ਨਵੀਂ ਦਿੱਲੀ-ਰਿਆਧ: ਸਬੰਧਾਂ ‘ਚ ਆ ਰਹੀ ਹੈ ਮਜ਼ਬੂਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਹਫ਼ਤੇ ਸਾਊਦੀ ਅਰਬ ਦਾ ਦੋ ਦਿਨਾਂ ਦੌਰਾ ਕੀਤਾ ਗਿਆ।ਇਸ ਦੌਰੇ ਨੇ ਰਿਆਧ ਪ੍ਰਤੀ ਭਾਰਤ ਦੀ ਨੀਤੀ ‘ਚ ਹੋ ਰਹੇ ਬਦਲਾਅ ਅਤੇ ਇਸ ਦੇ ਸੰਭਾਵਿਤ ਫਾਇਦਿਆਂ ਨੂੰ ਉਜਾਗਰ ਕੀਤਾ।ਰਵਾਇਤੀ ਤੌਰ ’ਤੇ ਹੱਜ ਤੀਰਥ ਯਾਤਰਾ ਅਤੇ ਊਰਜਾ ਦਰਾਮਦ ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਸਬੰਧਾਂ ਦਾ ਅਧਾਰ ਹਨ ਪਰ ਹਾਲ ਹੀ ਦੇ ਕੁੱਝ ਸਾਲਾਂ ‘ਚ ਦੋਵਾਂ ਮੁਲਕਾਂ ਨੇ ਆਪਣੇ ਸਬੰਧਾਂ ‘ਚ ਸੁਧਾਰ ਕਰਦਿਆਂ ਇਸ ਦੇ ਦਾਇਰੇ ਨੂੰ ਵਧੇਰੇ ਫੈਲਾਉਣ ਦਾ ਯਤਨ ਕੀਤਾ ਹੈ।

ਸਾਊਦੀ ਅਰਬ ਦੇ ਸਹਿਜ਼ਾਦਾ ਮੁਹੰਮਦ ਬਿਨ ਸਲਮਾਨ ਵੱਲੋਂ ਆਯੋਜਿਤ ਤੀਜੇ ‘ਫਿਊਚਰ ਇਨਵੈਸਟਮੈਂਟ ਇਨੀਸ਼ੀਏਟਿਵ’ (ਐਫ.ਆਈ.ਆਈ.) ‘ਚ ਪੀਐਮ ਮੋਦੀ ਵੱਲੋਂ ਦਿੱਤਾ ਗਿਆ ਮੁੱਖ ਭਾਸ਼ਣ ਇਸ ਦਿਸ਼ਾ ਵੱਲ ਮਹੱਤਵਪੂਰਨ ਕਦਮ ਹੈ।ਐਫ.ਆਈ.ਆਈ. ਗੈਰ ਤੇਲ ਖੇਤਰਾਂ ਮਿਸਾਲਨ ਗੈਰ ਰਵਾਇਤੀ ਊਰਜਾ, ਗਿਆਨ ਅਧਾਰਿਤ ਅਰਥ ਵਿਵਸਥਾ, ਸੈਰ-ਸਪਾਟਾ ਅਤੇ ਮਨੋਰੰਜਨ ਦੇ ਖੇਤਰਾਂ ‘ਚ ਨਿਵੇਸ਼ ਲਈ ਸਾਊਦੀ ਅਰਬ ‘ਚ ਆਰਥਿਕ ਮੌਕਿਆਂ ਨੂੰ ਪੇਸ਼ ਕਰਦੀ ਹੈ।

ਕਰਾਊਨ ਪ੍ਰਿੰਸ ਦੀ ਅਗਵਾਈ ਹੇਠ ਇਹ ਪਹਿਲਕਦਮੀਆਂ ਪ੍ਰਧਾਨ ਮੰਤਰੀ ਦੇ 2024 ਤੱਕ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ‘ਚ ਤਬਦੀਲ ਕਰਨ ਦੀ ਇੱਛਾ ਦੇ ਬਹੁਤ ਅਨੁਕੂਲ ਹਨ।

ਇਹ ਫੇਰੀ ਦੋਵਾਂ ਮੁਲਕਾਂ ਵਿਚਾਲੇ ਵੱਧ ਰਹੇ ਰੁਝੇਵਿਆਂ ਦਾ ਹੀ ਹਿੱਸਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਲ 2014 ‘ਚ ਸੱਤਾ ‘ਚ ਆਉਣ ਤੋਂ ਬਾਅਦ ਦੋਵੇਂ ਲੀਡਰਸ਼ਿਪਾਂ ਦਰਮਿਆਨ ਇਹ ਅੱਠਵੀਂ ਮੁਲਾਕਾਤ ਸੀ।ਜਿਸ ‘ਚ ਪੀਐਮ ਮੋਦੀ ਛੇਵੀਂ ਵਾਰ ਕਰਾਊਨ ਪ੍ਰਿੰਸ ਨੂੰ ਮਿਲੇ।ਇਸ ਸਾਲ ਦੀ ਇਹ ਉਨ੍ਹਾਂ ਦੀ ਤੀਜੀ ਅਤੇ ਕਸ਼ਮੀਰ ਨਾਲ ਸੰਬੰਧਿਤ ਧਾਰਾ 370 ਨੂੰ ਮਨਸੂਖ ਕੀਤੇ ਜਾਣ ਤੋਂ ਬਾਅਧ ਇਹ ਉਨ੍ਹਾਂ ਦੀ ਸਾਊਦੀ ਅਰਬ ਦੀ ਪਹਿਲੀ ਫੇਰੀ ਰਹੀ।

ਹਾਲਾਂਕਿ ਸਾਲ 2006 ‘ਚ ਬਾਦਸ਼ਾਹ ਅਬਦੁੱਲਾ ਦੀ ਭਾਰਤ ਫੇਰੀ ਦੌਰਾਨ ਜਾਰੀ ‘ਦਿੱਲੀ ਐਲਾਨਨਾਮੇ’ ‘ਚ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਦੀ ਤੀਬਰ ਇੱਛਾ ਨੂੰ ਹਰੀ ਝੰਡੀ ਦਿੱਤੀ ਗਈ ਸੀ।ਪਰ ਇਸ ਤਰੱਕੀ ਦੀ ਰਫ਼ਤਾਰ ਹੌਲੀ ਰਹੀ ਅਤੇ ਹਾਲ ਦੇ ਸਮੇਂ ‘ਚ ਇਸ ਨੇ ਆਪਣੀ ਸਹੀ ਰਫ਼ਤਾਰ ਨੂੰ ਫੜਿਆ ਹੈ।ਸਾਊਦੀ ਅਰਬ ਮਹਾਰਾਸ਼ਟਰ ‘ਚ ਪੈਟਰੋ ਰਸਾਇਣ ਰਿਫਾਇਨਰੀ ‘ਚ ਨਿਵੇਸ਼ ਕਰਨ ਦੀ ਇੱਛਾ ਰੱਖਦਾ ਹੈ।ਇਸ ਦੇ ਨਾਲ ਹੀ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਅਰਾਮਕੋ ਵੱਲੋਂ ਰਿਲਾਇੰਸ ਦੇ 15 ਬਿਲੀਅਨ ਡਾਲਰ ਦੀ ਹਿੱਸੇਦਾਰੀ ਵੀ ਖ੍ਰੀਦਣਾ ਚਾਹੁੰਦਾ ਹੈ।ਇਸ ਤੋਂ ਸੱਪਸ਼ਟ ਹੁੰਦਾ ਹੈ ਕਿ ਰਿਆਧ ਭਾਰਤ ਨਾਲ ਆਪਣੇ ਦੁਵੱਲੇ ਸਬੰਧਾਂ ਨੂੰ ਅਗਾਂਵ ਵਧਾਉਣਾ ਚਾਹੁੰਦਾ ਹੈ।

ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਬਾਦਸ਼ਾਹ ਸਲਮਾਨ ਸਮੇਤ ਸਾਊਦੀ ਅਰਬ ਦੇ ਆਗੂਆਂ ਨਾਲ ਮੁਲਾਕਾਤ ਕੀਤੀ।ਫੇਰੀ ਦੇ ਅੰਤ ‘ਚ ਇੱਕ ਸਾਂਝਾ ਬਿਆਨ ਵੀ ਜਾਰੀ ਕੀਤਾ ਗਿਆ। ਜਿਸ ‘ਚ ਦੋਵਾਂ ਦੇਸ਼ਾਂ ਨੇ “ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ‘ਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨੂੰ ਰੱਦ ਕਰਨ ਅਤੇ ਰਾਜਾਂ ਦੀ ਪ੍ਰਭੂਸੱਤਾ ਨੂੰ ਭੰਗ ਕਰਨ ਪ੍ਰਤੀ ਅੰਤਰਰਾਸ਼ਟਰੀ ਭਾਈਚਾਰੇ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਸੁਚੇਤ” ਕਰਨ ਪ੍ਰਤੀ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਦੁਹਰਾਇਆ।

ਭਾਰਤ ਸਰਹੱਦ ਪਾਰ ਅੱਤਵਾਦ ਨਾਲ ਨਜਿੱਠ ਰਿਹਾ ਹੈ ਅਤੇ ਸਾਊਦੀ ਅਰਬ ਦੇ ਕੁੱਝ ਤੇਲ ਅਦਾਰਿਆਂ ‘ਤੇ ਹੋਏ ਡਰੋਨ ਹਮਲਿਆਂ ਨੇ ਕੌਮਾਂਤਰੀ ਭਾਈਚਾਰੇ ਨੂੰ ਜਵਾਬਦੇਹੀ ਦੇਣ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਹੈ।

ਇਸ ਦੌਰੇ ਦੀ ਮੁੱਖ ਗੱਲ ਇਹ ਰਹੀ ਸੀ ਕਿ ਭਾਰਤੀ ਪੀਐਮ ਮੋਦੀ ਅਤੇ ਸਾਊਦੀ ਕਰਾਊਨ ਪ੍ਰਿੰਸ ਦੀ ਅਗਵਾਈ ਵਾਲੀ ਰਣਨੀਤਕ ਭਾਈਵਾਲੀ ਕੌਂਸਲ ਦੀ ਸਥਾਪਨਾ ਕੀਤੀ ਗਈ ਸੀ।ਇਸ ਦਾ ਅਰਥ ਹੈ ਕਿ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਮਕਸਦ ਨਾਲ ਦੋਵੇਂ ਆਗੂ ਨਿਯਮਤ ਮਿਲਣੀਆਂ ਕਰਦੇ ਰਹਿਣਗੇ।

ਦਰਜਨਾਂ ਹੀ ਸਮਝੌਤਿਆਂ ਨੂੰ ਵੀ ਸਹੀਬੱਧ ਕੀਤਾ ਗਿਆ।ਜਿਸ ‘ਚ ਊਰਜਾ, ਸ਼ਹਿਰੀ ਹਵਾਬਾਜ਼ੀ, ਸੁਰੱਖਿਆ ਸਹਿਯੋਗ, ਰੱਖਿਆ ਅਤੇ ਮੈਡੀਕਲ ਉਤਪਾਦਾਂ ਦੇ ਨੇਮਾਂ ਸਮੇਤ ਹੋਰ ਕਈ ਮੁੱਦੇ ਸ਼ਾਮਲ ਸਨ।

ਪੀਐਮ ਮੋਦੀ ਨੇ ਸਾਊਦੀ ਅਰਬ ‘ਚ ‘ਰੁਪੇ ਕਾਰਡ’ ਦਾ ਵੀ ਉਦਘਾਟਨ ਕੀਤਾ।ਦੋਵਾਂ ਆਗੂਆਂ ਨੇ ਯਮਨ, ਸੀਰੀਆ ਨਾਲ ਸਬੰਧਿਤ ਮਸਲਿਆਂ ਨੂੰ ਵੀ ਵਿਚਾਰਿਆ।
ਪੀਐਮ ਮੋਦੀ ਨੇ ਸਾਊਦੀ ਨਿਵੇਸ਼ ਦੇ ਸੰਭਵਿਤ ਟੀਚੇ ਵੱਜੋਂ ਭਾਰਤ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਪੇਸ਼ ਕੀਤਾ।ਇਸ ਫੇਰੀ ਨੇ ਦੋਵਾਂ ਮੁਲਕਾਂ ਵਿਚਾਲੇ ਆਰਥਿਕ ਅਤੇ ਰਣਨੀਤਕ ਰੁਝੇਵਿਆਂ ਨੂੰ ਉਤਸ਼ਾਹਿਤ ਕੀਤਾ ਹੈ।

ਸਕ੍ਰਿਪਟ: ਪ੍ਰੋ.ਪੀ.ਆਰ.ਕੁਮਾਰਸਵਾਮੀ, ਚੇਅਰਮੈਨ, ਪੱਛਮੀ ਏਸ਼ੀਆ ਅਧਿਐਨ ਕੇਂਦਰ, ਜੇ.ਐਨ.ਯੂ.

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ