਕਾ ਨੇ ਕਿਹਾ ਹੈ ਕਿ ਇਰਾਨ ਇਸ ਖਾਤੇ ‘ਚ ਪਈ ਰਕਮ ਦੀ ਵਰਤੋਂ ਕਰ ਸਕਦਾ ਹੈ ਪਰ ਭਾਰਤ ਇਸ ‘ਚ ਹੋਰ ਰਾਸ਼ੀ ਜਮ੍ਹਾਂ ਨਹੀਂ ਕਰ ਸਕੇਗਾ।
ਭਾਰਤੀ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਮਾਮਲੇ ‘ਚ ਕੁੱਝ ਅਸਪੱਸ਼ਟਤਾ ਕਾਇਮ ਹੈ।ਭਾਰਤ ‘ਤੇ ਇਸ ਦਾ ਬੁਰਾ ਪ੍ਰਭਾਵ ਵੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਉਸ ਦੇ ਤੇਲ ਸੋਧਕ ਇਰਾਨ ਦੇ ਵਿਸ਼ੇਸ਼ ਕੱਚੇ ਤੇਲ ਦੇ ਹਿਸਾਬ ਨਾਲ ਤਿਆਰ ਕੀਤੇ ਗਏ ਹਨ।ਜੇਕਰ ਭਾਰਤ ਪਾਬੰਦੀਆਂ ਦੀ ਉਲੰਘਣਾ ਕਰਦਾ ਹੈ ਤਾਂ ਵੀ ਨਵੀਂ ਦਿੱਲੀ ਨੂੰ ਕੁੱਝ ਗੌਣ ਪਾਬੰਦੀਆਂ ਦੀ ਪਾਲਣਾ ਕਰਨੀ ਹੋਵੇਗੀ।ਜਿਸ ਦੇ ਤਹਿਤ ਭਾਰਤੀ ਕੰਪਨੀਆਂ ਅਤੇ ਸੰਸਥਾਨਾਂ ਨੂੰ ਅੰਤਰਰਾਸ਼ਟਰੀ ਸਵੀਫਟ ਪ੍ਰਣਾਲੀ (ਬੈਂਕਿੰਗ ਟਰਾਂਸਫਰ ਪ੍ਰਣਾਲੀ) ਦੀ ਵਰਤੋਂ ਕਰਨ ‘ਤੋਂ ਰੋਕ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਅਮਰੀਕਾ ਸਥਿਤ ਉਸ ਦੀਆਂ ਜਾਇਦਾਦਾਂ ਨੂੰ ਜ਼ਬਤ ਵੀ ਕੀਤਾ ਜਾ ਸਕਦਾ ਹੈ।ਇਸੇ ਕਾਰਨ ਕਰਕੇ ਹੀ ਭਾਰਤੀ ਕੰਪਨੀਆਂ ਇਰਾਨ ਨਾਲ ਵਪਾਰ ਕਰਨ ਤੋਂ ਕੁੱਝ ਕਤਰਾ ਰਹੀਆਂ ਹਨ।
ਊਰਜਾ ਦੀ ਸਪਲਾਈ ਤੋਂ ਇਲਾਵਾ ਭਾਰਤ-ਇਰਾਨ ਸਬੰਧਾਂ ‘ਤੇ ਵੀ ਇਸ ਦਾ ਅਸਰ ਪਵੇਗਾ।ਇਰਾਨ ਨੇ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਤੱਕ ਪਹੁੰਚ ਕਰਨ ਲਈ ਭਾਰਤ ਨੂੰ ਮਹੱਤਵਪੂਰਨ ਦਾਖਲਾ ਮੁਹੱਈਆ ਕਰਵਾਉਂਦਾ ਹੈ, ਜੋ ਕਿ ਪਾਕਿਸਤਾਨ ਵੱਲੋਂ ਬੰਦ ਕੀਤਾ ਗਿਆ ਹੈ।ਭਾਵੇਂ ਕਿ ਇੰਨ੍ਹਾਂ ਪਾਬੰਦੀਆਂ ਦਾ ਛਾਬਹਾਰ ਪ੍ਰਾਜੈਕਟ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ ਪਰ ਫਿਰ ਵੀ ਡਰ ਹੈ ਕਿ ਇਰਾਨ ਇਸ ‘ਚ ਆਪਣੀ ਦਿਲਚਸਪੀ ਘਟਾ ਸਕਦਾ ਹੈ।ਇਹ ਪ੍ਰਾਜੈਕਟ ਭਾਰਤ ਲਈ ਬਹੁਤ ਮਹੱਤਵਪੂਰਨ ਹੈ।
ਚੀਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਹਮੇਸ਼ਾਂ ਹੀ ਅਮਰੀਕੀ ਇਕਤਰਫਾ ਪਾਬੰਦੀਆਂ ਦਾ ਵਿਰੋਧ ਕੀਤਾ ਹੈ।ਤੁਰਕੀ ਨੇ ਵੀ ਅਮਰੀਕੀ ਪਾਬੰਦੀਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।ਇਸ ਮੁੱਦੇ ‘ਤੇ ਭਾਰਤ ਦਾ ਰੁਖ਼ ਅਜੇ ਨਰਮ ਹੈ ਕਿਉਂਕਿ ਨਵੀਂ ਦਿੱਲੀ ਅਮਰੀਕਾ ਦੇ ਉਸ ਦ੍ਰਿਸ਼ਟੀਕੋਣ ਦੀ ਸ਼ਲਾਘਾ ਕਰਦੀ ਹੈ ਜਿਸ ਦੇ ਤਹਿਤ ਉਹ ਭਾਰਤ ਦੀ ਤਰ੍ਹਾਂ ਹੀ ਪਾਕਿਸਤਾਨ ਨੂੰ ਅੱਤਵਾਦ ਦਾ ਘਰ ਮੰਨਦਾ ਹੈ।
ਭਾਵੇਂ ਕਿ ਭਾਰਤ ਅਤੇ ਇਰਾਨ ਵਿਚਾਲੇ ਕੁੱਝ ਮਸਲਿਆਂ ‘ਤੇ ਮਤਭੇਦ ਹਨ, ਪਰ ਭਾਰਤ ਨੇ ਅਮਰੀਕਾ ਅਤੇ ਇਰਾਨ ਦੋਵਾਂ ਮੁਲਕਾਂ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤੀ ਨਾਲ ਕਾਇਮ ਰੱਖਿਆ ਹੈ।
Comments
Post a Comment