ਮੋਦੀ ਦੀ ਦੂਜੀ ਪਾਰੀ ਦੀ ਵਜ਼ਾਰਤ ਨੇ ਚੁੱਕਿਆ ਹਲਫ਼

2019 ਦੀਆਂ ਚੋਣਾਂ ‘ਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਸ੍ਰੀ ਨਰਿੰਦਰ ਮੋਦੀ ਨੇ ਆਪਣੀ ਦੂਜੀ ਪਾਰੀ ਲਈ ਮੁੜ ਬਤੌਰ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁੱਕੀ।ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪ੍ਰਧਾਨ ਮੰਤਰੀ ਦੀ ਅਗਵਾਈ ‘ਚ ਨਵੀਂ ਵਜ਼ਾਰਤ ਦੇ 58 ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ।ਪੀਐਮ ਮੋਦੀ ਦੀ ਕੈਬਨਿਟ ‘ਚ 24 ਕੈਬਨਿਟ ਮੰਤਰੀ, 24 ਰਾਜ ਮੰਤਰੀ ਅਤੇ 9 ਰਾਜ ਮੰਤਰੀ, ਸੁਤੰਤਰ ਪ੍ਰਭਾਰ ਦੇ ਮੰਤਰੀ ਸ਼ਾਮਿਲ ਹਨ।ਮੰਤਰੀ ਪ੍ਰੀਸ਼ਦ ‘ਚ ਕਈ ਨਵੇਂ ਚਹਿਰੀਆਂ ਨੂੰ ਵੀ ਜਗ੍ਹਾ ਦਿੱਤੀ ਗਈ ਹੈ।ਭਾਰਤੀ ਜਨਤਾ ਪਾਰਟੀ ਦੇ ਨਾਲ-ਨਾਲ ਉਸ ਦੇ ਸਹਿਯੋਗੀ ਦਲਾਂ ਦੇ ਸੰਸਦ ਮੈਂਬਰਾਂ ਨੂੰ ਇਸ ਵਾਰ ਦੀ ਵਜ਼ਾਰਤ ‘ਚ ਥਾਂ ਦਿੱਤੀ ਗਈ ਹੈ।ਨਵੇਂ ਜੋਸ਼ ਅਤੇ ਤਜ਼ਰਬੇ ਦਾ ਸੰਤੁਲਨ ਕਾਇਮ ਕਰਨ ਦੀ ਕੋਸ਼ਿਸ਼ ‘ਚ ਜਿੱਥੇ 19 ਨਵੇਂ ਸੰਸਦ ਮੈਂਬਰਾਂ ਨੂੰ ਵਜ਼ਾਰਤ ‘ਚ ਸ਼ਾਮਿਲ ਕੀਤਾ ਗਿਆ ਹੈ, ਉੱਥੇ ਹੀ ਕਈ ਸੀਨੀਅਰ ਆਗੂਆਂ ਨੂੰ ਵੀ ਵਜ਼ਾਰਤ ‘ਚ ਥਾਂ ਦਿੱਤੀ ਗਈ ਹੈ।ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਤੋਂ ਇਲਾਵਾ ਨਿਿਤਨ ਗਡਕਰੀ, ਨਿਰਮਲਾ ਸੀਤਾਰਮਨ, ਰਵੀ ਸੰਕਰ ਪ੍ਰਸਾਦ, ਪਿਯੂਸ਼ ਗੋਇਲ, ਧਰਮਿੰਦਰ ਪ੍ਰਧਾਨ, ਨਰਿੰਦਰ ਸਿੰਘ ਤੋਮਰ, ਮੁਖਤਾਰ ਅੱਬਾਸ ਨਕਵੀ, ਪ੍ਰਕਾਸ਼ ਜਾਵੇੜਕਰ ਅਤੇ ਸਮ੍ਰਿਤੀ ਇਰਾਨੀ ਸ਼ਾਮਿਲ ਹਨ।

ਕੁੱਝ ਜੂਨੀਅਰ ਮੰਤਰੀ ਜਿਵੇਂ ਕਿ ਗੰਜੇਂਦਰ ਸਿੰਘ ਸ਼ੇਖਾਵਤ, ਗਿਰੀਰਾਜ ਸਿੰਘ, ਮਹਿੰਦਰ ਨਾਥ ਪਾਂਡੇ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਕੈਬਿਨਟ ਮੰਤਰੀ ਵੱਜੋਂ ਨਾਮਜ਼ਦ ਕੀਤਾ ਗਿਆ ਹੈ।

ਚੀਨ ਨਾਲ ਡੋਕਲਾਮ ਅੜਿੱਕੇ ਨੂੰ ਸੁਲਝਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਜੈਸ਼ੰਕਰ ਨੂੰ ਸਿੱਧਾ ਕੈਬਨਿਟ ਮੰਤਰੀ ਬਣਾਏ ਜਾਣ ‘ਤੇ ਹੈਰਾਨੀ ਪ੍ਰਗਟਾਈ ਜਾ ਰਹੀ ਹੈ।ਦੱਸਣਯੋਗ ਹੈ ਕਿ ਸੁਬਰਾਮਨੀਅਮ ਜੈਸ਼ੰਕਰ ਭਾਰਤ ਦੇ ਸਾਬਕਾ ਸਕੱਤਰ ਰਹੇ ਹਨ।ਉਨ੍ਹਾਂ ਦਾ ਭਾਰਤ ਦੇ ਵਿਦੇਸ਼ ਮੰਤਰਾਲੇ ‘ਚ ਪ੍ਰਮੁੱਖ ਸਹਿਯੋਗੀ ਰਹੇ ਹਨ।
ਭਾਜਪਾ ਦੇ ਰਣਨੀਤੀਕਾਰ ਮੰਨੇ ਜਾਂਦੇ ਅਮਿਤ ਸ਼ਾਹ ਨੂੰ ਵੀ ਇਸ ਵਾਰ ਮੰਤਰੀ ਮੰਡਲ ਦਾ ਹਿੱਸਾ ਬਣਾਇਆ ਗਿਆ ਹੈ।ਉਮੀਦ ਕੀਤੀ ਜਾ ਰਹੀ ਹੈ ਕਿ ਉਹ ਸਰਕਾਰ ਦੀ ਕਾਰਗੁਜ਼ਾਰੀ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਪੀਐਮ ਮੋਦੀ ਨੇ ਪਹਿਲਾਂ ਵੀ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਇਸ ਵਾਰ “ਨਾਰਾ” ( National Ambition + Regional Aspiration) ਦੇ ਮੰਤਰ ‘ਤੇ ਚੱਲੇਗੀ।ਉਨ੍ਹਾਂ ਕਿਹਾ ਕਿ ਚੰਗੇ ਪ੍ਰਸ਼ਾਸਨ ਦੇ ਨਾਲ ਵਿਆਪਕ ਵਿਕਾਸ ਹੀ ਉਨ੍ਹਾਂ ਦਾ ਮੂਲ ਉਦੇਸ਼ ਹੈ।ਦੱਸਣਯੋਗ ਹੈ ਕਿ ਦੇਸ਼ ਦੇ ਬਹੁਤੇਰੇ ਰਾਜਾਂ ‘ਚ ਸੱਤਾਧਾਰੀ ਗੱਠਜੋੜ ਨੇ ਸਮਰਥਨ ਹਾਸਿਲ ਕੀਤਾ ਹੈ ਜੋ ਕਿ ਆਪਣੇ ਆਪ ‘ਚ ਹੀ ਇੱਕ ਵੱਡੀ ਜਿੱਤ ਹੈ।

ਨਵੀਂ ਵਜ਼ਾਰਤ ਦੇ ਕਈ ਚਿਹਰੇ ਖਾਸ ਚਰਚਾ ‘ਚ ਹਨ।ਉਨ੍ਹਾਂ ‘ਚੋਂ ਇੱਕ ਹੈ ਪ੍ਰਤਾਪ ਚੰਦਰ ਸਾਰੰਗੀ, ਜੋ ਕਿ ਉਡੀਸਾ ਦੇ ਬਾਲਾਸੋਰ ਹਲਕੇ ਤੋਂ ਸਬੰਧ ਰੱਖਦੇ ਹਨ। ਉਨ੍ਹਾਂ ਦਾ ਤਹਿਣ-ਸਹਿਣ ਬਹੁਤ ਸਾਦਾ ਹੈ।ਉਹ ਇੱਕ ਝੌਪੜੀਂ ‘ਚ ਰਹਿੰਦੇ ਹਨ। ਸ੍ਰੀ ਸਾਰੰਗੀ ਦੀ ਲੋਕ ਭਲਾਈ ਦੀ ਭਾਵਨਾ ਅਤੇ ਦ੍ਰਿੜ ਇੱਛਾ ਨੇ ਪੀਐਮ ਮੋਦੀ ਸਮੇਤ ਕਈਆਂ ਦਾ ਦਿਲ ਜਿੱਤਿਆ।
30 ਮਈ ਦੀ ਸ਼ਾਮ ਨੂੰ ਨਵੀ ਕੈਬਨਿਟ ਦੇ ਹਲਫ਼ ਲੈਣ ਦੇ ਨਾਲ ਹੀ 17ਵੀਂ ਲੋਕ ਸਭਾ ਦੀ ਚੋਣ ਪ੍ਰਕ੍ਰਿਆ ਪੂਰੀ ਤਰ੍ਹਾਂ ਨਾਲ ਮੁਕੰਮਲ ਹੋ ਗਈ ਹੈ।ਮੰਤਰੀ ਮੰਡਲ ਦੀ ਪਹਿਲੀ ਬੈਠਕ ਜਲਦ ਹੀ ਬੁਲਾਈ ਜਾਣ ਦੀ ਸੰਭਾਵਨਾ ਹੈ।

ਜ਼ਿਕਰੇਖਾਸ ਹੈ ਕਿ ਭਾਰਤ ਸਕਾਰਾਤਮਕ ਲੋਕਤੰਤਰ ਦੀ ਅਗਵਾਈ ਕਰਦਾ ਹੈ।17ਵੀਂ ਲੋਕ ਸਭਾ ਚੋਣਾਂ ‘ਚ 900 ਮਿਲੀਅਨ ਤੋਂ ਵੀ ਵੱਧ ਵੋਟਰਾਂ ਨੇ 67% ਤੋਂ ਵੀ ਵੱਧ ਮਤਦਾਨ ਕਰਕੇ ਸ੍ਰੀ ਮੋਦੀ ਦੇ ਵਿਕਾਸ ਏਜੰਡੇ ਦਾ ਸਮਰਥਨ ਕੀਤਾ।ਇੱਕ ਪਾਸੇ ਜਦੋਂ ਨਵੀਂ ਸਰਕਾਰ ਨੇ ਆਪਣਾ ਕਾਰਜਭਾਰ ਸੰਭਾਲਿਆ ਹੈ ਉੱਥੇ ਹੀ ਦੂਜੇ ਪਾਸੇ ਵਿਸ਼ਵ ਦੀ ਆਰਥਿਕਤਾ ਕਈ ਉਤਰਾਅ ਚੜਾਅ ਵੇਖ ਰਹੀ ਹੈ।ਅਜਿਹੇ ‘ਚ ਨਵੀਂ ਸਰਕਾਰ ਲਈ ਇਹ ਸਥਿਤੀ ਇੱਕ ਚਿੰਤਾ ਦਾ ਵਿਸਾ ਹੈ।ਪਹਿਲਾਂ ਹੀ ਸੰਸਾਰ ਅਮਰੀਕਾ-ਚੀਨ ਟੈਰਿਫ ਜੰਗ, ਅਮਰੀਕਾ ਵੱਲੋਂ ਮੁੜ ਇਰਾਨ ‘ਤੇ ਪਾਬੰਦੀਆਂ ਦੇ ਐਲਾਨ ਨਾਲ ਫ਼ਾਰਸ ਦੀ ਖਾੜੀ ‘ਚ ਪੈਦਾ ਹੋਏ ਸੰਕਟ ਨੂੰ ਝੇਲ ਰਿਹਾ ਹੈ।ਜਿਸ ਕਾਰਨ ਆਲਮੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਸ ਦਾ ਭਾਰਤ ਦੀ ਮੁਦਰਾਸਫਿਤੀ ‘ਤੇ ਵੀ ਪ੍ਰਭਾਵ ਪੈ ਸਕਦਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਪਣੀ ਪਹਿਲੀ ਪਾਰੀ ‘ਚ ਮਹਿੰਗਾਈ ‘ਤੇ ਲਗਾਮ ਪਾਉਣ ‘ਚ ਸਫ਼ਲ ਰਹੀ ਸੀ।

ਰਾਸ਼ਟਰਪਤੀ ਭਵਨ ‘ਚ ਸ਼ਾਨਦਾਰ ਸਹੁੰ ਚੁੱਕ ਸਮਾਗਮ ‘ਚ ਬਿਮਸਟੇਕ ਦੇਸ਼ਾਂ ਦੇ ਮੁੱਖੀਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ।ਕਿਰਗੀਸਤਾਨ ਦੇ ਰਾਸ਼ਟਰਪਤੀ ਅਤੇ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਇਸ ਸਹੁੰ ਚੁੱਕ ਸਮਾਗਮ ‘ਚ ਸ਼ਮੂਲੀਅਤ ਕੀਤੀ ਗਈ।ਇੰਨ੍ਹਾਂ ਮਹਿਮਾਨਾਂ ਵੱਲੋਂ ਸਮਾਗਮ ‘ਚ ਸ਼ਾਮਲ ਹੋਣਾ ਭਾਰਤ ਦੀ ‘ ਗੁਆਂਢ ਪਹਿਲ’ ਨੀਤੀ ਦੀ ਸਫ਼ਲਤਾ ਦੀ ਪੁਸ਼ਟੀ ਕਰਦੀ ਹੈ।

ਸਕ੍ਰਿਪਟ: ਮਨੀਸ਼ ਅਨੰਦ, ਸੀਨੀਅਰ ਵਿਸ਼ੇਸ਼ ਪੱਤਰਕਾਰ, ਨਿਊ ਇੰਡੀਅਨ ਐਕਸਪ੍ਰੈਸ

ਅਨੁਵਾਦਕ: ਸੁਮੀਤ ਸੈਣੀ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ