ਸੰਸਦ ਵਿੱਚ ਇਸ ਹਫਤੇ ਦੀ ਕਾਰਵਾਈ


ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਭਾਰਤ ਨੂੰ ਨਵੀਆਂ ਸਿਖਰਾਂ ‘ਤੇ ਲੈ ਜਾਵੇਗੀ ਅਤੇ ਵਨ ਨੇਸ਼ਨ-ਵਨ ਇਲੈਕਸ਼ਨ ਦੀ ਧਾਰਨਾ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਨੇ ਵਿਰੋਧੀ ਧਿਰ ਅੱਗੇ ਵੀ ਸਹਿਯੋਗ ਦੀ ਅਪੀਲ ਕੀਤੀ। ਉਹ ਦੋਨਾਂ ਸਦਨਾਂ ਦੀ ਸਾਂਝੀ ਬੈਠਕ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਭਾਸ਼ਣ ਦੇ ਧੰਨਵਾਦ ਮਤੇ ਉੱਤੇ ਲੋਕ ਸਭਾ ਵਿੱਚ ਬਹਿਸ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਸੰਸਦ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਰੋਧੀ ਧਿਰ ਅੱਗੇ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਪਣੀ ਤਰੱਕੀ ਅਤੇ ਖੁਸ਼ਹਾਲੀ ਯਕੀਨੀ ਬਣਾਉਣ ਲਈ ਅੱਗੇ ਵਧਣ ਦਾ ਕੋਈ ਵੀ ਮੌਕਾ ਗੁਆਉਣਾ ਨਹੀਂ ਚਾਹੀਦਾ। ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ ਸਰਕਾਰ ਅਤੇ ਵਿਰੋਧੀ ਪੱਖ ਦੋਵੇਂ ਮਿਲ ਕੇ ਦੇਸ਼ ਦੇ ਸਾਹਮਣੇ ਮੌਜੂਦ ਸਾਰੀਆਂ ਚੁਣੌਤੀਆਂ ਦਾ ਟਾਕਰਾ ਕਰ ਸਕਦੇ ਹਨ। ਉਨ੍ਹਾਂ ਨੇ ਇੱਕ ਮਜ਼ਬੂਤ, ਸੁਰੱਖਿਅਤ ਅਤੇ ਸਮਾਵੇਸ਼ੀ ਭਾਰਤ ਬਣਾਉਣ ਦਾ ਐਲਾਨ ਕੀਤਾ। ਭ੍ਰਿਸ਼ਟਾਚਾਰ, ਕਿਸਾਨਾਂ ਅਤੇ ਰੁਜ਼ਗਾਰ ਵਰਗੇ ਅਨੇਕਾਂ ਮੁੱਦਿਆਂ ਉੱਤੇ ਉਨ੍ਹਾਂ ਜ਼ੋਰ ਦਿੰਦੇ ਹੋਏ ਕਿਹਾ ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ ਦੇ ਲਈ ਕੋਈ ਥਾਂ ਨਹੀਂ ਹੈ ਅਤੇ ਉਨ੍ਹਾਂ ਦੀ ਸਰਕਾਰ ਇਸ ਦੇ ਖਿਲਾਫ਼ ਲੜਾਈ ਜਾਰੀ ਰੱਖੇਗੀ। ਦੇਸ਼ ਵਿੱਚ ਪਾਣੀ ਸੰਕਟ ਦਾ ਜ਼ਿਕਰ ਕਰਦੇ ਹੋਇਆਂ ਉਨ੍ਹਾਂ ਕਿਹਾ ਕਿ ਹਰ ਘਰ ਨੂੰ ਪਾਣੀ ਉਪਲੱਬਧ ਕਰਾਉਣਾ ਉਨ੍ਹਾਂ ਦੀ ਸਰਕਾਰ ਦਾ ਮੁੱਖ ਮੰਤਵ ਹੈ।

ਰਾਜ ਸਭਾ ਵਿੱਚ ਬਹਿਸ ਦਾ ਜਵਾਬ ਦਿੰਦੇ ਹੋਇਆਂ ਸ਼੍ਰੀ ਮੋਦੀ ਨੇ ਕਿਹਾ ਕਿ ਚੋਣ ਸੁਧਾਰ ਦੇਸ਼ ਲਈ ਮਹੱਤਵਪੂਰਣ ਹੈ ਅਤੇ ਨਿਊ ਇੰਡੀਆ ਬਣਾਉਣ ਦੇ ਵਿਚਾਰ ਉੱਤੇ ਉਨ੍ਹਾਂ ਨੇ ਸਾਂਸਦਾਂ ਨੂੰ ਚਿੰਤਨ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਨਾਗਰਿਕਾਂ ਦੇ ਲਈ ਆਸਾਨ ਜੀਵਿਕਾ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਪ੍ਰਤੀਬੱਧ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਇੱਕ ਨਵੇਂ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਗੁਜ਼ਾਰਿਸ਼ ਕੀਤੀ। ਉਨ੍ਹਾਂ ਨੇ ਭਾਰਤ ਨੂੰ ਪੰਜ ਟ੍ਰੀਲੀਅਨ ਡਾਲਰ ਦੀ ਅਰਥ-ਵਿਵਸਥਾ ਬਣਾਉਣ ਲਈ ਸਭ ਨੂੰ ਮਿਲ ਕੇ ਯਤਨ ਕਰਨ ਦੀ ਅਪੀਲ ਵੀ ਕੀਤੀ।

ਦੇਸ਼ ਵਿੱਚ ਇੱਕੋ ਵੇਲੇ ਚੋਣਾਂ ਕਰਾਉਣ ਦੇ ਮਤੇ ਸਮੇਤ ਭਾਜਪਾ ਦੀ ਨਿਊ ਇੰਡੀਆ ਦੀ ਧਾਰਨਾ ਦਾ ਮਜ਼ਾਕ ਉਡਾਉਣ ਲਈ ਸ਼੍ਰੀ ਮੋਦੀ ਨੇ ਵਿਰੋਧੀ ਧਿਰ ਉੱਤੇ ਨਿਸ਼ਾਨਾ ਸਾਧਿਆ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ, ਗੁਲਾਮ ਨਬੀ ਆਜ਼ਾਦ ਦੀ ਟਿੱਪਣੀ ਉੱਤੇ ਕਿ ਉਨ੍ਹਾਂ ਨੇ ਇੱਕ ਬਿਹਤਰ ਪੁਰਾਣੇ ਭਾਰਤ ਨੂੰ ਤਰਜੀਹ ਦਿੱਤੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਪੁਰਾਣਾ ਭਾਰਤ ਚਾਹੁੰਦੀ ਹੈ ਜਿੱਥੇ ਮੰਤਰੀ ਮੰਡਲ ਦੇ ਫੈਸਲੇ ਪ੍ਰੈੱਸ ਕਾਨਫਰੰਸ ਵਿੱਚ ਫਾੜ ਦਿੱਤੇ ਗਏ ਸਨ ਅਤੇ ਨੌ-ਸੈਨਾ ਦੇ ਜਹਾਜ਼ਾਂ ਦਾ ਇਸਤੇਮਾਲ ਨਿੱਜੀ ਯਾਤਰਾਵਾਂ ਲਈ ਕੀਤਾ ਗਿਆ ਸੀ। ਸ਼੍ਰੀ ਮੋਦੀ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੇ ਇਸਤੇਮਾਲ ਦਾ ਬਚਾਅ ਕੀਤਾ ਅਤੇ ਮਸ਼ੀਨਾਂ ਉੱਤੇ ਸ਼ੱਕ ਜਤਾਉਣ ਲਈ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਕਰਾਰਾ ਜਵਾਬ ਦਿੱਤਾ।

ਲੋਕ ਸਭਾ ਨੇ ਵਿਸ਼ੇਸ਼ ਆਰਥਿਕ ਖੇਤਰ ਸੋਧ ਬਿੱਲ, 2019 ਪਾਸ ਕੀਤਾ ਜੋ ਟਰੱਸਟਾਂ ਅਤੇ ਹੋਰ ਸੰਸਥਾਵਾਂ ਨੂੰ ਐੱਸ.ਈ.ਜ਼ੈੱਡ. ਵਿੱਚ ਆਪਣੀਆਂ ਇਕਾਈਆਂ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੰਦਾ ਹੈ। ਕਾਨੂੰਨ ਮੰਤਰੀ ਸ਼੍ਰੀ ਰਵੀਸ਼ੰਕਰ ਪ੍ਰਸਾਦ ਨੇ ਆਧਾਰ ਅਤੇ ਹੋਰ ਕਾਨੂੰਨ (ਸੋਧ) ਬਿੱਲ, 2019 ਪੇਸ਼ ਕੀਤਾ। ਬਿੱਲ ਇਸ ਸਾਲ ਮਾਰਚ ਵਿੱਚ ਜਾਰੀ ਇੱਕ ਅਧਿਆਦੇਸ਼ ਦੀ ਜਗ੍ਹਾ ਲਵੇਗਾ, ਜਿਸ ਵਿੱਚ ਮਾਪਦੰਡਾਂ ਦੀ ਉਲੰਘਣਾ ਕਰਨ ਤੇ ਕਠੋਰ ਸਜ਼ਾ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਇਹ 18 ਸਾਲ ਦੀ ਉਮਰ ਵਿੱਚ ਬੱਚਿਆਂ ਨੂੰ ਬਾਇਓਮੈਟ੍ਰਿਕ ਪਛਾਣ ਪ੍ਰੋਗਰਾਮ ਵਿੱਚੋਂ ਬਾਹਰ ਨਿਕਲਣ ਦਾ ਵਿਕਲਪ ਦੇਣ ਦਾ ਵੀ ਪ੍ਰਸਤਾਵ ਕਰਦਾ ਹੈ।

ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਜੰਮੂ ਅਤੇ ਕਸ਼ਮੀਰ ਰਾਖਵਾਂਕਰਨ (ਸੋਧ) ਬਿੱਲ 2019 ਪੇਸ਼ ਕੀਤਾ, ਜੋ ਜੰਮੂ ਅਤੇ ਕਸ਼ਮੀਰ ਰਾਖਵਾਂਕਰਨ ਕਾਨੂੰ, 2004 ਵਿੱਚ ਹੋਰ ਸੋਧ ਕਰਨਾ ਚਾਹੁੰਦਾ ਹੈ। ਇਹ ਬਿੱਲ ਜੰਮੂ ਦੀ ਅੰਤਰਰਾਸ਼ਟਰੀ ਸਰਹੱਦ ਦੇ 10 ਕਿਲੋਮੀਟਰ ਦੇ ਦਾਇਰੇ ਅੰਦਰ ਰਹਿਣ ਵਾਲੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਅਤੇ ਸਿੱਖਿਅਕ ਸੰਸਥਾਵਾਂ ਵਿੱਚ ਰਾਖਵਾਂਕਰਨ ਦੇਣ ਦਾ ਪ੍ਰਸਤਾਵ ਕਰਦਾ ਹੈ।

ਵਿਦੇਸ਼ ਰਾਜ ਮੰਤਰੀ ਵੀ.ਮੁਰਲੀਧਰਨ ਨੇ ਲੋਕ ਸਭਾ ਵਿੱਚ ਇੱਕ ਮੈਂਬਰ ਨੂੰ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਸਰਕਾਰ ਨੇ ਲਗਾਤਾਰ ਸੀਮਾ ਪਾਰ ਅੱਤਵਾਦ ਦਾ ਮੁੱਦਾ ਚੁੱਕਿਆ ਹੈ ਅਤੇ ਦੁ-ਪੱਖੀ, ਖੇਤਰੀ ਅਤੇ ਅੰਤਰਰਾਸ਼ਟਰੀ ਮੰਚਾਂ ਤੇ ਅੱਤਵਾਦ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਉੱਤੇ ਜ਼ਿਆਦਾ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਕਾਰਨ ਹੀ ਅੰਤਰਰਾਸ਼ਟਰੀ ਪੱਧਰ ਉੱਤੇ ਕਾਰਜਸ਼ੀਲ ਦਹਿਸ਼ਤਗਰਦੀ ਗੁੱਟਾਂ ਅਤੇ ਵਿਅਕਤੀਗਤ ਪੱਧਰ ‘ਤੇ ਹੋਣ ਵਾਲੀਆਂ ਦਹਿਸ਼ਤਗਰਦੀ ਗਤੀਵਿਧੀਆਂ ਸਮੇਤ ਪਾਕਿਸਤਾਨ ਤੋਂ ਸਿਰ ਚੁੱਕਣ ਵਾਲੇ ਅੱਤਵਾਦ ਨੂੰ ਲੈ ਕੇ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਚਿੰਤਾ ਵਧੀ ਹੈ। ਮੰਤਰੀ ਨੇ ਕਿਹਾ ਕਿ ਸਾਰੇ ਦੇਸ਼ਾਂ ਨੇ ਪਾਕਿਸਤਾਨ ਨੂੰ ਆਪਣੇ ਖੇਤਰ ਨੂੰ ਅੱਤਵਾਦ ਲਈ ਕਿਸੇ ਵੀ ਤਰ੍ਹਾਂ ਇਸਤੇਮਾਲ ਨਾ ਕਰਨ ਦੀ ਸਖ਼ਤ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਵਾਮਾ ਵਿੱਚ ਸੀਮਾ ਪਾਰ ਤੋਂ ਕੀਤੇ ਗਏ ਅੱਤਵਾਦੀ ਹਮਲੇ ਤੋਂ ਬਾਅਦ, ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਇਸ ਤਰ੍ਹਾਂ ਦੇ ਕਰੂਰ ਤੇ ਕਾਇਰਤਾਪੂਰਨ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਕਾਬਿਲੇਗੌਰ ਹੈ ਕਿ ਰਾਜ ਸਭਾ ਦੇ ਮੈਂਬਰਾਂ ਨੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਸਾਹਮਣੇ ਆਏ ਪਾਣੀ ਦੇ ਸੰਕਟ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਇੱਕ ਅਲਪ-ਮਿਆਦ ਦੀ ਚਰਚਾ ਦਾ ਜਵਾਬ ਦਿੰਦੇ ਹੋਇਆਂ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਭੂਮੀਗਤ ਪਾਣੀ ਪੱਧਰ ਦੀ ਹਿਫਾਜ਼ਤ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।ਸਕ੍ਰਿਪਟ: ਵੀ. ਮੋਹਨ ਰਾਓ, ਪੱਤਰਕਾਰ












Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ