ਪਾਕਿਸਤਾਨੀ ਸਿਆਸਤ ਦੇ ਗੰਭੀਰ ਹਾਲਾਤ
ਸ਼ਾਇਦ ਪਾਕਿਸਤਾਨ ਇਸ ਤੱਥ ਨੂੰ ਸਵੀਕਾਰ ਨਹੀਂ ਕਰ ਸਕਿਆ ਕਿ ਕਸ਼ਮੀਰ ਦਾ ਮਸਲਾ ਅੰਤਰਰਾਸ਼ਟਰੀ ਭਾਈਚਾਰੇ ਲਈ ਹੁਣ ਪੁਰਾਣਾ ਹੋ ਗਿਆ ਹੈ। ਭਾਰਤੀ ਰਾਜ ਜੰਮੂ ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨਾਲ ਸਬੰਧਿਤ ਧਾਰਾ ਹਟਾ ਦੇਣ ਤੋਂ ਬਾਅਦ ਪਾਕਿਸਤਾਨ ਇਸਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ ਭਾਰਤ ਨੇ ਵਿਸ਼ਵ ਨੂੰ ਸਫ਼ਲਤਾ ਨਾਲ ਦੱਸਿਆ ਹੈ ਕਿ ਨਵੀਂ ਦਿੱਲੀ ਨੇ ਆਪਣੇ ਸੰਵਿਧਾਨ ਅਨੁਸਾਰ ਕੰਮ ਕੀਤਾ ਹੈ ਅਤੇ ਤਬਦੀਲੀਆਂ ਭਾਰਤ ਦੀ ਪ੍ਰਭੂਸੱਤਾ ਦੇ ਦਾਇਰੇ ਵਿੱਚ ਹੀ ਆਉਂਦੀਆਂ ਹਨ।
ਹੁਣ ਜਿਵੇਂ ਕਿ ਇਸਲਾਮਾਬਾਦ ਆਪਣੇ ਆਪ ਨੂੰ ਅਲੱਗ ਹੁੰਦਾ ਵੇਖ ਰਿਹਾ ਹੈ, ਉਵੇਂ ਪਾਕਿਸਤਾਨੀ ਸਿਆਸਤਦਾਨ ਕਸ਼ਮੀਰ 'ਤੇ ਸਿਆਸਤ ਕਰਦੇ ਪ੍ਰਤੀਤ ਹੋ ਰਹੇ ਹਨ ਅਤੇ ਇੰਜ ਲੱਗਦਾ ਹੈ ਜਿਵੇਂ ਇਸ ਦੌਰਾਨ ਸਰਕਾਰ ਗੈਰਹਾਜ਼ਰ ਹੋਵੇ। "ਕਸ਼ਮੀਰ ਮਸਲਿਆਂ ਅਤੇ ਗਿਲਗਿਟ ਤੇ ਬਾਲਟਿਸਤਾਨ” ਲਈ ਪਾਕਿਸਤਾਨੀ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਧਮਕੀ ਦਿੱਤੀ ਹੈ ਕਿ ਉਹ ਕਸ਼ਮੀਰ ਮੁੱਦੇ ਸਬੰਧੀ ਭਾਰਤ ਦਾ ਪੱਖ ਪੂਰਣ ਵਾਲੇ ਮੁਲਕਾਂ ਨੂੰ ਆਪਣਾ ਦੁਸ਼ਮਣ ਮੰਨਣਗੇ ਅਤੇ ਉਨ੍ਹਾਂ ਨੂੰ ਮਿਜ਼ਾਈਲਾਂ ਨਾਲ ਉੱਡਾ ਦੇਣਗੇ।
ਇੱਕ ਸਥਾਨਕ ਪਾਕਿਸਤਾਨੀ ਟੈਲੀਵਿਜ਼ਨ ਨੈਟਵਰਕ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਬੰਬਵਾਰੀ ਕਰਨ ਦੀ ਧਮਕੀ ਦੇਣ ਵਾਲੇ ਗੰਡਾਪੁਰ ਨੇ ਕਿਹਾ ਹੈ ਕਿ, “ਜੇ ਕਸ਼ਮੀਰ ਦੇ ਮੁੱਦੇ ‘ਤੇ ਭਾਰਤ ਨਾਲ ਤਣਾਅ ਵਧਦਾ ਹੈ ਤਾਂ ਪਾਕਿਸਤਾਨ ਜੰਗ ਲਈ ਮਜ਼ਬੂਰ ਹੋ ਜਾਵੇਗਾ ਅਤੇ ਕਸ਼ਮੀਰ ਮੁੱਦੇ ‘ਤੇ ਭਾਰਤ ਨਾਲ ਖੜ੍ਹੇ ਮੁਲਕਾਂ ਨੂੰ ਇਸਦੇ ਨਤੀਜੇ ਭੁਗਤਣੇ ਪੈਣਗੇ। ਕੋਈ ਵੀ ਮੁਲਕ ਜੋ ਕਸ਼ਮੀਰ ਮੁੱਦੇ 'ਤੇ ਭਾਰਤ ਦਾ ਸਮਰਥਨ ਕਰਦਾ ਹੈ, ਉਸਨੂੰ ਪਾਕਿਸਤਾਨ ਦਾ ਦੁਸ਼ਮਣ ਮੰਨਿਆ ਜਾਵੇਗਾ ਅਤੇ ਉਨ੍ਹਾਂ ਮੁਲਕਾਂ 'ਤੇ ਵੀ ਮਿਜਾਇਲਾਂ ਦਾਗੀਆਂ ਜਾਣਗੀਆਂ।” ਗੰਡਾਪੁਰ ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਾਸ਼ਿਦ ਪੱਖੀ ਰਾਜਨੇਤਾ ਹੈ, ਜੋ ਆਪਣੀਆਂ ਆਪੱਤੀਜਨਕ ਟਿੱਪਣੀਆਂ ਲਈ ਜਾਣਿਆ ਜਾਂਦਾ ਹੈ।
ਇਹ ਸੱਚਮੁੱਚ ਹੀ ਇਕ ਵੱਡੀ ਵਿਡੰਬਨਾ ਹੈ ਕਿ ਔਕਸਫੋਰਡ ਵਿਚ ਪੜ੍ਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਅਜਿਹੇ ਵਿਅਕਤੀਆਂ ਨੂੰ ਉੱਚ ਅਹੁਦਿਆਂ ਤੇ ਨਾਮਜ਼ਦ ਕੀਤਾ ਹੈ। ਗੰਡਾਪੁਰ ਅਤੇ ਰਾਸ਼ਿਦ ਵਰਗੇ ਮੂੰਹਫੱਟ ਰਾਜਨੇਤਾਵਾਂ ਕਾਰਨ ਹੀ "ਨਵੇਂ ਪਾਕਿਸਤਾਨ" ਦਾ ਸੁਪਨਾ ਮਹਿਜ ਸੁਪਨਾ ਬਣ ਕੇ ਰਹਿ ਗਿਆ ਹੈ।
ਕਬੀਲੇਗੌਰ ਹੈ ਕਿ ਪਾਕਿਸਤਾਨ ਆਪਣੇ ਆਪ ਨੂੰ ਕਈ ਘਰੇਲੂ ਮੁਸੀਬਤਾਂ ਕਾਰਨ ਆਪਣੇ ਆਪ ਨੂੰ ਪਿਛੇ ਧੱਕ ਰਿਹਾ ਹੈ, ਇਮਰਾਨ ਖਾਨ ਦੀ ਸਰਕਾਰ ਭਾਰਤ ਵਿਰੋਧੀ ਭਾਵਨਾਵਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਪਾਕਿਸਤਾਨ ਕੂਟਨੀਤੀ ਵਿਚ ਉਲਝਿਆ ਹੋਇਆ ਹੈ ਪਰ ਇਸਦਾ ਕੋਈ ਫਾਇਦਾ ਨਹੀਂ ਹੋਇਆ।
ਇਹ ਸਪਸ਼ਟ ਹੈ ਕਿ ਇਮਰਾਨ ਖਾਨ ਕਸ਼ਮੀਰ ਮੁੱਦੇ 'ਤੇ ਪਿਛੇ ਹੱਟ ਰਹੇ ਹਨ। ਪਾਕਿਸਤਾਨੀ ਵਿਸ਼ਲੇਸ਼ਕਾਂ ਨੇ ਸਾਫ਼ ਕਿਹਾ ਹੈ ਕਿ ਕੌਮਾਂਤਰੀ ਭਾਈਚਾਰਾ ਇਸ ਸਮੇਂ ਕਸ਼ਮੀਰ ਨੂੰ ਪਾਕਿਸਤਾਨੀ ਨਜ਼ਰੀਏ ਤੋਂ ਨਹੀਂ ਦੇਖਦਾ। ਜੰਮੂ-ਕਸ਼ਮੀਰ ਅਤੇ ਲੱਦਾਖ ਦੋ ਨਵੇਂ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਲਈ ਭਾਰਤ ਦੇ ਵਿਕਾਸ ਮਾਡਲ ਦਾ ਵਿਸ਼ਵਵਿਆਪੀ ਨੇਤਾਵਾਂ ਨੇ ਸਵਾਗਤ ਕੀਤਾ ਹੈ। ਇਸ ਗੱਲ ਦੀ ਵੱਡੀ ਸੰਭਾਵਨਾ ਹੈ ਕਿ ਅੰਤਰਰਾਸ਼ਟਰੀ ਨਿਵੇਸ਼ ਹੁਣ ਕਸ਼ਮੀਰ ਘਾਟੀ, ਜੰਮੂ ਅਤੇ ਲੱਦਾਖ ਵਿੱਚ ਵੀ ਆ ਸਕਦੇ ਹਨ। ਭਾਰਤ ਦੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਬਹੁਤ ਸਾਰੀਆਂ ਵਿਕਾਸ ਯੋਜਨਾਵਾਂ ਹਨ। ਦੋ ਕੇਂਦਰ ਸ਼ਾਸਤ ਪ੍ਰਦੇਸ਼ ਦੇ ਲੋਕ ਆਪਣੇ ਖੇਤਰਾਂ ਦੇ ਵਿਕਾਸ ਵਿੱਚ ਹਿੱਸੇਦਾਰ ਹੋਣਗੇ।
ਹਲਾਂਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਵਿਕਾਸ ਬਾਰੇ ਜਦੋਂ ਕਸ਼ਮੀਰ ਮਸਲਿਆਂ ਦੇ ਪਾਕਿਸਤਾਨੀ ਮੰਤਰੀ ਗੰਡਾਪੁਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ, “ਉਹ ਲੋਕਾਂ ਲਈ ਲੜ ਕੇ ਖੁਸ਼ ਹੋਣਗੇ”। ਇਸ ਤਰ੍ਹਾਂ ਦੀ ਪ੍ਰਤੀਕ੍ਰਿਆ ਸੱਚਮੁੱਚ ਹੈਰਾਨ ਕਰ ਦੇਣ ਵਾਲੀ ਹੈ।
ਇਸ ਦੌਰਾਨ ਜਿਵੇਂ ਕਿ ਪਾਕਿਸਤਾਨ ਸਰਕਾਰ ਕਸ਼ਮੀਰ ਵੱਲ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਗੜ ਰਹੇ ਆਰਥਿਕ ਹਾਲਤਾਂ ਅਤੇ ਕਥਿਤ ਚੋਣ ਧਾਂਦਲੀ ਬਾਰੇ ਸੱਜੇ ਪੱਖੀ ਧਾਰਮਿਕ ਆਗੂ ਮੌਲਾਨਾ ਫਜ਼ਲ-ਉਰ-ਰਹਿਮਾਨ ਦੇ ਬੁਲਾਵੇ ‘ਤੇ ਇਸਲਾਮਾਬਾਦ ਵਿੱਚ ਇਕੱਠੇ ਹੋਏ ਹਨ, ਜੋ ਜਮੀਅਤ-ਉਲੇਮਾ-ਇਸਲਾਮ-ਫਜ਼ਲ (ਜੇ.ਯੂ.ਆਈ-ਐੱਫ) ਪਾਰਟੀ ਦੇ ਪ੍ਰਧਾਨ ਹਨ।
ਮੌਲਾਨਾ ਫਜ਼ਲ-ਉਰ-ਰਹਿਮਾਨ ਜਿਨ੍ਹਾਂ ਨੂੰ "ਮੌਲਾਨਾ ਡੀਜ਼ਲ" ਦਾ ਨਾਮ ਇਮਰਾਨ ਖਾਨ ਨੇ "ਡੀਜ਼ਲ ਘੁਟਾਲੇ ਵਿੱਚ ਕਥਿਤ ਭੂਮਿਕਾ ਲਈ ਦਿੱਤਾ ਸੀ; ਨੇ ਇਸ ਮਾਰਚ ਦੀ ਕਰਾਚੀ ਤੋਂ ਅਗਵਾਈ ਕੀਤੀ ਅਤੇ ਗੁਜਰਾਂਵਾਲਾ ਵਿਚ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ਕਿ "ਸਰਕਾਰ ਨੂੰ ਸੱਤਾ ਵਾਪਿਸ ਲੋਕਾਂ ਦੇ ਹਵਾਲੇ ਕਰਨੀ ਪਵੇਗੀ, ਉਨ੍ਹਾਂ ਨੇ ਇਹ ਵੀ ਕਿਹਾ ਕਿ ਇਮਰਾਨ ਖਾਨ ਦੀ ਸਰਕਾਰ ਨੇ ਅਰਥਚਾਰੇ ਨੂੰ ਤਬਾਹ ਕਰ ਦਿੱਤਾ ਹੈ।”
ਦੇਸ਼ ਦੀ ਪ੍ਰਮੁੱਖ ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ-ਐਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਪਿਛਲੇ ਸਾਲ ਵਿਵਾਦਤ ਸੰਘੀ ਚੋਣ ਜਿੱਤਣ ਵਾਲੇ ਇਮਰਾਨ ਖਾਨ ਦੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਖਿਲਾਫ ਜੇ.ਯੂ.ਆਈ.-ਐਫ ਦੇ ਵਿਰੋਧ ਦੀ ਹਮਾਇਤ ਕਰ ਰਹੀ ਹੈ।
ਇਸ ਦੌਰਾਨ ਖਾਨ ਦੀ ਸਰਕਾਰ ਨੇ ਜੇ.ਯੂ.ਆਈ-ਐੱਫ ਦੇ ਯੁਵਾ ਵਲੰਟੀਅਰ ਵਿੰਗ ਅੰਸਾਰ ਉਲ-ਇਸਲਾਮ 'ਤੇ “ਅੱਤਵਾਦੀ ਸੰਗਠਨ” ਵਜੋਂ ਪਾਬੰਦੀ ਲਗਾ ਦਿੱਤੀ ਹੈ। ਜੇ.ਯੂ.ਆਈ-ਐਫ ਨੇ ਇਸ ਫੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ। ਇਸਲਾਮਾਬਾਦ ਵਿਚ ਬਹੁਤ ਸਾਰੇ ਪ੍ਰਦਰਸ਼ਨਕਾਰੀ ਇਕੱਠੇ ਹੋ ਗਏ ਹਨ ਅਤੇ ਇਸ ਦੌਰਾਨ ਹਾਲਾਤ ਹੱਥਾਂ ਵਿਚੋਂ ਨਿਕਲ ਸਕਦੇ ਹਨ।
ਪਾਕਿਸਤਾਨੀ ਸਿਆਸਤ ਵਿਸ਼ਲੇਸ਼ਕ ਸਿਰਿਲ ਆਲਮੇਡਾ ਨੇ ਕਿਹਾ ਹੈ ਕਿ ਖਾਨ ਸਰਕਾਰ ਨੂੰ ਮਾਰਚ ਪ੍ਰਤੀ "ਚਿੰਤਤ ਹੋਣਾ ਚਾਹੀਦਾ ਹੈ।" ਉਨ੍ਹਾਂ ਨੇ ਅੱਗੇ ਕਿਹਾ ਕਿ, "ਪਾਕਿਸਤਾਨ ਸਰਕਾਰ ਅਨੁਭਵਹੀਣ ਹੈ ਅਤੇ ਰਾਜਨੀਤਿਕ ਸੰਕਟ ਨੂੰ ਸ਼ਾਂਤਮਈ ਤਰੀਕੇ ਨਾਲ ਟਾਲਣ ਦੀ ਉਸਦੀ ਯੋਗਤਾ ਹੁਣ ਪਰਖੀ ਜਾਵੇਗੀ। ਜੇਕਰ ਸਰਕਾਰ ਅਜਿਹੇ ਹਾਲਾਤਾਂ ਤੋਂ ਘਬਰਾਉਂਦੀ ਹੈ ਜਾਂ ਹਿੰਸਾ ਦੇ ਕਾਰਨਾਂ ਨੂੰ ਨਜ਼ਰਅੰਦਾਜ਼ ਕਰਦੀ ਹੈ ਤਾਂ ਮਾਮਲੇ ਕਾਬੂ ਤੋਂ ਬਾਹਰ ਹੋ ਸਕਦੇ ਹਨ।"
ਬਦਕਿਸਮਤੀ ਨਾਲ ਇਹ ਹਾਲਾਤ ਪਾਕਿਸਤਾਨ ਦੀ ਤ੍ਰਾਸਦੀ ਹੈ।
ਸਕ੍ਰਿਪਟ: ਕੌਸ਼ਿਕ ਰੋਏ, ਏ.ਆਈ.ਆਰ: ਖ਼ਬਰ ਵਿਸ਼ਲੇਸ਼ਕ
ਅਨੁਵਾਦਕ: ਸਿਮਰਨਜੀਤ ਕੌਰ
Comments
Post a Comment