ਬ੍ਰਿਟੇਨ ਦਾ ਨਵਾਂ ਪ੍ਰਧਾਨ ਮੰਤਰੀ : ਬ੍ਰੈਗਜ਼ਿਟ ਅਤੇ ਅਗਾਂਹ ਦੀ ਸਥਿਤੀ
2016 ਤੋਂ ਹੀ ਜਦੋਂ ਦਾ ਬ੍ਰੈਗਜ਼ਿਟ ਲੋਕਮਤ ਦੀ ਸ਼ੁਰੂਆਤ ਹੋਈ ਸੀ ਉਦੋਂ ਤੋਂ ਹੀ ਬਰਤਾਨੀਆ ਦੇ ਸਿਆਸੀ ਮਾਹੌਲ ‘ਚ ਉਥਲ-ਪੁਥਲ ਵੇਖਣ ਨੂੰ ਮਿਲੀ ਹੈ।ਥਰੇਸਾ ਮੇਅ ਵੱਲੋਂ ਬ੍ਰੈਗਜ਼ਿਟ ਨੂੰ ਅਗਾਂਹ ਲੈ ਕੇ ਜਾਣ ‘ਚ ਮਿਲੀ ਅਸਫਲਤਾ ਅਤੇ ਆਪਣੇ ਹੀ ਐਮ.ਪੀ. ਵੱਲੋਂ ਸਮਰਥਨ ਵਾਪਿਸ ਲੈਣ ਤੋਂ ਬਾਅਧ 4 ਜੁਲਾਈ ਨੂੰ ਅਸਤੀਫੇ ਦਾ ਐਲਾਨ ਕੀਤਾ ਗਿਆ। ਬੌਰਿਸ ਜੋਹਨਸਨ ਨੇ ਆਪਣੇ ਵਿਰੋਧੀ ਜੈਰਮੀ ਹੰਟ ਨੂੰ 40,000 ਤੋਂ ਵੀ ਵੱਧ ਵੋਟਾਂ ਨਾਲ ਮਾਤ ਦੇ ਕੇ ਪੀਐਮ ਦੇ ਅਹੁਦੇ ਲਈ ਖੁਦ ਨੂੰ ਪੇਸ਼ ਕੀਤਾ।ਇਸ ਸ਼ਾਨਦਾਰ ਜਿੱਤ ਤੋਂ ਬਾਅਦ ਸ੍ਰੀ ਜੋਹਨਸਨ ਨੇ ਕਿਹਾ ਕਿ ਉਨ੍ਹਾਂ ਦਾ ਸਭ ਤੋਂ ਪਹਿਲਾ ਕੰਮ ਇਹ ਹੋਵੇਗਾ ਕਿ ਉਹ 31 ਅਕਤੂਬਰ ਤੱਕ ਬ੍ਰੈਗਜ਼ਿਟ ਨੂੰ ਪੇਸ਼ ਕਰਨਗੇ ਅਤੇ ਨਾਲ ਹੀ ਦੇਸ਼ ਨੂੰ ਇੱਕਜੁੱਟ ਕਰਨਗੇ।ਉਨ੍ਹਾਂ ਨੇ ਆਪਣੇ ਭਾਸ਼ਨ ਦੌਰਾਨ ਜਿੱਥੇ ਪਾਰਟੀ ਮੈਂਬਰਾਂ ਦਾ ਧੰਨਵਾਦ ਕੀਤਾ ਉੱਥੇ ਨਾਲ ਹੀ ਉਨ੍ਹਾਂ ਨੇ ਵਿਰੋਧੀ ਧਿਰ ਦੇ ਆਗੂ ਜੈਰਮੀ ਕੌਰਬਿਨ ‘ਤੇ ਨਿਸ਼ਾਨਾ ਵੀ ਸਾਧਿਆ ।ਬ੍ਰੈਗਜ਼ਿਟ ਨੂੰ ਸਫਲ ਕਰ ਕੇ ਵਿਖਾਉਣ ਅਤੇ ਕੌਰਬਿਨ ਨੂੰ ਹਰਾਉਣ ਦੀ ਉਨ੍ਹਾਂ ਠਾਨ ਲਈ ਹੈ।
ਨਵੇਂ ਪ੍ਰਧਾਨ ਮੰਤਰੀ ਜੋਹਨਸਨ ਅੱਗੇ ਸਭ ਤੋਂ ਵੱਡੀ ਚੁਣੌਤੀ 27 ਯੂਰੋਪੀਅਨ ਯੂਨੀਅਨ ਦੇ ਆਗੂਆਂ ਨਾਲ ਬ੍ਰੈਗਜ਼ਿਟ ਮਾਮਲੇ ‘ਤੇ ਗੱਲਬਾਤ ਕਰਨਾ ਹੈ।ਇੱਕ ਪਾਸੇ ਉਨ੍ਹਾਂ ਨੇ ਸਮਝੌਤੇ ਅਤੇ ਬਿਨ੍ਹਾਂ ਸਮਝੌਤੇ ਕਿਸੇ ਵੀ ਸਥਿਤੀ ‘ਚ ਈ.ਯੂ. ਤੋਂ ਬਾਹਰ ਹੋਣ ਲਈ ਬਰਤਾਨੀਆ ਦੀ ਅਗਵਾਈ ਕਰਨ ਦਾ ਵਾਅਦਾ ਕੀਤਾ ਹੈ।ਉਨ੍ਹਾਂ ਨੇ ਵਿਸ਼ਵਾਸ ਜਤਾਇਆ ਹੈ ਕਿ ਉਹ ਈ.ਯੂ. ਨੂੰ ਬ੍ਰੈਗਜ਼ਿਟ ਮਾਮਲੇ ‘ਤੇ ਗੱਲਬਾਤ ਕਰਨ ਲਈ ਰਾਜ਼ੀ ਕਰ ਲੈਣਗੇ।ਦੂਜੇ ਪਾਸੇ ਲੱਗ ਰਿਹਾ ਹੈ ਕਿ ਉਹ ਇਸ ਕੰਮ ਨੂੰ ਸ਼ਾਇਦ ਨਾ ਕਰ ਪਾਉਣਗੇ।
ਦੂਜੇ ਪਾਸੇ ਯੂਰੌਪੀਅਨ ਯੂਨੀਅਨ ਨੇ ਮੁੜ ਦੁਹਰਾਇਆ ਹੈ ਕਿ ਥਰੇਸਾ ਮੇਅ ਨਾਲ ਸਮਝੌਤੇ ਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਅਸਫਲ ਹੋਣ ‘ਤੇ ਬ੍ਰਿਟੇਨ ਨੂੰ ਈ.ਯੂ. ਤੋਂ ਬਾਹਰ ਹੋ ਜਾਣਾ ਚਾਹੀਦਾ ਹੈ।
ਨਵੇਂ ਪੀਐਮ ਨੂੰ ਆਪਣੀ ਪਾਰਟੀ ਅਤੇ ਸੰਸਦ ‘ਚ ਕਈ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਵਧੇਰੇ ਤਰ ਸੰਸਦ ਮੈਂਬਰਾਂ ਵੱਲੋਂ ਈ.ਯੂ. ਨੂੰ ਬਿਨ੍ਹਾਂ ਸਮਝੌਤੇ ਦੇ ਛੱਡਣ ਦਾ ਵਿਰੋਧ ਕੀਤਾ ਜਾ ਰਿਹਾ ਹੈ।ਆਪਣੀ ਕੰਜ਼ਰਵਟਿਵ ਪਾਰਟੀ ‘ਚ ਪੀਐਮ ਜੋਹਨਸਨ ਨੂੰ ਨੋ ਡੀਲ ਬ੍ਰੈਗਜ਼ਿਟ ‘ਤੇ ਸਹਿਮਤੀ ਬਣਾਉਣ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਜੋਹਨਸਨ ਦੀ ਸਰਕਾਰ ਦੌਰਾਨ ਭਾਰਤ-ਬ੍ਰਿਟੇਨ ਸਬੰਧ ਦਿਲਚਸਪ ਢੰਗ ਨਾਲ ਵਿਕਸਿਤ ਹੋਣ ਦੀ ਉਮੀਦ ਹੈ।ਸ੍ਰੀ ਜੋਹਨਸਨ ਨੇ ਜਨਵਰੀ 2017 ‘ਚ ਬਤੌਰ ਬਰਤਾਨੀਆ ਦੇ ਵਿਦੇਸ਼ ਸਕੱਤਰ ਭਾਰਤ ਦਾ ਪਹਿਲਾ ਸਰਕਾਰੀ ਦੌਰਾ ਕੀਤਾ ਸੀ।ਉਸ ਸਮੇਂ ਉਨ੍ਹਾਂ ਨੇ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਨਾਲ ਇਕ ਮੁਕਤ ਵਪਾਰ ਇਕਰਾਰਨਾਮਾ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ।ਜੋ ਕਿ ਮਾਰਚ 2019 ‘ਚ ਬਰਤਾਨੀਆ ਦੇ ਈ.ਯੂ ਤੋਂ ਬਾਹਰ ਹੋਣ ‘ਤੇ ਲਾਗੂ ਕੀਤੇ ਜਾਣ ਦੀ ਉਮੀਦ ਸੀ।
ਹਾਲ ਹੀ ਦੇ ਸਮੇਂ ‘ਚ ਭਾਰਤੀ ਮੂਲ ਦੇ ਕੰਜ਼ਰਵੇਟਿਵ ਮੈਂਬਰਾਂ ਤੋਂ ਹਿਮਾਇਤ ਪ੍ਰਾਪਤ ਕਰਨ ਦੇ ਮਕਸਦ ਨਾਲ ਉਨ੍ਹਾਂ ਨੂੰ ਆਪਣੇ ਲਿਖੇ ਪੱਤਰ ‘ਚ ਜੋਹਨਸਨ ਨੇ ਕਿਹਾ ਸੀ ਕਿ ਬ੍ਰਿਟੇਨ-ਭਾਰਤ ਸਬੰਧ ਮਜ਼ਬੂਤ ਹੋ ਰਹੇ ਹਨ ਅਤੇ ਵੱਚਨਬੱਧ ਹਨ ਕਿ ਇੰਨ੍ਹਾਂ ਸਬੰਧਾਂ ਨੂੰ ਹੋਰ ਹੁਲਾਰਾ ਦਿੱਤਾ ਜਾਵੇਗਾ।ਵਪਾਰ, ਵਸਤਾਂ ਅਤੇ ਸੇਵਾਵਾਂ ਦਾ ਆਦਾਨ-ਪ੍ਰਦਾਨ ਵਧੇਰੇ ਕੀਤਾ ਜਾਵੇਗਾ।ਬਿਨ੍ਹਾਂ ਸ਼ੱਕ ਕਿਹਾ ਜਾ ਸਕਦਾ ਹੈ ਕਿ ਬ੍ਰਿਟੇਨ ਦੀ ਨਵੀਂ ਸਰਕਾਰ ਭਾਰਤ-ਬ੍ਰਿਟੇਨ ਸਬੰਧਾਂ ਨੂੰ ਸੁਧਾਰਨ ਲਈ ਤਿਆਰ ਹੈ। ਹਾਂਲਾਕਿ ਭਾਰਤ ਆਪਣੇ ਲੋਕਾਂ ਲਈ ਅਸਾਨ ਇਮੀਗ੍ਰੇਸ਼ਨ ਨੇਮਾਂ ਦੀ ਮੰਗ ਕਰਦਾ ਹੈ।ਪੀਐਮ ਜੋਹਨਸਨ ਨੇ ਹਾਲ ‘ਚ ਹੀ ਭਾਰਤੀ ਵਿਿਦਆਰਥੀਆਂ ਨੂੰ ਬ੍ਰਿਟੇਨ ਆਉਣ ਲਈ ਉਤਸ਼ਾਹਿਤ ਕਰਨ ਲਈ ਅਸਾਨ ਵੀਜ਼ਾ ਨੇਮਾਂ ਦੀ ਹਿਮਾਇਤ ਕੀਤੀ ਸੀ।
ਬਰਤਾਨੀਆ ਨੂੰ ਸਿਆਸੀ ਪੱਧਰ ‘ਤੇ ਵੰਡਣ ਵਾਲੀਆਂ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ।ਦੇਸ਼ ਦੇ ਸਰਬੋਤਮ ਹਿੱਤਾਂ ਲਈ ਲੋਕਾਂ ਦੀ ਸਮੂਲੀਅਤ ਬਹੁਤ ਜ਼ਰੂਰੀ ਹੈ।ਇਸ ਸਦੰਰਭ ‘ਚ ਸ੍ਰੀ ਜੋਹਨਸਨ ਨੇ ਪ੍ਰਤੀਬੱਧਤਾ ਵਿਖਾਈ ਹੈ ਕਿ ਉਹ ਦੇਸ਼ ‘ਚ ਸਿਆਸੀ ਸਥਿਰਤਾ ਦੇ ਨਾਲ ਨਾਲ ਸਮਾਜਕ ਸਥਿਰਤਾ ਨੂੰ ਵੀ ਉਤਸ਼ਾਹਿਤ ਕਰਨਗੇ।
ਆਉਣ ਵਾਲੇ ਕੁੱਝ ਮਹੀਨਿਆਂ ‘ਚ ਇਹ ਵੇਖਣਾ ਖਾਸ ਰਹੇਗਾ ਕਿ ਪੀਐਮ ਜੋਹਨਸਨ ਕਿਸ ਤਰ੍ਹਾਂ ਨਾਲ ਇਸ ਪੂਰੀ ਸਥਿਤੀ ‘ਤੇ ਕਾਬੂ ਪਾਉਂਦੇ ਹਨ।
Comments
Post a Comment