ਭਾਰਤ-ਅਮਰੀਕਾ ਦੁਵੱਲੀ ਮਿਲਣੀ

ਕੂਟਨੀਤੀ ਦੇ ਖੇਤਰ ‘ਚ ਬਹੁਤ ਹੀ ਸੁਹਜ ਤਰੀਕੇ ਨਾਲ ਆਪਣੇ ਆਪ ਨੂੰ ਪੇਸ਼ ਕਰਨ ਦੀ ਜੋ ਖਾਸੀਅਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਖਸ਼ੀਅਤ ‘ਚ ਹੈ , ਅਜੋਕੇ ਸਮੇਂ ‘ਚ ਉਹ ਦੁਨੀਆ ਦੇ ਕਿਸੇ ਹੋਰ ਆਗੂ ‘ਚ ਨਹੀਂ ਹੈ।ਉਹ ਜਿੱਥੇ ਵੀ ਜਾਂਦੇ ਹਨ ਆਪਣੇ ਇਸ ਸੁਭਾਅ ਕਾਰਨ ਉੱਥੋਂ ਦੇ ਆਗੂਆਂ, ਕਾਨੂੰਨਘਾੜਿਆਂ ਅਤੇ ਲੋਕਾਂ ਦਾ ਮਨ ਜਿੱਤ ਲੈਂਦੇ ਹਨ ਅਤੇ ਉਨ੍ਹਾਂ ਨੂੰ ਭਾਰਤ ਦੇ ਨਜ਼ਦੀਕੀ ਭਾਈਵਾਲ ਹੋਣ ਦਾ ਅਹਿਸਾਸ ਕਰਵਾਉਂਦੇ ਹਨ।

ਪ੍ਰਧਾਨ ਮੰਤਰੀ ਦੀ ਇਹ ਯੋਗਤਾ ਹਾਲ ‘ਚ ਹੀ ਹਿਊਸਟਨ ਵਿਖੇ ਸਮਪਤ ਹੋਏ ਪ੍ਰੋਗਰਾਮ ‘ਚ ਵੇਖਣ ਨੂੰ ਮਿਲੀ।ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਸਿੱਧੀ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਹ ਸ੍ਰੀ ਟਰੰਪ ਨਾਲ 6 ਵਾਰ ਮਿਲ ਚੁੱਕੇ ਹਨ।ਇਸ ਪ੍ਰੋਗਰਾਮ ‘ਚ ਜਦੋਂ ਦੋਵੇਂ ਆਗੂ ਸ਼ਾਮਲ ਹੋਏ ਤਾਂ ਇਹ ਕਿਸੇ ਇਤਿਹਾਸਕ ਘਟਨਾ ਤੋਂ ਘੱਟ ਨਹੀਂ ਸੀ ਅਤੇ ਨਾਲ ਹੀ ਭਾਰਤ-ਅਮਰੀਕਾ ਸਬੰਧਾਂ ਦੀ ਸਾਂਝ ਨੂੰ ਪ੍ਰਦਰਸ਼ਿਤ ਕਰਨ ਵਾਲਾ ਸੀ।

ਨਿਊਯਾਰਕ ਵਿਖੇ ਬੀਤੇ ਸੋਮਵਾਰ ਨੂੰ ਪੀਐਮ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਤਾਜ਼ਾ ਮੁਲਾਕਾਤ ਕੀਤੀ ਅਤੇ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਸਾਲਾਨਾ ਬੈਠਕ ‘ਚ ਸ਼ਿਰਕਤ ਕੀਤੀ।ਬਹੁ-ਪੱਖੀ ਕੂਟਨੀਤੀ ਦੇ ਸਭ ਤੋਂ ਵੱਡੇ ਪੱਧਰ ‘ਤੇ ਭਾਰਤ-ਅਮਰੀਕਾ ਦੁਵੱਲੀ ਬੈਠਕ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।ਭਾਵੇਂ ਦੋਵਾਂ ਆਗੂਆਂ ਦਰਮਿਆਨ ਬਹੁਤ ਘੱਟ ਸਮੇਂ ਦੀ ਮਿਲਣੀ ਰਹੀ ਪਰ ਫਿਰ ਵੀ ਇਹ ਇੱਕ ਅਹਿਮ ਬੈਠਕ ਵੱਜੋਂ ਮੁਕੰਮਲ ਹੋਈ।

ਸ੍ਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਵਿਚਾਲੇ ਜੋ ਆਪਸੀ ਸਮਝ ਹੈ ਉਹ ਇਸ ਮੌਕੇ ਸਪਸ਼ੱਟ ਤੌਰ ‘ਤੇ ਵਿਖਾਈ ਦਿੱਤੀ।ਇਸ ਤੋਂ ਇਕ ਦਿਨ ਪਹਿਲਾਂ ਹੀ ਹਿਊਸਟਨ ਦੇ ਟੈਕਸਾਸ ਵਿਖੇ ਹਓਡੀ ਮੋਦੀ ਪ੍ਰੋਗਰਾਮ ‘ਚ ਵੀ ਪੂਰੀ ਦੁਨੀਆਂ ਨੇ ਦੋਵਾਂ ਆਗੂਆਂ ਵਿਚਲੇ ਦੋਸਤਾਨਾ ਵਿਵਹਾਰ ਨੂੰ ਵੇਖਿਆ।ਸੰਯੁਕਤ ਰਾਸ਼ਟਰ ਮਹਾਂਸਭਾ ਤੋਂ ਪਰੇ ਹੋਈ ਇਸ ਮੁਲਾਕਾਤ ਨੇ ਭਾਰਤੀ ਪੀਐਮ ਅਤੇ ਅਮਰੀਕੀ ਰਾਸ਼ਟਰਪਤੀ ਦਰਮਿਆਨ ਆਪਸੀ ਦੋਸਤੀ ਅਤੇ ਸਮਝ ਦੀ ਗਵਾਹੀ ਭਰੀ।ਰਾਸ਼ਟਰਪਤੀ ਟਰੰਪ ਨੇ ਪੀਐਮ ਮੋਦੀ ਦੀਆਂ ਪ੍ਰਾਪਤੀਆਂ ਅਤੇ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸਮਕਾਲੀ ਭਾਰਤ ‘ਚ ‘ਪਿਤਾ ਸਮਾਨ’ ਦਾ ਦਰਜਾ ਦਿੱਤਾ।

ਅੰਤਰਰਾਸ਼ਟਰੀ ਕੂਟਨੀਤੀ ਦੇ ਖੇਤਰ ‘ਚ ਕਿਸੇ ਵੀ ਆਗੂਆਂ ‘ਚ ਉਨ੍ਹਾਂ ਦੀ ਭੂਮਿਕਾ, ਆਪਸੀ ਸਮਝ ਅਤੇ ਦੋਸਤਾਨਾ ਸਬੰਧ ਬਹੁਤ ਅਹਿਮੀਅਤ ਰੱਖਦੇ ਹਨ।ਅਜਿਹੇ ‘ਚ ਦੁਵੱਲੇ ਸਬੰਧਾਂ ਨੂੰ ਵੀ ਮਜ਼ਬੂਤੀ ਮਿਲਦੀ ਹੈ ਅਤੇ ਦੋ ਮੁਲਕਾਂ ਦਰਮਿਆਨ ਸਹਿਯੋਗ ਨੂੰ ਵੀ ਹੁਲਾਰਾ ਮਿਲਦਾ ਹੈ।ਇਸ ਲਈ ਪੀਐਮ ਮੋਦੀ ਅਤੇ ਰਾਸ਼ਟਰਪਤੀ ਟਰੰਪ ਵਿਚਾਲੇ ਜੋ ਨਿੱਜੀ ਸੰਪਰਕ ਹੈ ਉਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਟਿੱਪਣੀਕਾਰਾਂ ਵੱਲੋਂ ਕੀਤੇ ਜਾ ਰਹੇ ਸਵਾਲਾਂ ਦੇ ਜਵਾਬ ‘ਚ ਰਾਸ਼ਟਰਪਤੀ ਟਰੰਪ ਨੇ ਸਪਸ਼ੱਟ ਤੌਰ ‘ਤੇ ਕਿਹਾ ਕਿ ਉਹ ਕਸ਼ਮੀਰ ਮੁੱਦੇ ‘ਤੇ ਦਖਲ ਦੇਣ ਤੋਂ ਗੁਰੇਜ਼ ਕਰਨਗੇ, ਭਾਵੇਂ ਇਸ ਲਈ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਉਨ੍ਹਾਂ ਨੂੰ ਵਾਰ-ਵਾਰ ਅਪੀਲ ਵੀ ਕਿਉਂ ਨਾ ਕਰਨ।ਦੂਜੇ ਪਾਸੇ ਮੀਡੀਆ ਦਾ ਇਕ ਹਿੱਸਾ ਇਸ ਗੱਲ ਨੂੰ ਚੁੱਕ ਰਿਹਾ ਹੈ ਕਿ ਰਾਸ਼ਟਰਪਤੀ ਟਰੰਪ ਨੇ ਘੱਟੋ-ਘੱਟ 6 ਵਾਰ ਇਹ ਸੰਕੇਤ ਦਿੱਤਾ ਸੀ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਪੈਦਾ ਕਰਨ ਵਾਲੇ ਕਸ਼ਮੀਰ ਮਸਲੇ ‘ਚ ਵਿਚੋਲਗੀ ਕਰਨ ਦੀ ਇੱਛਾ ਰੱਖਦੇ ਹਨ।ਪਰ ਮੀਡੀਆ ਦੀਆਂ ਖ਼ਬਰਾਂ ਅਤੇ ਟਿੱਪਣੀਕਾਰ ਇਸ ਤੱਥ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ਕਿ ਰਾਸ਼ਟਰਪਤੀ ਟਰੰਪ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਸੀ ਕਿ ਜੇਕਰ ਭਾਰਤ ਉਸ ਨੂੰ ਹਰੀ ਝੰਡੀ ਦਿੰਦਾ ਹੈ ਤਾਂ ਹੀ ਉਹ ਸਾਲਸੀ ਬਾਰੇ ਤਿਆਰ ਹੋਵੇਗਾ।

ਨਿਊਯਾਰਕ ਵਿਖੇ ਆਯੋਜਿਤ ਹੋਈ ਮੋਦੀ-ਟਰੰਪ ਬੈਠਕ ਇਸ ਲਈ ਵੀ ਖਾਸ ਰਹੀ ਕਿਉਂਕਿ ਦੋਵਾਂ ਆਗੂਆਂ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਜੋ ਵਪਾਰਕ ਮਤਭੇਦ ਚੱਲ ਰਹੇ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਹੱਲ ਕਰ ਲਿਆ ਜਾਵੇਗਾ ਅਤੇ ਇਕ ਨਵੇਂ ਵਪਾਰ ਸਮਝੌਤਾ ਦਾ ਐਲਾਨ ਵੀ ਕੀਤਾ ਜਾਵੇਗਾ।ਆਪਸੀ ਮਤਭੇਦਾਂ ਰਾਹੀਂ ਭਾਰਤ-ਅਮਰੀਕਾ ਵਿਚਾਲੇ ਮਜ਼ਬੂਤ ਕੂਟਨੀਤੀ ਦੀ ਸਥਿਤੀ ‘ਚ ਵਿਗਾੜ ਪੈਦਾ ਨਹੀਂ ਕਰਨ ਦਿੱਤਾ ਜਾਵੇਗਾ।

ਇਸ ਬੈਠਕ ਦਾ ਇਕ ਹੋਰ ਅਹਿਮ ਸਿੱਟਾ ਇਹ ਰਿਹਾ ਕਿ ਅਮਰੀਕਾ ਨੇ ਸਰਹੱਦ ਪਾਰ ਅੱਤਵਾਦ ਨਾਲ ਨਜਿੱਠਣ ਲਈ ਜੋ ਭਾਰਤੀ ਪੀਐਮ ਦੇ ਤਰੀਕੇ, ਪਹੁੰਚ ਅਤੇ ਯੋਗਤਾ ‘ਚ ਵਿਸ਼ਵਾਸ ਵਿਖਾਇਆ ਹੈ, ਉਸ ਨਾਲ ਅਮਰੀਕਾ ਅਤੇ ਭਾਰਤ ਵਿਚਾਲੇ ਜੋ ਭਰੋਸਾ ਹੈ ਉਸ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।

ਰਾਸ਼ਟਰਪਤੀ ਟਰੰਪ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਈ ਵਾਰ ਇਸ ਗੱਲ ਦਾ ਭਰੋਸਾ ਜਤਾਇਆ ਕਿ ਪੀਐਮ ਮੋਦੀ ਪਾਕਿਸਤਾਨ ਹਿਮਾਇਤ ਪ੍ਰਾਪਤ ਅੱਤਵਾਦ ਨਾਲ ਨਜਿੱਠਣ ਦੀ ਯੋਗਤਾ ਰੱਖਦੇ ਹਨ।ਇਸ ਭਰੋਸੇ ਦੇ ਡੂੰਗੇ ਅਰਥ ਹਨ, ਜਿਸ ਦਾ ਭਾਵ ਹੈ ਕਿ ਟਰੰਪ ਪ੍ਰਸ਼ਾਸਨ ਕਸ਼ਮੀਰ ਮੁੱਦੇ ‘ਚ ਮੋਦੀ ਸਰਕਾਰ ਦੇ ਕਿਸੇ ਵੀ ਕੰਮ ਦੇ ਵਿਰੋਧ ‘ਚ ਨਹੀਂ ਹੈ।ਜਿਸ ‘ਚ ਧਾਰਾ 370 ਨੂੰ ਮਨਸੂਖ ਕੀਤਾ ਜਾਣਾ ਵੀ ਸ਼ਾਮਲ ਹੈ।

ਮੌਜੂਦਾ ਸਥਿਤੀ ‘ਚ ਅਮਰੀਕਾ ਵੱਲੋਂ ਇਸ ਤੋਂ ਵੱਧ ਖੁੱਲੇ ਅਤੇ ਸਪਸ਼ੱਟ ਸਮਰਥਨ ਦੀ ਉਮੀਦ ਰੱਖਣਾ ਬੇਵਕੂਫ਼ੀ ਨਾਲੋਂ ਘੱਟ ਨਹੀਂ ਹੋਵੇਗਾ।ਅਫ਼ਗਾਨਿਸਤਾਨ ‘ਚ ਅਮਰੀਕੀ ਸੈਨਿਕਾਂ ਦੀ ਮੌਜੂਦਗੀ, ਤਾਲਿਬਾਨ ਵੱਲੋਂ ਹਿੰਸਕ ਵਾਰਦਾਤਾਂ ਨੂੰ ਜਾਰੀ ਰੱਖਣਾ ਅਤੇ ਅਫ਼ਗਾਨ ਸਮੱਸਿਆ ਦੇ ਹੱਲ ਲਈ ਪਾਕਿਸਤਾਨ ਦੇ ਸਹਿਯੋਗ ਦੀ ਲੋੜ ਦੇ ਬਾਵਜੂਦ ਵੀ ਰਾਸ਼ਟਰਪਤੀ ਟਰੰਪ ਨੇ ਕਸ਼ਮੀਰ ‘ਚ ਸ਼ਾਂਤੀ ਅਤੇ ਵਿਕਾਸ ਜਾਰੀ ਰੱਖਣ ਲਈ ਮੋਦੀ ਸਰਕਾਰ ਦੇ ਯਤਨਾਂ ਦਾ ਸਮਰਥਨ ਕੀਤਾ ਹੈ।

ਅੰਤ ‘ਚ ਕਹਿ ਸਕਦੇ ਹਾਂ ਕਿ ਮੋਦੀ-ਟਰੰਪ ਵਾਰਤਾ ਦਾ ਨਤੀਜਾ ਬਹੁਤ ਹੀ ਵਿਲੱਖਣ ਅਤੇ ਉਸਾਰੂ ਰਿਹਾ, ਜੋ ਕਿ ਪੀਐਮ ਮੋਦੀ ਦੀ ਕੂਟਨੀਤੀ ਦੀ ਜਿੱਤ ਨੂੰ ਦਰਸਾਉਂਦਾ ਹੈ।

ਸਕ੍ਰਿਪਟ: ਚਿੰਤਾਮਨੀ ਮਹਾਪਤਰਾ, ਪ੍ਰੋ. ਵਾਈਸ ਚਾਂਸਲਰ ਅਤੇ ਚੇਅਰਮੈਨ, ਅਮਰੀਕੀ ਅਧਿਐਨ ਕੇਂਦਰ, ਜੇ.ਐਨ.ਯੂ.

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ