ਭਾਰਤ ਨੇ ‘ਨੇਬਰਹੁੱਡ ਫਸਟ’ ਅਤੇ ‘ਸਾਗਰ’ ਨੀਤੀਆਂ ਨੂੰ ਮੁੜ ਦੁਹਰਾਇਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੀ ਵਾਰ ਬਤੌਰ ਪੀਐਮ ਦੇ ਅਹੁਦੇ ਦੀ ਸਹੂੰ ਚੁੱਕਣ ਤੋਂ ਹਫ਼ਤੇ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰਾ ਤਹਿਤ ਮਾਲਦੀਵ ਅਤੇ ਸ੍ਰੀਲੰਕਾ ਦਾ ਦੌਰਾ ਆਰੰਭਿਆ।ਇੰਨ੍ਹਾਂ ਦੋ ਸਮੁੰਦਰੀ ਗੁਆਂਢੀ ਮੁਲਕਾਂ ਦੀ ਫੇਰੀ ਨੇ ਦਰਸਾਇਆ ਹੈ ਕਿ ਭਾਰਤ ਆਪਣੀ ‘ਨੇਬਰਹੁੱਡ ਫਸਟ’ ਜਾਂ ਕਹਿ ਲਓ ਕਿ ‘ਗੁਆਂਢੀ ਪਹਿਲ’ ਨੀਤੀ ਅਤੇ ‘ਖੇਤਰ ‘ਚ ਹਰ ਕਿਸੇ ਲਈ ਸੁਰੱਖਿਆ ਅਤੇ ਵਿਕਾਸ’ ਭਾਵ ਸਾਗਰ ਨੀਤੀ ਨੂੰ ਪ੍ਰਮੁੱਖ ਤੌਰ ‘ਤੇ ਤਰਜੀਹ ਦਿੰਦਾ ਹੈ।
ਭਾਵੇਂ ਕਿ ਪੀਐਮ ਮੋਦੀ ਵੱਲੋਂ ‘ਨੇਬਰਹੁੱਡ ਫਸਟ’ ਨੀਤੀ ਨੂੰ ਹਮੇਸ਼ਾਂ ਵਿਦੇਸ਼ ਨੀਤੀ ਦੇ ਕੇਂਦਰ ‘ਚ ਰੱਖਿਆ ਗਿਆ ਹੈ ਪਰ ਫਿਰ ਵੀ ਕੁੱਝ ਸਿਆਸੀ ਕਾਰਨਾਂ ਕਰਕੇ ਪੀਐਮ ਮੋਦੀ ਵੱਲੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਮਾਲਦੀਵ ਦਾ ਰਾਜ ਦੌਰਾ ਨਹੀਂ ਸੀ ਕੀਤਾ ਗਿਆ।ਪਰ ਅਕਤੂਬਰ 2018 ‘ਚ ਇਬਰਾਹਿਮ ਮੁਹੰਮਦ ਸੋਲਿਹ ਦੇ ਰਾਸ਼ਟਰਪਤੀ ਬਣਨ ਨਾਲ ਹੀ ਸਾਰੀ ਸਥਿਤੀ ‘ਚ ਕੁੱਝ ਸੁਧਾਰ ਹੋਇਆ।ਨਵੰਬਰ 2018 ‘ਚ ਭਾਰਤੀ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਤੀ ਸੋਲਿਹ ਦੇ ਸਹੁੰ ਚੁੱਕ ਸਮਾਗਮ ‘ਚ ਸ਼ਿਰਕਤ ਕਰਨ ਲਈ ਟਾਪੂ ਮੁਲਕ ਦਾ ਦੌਰਾ ਕੀਤਾ ਗਿਆ।
ਹੁਣ ਆਪਣੇ ਦੂਜੇ ਕਾਰਜਕਾਲ ਦੌਰਾਨ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਮਾਲਦੀਵ ਦੀ ਚੋਣ ਕਰਕੇ ਸ੍ਰੀ ਮੋਦੀ ਨੇ ਸੋਲਿਹ ਪ੍ਰਸ਼ਾਸਨ ਨਾਲ ਕੰਮ ਕਰਨ ਦੀ ਆਪਣੀ ਇੱਛਾ ਪ੍ਰਗਟ ਕੀਤੀ ਹੈ ਤਾਂ ਜੋ ਭਾਰਤ-ਮਾਲਦੀਵ ਸਬੰਧਾਂ ਨੂੰ ਵਧੇਰੇ ਮਜ਼ਬੂਤ ਕੀਤਾ ਜਾ ਸਕੇ।
ਮਾਲਦੀਵ ਦੀ ਦੋ ਦਿਨਾਂ ਫੇਰੀ ਦੌਰਾਨ ਪੀਐਮ ਮੋਦੀ ਨੂੰ ਉੱਥੋਂ ਦੇ ਸਰਬ ਉੱਚ ਰਾਸ਼ਟਰੀ ਸਨਮਾਨ ‘ ਰੂਲ ਆਫ਼ ਨਿਸ਼ਾਨ ਇਜਾਜ਼ੂਦੀਨ’ ਨਾਲ ਸਨਮਾਨਿਤ ਕੀਤਾ ਗਿਆ।ਮਾਲਦੀਵ ਦੇ ਰਾਸ਼ਟਰਪਤੀ ਸੋਲਿਹ ਨੇ ਇੱਕ ਸਮਾਰੋਹ ਦੌਰਾਨ ਪੀਐਮ ਮੋਦੀ ਨੂੰ ਇਸ ਵੱਕਾਰੀ ਸਨਮਾਨ ਨਾਲ ਨਵਾਜਿਆ।
ਵੱਖ-ਵੱਖ ਖੇਤਰਾਂ ‘ਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਕਈ ਸਮਝੌਤੇ ਵੀ ਸਹੀਬੱਧ ਕੀਤੇ ਗਏ।ਹਾਈਡਰੋਗ੍ਰਾਫੀ, ਸਿਹਤ, ਸਮੁੰਦਰੀ ਰਸਤੇ ਯਾਤਰੀਆਂ ਅਤੇ ਮਾਲ ਦੀ ਢੂਆ ਢੁਆਈ ਸਬੰਧੀ ਸੇਵਾਵਾਂ ਦੀ ਸਥਾਪਨਾ, ਕਸਟਮ ਸਮਰੱਥਾ ਨਿਰਮਾਣ ‘ਚ ਸਹਿਯੋਗ, ਮਾਲਦੀਵ ਦੇ ਸਿਵਲ ਮੁਲਾਜ਼ਮਾਂ ਲਈ ਸਿਖਲਾਈ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਅਤੇ ਭਾਰਤੀ ਜਲ ਸੈਨਾ ਤੇ ਮਾਲਦੀਵ ਕੌਮੀ ਰੱਖਿਆ ਫੋਰਸ ਵਿਚਾਲੇ ਸ਼ਿਿਪੰਗ ਸਬੰਧੀ ਸੂਚਨਾ ਸਾਂਝੀ ਕਰਨ ਲਈ ਤਕਨੀਕੀ ਸਮਝੌਤੇ ਸਬੰਧੀ ਮੰਗ ਪੱਤਰ ਸਹੀਬੱਧ ਕੀਤੇ ਗਏ।
ਸ੍ਰੀ ਮੋਦੀ ਨੇ ਮਾਲਦੀਵ ਦੀ ਸੰਸਦ ਪੀਪਲਜ਼ ਮਜ਼ਲਿਸ ਨੂੰ ਵੀ ਸੰਬੋਧਨ ਕੀਤਾ।ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਹਿੰਦ ਮਹਾਸਾਗਰ ਖੇਤਰ ‘ਚ ਸ਼ਾਂਤੀ, ਸਥਿਰਤਾ ਅਤੇ ਵਿਕਾਸ ਨੂੰ ਸਥਾਪਿਤ ਕਰਨ ਦੀ ਇੱਛਾ ਰੱਖਦੇ ਹਨ।
ਪੀਐਮ ਮੋਦੀ ਨੇ ਮਾਲਦੀਵ ਸੰਸਦ ਦੇ ਸਪੀਕਰ ਮੁਹੰਮਦ ਮਾਸ਼ੀਦ, ਉਪ ਰਾਸ਼ਟਰਪਤੀ ਫੈਜ਼ਲ ਨਾਸੀਮ ਅਤੇ ਪ੍ਰਮੁੱਖ ਸਿਆਸੀ ਆਗੂਆਂ ਨਾਲ ਵੀ ਮੁਲਾਕਾਤ ਕੀਤੀ।ਇੰਨ੍ਹਾਂ ਮਿਲਣੀਆਂ ਦੌਰਾਨ ਗੱਲਬਾਤ ਦਾ ਮੁੱਖ ਵਿਸ਼ਾ ਦੇਸ਼ ‘ਚ ਲੋਕਤੰਤਰ ਨੂੰ ਮਜ਼ਬੂਤ ਕਰਨਾ ਅਤੇ ਸੱਤਾਧਿਰ ਗੱਠਜੋੜ ਨੂੰ ਕਾਇਮ ਰੱਖਣ ਸਬੰਧੀ ਤੱਤਾਂ ‘ਤੇ ਚਰਚਾ ਕਰਨਾ ਸੀ।
ਪੀਐਮ ਮੋਦੀ ਦੀ ਮਾਲਦੀਵ ਦੀ ਇਹ ਯਾਤਰਾ ਆਪਣੇ ਆਪ ‘ਚ ਮਹੱਤਵਪੂਰਨ ਅਤੇ ਆਪਸੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਵਾਲੀ ਹੈ।ਭਾਰਤ ਅਤੇ ਮਾਲਦੀਵ ਲੰਬੇ ਸਮੇਂ ਤੋਂ ਆਪਸੀ ਦੋਸਤਾਨਾ ਸਬੰਧਾਂ ਦਾ ਨਿੱਘ ਮਾਣ ਰਹੇ ਹਨ।ਇਸ ਫੇਰੀ ਨੂੰ ਸਫ਼ਲ ਦੱਸਿਆ ਗਿਆ ਹੈ।ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ‘ਚ ਰਾਸ਼ਟਰਪਤੀ ਸੋਲਿਹ ਨੇ ਆਪਣੀ ਸਰਕਾਰ ਦੀ ‘ਭਾਰਤ-ਪਹਿਲੀ ਨੀਤੀ’ ਦੀ ਮੁੜ ਪੁਸ਼ਟੀ ਕੀਤੀ ਅਤੇ ਨਾਲ ਹੀ ਭਾਰਤ ਅਤੇ ਮਾਲਦੀਵ ਵਿਚਾਲੇ ਬਹੁ-ਪੱਖੀ ਅਤੇ ਆਪਸੀ ਲਾਭਦਾਇਕ ਭਾਈਵਾਲੀ ਨੂੰ ਹੁਲਾਰਾ ਦੇਣ ਲਈ ਆਪਣੀ ਸਰਕਾਰ ਦੀ ਪੂਰੀ ਹਿਮਾਇਤ ਦਾ ਵਾਅਦਾ ਵੀ ਕੀਤਾ।
ਮਾਲਦੀਵ ਨੇ ਸੋਧੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਸਥਾਈ ਮੈਂਬਰਸ਼ਿਪ ਲਈ ਅਤੇ 2020-21 ਲਈ ਭਾਰਤ ਦੀ ਗੈਰ ਸਥਾਈ ਸੀਟ ਲਈ ਭਾਰਤ ਦੀ ਉਮੀਦਵਾਰੀ ਦੀ ਹਿਮਾਇਤ ਕਰਨ ਦੀ ਆਪਣੀ ਵਚਣਬੱਧਤਾ ਨੂੰ ਵੀ ਦੁਹਰਾਇਆ।ਭਾਰਤ ਅਤੇ ਮਾਲਦੀਵ ‘ਚ ਦੁਵੱਲੇ ਸਬੰਧਾਂ ‘ਚ ਮਹੱਤਵਪੂਰਣ ਸੁਧਾਰਾਂ ਦੀ ਉਮੀਦ ਪ੍ਰਗਟ ਕੀਤੀ ਜਾ ਰਹੀ ਹੈ।
ਮਾਲਦੀਵ ਤੋਂ ਵਤਨ ਵਾਪਸ ਪਰਤਦਿਆਂ ਪੀਐ ਮੋਦੀ ਨੇ ਕੁੱਝ ਸਮੇਂ ਲਈ ਸ੍ਰੀਲੰਕਾ ‘ਚ ਵੀ ਠਹਿਰਾਵ ਕੀਤਾ।ਕੋਲੰਬੋ ‘ਚ ਉਹ ਚਾਰ ਘੰਟੇ ਰੁਕੇ ਅਤੇ ਇਸ ਦੌਰਾਨ ਸ੍ਰੀ ਮੋਦੀ ਨੇ ਰਾਸ਼ਟਰਪਤੀ ਮੈਤਰੀਪਾਲਾ ਸ੍ਰੀਸੇਨਾ, ਪ੍ਰਧਾਨ ਮੰਤਰੀ ਰਣਿਲ ਵਿਕਰਮਸਿੰਘੇ, ਕੈਬਨਿਟ ਦੇ ਕਈ ਹੋਰ ਮੈਂਬਰਾਂ ਅਤੇ ਵਿਰੋਧੀ ਧਿਰ ਦੇ ਆਗੂ ਮਹਿੰਦਰਾ ਰਾਜਾਪਕਸ਼ੇ ਤੇ ਤਾਮਿਲ ਨੈਸ਼ਨਲ ਗੱਠਜੋੜ ਦੇ ਆਗੂਆਂ ਨਾਲ ਮੁਲਾਕਾਤ ਕੀਤੀ।
ਪੀਐਮ ਮੋਦੀ ਨੇ ਕੋਲੰਬੋ ਦੇ ਸੈਂਟ ਐਂਥਨੀ ਗਿਰਜਾਘਰ ‘ਚ ਈਸਟਰ ਮੌਕੇ ਹੋਏ ਲੜੀਵਾਰ ਬੰਬ ਧਮਾਕਿਆ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ।ਇਸ ਘੱਟ ਸਮੇਂ ਦੀ ਫੇਰੀ ਦਾ ਮਕਸਦ ਸ੍ਰੀਲੰਕਾ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕਰਨਾ ਸੀ।ਦੱਸਣਯੋਗ ਹੈ ਕਿ ਪਿਛਲੇ ਕੁੱਝ ਸਮੇਂ ‘ਚ ਸ੍ਰੀਲੰਕਾ ਨੇ ਭਿਆਨਕ ਅੱਤਵਾਦੀਆਂ ਹਮਲਿਆਂ ਨੂੰ ਆਪਣੇ ‘ਤੇ ਝੇਲਿਆ ਹੈ।ਪੀਐਮ ਮੋਦੀ ਪਹਿਲੇ ਵਿਦੇਸ਼ੀ ਆਗੂ ਹਨ , ਜਿੰਨ੍ਹਾਂ ਨੇ ਈਸਟਰ ਅੱਤਵਾਦੀ ਹਮਲਿਆਂ ਤੋਂ ਬਾਅਦ ਇਸ ਟਾਪੂ ਮੁਲਕ ਦਾ ਦੌਰਾ ਕੀਤਾ ਹੈ।
ਰਾਸ਼ਟਰਪਤੀ ਸੀਰੀਸੇਨਾ ਨੇ ਭਾਰਤੀ ਪ੍ਰਧਾਨ ਮੰਤਰੀ ਵੱਲੋਂ ਸ੍ਰੀਲੰਕਾ ਦਾ ਦੌਰਾ ਕਰਨ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਦੌਰੇ ਨਾਲ ਦੇਸ਼ ਦਾ ਆਰਥਿਕ, ਵਪਾਰ ਅਤੇ ਸੈਰ-ਸਪਾਟਾ ਵਿਕਾਸ ਉਤਸ਼ਾਹਿਤ ਹੋਵੇਗਾ।ਈਸਟਰ ਮੌਕੇ ਹੋਏ ਭਿਆਨਕ ਦਹਿਸ਼ਤਗਰਦੀ ਬੰਬ ਧਮਾਕਿਆਂ ਕਾਰਨ ਦੇਸ਼ ਦਾ ਸੈਰ ਸਪਾਟਾ ਉਦਯੋਗ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ।ਇਸ ਲਈ ਪੀਐਮ ਮੋਦੀ ਵੱਲੋਂ ਕੀਤੀ ਗਈ ਫੇਰੀ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਸ੍ਰੀਲੰਕਾ ‘ਚ ਮਾਹੌਲ ਸੁਰੱਖਿਅਤ ਅਤੇ ਕਾਬੂ ‘ਚ ਹੈ।
ਪੀਐਮ ਮੋਦੀ ਅਤੇ ਰਾਸ਼ਟਰਪਤੀ ਸੀਰੀਸੇਨਾ ਨੇ ਦੁਵੱਲੀ ਗੱਲਬਾਤ ਦੌਰਾਨ ਅੱਤਵਾਦ ਦੀ ਸਾਂਝੀ ਚੁਣੌਤੀ ਨਾਲ ਨਜਿੱਠਣ ਲਈ ਸਮੂਹਿਕ ਕਾਰਵਾਈ ਕਰਨ ‘ਤੇ ਸਹਿਮਤੀ ਪ੍ਰਗਟ ਕੀਤੀ।

ਅੰਤ ‘ਚ ਕਹਿ ਸਕਦੇ ਹਾਂ ਕਿ ਪ੍ਰਧਾਨ ਮੰਤਰੀ ਦੇ ਇੰਨ੍ਹਾਂ ਦੌਰਿਆਂ ਨੇ ਸੰਕੇਤ ਦਿੱਤਾ ਹੈ ਕਿ ਭਾਰਤ ਅੱਤਵਾਦ ਨੂੰ ਜੜੋਂ ਖ਼ਤਮ ਕਰਨ ਦੀ ਕਾਰਵਾਈ ‘ਚ ਸਹਿਯੋਗ ਦੇਣ ਲਈ ਆਪਣੇ ਗੁਆਂਢੀ ਮੁਲਕਾਂ ਦੇ ਨਾਲ ਖੜ੍ਹਾ ਹੈ ਅਤੇ ਨਾਲ ਹੀ ਸਮੁੰਦਰੀ ਸੁਰੱਖਿਆ ਨੂ ਯਕੀਨੀ ਬਣਾਉਣ ਲਈ ਵੀ ਯਤਨਸ਼ੀਲ ਹੈ।

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ