ਰੱਖਿਆ ਮੰਤਰੀ ਵੱਲੋਂ ਜਾਪਾਨ ਦਾ ਦੌਰਾ, ਦੁਵੱਲੇ ਸਬੰਧਾਂ ਨੂੰ ਕਰੇਗਾ ਮਜ਼ਬੂਤੀ ਪ੍ਰਦਾਨ

ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ 2-3 ਸਤੰਬਰ ਨੂੰ ਜਾਪਾਨ ਦਾ ਦੁਵੱਲਾ ਦੌਰਾ ਕੀਤਾ ਗਿਆ ਅਤੇ ਬਾਅਧ ‘ਚ 5-6 ਸਤੰਬਰ ਨੂੰ ਉਹ ਗਣਤੰਤਰ ਕੋਰੀਆ ਲਈ ਰਵਾਨਾ ਹੋਏ।ਦੋਵੇਂ ਹੀ ਦੌਰੇ ਇੰਡੋ-ਪ੍ਰਸ਼ਾਂਤ ਖੇਤਰ ‘ਚ ਉਭਰ ਰਹੇ ਭੂ-ਰਣਨੀਤਕ ਸਥਿਤੀ ਦੇ ਮੱਦੇਨਜ਼ਰ ਬਹੁਤ ਮਹੱਤਵਪੂਰਨ ਹਨ।ਸ੍ਰੀ ਰਾਜਨਾਥ ਸਿੰਘ ਨੇ ਦੋਵਾਂ ਮੁਲਕਾਂ ਦੇ ਆਪਣੇ ਹਮਅਹੁਦਿਆਂ ਨਾਲ ਹਿੰਦ-ਪ੍ਰਸ਼ਾਂਤ ਖੇਤਰ ‘ਚ ਸ਼ਾਂਤੀ ਅਤੇ ਸਥਿਰਤਾ ਦੀ ਸੁਰੱਖਿਆ ਲਈ ਦੁਵੱਲੇ ਅਤੇ ਖੇਤਰੀ ਮਸਲਿਆਂ ਨੂੰ ਵਿਚਾਰਿਆ।ਉਨ੍ਹਾਂ ਦੀ ਬੈਠਕ ਸਾਰਥਕ ਦੱਸੀ ਗਈ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਲਾਨਾ ਰੱਖਿਆ ਮੰਤਰੀ ਮੰਡਲ ਸੰਵਾਦ ਦੀ ਸਹਿ ਪ੍ਰਧਾਨਗੀ ਵੀ ਕੀਤੀ।ਇਸ ਸੰਵਾਦ ਦਾ ਉਦੇਸ਼ ਭਾਰਤ-ਜਾਪਾਨ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਭਾਈਵਾਲੀ ਨੂੰ ਵਧੇਰੇ ਮਜ਼ਬੂਤ ਕਰਨਾ ਹੈ।ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਨੇ ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਰੱਖਿਆ ਅਤੇ ਸੁਰੱਖਿਆ ਸੰਬੰਧਾਂ ਨੂੰ ਵਧਾਉਣ ਲਈ ਵਿਆਪਕ ਵਿਚਾਰ ਵਟਾਂਦਰਾ ਕੀਤਾ।ਸ੍ਰੀ ਰਾਜਨਾਥ ਸਿੰਘ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਅਬੇ ਸ਼ਿੰਜੋ ਨਾਲ ਵੀ ਮੁਲਾਕਾਤ ਕੀਤੀ।ਰੱਖਿਆ ਸਬੰਧਾਂ ‘ਚ ਵੱਧ ਰਹੀ ਸ਼ਮੂਲੀਅਤ ਦੇ ਮੱਦੇਨਜ਼ਰ ਭਾਰਤ ਅਤੇ ਜਾਪਾਨ ਨੇ ਫ਼ੈਸਲਾ ਕੀਤਾ ਹੈ ਕਿ ਉਹ ਪ੍ਰਮੁੱਖ ਫੌਜੀ ਮੰਚਾਂ ਦੇ ਸਾਂਝੇ ਵਿਕਾਸ ਲਈ ਕੰਮ ਕਰਨਗੇ।

ਰੱਖਿਆ ਮੰਤਰੀ ਦੇ ਇਸ ਦੌਰੇ ਦੀ ਖਾਸ ਗੱਲ ਇਹ ਸੀ ਕਿ ਉਨ੍ਹਾਂ ਨੇ ਜਾਪਾਨ ਵੱਲੋਂ ਯੂ.ਐਸ- 2 ਹਵਾਈ ਜਹਾਜ਼ਾਂ ਦੀ ਭਾਰਤ ਨੂੰ ਸਪਲਾਈ ਕਰਨ ਦੇ ਲੰਮੇ ਸਮੇਂ ਤੋਂ ਲੰਬਿਤ ਪਏ ਮਸਲੇ ‘ਤੇ ਆਪਣੇ ਹਮਰੁਤਬਾ ਨਾਲ ਸਲਾਹ ਮਸ਼ਵਰਾ ਕੀਤਾ। ਕਹਿ ਸਕਦੇ ਹਾਂ ਕਿ ਦੁਵੱਲੇ ਰੱਖਿਆ ਸਹਿਯੋਗ ਦੇ ਸਾਰੇ ਤੱਥਾਂ ਦੀ ਸਮੀਖਿਆ ਕੀਤੀ ਗਈ।ਇਸ ਗੱਲਬਾਤ ਦੌਰਾਨ ਭਾਰਤ-ਪ੍ਰਸ਼ਾਂਤ ਖੇਤਰ ਦੀ ਸਮੁੱਚੀ ਸਥਿਤੀ ਨੂੰ ਵੀ ਵਿਚਾਰਿਆ ਗਿਆ।ਦਰਅਸਲ ਚੀਨ ਵੱਲੋਂ ਇਸ ਖੇਤਰ ‘ਚ ਆਪਣੀ ਫੌਜੀ ਮੌਜੂਦਗੀ ਨੂੰ ਵਧਾਇਆ ਜਾ ਰਿਹਾ ਹੈ।ਭਾਰਤ, ਜਾਪਾਨ ਅਤੇ ਅਮੀਰਕਾ  ਸਾਲਾਨਾ ਮਾਲਾਬਾਰ ਸਮੁੰਦਰੀ ਕਿਵਾਇਦ ਦਾ ਹਿੱਸਾ ਹਨ, ਜਿਸ ਦਾ ਉਦੇਸ਼ ਤਿੰਨ੍ਹਾਂ ਦੇਸ਼ਾਂ ਦੀ ਜਲ ਸੈਨਾਵਾਂ ਵਿਚਾਲੇ ਅੰਤਰ-ਕਾਰਜਸ਼ੀਲਤਾ ਨੂੰ ਵਧਾਉਣਾ ਹੈ।‘ਮਾਲਾਬਾਰ’ ਕਿਵਾਇਦ ਇਸ ਸਾਲ ਦੇ ਸਤੰਬਰ ਅੰਤ ‘ਚ ਸ਼ੁਰੂ ਹੋ ਕੇ ਅਖਤੂਬਰ ਦੇ ਸ਼ੁਰੂਆਤੀ ਦਿਨਾਂ ‘ਚ ਮੁਕੰਮਲ ਹੋਵੇਗੀ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਨੂੰ ਲੈ ਕੇ ਚੱਲ ਰਹੇ ਤਣਾਅ ਦੇ ਚੱਲਦਿਆਂ ਇਸ ਬੈਠਕ ਦੀ ਖਾਸ ਮਹੱਤਤਾ ਰਹੀ।ਸ੍ਰੀ ਰਾਜਨਾਥ ਸਿੰਘ ਨੇ ਕਸ਼ਮੀਰ ‘ਤੇ ਇਸਲਾਮਾਬਾਦ ਦੇ ‘ਭੈੜੇ ਮਨਸੂਬਿਆਂ’ ਤੋਂ ਜਾਪਾਨੀ ਆਗੂਆਂ ਨੂੰ ਜਾਣੂ ਕਰਵਾਇਆ।ਦੱਸਣਯੋਗ ਹੈ ਕਿ ਪਾਕਿਸਤਾਨ ਕਸ਼ਮੀਰ ਮਸਲੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਚੁੱਕਣ ਦਾ ਹਰ ਹੀਲਾ ਕਰਨ ‘ਚ ਜੁਟਿਆ ਹੋਇਆ ਹੈ।

ਭਾਰਤ ਇੰਡੋ-ਪ੍ਰਸ਼ਾਂਤ ਖੇਤਰ ‘ਚ ਮੁਕਤ ਨੇਵੀਗੇਸ਼ਨ ਦੇ ਮਾਮਲੇ ‘ਚ ਚੀਨ ‘ਤੇ ਰਣਨੀਤਕ ਦਬਾਅ ਜਾਰੀ ਰੱਖ ਰਿਹਾ ਹੈ।ਭਾਰਤ-ਜਾਪਾਨ ਬਿਆਨ ਉਸ ਸਮੇਂ ਆਇਆ ਹੈ ਜਦੋਂ ਨਵੀਂ ਦਿੱਲੀ ਨੇ ਬੀਜਿੰਗ ਵੱਲੋਂ ਵਿਵਾਦਿਤ ਦੱਖਣੀ ਚੀਨ ਸਾਗਰ ‘ਚ ਆਪਣੀ ਮੌਜੂਦਗੀ ਵਧਾਉਣ ਖਿਲਾਫ ਆਵਾਜ਼ ਬੁਲੰਦ ਕੀਤੀ ਹੈ।ਇਹ ਸਾਂਝਾ ਬਿਆਨ ਦੁਵੱਲੀ ਬੈਠਕ ਤੋਂ ਬਾਅਧ ਜਾਰੀ ਕੀਤਾ ਗਿਆ।ਦੋਵਾਂ ਮੰਤਰੀਆਂ ਨੇ ਇਸ ਗੱਲ ਦੀ ਮਹੱਤਤਾ ਨੂੰ ਜਾਣਿਆ ਹੈ ਕਿ ਹਿੰਦ-ਪ੍ਰਸ਼ਾਂਤ ਮਹਾਂਸਾਗਰਾਂ ਦੀ ਸ਼ਾਂਤੀ ਅਤੇ ਸਥਿਰਤਾ ਹਿੰਦ-ਪ੍ਰਸ਼ਾਂਤ ਖੇਤਰ ਅਤੇ ਸਮੁੱਚੇ ਵਿਸ਼ਵ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਅਹਿਮ ਹੈ।ਇੰਨ੍ਹਾਂ ਮਸਲਿਆਂ ਨੂੰ ਖੁੱਲ੍ਹੇ ਤੌਰ ‘ਤੇ ਬੈਠਕ ਦੌਰਾਨ ਵਿਚਾਰਿਆ ਗਿਆ।ਹਿੰਦ ਪ੍ਰਸ਼ਾਂਤ ਦੀ ਮੌਜੂਦਾ ਸੁਰੱਖਿਆ ਸਥਿਤੀ ਨੂੰ ਵੀ ਵਿਚਾਰਿਆ ਗਿਆ, ਜਿਸ ‘ਚ ਕੋਰੀਆਈ ਪ੍ਰਾਇਦੀਪ ਅਤੇ ਦੱਖਣੀ ਚੀਨ ਸਾਗਰ ਦੀ ਸਥਿਤੀ ਦਾ ਵਿਕਾਸ ਸ਼ਾਮਲ ਸੀ।

ਜਾਪਾਨ ਦੇ ਪ੍ਰਧਾਨ ਮੰਤਰੀ ਅਬੇ ਸ਼ਿੰਜੋ ਨਾਲ ਆਪਣੀ ਮੁਲਾਕਾਤ ਦੌਰਾਨ ਸ੍ਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੂਰੀ ਤਰ੍ਹਾਂ ਨਾਲ ਭਾਰਤ ਦਾ ਅਟੁੱਟ ਅੰਗ ਹੈ ਅਤੇ ਧਾਰਾ 370 ਨੂੰ ਮਨਸੂਖ ਕੀਤੇ ਜਾਣ ਨਾਲ ਉੱਤਰੀ ਰਾਜ ਨੂੰ ਫਾਇਦਾ ਹੀ ਹੋਇਆ ਹੈ।ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਬਿਨ੍ਹਾਂ ਕਿਸੇ ਸਿਰ ਪੈਰ ਦੇ ਕਸ਼ਮੀਰ ਮੁੱਦਾ ਉਛਾਲ ਰਿਹਾ ਹੈ।ਇਹ ਸਪਸ਼ੱਟੀਕਰਨ ਮਹੱਤਵਪੂਰਨ ਸੀ ਕਿਉਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਹੀਨੇ ਦੇ ਅਖੀਰ ‘ਚ ਸੰਯੁਕਤ ਰਾਸ਼ਟਰ ਮਹਾ ਸਭਾ ਤੋਂ ਪਰੇ ਸ੍ਰੀ ਅਬੇ ਪੀਐਮ ਮੋਦੀ ਨਾਲ ਮੁਲਾਕਾਤ ਕਰਨਗੇ।

ਸਾਂਝੇ ਬਿਆਨ ‘ਚ ਮੋਦੀ ਅਤੇ ਆਬੇ ਦੇ ਅਕਤੂਬਰ 2018 ਦੇ ਵਿਜ਼ਨ ਬਿਆਨ ਦਾ ਵੀ ਜ਼ਕਿਰ ਕੀਤਾ ਗਿਆ ਹੈ।ਜਿਸ ‘ਚ ਦੋਵਾਂ ਆਗੂਆਂ ਨੇ ਇੱਕ ਆਜ਼ਾਦ ਅਤੇ ਖੁੱਲੇ੍ਹ ਹਿੰਦ-ਪ੍ਰਸ਼ਾਂਤ ਲਈ ਮਿਲ ਕੇ ਕੰਮ ਕਰਨ ਦੀ ਆਪੋ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਸੀ।

ਭਾਰਤ ਅਤੇ ਜਾਪਾਨ ਨੇ ਹਿੰਦ-ਪ੍ਰਸ਼ਾਂਤ ਖੇਤਰ ਦੀ ਸ਼ਾਂਤੀ , ਸਥਿਰਤਾ ਅਤੇ ਖੁਸ਼ਹਾਲੀ ਨੂੰ ਕਾਇਮ ਰੱਖਣ ਲਈ ਆਪਸੀ ਸਹਿਯੋਗ ਵਧਾਉਣ ਦੇ ਮਕਸਦ ਨਾਲ ਇਸ ਸਾਲ ਦੇ ਅੰਤ ‘ਚ ਭਾਰਤ-ਜਾਪਾਨ ਸਾਲਾਨਾ ਸੰਮੇਲਨ ਤੋਂ ਪਹਿਲਾਂ ਪਹਿਲੇ ਵਿਦੇਸ਼ ਅਤੇ ਰੱਖਿਆ ਮੰਤਰੀ ਪੱਧਰੀ ਸੰਵਾਦ (2+2) ਆਯੋਜਿਤ ਕਰਨ ਦਾ ਫ਼ੈਸਲਾ ਕੀਤਾ ਹੈ।ਦੋਵਾਂ ਧਿਰਾਂ ਨੇ ਭਾਰਤ-ਜਾਪਾਨ –ਅਮਰੀਕਾ ਤਿੰਨ ਪੱਖੀ ਮਿਨੈਕਸ ਅਭਿਆਸ ਨੂੰ ਜਾਰੀ ਰੱਖਣ ਦਾ ਵੀ ਸਕੰਲਪ ਪੇਸ਼ ਕੀਤਾ।ਦੱਸਣਯੋਗ ਹੈ ਕਿ ਇਹ ਕਿਵਾਇਦ ਪਿਛਲੇ ਸਾਲ ਜੁਲਾਈ ਮਹੀਨੇ ਹੋਈ ਸੀ।

ਸਕ੍ਰਿਪਟ: ਪ੍ਰੋ. ਰਾਜਾਰਾਮ ਪਾਂਡਾ, ਲੋਕ ਸਭਾ ਰਿਸਰਚ ਫੈਲੋ, ਭਾਰਤੀ ਸੰਸਦ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ