ਜਾਪਾਨ: ਜੀ-20 ਵਿਦੇਸ਼ ਮੰਤਰੀਆਂ ਦੀ ਬੈਠਕ
ਜੀ-20 ਸੰਸਾਰ ਦੇ ਉੱਚ 20 ਵਿਕਸਤ ਅਤੇ ਵਿਕਾਸਸ਼ੀਲ ਅਰਥਚਾਰਿਆਂ ਦਾ ਅਹਿਮ ਮੰਚ ਹੈ।ਇਸ ‘ਚ ਯੂਰੋਪੀਅਨ ਯੂਨੀਅਨ ਤੋਂ ਇਲਾਵਾ 19 ਦੂਜੇ ਮੈਂਬਰ ਰਾਜ ਸ਼ਾਮਲ ਹਨ।ਦੱਸਣਯੋਗ ਹੈ ਕਿ ਪਿਛਲੇ ਸਾਲ ਜੂਨ ਮਹੀਨੇ ਓਸਾਕਾ ਵਿਖੇ ਜੀ-20 ਦਾ 14ਵਾਂ ਸੰਮੇਲਨ ਮੁਕੰਮਲ ਹੋਇਆ ਸੀ ਅਤੇ ਇਸ ਸਾਲ ਬੀਤੇ ਸ਼ਨੀਵਾਰ ਨੂੰ ਜਾਪਾਨ ਦੇ ਨਾਗੋਆ ਸ਼ਹਿਰ ‘ਚ ਜੀ-20 ਵਿਦੇਸ਼ ਮੰਤਰੀਆਂ ਦੀ ਬੈਠਕ ਦਾ ਆਯੋਜਨ ਹੋਇਆ।ਭਾਰਤ ਦੀ ਨੁਮਾਇੰਦਗੀ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ.ਐਸ.ਜੈਸ਼ੰਕਰ ਨੇ ਕੀਤੀ।ਮੈਂਬਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਮੌਜੂਦਾ ਅੰਤਰਰਾਸ਼ਟਰੀ ਸਥਿਤੀ ਅਤੇ ਵਿਸ਼ਵਵਿਆਪੀ ਆਰਥਿਕਤਾ ਦੇ ਗਿਰਾਵਟ ਵਾਲੇ ਰੁਝਾਨਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ।
ਬੈਠਕ ਤੋਂ ਬਾਅਦ ਜਾਪਾਨੀ ਵਿਦੇਸ਼ ਮੰਤਰੀ ਤੋਸ਼ੇਮੀਤਸੂ ਮੋਟੇਗੀ ਜੋ ਕਿ ਜੀ-20 ਮੰਤਰੀ ਪੱਧਰੀ ਬੈਠਕ ਦੇ ਇਸ ਵਾਰ ਦੇ ਚੇਅਰਮੈਨ ਵੀ ਸਨ, ਉਨ੍ਹਾਂ ਨੇ ਦੱਸਿਆ ਕਿ ਜੀ-20 ਦੇ ਮੈਂਬਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਵਿਸ਼ਵ ਵਪਾਰ ਸੰਗਠਨ ‘ਚ ਸੁਧਾਰ ਦੀ ਫੌਰੀ ਲੋੜ ‘ਤੇ ਸਹਿਮਤੀ ਪ੍ਰਗਟ ਕੀਤੀ ਹੈ, ਤਾਂ ਜੋ ਕਈ ਮੌਜੂਦਾ ਮੁੱਦਿਆਂ ਨੂੰ ਸਮੇਂ ਰਹਿੰਦਿਆਂ ਹੱਲ ਕੀਤਾ ਜਾ ਸਕੇ।
ਮੈਂਬਰ ਰਾਜਾਂ ਨੇ ਵੀ ਇਹ ਇੱਛਾ ਰੱਖੀ ਹੈ ਕਿ ਸੰਗਠਨ ਆਪਣੇ ਵਿਵਾਦ ਨਿਪਟਾਰੇ ਦੀ ਵਿਧੀ ‘ਚ ਵੀ ਸੁਧਾਰ ਕਰੇ।ਇਸ ਸਬੰਧੀ ਓਸਾਕਾ ‘ਚ ਰਾਜਾਂ ਦੇ ਮੁੱਖੀਆਂ ਦੀ ਬੈਠਕ ਦੌਰਾਨ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਸੀ।ਜਾਪਾਨੀ ਵਿਦੇਸ਼ ਮੰਤਰੀ ਨੇ ਦੱਸਿਆ ਕਿ ਏਸ਼ੀਆ ਪ੍ਰਸ਼ਾਂਤ ਮੁਕਤ ਵਪਾਰ ਸਮਝੌਤੇ, ਏ.ਪੀ.ਐਫ.ਟੀ.ਏ. ਨੂੰ ਅੰਤਿਮ ਰੂਪ ਦੇਣ ਲਈ ਭਾਰਤ ਸਮੇਤ ਸਾਰੇ 16 ਮੈਂਬਰ ਮੁਲਕਾਂ ਵੱਲੋਂ ਇਸ ਸਬੰਧੀ ਗੱਲਬਾਤ ਨੂੰ ਅੱਗੇ ਤੋਰਨ ਲਈ ਸਹਿਮਤੀ ਪ੍ਰਗਟ ਕੀਤੀ ਗਈ ਹੈ।
ਮਹੱਤਵਪੂਰਣ ਗੱਲ ਇਹ ਹੈ ਕਿ ਭਾਰਤ ਨੂੰ ਅੱਜ ਤੋਂ ਤਿੰਨ ਸਾਲ ਪਹਿਲਾਂ ਜੀ-20 ਸੰਮੇਲਨ ਦੀ ਮੇਜ਼ਬਾਨੀ ਦਾ ਮੌਕਾ ਹਾਸਲ ਹੋਇਆ ਸੀ ਅਤੇ ਉਦੋਂ ਤੋਂ ਹੁਣ ਤੱਕ ਭਾਰਤ ਦੀ ਜੀ-20 ‘ਚ ਖਾਸ ਭੂਮਿਕਾ ਰਹੀ ਹੈ ਅਤੇ ਦੁਨੀਆ ਦੀਆਂ ਮੋਹਰੀ ਆਰਥਿਕ ਸੰਸਥਾਵਾਂ ਵੱਲੋਂ 2022 ਵਿਸ਼ਵ ਆਰਥਿਕਤਾ ਨੂੰ ਵਿਕਾਸ ਦੀਆਂ ਲੀਹਾਂ ‘ਤੇ ਉਤਸ਼ਾਹਿਤ ਕਰਨ ‘ਚ ਜੀ-20 ਦੇ ਏਜੰਡੇ ਨੂੰ ਤਿਆਰ ਕਰਨ ‘ਚ ਵੀ ਭਾਰਤ ਦੀ ਭੂਮਿਕਾ ਨੂੰ ਵਿਸ਼ੇਸ਼ ਤੌਰ ‘ਤੇ ਵੇਖਿਆ ਜਾਵੇਗਾ।
ਜੀ-20 ਦੀ ਸਥਾਪਨਾ 1999 ਹੋਈ ਸੀ।ਸਾਲ 2008 ‘ਚ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੇ ਫੋਰਮ ਨੂੰ ਉੱਚਾ ਚੁੱਕਣ ਲਈ ਇਸ ਦੀ ਸਥਾਪਨਾ ਕੀਤੀ ਗਈ ਤਾਂ ਮੈਂਬਰ ਮੁਲਕਾਂ ਦੇ ਮੁੱਖੀ 2008 ਦੇ ਵਿਸ਼ਵਵਿਆਪੀ ਵਿੱਤੀ ਸੰਕਟਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਾਰਾ ਕਰ ਸਕਣ।ਉਦੋਂ ਤੋਂ ਹੀ ਜੀ-20 ਅੰਤਰਰਾਸ਼ਟਰੀ ਆਰਥਿਕ ਸਹਿਯੋਗ ਲਈ ਇਕ ਗਲੋਬਲ ਫੋਰਮ ਦੇ ਰੂਪ ‘ਚ ਉਭਰਿਆ ਹੈ।
ਜੀ-20 ਮੈਂਬਰ ਮੁਲਕ ਵਿਸ਼ਵ ਦੇ ਕੁੱਲ ਘਰੇਲੂ ਉਤਪਾਦ ਦੇ ਲਗਭਗ 85%, ਵਿਸ਼ਵ ਵਿਆਪੀ ਵਪਾਰ ਦੇ 75% ਅਤੇ ਵਿਸ਼ਵਵਿਆਪੀ ਆਬਾਦੀ ਦੇ 2/3 ਲੋਕਾਂ ਦੀ ਪ੍ਰਤੀਨਿਧੀ ਕਰਦੇ ਹਨ।ਭਾਰਤ ਨੇ ਹੁਣ ਤੱਕ ਜੀ-20 ਦੇ ਸਾਰੇ ਸੰਮੇਲਨਾਂ ‘ਚ ਸ਼ਿਰਕਤ ਕੀਤੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ 17ਵੇਂ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰ ਸਕਦਾ ਹੈ।
ਅਮਰੀਕਾ-ਚੀਨ ਵਿਚਾਲੇ ਚੱਲ ਰਹੀ ਵਾਪਰਕ ਜੰਗ ਦੀ ਪਿਛੋਕੜ ‘ਚ ਆਯੋਜਿਤ ਇਸ ਬੈਠਕ ‘ਚ ਜੂਨ ਮਹੀਨੇ ਓਸਾਕਾ ‘ਚ ਹੋਏ ਸੰਮੇਲਨ ਦੌਰਾਨ ਲਏ ਗਏ ਫ਼ੈਸਲਿਆਂ ਨੂੰ ਲਾਗੂ ਕਰਨ ਲਈ ਫਾਲੋ-ਅਪ ਉਪਾਵਾਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਭਾਰਤ ਲਈ ਜੋ ਮੁੱਦੇ ਖਾਸ ਅਹਿਮੀਅਤ ਰੱਖਦੇ ਹਨ ਉਨ੍ਹਾਂ ‘ਚ ਊਰਜਾ ਸੁਰੱਖਿਆ, ਵਿੱਤੀ ਸਥਿਰਤਾ, ਆਪਦਾ ਨਿਪਟਾਰਾ ਬੁਨਿਆਦੀ ਢਾਂਚਾ,ਵਿਸ਼ਵ ਵਪਾਰ ਸੰਗਠਨ ‘ਚ ਸੁਧਾਰ, ਅੱਤਵਾਦ ਦਾ ਮੁਕਾਬਲਾ, ਆਰਥਿਕ ਪੱਖ ਤੋਂ ਭਗੌੜਿਆਂ ਦੀ ਵਤਨ ਵਾਪਸੀ, ਖੁਰਾਕ ਸੁਰੱਖਿਆ, ਪੋਰਟੇਬਲ ਸਮਾਜਿਕ ਸੁਰੱਖਿਆ ਯੋਜਨਾਵਾਂ ਸ਼ਾਮਲ ਹਨ।ਅਮਰੀਕੀ ਵਿਦੇਸ਼ ਸਕੱਤਰ ਦੀ ਗੈਰਹਾਜ਼ਰੀ ‘ਚ ਕੁੱਝ ਮੈਂਬਰ ਮੁਲਕਾਂ ਨੇ ਵੱਧ ਰਹੀ ਸੁਰੱਖਿਆਵਾਦ ਅਤੇ ਇਕਪਾਸੜ ਪਾਬੰਦੀਆਂ ਦੇ ਮੁੱਦੇ ਨੂੰ ਵੀ ਚੁੱਕਿਆ ਹੈ।
ਇਸ ਬੈਠਕ ‘ਚ ਭੂ-ਰਾਜਨੀਤਿਕ ਅਤੇ ਵਪਾਰਕ ਤਣਾਅ ਦੇ ਪ੍ਰਭਾਵਾਂ ਨੂੰ ਵੀ ਵਿਚਾਰਿਆ ਗਿਆ।ਇਸ ਦੇ ਨਾਲ ਹੀ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਸਬੰਧੀ ਵੀ ਚਰਚਾ ਕੀਤੀ ਗਈ।ਇਸ ਬੈਠਕ ‘ਚ ਭਾਗੀਦਾਰਾਂ ਨੂੰ ਵਿਸ਼ਵ ਵਪਾਰ ਸੰਗਠਨ ਵੱਲੋਂ ਪੇਸ਼ ਕੀਤੇ ਗਏ ਵਿਵਾਦਿਤ ਸੁਧਾਰਾਂ ‘ਤੇ ਵਿਚਾਰ ਚਰਚਾ ਕਰਨ ਲਈ ਇਕ ਵਧੀਆ ਮੌਕਾ ਪ੍ਰਧਾਨ ਕੀਤਾ ਹੈ।
ਇਸ ਬੈਠਕ ਤੋਂ ਪਰੇ ਭਾਰਤੀ ਵਿਦੇਸ਼ ਮੰਤਰੀ ਨੇ ਚੀਨ, ਜਾਪਾਨ, ਗਣਤੰਤਰ ਕੋਰੀਆ, ਨੀਦਰਲੈਂਡ, ਸਪੇਨ, ਸਿੰਗਾਪੁਰ,ਆਸਟ੍ਰੇਲੀਆ,ਚਿੱਲੀ ਅਤੇ ਫਰਾਂਸ ਦੇ ਆਪਣੇ ਹਮਅਹੁਦਿਆਂ ਨਾਲ ਮੁਲਾਕਾਤ ਵੀ ਕੀਤੀ।
ਫਰਾਂਸ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਦੌਰਾਨ ਡਾ.ਜੈਸ਼ੰਕਰ ਨੇ ਇੰਡੋ-ਪੈਸਿਿਫਕ ਰਣਨੀਤਕ ਸਥਿਤੀ ਸਮੇਤ ਹੋਰ ਕਈ ਮੁੱਦਿਆਂ ਨੂੰ ਵਿਚਾਰਿਆ।
ਸਪੇਨ ਦੇ ਆਪਣੇ ਹਮਰੁਤਬਾ ਨਾਲ ਗੱਲਬਾਤ ਦੌਰਾਨ ਸ੍ਰੀ ਜੈਸ਼ੰਕਰ ਨੇ ਯੂਰੋਪੀਅਨ ਯੂਨੀਅਨ ਨਾਲ ਭਾਰਤ ਦੇ ਸਬੰਧਾਂ ਦੇ ਭਵਿੱਖ ਬਾਰੇ ਵਿਚਾਰ ਵਟਾਂਦਰਾ ਕੀਤਾ।ਇਸ ਤੋਂ ਇਲਾਵਾ ਚਿੱਲੀ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਦੌਰਾਨ ਸ੍ਰੀ ਜੈਸ਼ੰਕਰ ਨੇ ਆਪਸੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਸਬੰਧੀ ਚਰਚਾ ਕੀਤੀ।
ਭਾਰਤੀ ਵਿਦੇਸ਼ ਮੰਤਰੀ ਨੇ ਆਸਟ੍ਰੇਲੀਆ ਦੇ ਆਪਣੇ ਹਮਅਹੁਦਾ ਨਾਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵੱਲੋਂ ਭਾਰਤ ਦੀ ਕੀਤੀ ਜਾਣ ਵਾਲੀ ਫੇਰੀ ਸਬੰਧੀ ਚਰਚਾ ਕੀਤੀ।
ਜੀ-20 ਬੈਠਕ ਨੇ ਭਾਰਤ ਨੂੰ ਕੌਮੀ ਅਤੇ ਕੌਮਾਂਤਰੀ ਚਿੰਤਾ ਦੇ ਮੁੱਦਿਆਂ ‘ਤੇ ਆਪਣਾ ਪੱਖ ਰੱਖਣ ਦਾ ਵਧੀਆ ਮੌਕਾ ਪ੍ਰਦਾਨ ਕੀਤਾ ਹੈ।
ਸਕ੍ਰਿਪਟ: ਰਣਜੀਤ ਕੁਮਾਰ, ਰਣਨੀਤਕ ਸੰਪਾਦਕ (ਨਵੋਦਿਆ ਟਾਈਮਜ਼)
Comments
Post a Comment