ਪਾਕਿਸਤਾਨ ‘ਚ ਅਸਹਿਮਤੀ ਦੇ ਸੁਰਾਂ ਨੂੰ ਦਬਾਉਣ ਦੀ ਕੋਸ਼ਿਸ਼
ਪਾਕਿਸਤਾਨ ਸਿਆਸੀ ਉਤਰਾਅ ਚੜਾਅ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ, ਕਿਉਂਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ, ਪੀ.ਟੀ.ਆਈ. ਦੀ ਸਰਕਾਰ ਨੇ ਸਰਕਾਰ ਵਿਰੋਧੀ ਆਵਾਜ਼ਾਂ ਨੂੰ ਨਕੇਲ ਕੱਸਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਅਸਿਫ ਅਲੀ ਜ਼ਰਦਾਰੀ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਆਗੂ ਹਮਜ਼ਾ ਸ਼ਾਹਬਾਜ਼ ਨੂੰ ਹਿਰਾਸਤ ‘ਚ ਲੈ ਕੇ ਮੌਜੂਦਾ ਪਾਕਿ ਸਰਕਾਰ ਨੇ ਵਿਰੋਧੀ ਧਿਰ ਨੂੰ ਚੁੱਪ ਕਰਵਾ ਦਿੱਤਾ ਹੈ।ਇਸ ਤੋਂ ਇਲਾਵਾ ਪਸ਼ਤੁਨ ਤਾਹਫੁਕ ਅੰਦੋਲਨ, ਪੀ.ਟੀ.ਐਮ. ਵਰਗੇ ਸਮੂਹਾਂ ‘ਤੇ ਸ਼ਿਕੰਜਾ ਕਸਕੇ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਨੇ ਰਣਨੀਤਕ ਤੌਰ ‘ਤੇ ਉੱਠ ਰਹੀ ਅਸਿਹਮਤੀ ਦੀ ਆਵਾਜ਼ ਨੂੰ ਬੰਦ ਕਰ ਦਿੱਤਾ ਹੈ।
ਬ੍ਰਿਿਟਸ਼ ਪ੍ਰਸ਼ਾਸਨ ਵੱਲੋਂ ਪਾਕਿਸਤਾਨ ਸਿਆਸਤਦਾਨ ਅਤੇ ਮੁਤਹਿਦਾ ਕੁਆਮੀ ਅੰਦੋਲਨ ਦੇ ਆਗੂ ਅਲਤਫ ਹੁਸੈਨ ਦੀ ਗ੍ਰਿਫ਼ਤਾਰੀ ਪਿੱਛੇ ਪਾਕਿਸਤਾਨ ਸਰਕਾਰ ਦਾ ਹੱਥ ਹੋਣ ਦੀ ਗੱਲ ਕਹੀ ਗਈ ਹੈ।ਪਾਕਿ ਫੌਜ ਅਨੁਸਾਰ ਇਸਲਾਮਾਬਾਦ ਕਿਸੇ ਵੀ ਧਿਰ ਤੋਂ ਹੋਣ ਵਾਲੀ ਆਲੋਚਨਾ ਦਾ ਸਾਹਮਣਾ ਕਰਨ ਲਈ ਤਿਆਰ ਹੈ ਅਤੇ ਉਸ ਨੂੰ ਰੋਕਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਹਾਲਾਂਕਿ ਵਿਰੋਧੀ ਧਿਰ ਨਾਲ ਨਜਿੱਠਣ ਅਤੇ ਅਸਹਿਮਤੀ ਦੀ ਸੁਰ ਨੂੰ ਦਬਾਉਣ ਲਈ ਵਰਤੀ ਜਾਣ ਵਾਲੀ ਨੀਤੀ ਦਾ ਉਲਟ ਪ੍ਰਭਾਵ ਵੀ ਵੇਖਣ ਨੂੰ ਮਿਲ ਸਕਦਾ ਹੈ।
ਕੌਮੀ ਜਵਾਬਦੇਹੀ ਬਿਊਰੋ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ, ਉਹ ਵੀ ਉਸ ਸਮੇਂ ‘ਚ ਜਦੋਂ ਦੇਸ਼ ਦੀ ਸੰਸਦ ਬਜਟ ਇਜਲਾਸ ‘ਤੇ ਚਰਚਾ ਕੀਤੀ ਕਰ ਰਹੀ ਹੋਵੇ ਤਾਂ ਅਜਿਹੇ ‘ਚ ਇਸ ਨੂੰ ਇਕ ਸੋਚੀ ਸਮਝੀ ਸਾਜਿਸ਼ ਮੰਨਿਆ ਜਾ ਰਿਹਾ ਹੈ ਤਾਂ ਜੋ ਵਿਰੋਧੀ ਧਿਰ ਆਪਣੇ ਆਗੂਆਂ ਨੂੰ ਬਚਾਉਣ ‘ਚ ਮਸ਼ਰੂਫ ਹੋ ਜਾਵੇ ਅਤੇ ਸਰਕਾਰ ਆਪਣੀ ਮਰਜ਼ੀ ਅਨੁਸਾਰ ਬਜਟ ਪਾਸ ਕਰ ਸਕੇ।ਵਿਸ਼ਲੇਸ਼ਕਾਂ ਅਨੁਸਾਰ ਐਨ.ਏ.ਬੀ. ਨੇ ਹੁਣ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅਬਾਸੀ ਅਤੇ ਸਾਬਕਾ ਜਲ ਅਤੇ ਬਿਜਲੀ ਮੰਤਰੀ ਖਵਾਜ਼ਾ ਮੁਹੰਮਦ ‘ਤੇ ਆਪਣੀ ਪਕੜ ਮਜ਼ਬੂਤ ਕੀਤੀ ਹੈ। ਦੱਸਣਯੋਗ ਹੈ ਕਿ ਇਹ ਦੋਵੇਂ ਆਗੂ ਪੀ.ਐਮ.ਐਲ- ਨਵਾਜ਼ ਪਾਰਟੀ ਦੇ ਪ੍ਰਭਾਵਸ਼ਾਲੀ ਆਗੂ ਹਨ।ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪੀਪੀਪੀ ਆਗੂ ਬਿਲਾਵਲਭੁੱਟੋ ਜ਼ਰਦਾਰੀ ਅਤੇ ਪੀਐਮਐਲ-ਨਵਾਜ਼ ਦੇ ਆਗੂ ਮਰਿਅਮ ਨਵਾਜ਼ ਸ਼ਰੀਫ ਨੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਦੋ ਵਾਰ ਮੁਲਾਕਾਤ ਕੀਤੀ ਹੈ।ਦੋਵਾਂ ਆਗੂਆਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਲੋਕ ਵਿਰੋਧੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਇਹ ਬਜਟ ਅੰਤਰਰਾਸ਼ਟਰੀ ਮੁਦਰਾ ਫੰਡ ਵੱਲੋਂ ਵਿੱਤੀ ਦਸਤਾਵੇਜ਼ ਰਾਹੀਂ ਦਿੱਤੀ ਹਿਦਾਇਤਾਂ ਦੇ ਵੀ ਅਨੁਕੂਲ ਨਹੀਂ ਹੈ।
ਇਹ ਮੁਲਾਕਾਤਾਂ ਉਸ ਸਮੇਂ ਕੀਤੀਆਂ ਜਾ ਰਹੀਆਂ ਹਨ ਜਦੋਂ ਕੌਮੀ ਜਵਾਬਦੇਹੀ ਬਿਊਰੋ ਵੱਲੋਂ ਦੇਸ਼ ਦੀਆਂ ਦੋ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।ਪੀ.ਟੀ.ਆਈ ਨੇ ਇੰਨ੍ਹਾਂ ਮਿਲਣੀਆਂ ਨੂੰ ਸੁਹਿਰਦਤਾ ਦਾ ਨਾਂਅ ਦਿੱਤਾ ਹੈ, ਪਰ ਜੇਕਰ ਇਹ ਦੋਵੇਂ ਪਾਰਟੀਆਂ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਕੇ ਵਿਰੋਧ ਸ਼ੁਰੂ ਕਰ ਦੇਣ ਤਾਂ ਸਿਆਸੀ ਸਮੱਸਿਆਵਾਂ ‘ਚ ਹੋਰ ਵਾਧਾ ਹੋ ਸਕਦਾ ਹੈ ਅਤੇ ਇਮਰਾਨ ਖ਼ਾਨ ਦੀ ਸਰਕਾਰ ਨੂੰ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੋਵੇਗਾ।
ਵਿਰੋਧੀ ਧਿਰਾਂ ਨੇ ਦਾਅਵਾ ਕੀਤਾ ਹੈ ਕਿ ਇਹ ਗ੍ਰਿਫ਼ਤਾਰੀਆਂ ਸਿਆਸੀ ਤੌਰ ‘ਤੇ ਪ੍ਰੇਰਿਤ ਹਨ ਅਤੇ ਇਮਰਾਨ ਖ਼ਾਨ ਭ੍ਰਿਸ਼ਟਾਚਾਰ ਦਾ ਸਹਾਰਾ ਲੈ ਕੇ ਵਿਰੋਧੀ ਧਿਰ ਦੀ ਆਵਾਜ਼ ਨੂੰ ਕੁਚਲਨਾ ਚਾਹੁੰਦੇ ਹਨ।ਦੂਜੇ ਪਾਸੇ ਪੀਟੀਐਮ ਵਰਗੇ ਸਮੂਹਾਂ ਨੂੰ ਦੁਸ਼ਮਣਾ ਦੇ ਏਜੰਟ ਦੱਸਿਆ ਗਿਆ ਹੈ ਅਤੇ ਲੋਕਤੰਤਰ ਪ੍ਰਣਾਲੀ ਰਾਹੀਂ ਚੁਣੇ ਗਏ ਇਸ ਦੇ ਆਗੂਆਂ ਮੋਹਸਿਨ ਦਵਾਰ ਅਤੇ ਅਲੀ ਵਾਜ਼ੀਰ ਨੂੰ ਹਿਰਾਸਤ ‘ਚ ਲਿਆ ਗਿਆ ਹੈ।
ਪੀਟੀਐਮ ਦੇ ਦੋ ਆਗੂਆਂ ਨੂੰ ਹਿਰਾਸਤ ‘ਚ ਲੈਣ ਅਤੇ ਉੱਤਰੀ ਵਜ਼ੀਰਸਤਾਨ ‘ਚ ਫੌਜ ਵੱਲੋਂ ਇਕ ਰੋਸ ਪ੍ਰਦਰਸ਼ਨ ਦੌਰਾਨ ਪੀਟੀਐਮ ਦੇ ਦੋ ਕਾਰਕੁੰਨਾਂ ਨੂੰ ਹਲਾਕ ਕੀਤੇ ਜਾਣ ਤੋਂ ਬਾਅਦ ਇਹ ਖੇਤਰ ਪਾਕਿ ਫੌਜ ਦੀ ਘੇਰਾਬੰਦੀ ਅਧੀਨ ਹੋ ਗਿਆ ਹੈ।ਪੀਟੀਐਮ ਦੇ ਇਕ ਆਗੂ ਮਨਜ਼ੂਰ ਪਾਸ਼ਥੀਨ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਹੈ ਕਿ “ ਸਥਾਨਕ ਲੋਕਾਂ ਨਾਲ ਜੰਗੀ ਕੈਦੀਆਂ ਵਾਂਗਰ ਰੱਵੀਆ ਕੀਤਾ ਜਾ ਰਿਹਾ ਹੈ”।
ਕਾਰਕੁੰਨਾਂ ਨੇ ਵੀ ਦੱਸਿਆ ਹੈ ਕਿ ਪ੍ਰਦਰਸ਼ਨ ਦੌਰਾਨ ਫੌਜ ਵੱਲੋਂ ਮਾਰੇ ਗਏ ਪ੍ਰਦਰਸ਼ਨਕਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਜਾਣ ਵਾਲਾ ਮੁਆਵਜ਼ਾ ਵੀ ਰੋਕ ਦਿੱਤਾ ਗਿਆ ਹੈ।ਪੀੜ੍ਹਤ ਪਰਿਵਾਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਬਿਆਨਾਂ ‘ਚ ਫੌਜ ਨੂੰ ਇਨ੍ਹਾਂ ਹੱਤਿਆਵਾਂ ਦੇ ਦੋਸ਼ ਤੋਂ ਮੁਕਤ ਕਰਨ ਅਤੇ ਇਸ ਦਾ ਇਲਜ਼ਾਮ ਪੀਟੀਐਮ ਦੇ ਨਜ਼ਰਬੰਦ ਆਗੂਆਂ ਦੇ ਮੱਥੇ ਮੜ੍ਹਨ ਤਾਂ ਹੀ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।
ਹਾਲ ‘ਚ ਹੀ ਪੀਟੀਐਮ ਦੀ ਮਹਿਲਾ ਆਗੂ ਗੁਲਾਲੀ ਇਸਮਾਈਲ ਨੂੰ ਪੇਸ਼ਾਵਰ ਤੋਂ ਹਿਰਾਸਤ ‘ਚ ਲਿਆ ਗਿਆ, ਕਿਉਂਕਿ ਉਹ ਰਾਜ ਵਿਰੋਧੀ ਭਾਸ਼ਣ ਦੇ ਰਹੀ ਸੀ।ਗੁਲਾਲੀ ਖ਼ਿਲਾਫ ਅੱਤਵਾਦ ਐਕਟ ਤਹਿਤ ਦੋ ਮਾਮਲੇ ਦਰਜ ਕੀਤੇ ਗਏ ਹਨ।
ਕੌਮੀ ਜਵਾਬਦੇਹੀ ਬਿਊਰੋ ਨੇ ਖਕਾਨ ਅਬਾਸੀ ਵਿਰੁਧ ਆਪਣੀ ਜਾਂਚ ਨੂੰ ਤੇਜ਼ ਕਰ ਦਿੱਤਾ ਹੈ।ਐਨ.ਏ.ਬੀ ਇਹ ਵੀ ਸਾਬਤ ਕਰਨ ‘ਚ ਲੱਗਾ ਹੋਇਆ ਹੈ ਕਿ ਪੀਟੀਐਮ ਦੇ ਲੋਕਤੰਤਰ ਪ੍ਰਣਾਲੀ ਨਾਲ ਚੁਣੇ ਗਏ ਆਗੂਆਂ ਨੂੰ ਸਰਕਾਰ ਵਿਰੋਧੀ ਕਾਰਵਾਈਆਂ ਲਈ ਬਾਹਰੀ ਏਜੰਸੀਆਂ ਵੱਲੋਂ ਵਿੱਤੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।
ਅਜਿਹੀਆਂ ਕੁੱਝ ਪਰਸਥਿਤੀਆਂ ਨੂੰ ਵੇਖਦਿਆਂ ਵਿਰੋਧੀ ਧਿਰਾਂ ਦੇ ਆਗੂਆਂ ਮਰਿਅਮ ਨਵਾਜ਼ ਸ਼ਰੀਫ ਅਤੇ ਬਿਲਾਵਲ ਭੁੱਟੋ ਜ਼ਰਦਾਰੀ ਵੱਲੋਂ ਇਕਜੁਟਤਾ ਵਿਖਾਈ ਜਾ ਰਹੀ ਹੈ ਅਤੇ ‘ਚਾਰਟਰ ਆਫ਼ ਡੇਮੋਕਰੇਸੀ’ ਨਾਂਅ ਦੇ ਦਸਤਾਵੇਜ਼ ‘ਤੇ ਦਸਤਖਤ ਮਹੱਤਵਪੂਰਣ ਹੈ, ਕਿਉਂਕਿ ਇਹ ਭਵਿੱਖ ‘ਚ ਪਾਕਿ ਸਿਆਸੀ ਸਥਿਤੀ ਦੇ ਪ੍ਰਸੰਗ ‘ਚ ਬਹੁਤ ਖਾਸ ਹੋ ਸਕਦਾ ਹੈ।
ਲੇਖਨ: ਡਾ.ਜ਼ੈਨਬ ਅਖ਼ਤਰ, ਪਾਕਿਸਤਾਨ ਮਾਮਲਿਆਂ ਦੇ ਵਿਸ਼ਲੇਸ਼ਕ
Comments
Post a Comment