ਭਾਰਤ ਦੇ ਵਿਦੇਸ਼ ਮੰਤਰੀ ਦਾ ਬੰਗਲਾਦੇਸ਼ ਦਾ ਪਹਿਲਾ ਦੌਰਾ

ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ.ਐਸ.ਜੈਸ਼ੰਕਰ ਨੇ ਬੰਗਲਾਦੇਸ਼ ਦਾ ਆਪਣਾ ਪਹਿਲਾ ਦੌਰਾ ਕੀਤਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੰਗਲਾਦੇਸ਼ ਦੀ ਆਪਣੀ ਹਮਅਹੁਦਾ ਸ਼ੇਖ ਹਸੀਨਾ ਨੂੰ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਭਾਰਤ ਦੇ ਦੌਰੇ ਦਾ ਸੱਦਾ ਦਿੱਤਾ ਗਿਆ।ਦੋ ਗੁਆਂਢੀ ਮੁਲਕਾਂ ਦਰਮਿਆਨ ਦੁਵੱਲੇ ਸਬੰਧਾਂ ‘ਚ ਸੁਧਾਰ ਦੇ ਚੱਲਦਿਆਂ ਇਹ ਦੌਰਾ ਕੀਤਾ ਗਿਆ ਹੈ।

ਭਾਰਤੀ ਵਿਦੇਸ਼ ਮੰਤਰੀ ਦੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨਾਲ ਹੋਈ ਬੈਠਕ ਉਸਾਰੂ ਦੱਸੀ ਗਈ ਹੈ।ਉਨ੍ਹਾਂ ਨੇ ਪੀਐਮ ਮੋਦੀ ਅਤੇ ਪੀਐਮ ਹਸੀਨਾ ਦੀ ਅਕਤੂਬਰ ‘ਚ ਹੋਣ ਵਾਲੀ ਬੈਠਕ ਲਈ ਪਿੱਠਭੂਮੀ ਤਿਆਰ ਕੀਤੀ ਹੈ।

ਡਾ.ਜੈਸ਼ੰਕਰ ਨੇ ਪੀਐਮ ਮੋਦੀ ਵੱਲੋਂ ਬੰਗਲਾਦੇਸ਼ੀ ਪੀਐਮ ਲਈ ਦਿੱਤੇ ਸੱਦਾ ਪੱਤਰ ਨੂੰ ਸ੍ਰੀਮਤੀ ਹਸੀਨਾ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਹੋਈ ਬੈਠਕ ਦੌਰਾਨ ਸੌਂਪਿਆ।ਸ੍ਰੀਮਤੀ ਹਸੀਨਾ ਨੇ ਇਸ ਸੱਦਾ ਪੱਤਰ ਲਈ ਪੀਐਮ ਮੋਦੀ ਤਹਿ ਦਿਲੋਂ ਧੰਨਵਾਦ ਪੇਸ਼ ਕੀਤਾ।

ਭਾਰਤੀ ਪੀਐਮ ਮੋਦੀ ਨੇ ਕਿਹਾ ਕਿ ਨਵੀਂ ਦਿੱਲੀ ਅਕਤੂਬਰ ਮਹੀਨੇ ‘ਚ ਸ੍ਰੀਮਤੀ ਹਸੀਨਾ ਦੀ ਨਵੀਂ ਦਿੱਲੀ ਦੇ ਦੌਰੇ ਲਈ ਬਹੁਤ ਉਤਸਕ ਹੈ।ਡਾ.ਜੈਸ਼ੰਕਰ ਅਤੇ ਸ਼ੇਖ ਹਸੀਨਾ ਵਿਚਾਲੇ ਹੋਈ ਉਸਾਰੂ ਬੈਠਕ ਦੌਰਾਨ ਆਪਸੀ ਹਿੱਤਾਂ ਦੇ ਮਾਮਲਿਆਂ ਸਮੇਤ ਹੋਰ ਕਈ ਮੁੱਦਿਆਂ ਨੂੰ ਵਿਚਾਰਿਆ ਗਿਆ।

ਮੌਜੂਦਾ ਵਿਦੇਸ਼ ਮੰਤਰੀ ਜੋ ਕਿ ਸਾਬਕਾ ਕੂਟਨੀਤਕ ਰਹਿ ਚੁੱਕੇ ਹਨ, ਉਨ੍ਹਾਂ ਨੇ ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਯਾਤਰਾ ਬਤੌਰ ਭਾਰਤ ਦੇ ਵਿਦੇਸ਼ ਸਕੱਤਰ ਵੱਜੋਂ ਕੀਤੀ ਸੀ।
ਭਾਰਤ ਦੇ ਵਿਦੇਸ਼ ਮੰਤਰੀ ਵੱਜੋਂ ਇਹ ਉਨ੍ਹਾਂ ਦੀ ਬੰਗਲਾਦੇਸ਼ ਦੀ ਪਹਿਲੀ ਫੇਰੀ ਹੈ ਅਤੇ ਉਨ੍ਹਾਂ ਨੇ ਸਭ ਤੋਂ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ.ਕੇ. ਅਬਦੁੱਲ ਮੋਮਨ ਨਾਲ ਮੁਲਾਕਾਤ ਕਰਕੇ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ।ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਇਹ ਬੈਠਕ ਸਦਭਾਵਨਾ ਭਰੇ ਮਾਹੌਲ ‘ਚ ਮੁਕੰਮਲ ਹੋਈ।ਦੋਵਾਂ ਧਿਰਾਂ ਨੇ ਦੁਵੱਲੇ ਮੁੱਦਿਆਂ, ਸੁਰੱਖਿਆ ਅਤੇ ਰਣਨੀਤਕ ਹਿੱਤਾਂ ਦੇ ਮਸਲਿਆਂ ਨੂੰ ਵਿਚਾਰਿਆ।ਦੋਵੇਂ ਹੀ ਮੁਲਕ ਆਪਣੇ ਮੌਜੂਦਾ ਸਕਾਰਾਤਮਕ ਅਤੇ ਸਦਭਾਵਨਾ ਭਰਪੂਰ ਸਬੰਧਾਂ ਨੂੰ ਨਵੀਆਂ ਉੱਚਾਈਆਂ ‘ਤੇ ਲੈ ਜਾਣ ਦੇ ਇੱਛੁਕ ਹਨ।ਦੋਵਾਂ ਦੇਸ਼ਾਂ ਦੀ ਸੁਪਰੀਮ ਲੀਡਰਸ਼ਿਪ ਆਪਸੀ ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਦੀ ਵੀ ਚਾਹਵਾਨ ਹੈ।ਇਸ ਬੈਠਕ ਦੌਰਾਨ ਕੁੱਝ ਆਪਸੀ ਚਿੰਤਾਵਾਂ ਦੇ ਮੁੱਦਿਆਂ ਨੂੰ ਸਾਂਝਾ ਕੀਤਾ ਗਿਆ।

ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਜੋ ਸਬੰਧ ਹਨ , ਉਹ ਰਣਨੀਤਕ ਭਾਈਵਾਲੀ ਤੋਂ ਕਿਤੇ ਵੱਧ ਹਨ।ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਲਈ ਸਨਮਾਨ ਵਾਲੀ ਗੱਲ ਹੈ ਕਿ ਉਹ ਪਹਿਲਾਂ ਬਤੌਰ ਭਾਰਤੀ ਵਿਦੇਸ਼ ਸਕੱਤਰ ਅਤੇ ਹੁਣ ਭਾਰਤ ਦੇ ਵਿਦੇਸ਼ ਮੰਤਰੀ ਵੱਜੋਂ ਬੰਗਲਾਦੇਸ਼ ਨਾਲ ਸਬੰਧਾਂ ਨੂੰ ਸੁਖਾਵਾਂ ਬਣਾਉਣ ‘ਚ ਭਾਗੀਦਾਰ ਹਨ।
ਉਨ੍ਹਾਂ ਅੱਗੇ ਕਿਹਾ ਕਿ , “ ਸਾਡਾ ਮੰਨਣਾ ਹੈ ਕਿ ਜਦੋਂ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਅਪਰਾਧ, ਅੱਤਵਾਦ ਅਤੇ ਕੱਟੜਵਾਦ ਅਤੇ ਅੱਤਵਾਦੀ ਸਮੂਹਾਂ ਖ਼ਿਲਾਫ ਦੁਵੱਲੀ ਸਾਂਝੇਦਾਰੀ ਨੂੰ ਵਧੇਰੇ ਸੁਧਾਰਨ ਦੀ ਲੋੜ ਹੈ।ਜਿਸ ਦਾ ਕਿ ਦੋਵਾਂ ਮੁਲਕਾਂ ਦੀ ਅਵਾਮ ਨੂੰ ਲਾਭ ਹੋਵੇਗਾ।

ਮੀਡੀਆ ਨਾਲ ਰੂਬਰੂ ਹੁੰਦਿਆਂ ਡਾ.ਜੈਸ਼ੰਕਰ ਨੇ ਕਿਹਾ ਕਿ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਸ੍ਰੀ ਮੋਮਨ ਨਾਲ ਉਨ੍ਹਾਂ ਦੀ ਗੱਲਬਾਤ ਸਹੀ ਦਿਸ਼ਾ ‘ਚ ਰਹੀ ਹੈ।ਰੋਹਿੰਗੀਆ ਮਸਲੇ ‘ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਸ਼ਰਨਾਰਥੀਆਂ ਦੀ ਮਿਆਂਮਾਰ ਸੁਰੱਖਿਅਤ, ਤੇਜ਼ ਅਤੇ ਸਥਿਰ ਵਾਪਸੀ ਲਈ ਸਹਿਮਤੀ ਪ੍ਰਗਟ ਕੀਤੀ ਹੈ।
7 ਲੱਖ ਤੋਂ ਵੀ ਵੱਧ ਰੋਹਿੰਗਿਆ ਮਿਆਂਮਾਰ ਦੀ ਫੌਜ ਵੱਲੋਂ ਕੀਤੇ ਗਏ ਅੱਤਿਆਚਾਰ ਤੋਂ ਬਚਣ ਲਈ ਮਿਆਂਮਾਰ ਤੋਂ ਪ੍ਰਵਾਸ ਕਰ ਗਏ ਸਨ।ਸ਼ਰਨਾਰਥੀਆਂ ਦੀ ਵੱਡੀ ਗਿਣਤੀ ਇਸ ਸਮੇਂ ਬੰਗਲਾਦੇਸ਼ ‘ਚ ਮੌਜੂਦ ਹੈ।ਭਾਰਤ ਅਤੇ ਬੰਗਲਾਦੇਸ਼ ਇੰਨ੍ਹਾਂ ਸ਼ਰਨਾਰਥੀਆਂ ਦੀ ਮਿਆਂਮਾਰ ਜਲਦ ਵਾਪਸੀ ਲਈ ਯਤਨਸ਼ੀਲ ਹਨ।

ਡਾ.ਜੈਸ਼ੰਕਰ ਨੇ ਭਾਰਤ-ਬੰਗਲਾਦੇਸ਼ ਸੰਬੰਧਾਂ ਨੂੰ ਦੱਖਣੀ ਏਸ਼ੀਆ ਦੇ ਦੂਜੇ ਮੁਲਕਾਂ ਲਈ ਇਕ ਖਾਸ ਮਿਸਾਲ ਦੱਸਿਆ ਹੈ।ਸਾਲ 2014 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ‘ਚ ਆਉਣ ਤੋਂ ਬਾਅਦ ਉਨ੍ਹਾਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਸਦਕਾ ਦੋਵਾਂ ਮੁਲਕਾਂ ਵਿਚਾਲੇ ਦੇ ਸਬੰਧਾਂ ‘ਚ ਨਿਖਾਰ ਆਇਆ ਹੈ।

ਸਾਲ 2015 ਜੂਨ ‘ਚ ਪੀਐਮ ਮੋਦੀ ਦੀ ਬੰਗਲਾਦੇਸ਼ ਦੀ ਪਹਿਲੀ ਫੇਰੀ ਦੌਰਾਨ ਦੋਵਾਂ ਮੁਲਕਾਂ ਵਿਚਾਲੇ ਲੈਂਡ ਬਾਊਂਡਰੀ ਸਮਝੌਤਾ ਸਹੀਬੱਧ ਕੀਤਾ ਗਿਆ ਸੀ ਜੋ ਕਿ ਦੋਵਾਂ ਦੇਸ਼ਾਂ ਲਈ ਇਕ ਇਤਿਹਾਸਿਕ ਸਮਾਂ ਸੀ।ਦੱਸਣਯੋਗ ਹੈ ਕਿ ਇਸ ਸਮਝੌਤੇ ਨਾਲ 41 ਸਾਲ ਪੁਰਾਣੇ ਸਰਹੱਦੀ ਮਸਲੇ ਨੂੰ ਹੱਲ ਕੀਤਾ ਗਿਆ ਸੀ।

ਅਪ੍ਰੈਲ 2017 ‘ਚ ਜਦੋਂ ਪੀਐਮ ਹਸੀਨਾ ਵੱਲੋਂ ਨਵੀਂ ਦਿੱਲੀ ਦਾ ਦੌਰਾ ਕੀਤਾ ਗਿਆ ਤਾਂ ਰੱਖਿਆ, ਪ੍ਰਮਾਣੂ, ਊਰਜਾ, ਸਾਈਬਰ ਸੁਰੱਖਿਆ ਅਤੇ ਮੀਡੀਆ ਦੇ ਖੇਤਰ ਨਾਲ ਸੰਬੰਧਿਤ 22 ਸਮਝੌਤਿਆਂ ਨੂੰ ਸਹੀਬੱਧ ਕੀਤਾ ਗਿਆ।

ਭਾਰਤ ਨੇ ਬੰਗਲਾਦੇਸ਼ ‘ਚ 17 ਵਿਕਾਸ ਪ੍ਰਾਜੈਕਟਾਂ ਅਤੇ ਬੰਦਰਗਾਹਾਂ ਨੂੰ ਅਪਗ੍ਰੇਡ ਕਰਨ ਲਈ ਸਾਲ 2015 ‘ਚ 3 ਬਿਲੀਅਨ ਅਮਰੀਕੀ ਡਾਲਰ ਦੀ ਲਾਗਤ ਵਾਲੀ ਲਾਈਨ ਆਫ਼ ਕ੍ਰੈਡਿਟ ਅਤੇ ਸਾਲ 2017 ‘ਚ 4.5 ਬਿਲੀਅਨ ਡਾਲਰ ਦੀ ਲਾਗਤ ਵਾਲੀ ਲਾਈਨ ਆਫ਼ ਕ੍ਰੈਡਿਟ ‘ਚ ਵਾਧਾ ਕੀਤਾ।

ਇਸ ਸਾਲ ਵੀ ਜਦੋਂ ਸ੍ਰੀਮਤੀ ਹਸੀਨਾ ਵੱਲੋਂ ਭਾਰਤ ਦਾ ਦੌਰਾ ਕੀਤਾ ਜਾਵੇਗਾ ਤਾਂ ਇਹ ਬੰਗਲਾਦੇਸ਼ ਦੇ ਰਾਸ਼ਟਰ ਪਿਤਾਮਾ ਸ਼ੇਖ ਮੁਜੀਬੁਰ ਰਹਿਮਾਨ ਨੂੰ ਯਾਦ ਕਰਨ ਦਾ ਮੌਕਾ ਹੋਵੇਗਾ ਕਿਉਂਕਿ 2020 ‘ਚ ਉਨ੍ਹਾਂ ਦੀ 100ਵੀਂ ਜਯੰਤੀ ਮਨਾਈ ਜਾਵੇਗੀ।

ਬੰਗਲਾਦੇਸ਼ ਦੀ ਆਜ਼ਾਦੀ ‘ਚ ਭਾਰਤੀ ਫੌਜ ਦੀ ਭੂਮਿਕਾ ਵਰਣਨਯੋਗ ਰਹੀ ਹੈ।ਦੋਵੇਂ ਮੁਲਕ ਵਧੀਆ ਅਤੇ ਸੁਚਾਰੂ ਸਬੰਧਾਂ ਦਾ ਨਿੱਘ ਮਾਣ ਰਹੇ ਹਨ।ਭਾਰਤ ਦੱਖਣੀ ਏਸ਼ੀਆਈ ਖੇਤਰ ‘ਚ ਸ਼ਾਂਤੀ ਅਤੇ ਸਥਿਰਤਾ ਨੂੰ ਕਾਇਮ ਰੱਖਣ ਦੇ ਮਕਸਦ ਨਾਲ ਮਜ਼ਬੂਤ ਅਤੇ ਖੁਸ਼ਹਾਲ ਬੰਗਲਾਦੇਸ਼ ਦੀ ਕਾਮਨਾ ਕਰਦਾ ਹੈ।

ਸਕ੍ਰਿਪਟ:ਦੀਪਾਂਕਰ ਚੱਕਰਬਰਤੀ, ਵਿਸ਼ੇਸ਼ ਪ੍ਰਤੀਨਿਧੀ. ਦ ਸਟੇਟਸਮੈਨ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ