ਪਾਕਿਸਤਾਨ ਦੋਹਰੇ ਮਾਪਦੰਡਾਂ ਦੀ ਨੀਂਵ ‘ਤੇ ਖੜ੍ਹਾ
ਜੰਮੂ-ਕਸ਼ਮੀਰ ਦੇ ਮੁੱਦੇ ‘ਤੇ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ‘ਚ ਪਾਕਿਸਤਾਨ ਆਪ ਹੀ ਆਪਣੇ ਜਾਲ ‘ਚ ਫਸ ਗਿਆ ਹੈ।ਉਹ ਤਾਂ ਵਿਸ਼ਵ ਪੱਧਰ ‘ਤੇ ਭਾਰਤ ਦੇ ਅਕਸ ਨੂੰ ਢਾਹ ਲਗਾਉਣ ਦੇ ਯਤਨ ਕਰ ਰਿਹਾ ਸੀ ਪਰ ਹੋਇਆ ਇਸ ਦੇ ਉਲਟ।ਤਕਰੀਬਨ ਹਰ ਮੁਲਕ ਨੇ ਪਾਕਿਸਤਾਨ ਦੇ ਦਾਅਵੇ ਨੂੰ ਨਕਾਰਦਿਆਂ ਕਿਹਾ ਹੈ ਕਿ ਧਾਰਾ 370 ਨੂੰ ਮਨਸੂਖ ਕੀਤਾ ਜਾਣਾ ਭਾਰਤ ਦਾ ਅੰਦਰੂਨੀ ਮਸਲਾ ਹੈ ਅਤੇ ਕਿਸੇ ਵੀ ਬਾਹਰੀ ਤਾਕਤ ਦਾ ਇਸ ਦਖਲ ਦੇਣਾ ਸਹੀ ਨਹੀਂ ਹੈ।ਆਲਮੀ ਤਾਕਤਾਂ ਵੱਲੋਂ ਭਾਰਤ ਦੇ ਜੰਮੂ-ਕਸ਼ਮੀਰ ਦੇ ਖਾਸ ਰੁਤਬੇ ਨੂੰ ਰੱਦ ਕੀਤੇ ਜਾਣ ਦੇ ਫ਼ੈਸਲੇ ਨੂੰ ਸੰਵਿਧਾਨ ਅਨੁਸਾਰ ਕੀਤੀ ਗਈ ਕਾਰਵਾਈ ਵੀ ਕਰਾਰ ਦਿੱਤਾ ਗਿਆ ਹੈ, ਪਰ ਫਿਰ ਵੀ ਪਾਕਿਸਤਾਨ ਦੂਜੇ ਮੁਲਕਾਂ ਤੋਂ ਸਮਰਥਨ ਹਾਸਿਲ ਕਰਨ ਦੇ ਮਕਸਦ ਨਾਲ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।ਹਾਲਾਂਕਿ ਪਾਕਿਸਤਾਨ ਨੂੰ ਕਿਸੇ ਵੀ ਦੇਸ਼ ਵੱਲੋਂ ਕਸ਼ਮੀਰ ਮੁੱਦੇ ‘ਤੇ ਹਿਮਾਇਤ ਪ੍ਰਾਪਤ ਹੋਣਾ ਅਸੰਭਵ ਜਾਪ ਰਿਹਾ ਹੈ।
ਹਾਲ ‘ਚ ਹੀ ਆਪਣੀ ਇੱਕ ਟੀ.ਵੀ. ਇੰਟਰਵਿਊ ‘ਚ ਪਾਕਿ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੇ ਮੰਨਿਆ ਹੈ ਕਿ ਉਹ ਭਾਰਤ ਖ਼ਿਲਾਫ਼ ਰਵਾਇਤੀ ਜੰਗ ‘ਚ ਜਿੱਤ ਨਹੀਂ ਸਕਦੇ ਹਨ।ਉਨ੍ਹਾਂ ਨੇ ਪ੍ਰਮਾਣੂ ਖ਼ਤਰੇ ਨੂੰ ਵੀ ਮੁੜ ਦੁਹਰਾਇਆ ਅਤੇ ਨਾਲ ਹੀ ਕਸ਼ਮੀਰ ਮਸਲੇ ‘ਤੇ ਦੁਨੀਆ ਦੇ ਦੇਸ਼ਾਂ ਦਾ ਧਿਆਨ ਖਿੱਚਣ ਦੀ ਮੰਗ ਕੀਤੀ।ਜਨਾਬ ਖ਼ਾਨ ਨੇ ਵਿਸ਼ਵ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਭਾਰਤ ਦੇ ਪ੍ਰਮਾਣੂ ਹਥਿਆਰਾਂ ਵੱਲ ਧਿਆਨ ਨਾ ਦਿੱਤਾ ਤਾਂ ਪੂਰੀ ਦੁਨੀਆ ਇਸ ਦੇ ਗੰਭੀਰ ਨਤੀਜੇ ਭੁਗਤੇਗੀ ਅਤੇ ਇਸ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਆਪਣੀ ਹੋਵੇਗੀ।ਇਮਰਾਨ ਖ਼ਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਦੁਨੀਆਂ ਨੂੰ ਪਹਿਲਾਂ ਵੀ ਦੱਸਿਆ ਹੈ ਕਿ ਪਾਕਿਸਤਾਨ ਜੰਗ ਨਹੀਂ ਚਾਹੁੰਦਾ ਹੈ, ਪਰ ਜੇਕਰ ਉਸ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਨੂੰ ਕੋਈ ਵੀ ਖ਼ਤਰਾ ਹੋਵੇਗਾ ਤਾਂ ਉਹ ਬਣਦਾ ਕਦਮ ਜ਼ਰੂਰ ਚੁੱਕੇਗਾ।
ਉਨ੍ਹਾਂ ਇਹ ਵੀ ਮੰਨਿਆ ਕਿ ਇਸਲਾਮਾਬਾਦ ਲਈ ਅਗਲਾ ਮਹੀਨਾ ਬਹੁਤ ਹੀ ਮੁਸ਼ਕਲਾਂ ਭਰਿਆ ਹੈ ਕਿਉਂਕਿ ਅੰਤਰਰਾਸ਼ਟਰੀ ਅੱਤਵਾਦੀ ਵਿੱਤੀ ਸੰਸਥਾ, ਐਫ.ਏ.ਟੀ.ਐਫ. ਅਕਤੂਬਰ ਮਹੀਨੇ ਅੱਤਵਾਦ ਵਿਤੀ ਮਸਲੇ ‘ਚ ਪਾਕਿਸਤਾਨ ਨੂੰ ਕਾਲੀ ਸੂਚੀ ‘ਚ ਸ਼ਾਮਲ ਕਰਨ ਸਬੰਧੀ ਫ਼ੈਸਲਾ ਲਵੇਗੀ।ਇੰਟਰਵਿਊ ‘ਚ ਪਾਕਿ ਵਜ਼ੀਰ-ਏ-ਆਜ਼ਮ ਨੇ ਕਿਹਾ ਕਿ ਪੂਰਾ ਵਿਸ਼ਵ ਪਾਕਿਸਤਾਨ ਦੀ ਆਰਥਿਕਤਾ ਨੂੰ ਭੰਗ ਕਰਨ ਦੀ ਸਾਜ਼ਿਸ਼ ਕਰ ਰਿਹਾ ਹੈ।ਉਨ੍ਹਾਂ ਨੇ ਭਾਰਤ ਨਾਲ ਗੱਲਬਾਤ ਸ਼ੁਰੂ ਕਰਨ ਦੇ ਆਪਣੇ ਯਤਨਾਂ ਬਾਰੇ ਵੀ ਦੱਸਿਆ।ਪਰ ਇਹ ਸਭ ਹਕੀਕਤ ਤੋਂ ਬਹੁਤ ਦੂਰ ਹੈ।ਜਨਵਰੀ 2016 ‘ਚ ਪਠਾਨਕੋਟ ਏਅਰ ਬੇਸ ‘ਚ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਾਫ਼ ਸ਼ਬਦਾਂ ‘ਚ ਕਿਹਾ ਗਿਆ ਹੈ ਕਿ ‘ਅੱਤਵਾਦ ਅਤੇ ਗੱਲਬਾਤ’ ਇਕ ਹੀ ਲੀਹ ‘ਤੇ ਨਹੀਂ ਚੱਲ ਸਕਦੇ ਹਨ।ਇੱਥੋਂ ਤੱਕ ਨਵੀਂ ਦਿੱਲੀ ਨੇ ਪਾਕਿਸਤਾਨ ਨੂੰ ਕਈ ਵਾਰ ਸੁਧਰਨ ਦਾ ਮੌਕਾ ਵੀ ਦਿੱਤਾ ਤਾਂ ਜੋ ਮਤਭੇਦਾਂ ਅਤੇ ਮਸਲਿਆਂ ਨੂੰ ਹੱਲ ਕਰਕੇ ਸ਼ਾਂਤੀ ਸਥਾਪਿਤ ਕੀਤੀ ਜਾ ਸਕੇ।ਭਾਰਤ ਨੇ ਜਿੰਨੀ ਵਾਰ ਵੀ ਦੋਸਤੀ ਦਾ ਹੱਥ ਵਧਾਇਆ ਪਾਕਿਸਤਾਨ ਵੱਲੋਂ ਕੰਢੇ ਹੀ ਚੁਬੇ।ਪਾਕਿਸਤਾਨ ਵੱਲੋਂ ਹੁਣ ਇਸ ਤਰ੍ਹਾਂ ਦੀ ਕੀਤੀ ਜਾ ਰਹੀ ਬਿਆਨਬਾਜ਼ੀ ਮਹਿਜ ਇੱਕ ਵਿਖਾਵਾ ਹੈ।
ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਬਿਲਕੁੱਲ ਅਲਗ-ਥਲਗ ਪੈ ਗਿਆ ਹੈ।ਇਸ ਪਿੱਛੇ ਇਸਲਾਮਾਬਾਦ ਦੀਆਂ ਖੁਦ ਦੀਆਂ ਹੀ ਚਾਲਾਂ ਹਨ ਜੋ ਕਿ ਪੁੱਠੀਆਂ ਪੈ ਗਈਆਂ।ਮਿਆਂ ਖ਼ਾਨ ਨੇ ਇਹ ਵੀ ਕਿਹਾ ਕਿ ਤਕਰੀਬਨ ਪਿਛਲੇ ਤਿੰਨ ਦਹਾਕਿਆਂ ਤੋਂ ਵੱਖ-ਵੱਖ ਅੱਤਵਾਦੀ ਸਮੂਹਾਂ ਨੂੰ ਭਾਰਤ ‘ਚ ਪੈਂਦੇ ਜੰਮੂ-ਕਸ਼ਮੀਰ ਦੇ ਖੇਤਰ ‘ਚ ਅਸ਼ਾਂਤੀ ਅਤੇ ਹਿੰਸਾ ਦਾ ਪ੍ਰਸਾਰ ਕਰਨ ਲਈ ਸਿਖਲਾਈ ਅਤੇ ਵਿੱਤੀ ਮਦਦ ਮਹੱਈਆ ਕਰਵਾਈ ਝਾਂਦੀ ਰਹੀ ਹੈ।ਪਾਕਿਸਤਾਨ ਵੱਲੋਂ ਸਰਹੱਦ ਪਾਰ ਤੋਂ ਅੱਤਵਾਦੀ ਕਾਰਵਾਈਆਂ ਦੇ ਸਦਕਾ ਹਜ਼ਾਰਾਂ ਹੀ ਮਾਸੂਮ ਅਤੇ ਨਿਰਦੋਸ਼ ਭਾਰਤੀਆਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ।ਅੱਜ ਪਾਕਿਸਤਾਨ ਆਪਣੀਆਂ ਨਾਕਾਮ ਕੋਸ਼ਿਸ਼ਾਂ ਦੀ ਦੁਹਾਈ ਨਹੀਂ ਪਾ ਸਕਦਾ।
ਇਸ ਇੰਟਰਵਿਊ ਦੌਰਾਨ ਇਮਰਾਨ ਖ਼ਾਨ ਨੂੰ ਚੀਨ ਦੇ ਸ਼ਿਨਜਿਆਂਗ ਪ੍ਰਾਂਤ ਦੇ ਵਿਗਰ ਮੁਸਲਿਮ ਭਾਈਚਾਰੇ ਦੇ ਸਵਾਲਾਂ ਦਾ ਵੀ ਸਾਹਮਣਾ ਕਰਨਾ ਪਿਆ।ਵਿਸ਼ਵ ਵੀਗਰ ਕਾਂਗਰਸ ਨੇ ਪਾਕਿਸਤਾਨੀ ਪੀਐਮ ਦੇ ਦੋਹਰੇ ਮਾਪਦੰਡਾ ‘ਤੇ ਰੋਸ ਪ੍ਰਗਟ ਕੀਤਾ।ਇਸ ਦੇ ਨਾਲ ਹੀ ਵੀਗਰ ਮੁਸਲਿਮ ਭਾਈਚਾਰੇ ਦੇ ਲੋਕਾਂ ‘ਤੇ ਹੋ ਰਹੇ ਤਸ਼ਦੱਦ ਦੇ ਮੁੱਦੇ ‘ਤੇ ਪਾਕਿਸਤਾਨ ਵੱਲੋਂ ਚੁੱਪ ਧਾਰਨ ਕਰਨ ਅਤੇ ਬੀਜਿੰਗ ਦੀ ਇਸ ਭਾਈਚਾਰੇ ਸਬੰਧੀ ਨੀਤੀ ਨੂੰ ਸਮਰਥਨ ਦੇਣ ‘ਤੇ ਇਸ ਪੂਰੀ ਸਥਿਤੀ ਨੂੰ ਗਲਤ ਕਿਹਾ ਹੈ।
ਜਨੇਵਾ ‘ਚ ਅੰਤਰਰਾਸ਼ਟਰੀ ਪੱਤਰਕਾਰਾਂ ਦੇ ਸੰਗਠਨ ਦੇ ਪ੍ਰਧਾਨ ਡੋਲਕਨ ਇਸਾ ਨੇ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਅੰਤਰਰਾਸ਼ਟਰੀ ਪੱਤਰਕਾਰਾਂ ਨੇ ਜਨਾਬ ਖ਼ਾਨ ਤੋਂ ਵੀਗਰ ਮਸਲੇ ਸਬੰਧੀ ਪੁੱਛਿਆ ਸੀ, ਪਰ ਉਨ੍ਹਾਂ ਨੇ ਕਿਹਾ ਸੀ ਕਿ ਉਹ ਇਸ ਬਾਰੇ ਮੁੱਝ ਨਹੀਂ ਜਾਣਦੇ ਅਤੇ ਨਾ ਹੀ ਉਨ੍ਹਾਂ ਨੂੰ ਇਸ ਸਬੰਧੀ ਜਾਣੂ ਕਰਵਾਇਆ ਗਿਆ ਹੈ।ਪਾਕਿ ਵਜ਼ੀਰ-ਏ-ਆਜ਼ਮ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਕਿ ਚੀਨੀ ਹਕੂਮਤ ਵੀਗਰ ਮੁਸਲਿਮਾਂ ਨਾਲ ਕਿਸ ਤਰ੍ਹਾਂ ਦਾ ਵਤੀਰਾ ਕਰ ਰਹੀ ਹੈ, ਪਰ ਉਹ ਇਸ ਮੁੱਦੇ ‘ਤੇ ਕੁੱਝ ਵੀ ਨਹੀਂ ਬੋਲਣਾ ਚਾਹੁੰਦੇ।
ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਧ ਉਲੰਘਣਾ ਕਰਨ ਵਾਲਾ ਮੁਲਕ ਹੈ ਅਤੇ ਚੀਨ ਕੌਮਾਂਤਰੀ ਪੱਧਰ ‘ਤੇ ਇਸ ਹਕੀਕਤ ‘ਤੇ ਪਰਦਾ ਪਾ ਰਿਹਾ ਹੈ।ਸ੍ਰੀ ਇਸਾ ਨੇ ਕਿਹਾ ਕਿ ਇਮਰਾਨ ਖ਼ਾਨ ਹਰ ਸਮੇਂ ਕਸ਼ਮੀਰ ਮੁੱਦੇ ਦਾ ਰਾਗ ਅਲਾਪਦੇ ਰਹਿੰਦੇ ਹਨ, ਪਰ ਜਦੋਂ ਵੀਗਰ ਮੁਸਲਮਾਨਾਂ ਦੀ ਗੱਲ ਆਉਂਦੀ ਹੈ ਤਾਂ ਉਹ ਆਪਣੇ ਕੰਨ ਅਤੇ ਅੱਖਾਂ ਦੋਵੇਂ ਹੀ ਬੰਦ ਕਰ ਲੈਂਦੇ ਹਨ ਅਤੇ ਚੀਨ ਨੀਤੀ ਦੀ ਹਿਮਾਇਤ ਕਰਦੇ ਹਨ।ਇਹ ਇਕ ਸ਼ਰਮਨਾਕ ਅਤੇ ਦੋਹਰੇ ਮਾਪਦੰਡਾਂ ਵਾਲੀ ਸਥਿਤੀ ਹੈ।
ਜਨਾਬ ਖ਼ਾਨ ਜੋ ਕਿ ਆਪਣੇ ਆਪ ਨੂੰ ਕਸ਼ਮੀਰ ਦੇ ਲੋਕਾਂ ਦਾ ਹਮਦਰਦ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਬਲੋਚੀਸਤਾਨ ਦੇ ਲੋਕਾਂ ਦੇ ਗੁੱਸੇ ਦੇ ਵੀ ਭੋਗੀ ਬਣੇ।ਪਿਛਲੇ ਹੀ ਹਫ਼ਤੇ ਜਨੇਵਾ ਵਿਖੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਦੇ ਸੈਸ਼ਨ ਦੌਰਾਨ ਬਲੋਚ ਆਗੂਆਂ ਨੇ ਇਮਰਾਨ ਖ਼ਾਨ ਹਕੂਮਤ ਖਿਲਾਫ ਰੋਸ ਪ੍ਰਦਰਸ਼ਨ ਕੀਤਾ।ਬਲੋਚਿਸਤਾਨ ਦੀ ਇੱਕ ਕਾਰਕੁੰਨ ਮਹਿਰਮ ਮੈਰੀ ਨੇ ਕਿਹਾ ਕਿ ਪਾਕਿਸਤਾਨ ਇਸ ਖੇਤਰ ‘ਚ ਨਸਲਕੁਸ਼ੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ ਅਤੇ ਦੂਜੇ ਪਾਸੇ ਕਸ਼ਮੀਰ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਢੰਡੋਰਾ ਪਿੱਟ ਕੇ ਕੌਮਾਂਤਰੀ ਪੱਧਰ ‘ਤੇ ਭਾਰਤ ਨੂੰ ਨਿਸ਼ਾਨੇ ‘ਤੇ ਲੈ ਰਿਹਾ ਹੈ।ਇਹ ਤਾਂ ਉਹੀ ਗੱਲ ਹੋਈ ਕਿ ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਵੱਜਦਾ।
ਅੰਤ ‘ਚ ਕਹਿ ਸਕਦੇ ਹਾਂ ਕਿ ਪਾਕਿਸਤਾਨ ਆਪਣੀਆਂ ਗਲਤ ਹਰਕਤਾਂ ਅਤੇ ਚਾਲਾਂ ਸਦਕਾ ਮੁਸੀਬਤਾਂ ਨੂੰ ਆਪ ਹੀ ਸੁਹੇੜ ਰਿਹਾ ਹੈ ਅਤੇ ਦੋਹਰੇ ਬਿਆਨਾਂ ਰਾਹੀਂ ਆਪ ਹੀ ਝੂਠ ਦੀ ਦਲਦਲ ‘ਚ ਧੱਸਦਾ ਜਾ ਰਿਹਾ ਹੈ।
ਸਕ੍ਰਿਪਟ: ਕੌਸ਼ਿਕ ਰਾਏ, ਏ.ਆਈ.ਆਰ. ਨਿਊਜ਼ ਵਿਸ਼ਲੇਸ਼ਕ
Comments
Post a Comment