ਭਾਰਤ-ਇਰਾਨ ਸੰਯੁਕਤ ਕਮਿਸ਼ਨ ਦੀ 19ਵੀਂ ਬੈਠਕ

ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਦੋਵਾਂ ਦੇਸ਼ਾਂ ਦਰਮਿਆਨ ਸੰਯੁਕਤ ਕਮਿਸ਼ਨ ਦੀ 19ਵੀਂ ਬੈਠਕ ਲਈ ਇਰਾਨ ਗਏ ਸਨ। ਸੰਯੁਕਤ ਕਮਿਸ਼ਨ ਦੀ ਪ੍ਰਧਾਨਗੀ ਭਾਰਤ ਅਤੇ ਇਰਾਨ ਦੇ ਵਿਦੇਸ਼ ਮੰਤਰੀਆਂ ਨੇ ਸਾਂਝੇ ਤੌਰ ਤੇ ਕੀਤੀ, ਜਿਸ ਦਾ ਮਕਸਦ ਦੋਵਾਂ ਦੋਸਤਾਨਾ ਮੁਲਕਾਂ ਵਿਚਕਾਰ ਡੂੰਘੇ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਲਈ ਦੁ-ਪੱਖੀ ਵਿਚਾਰ-ਚਰਚਾ ਕਰਨਾ ਸੀ। ਆਪਣੀ ਯਾਤਰਾ ਦੌਰਾਨ ਡਾ. ਜੈਸ਼ੰਕਰ ਨੇ ਇਰਾਨ ਦੇ ਰਾਸ਼ਟਰਪਤੀ ਡਾ. ਹਸਨ ਰੁਹਾਨੀ ਨਾਲ ਵੀ ਮੁਲਾਕਾਤ ਕੀਤੀ ਅਤੇ ਸੰਯੁਕਤ ਕਮਿਸ਼ਨ ਦੀ ਬੈਠਕ ਵਿੱਚ ਹੋਈ ਗੱਲਬਾਤ ਦੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਗੌਰਤਲਬ ਹੈ ਕਿ ਭਾਰਤ ਦੇ ਵਿਦੇਸ਼ ਮੰਤਰੀ ਨੇ ਇਰਾਨ ਦੀ ਸਰਬ-ਉੱਚ ਰਾਸ਼ਟਰੀ ਸੁੱਰਖਿਆ ਪਰਿਸ਼ਦ ਦੇ ਸਕੱਤਰ, ਰੀਅਰ ਐਡਮਿਰਲ ਅਲੀ ਸ਼ਮਖਾਨੀ ਅਤੇ ਇਰਾਨ ਦੇ ਸੜਕ ਅਤੇ ਸ਼ਹਿਰੀ ਵਿਕਾਸ ਮੰਤਰੀ ਮੁਹੰਮਦ ਇਸਲਾਮੀ ਨਾਲ ਵੀ ਮੁਲਾਕਾਤ ਕੀਤੀ।

ਇਹ ਬੈਠਕਾਂ ਭਾਰਤ ਅਤੇ ਇਰਾਨ ਵਿਚਕਾਰ ਦੁ-ਪੱਖੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਉਸ ਸਮੇਂ ਚੁੱਕਿਆ ਗਿਆ ਇਕ ਸਕਾਰਾਤਮਕ ਕਦਮ ਹੈ, ਜਦੋਂ ਇਰਾਨ ਅਤੇ ਅਮਰੀਕਾ ਦਰਮਿਆਨ ਜਾਰੀ ਗਤੀਰੋਧ ਕਾਰਨ ਇਰਾਨ ਦੀ ਆਰਥਿਕ ਹਾਲਤ ਭਾਰੀ ਦਬਾਅ ਹੇਠ ਹੈ। ਗੌਰਤਲਬ ਹੈ ਕਿ ਅਮਰੀਕਾ ਅਤੇ ਇਰਾਨ ਵਿਚਕਾਰ ਹੋਏ ਪ੍ਰਮਾਣੂ ਸਮਝੌਤੇ ਦੇ ਟੁੱਟਣ ਮਗਰੋਂ ਅਮਰੀਕਾ ਨੇ ਇਰਾਨ 'ਤੇ ਸਖ਼ਤ ਆਰਥਿਕ ਅਤੇ ਰਾਜਨੀਤਕ ਪਾਬੰਦੀਆਂ ਲਾਈਆਂ ਹੋਈਆਂ ਹਨ।

ਇਸ ਬਹੁਤ ਹੀ ਲਾਹੇਵੰਦ, ਸੰਯੁਕਤ ਕਮਿਸ਼ਨ ਦੀ ਬੈਠਕ ਵਿੱਚ, ਦੋਵਾਂ ਧਿਰਾਂ ਨੇ ਭਾਰਤ-ਇਰਾਨ ਸੰਬੰਧਾਂ ਦੀ ਵਿਆਪਕ ਤੌਰ ਤੇ ਸਮੀਖਿਆ ਕੀਤੀ ਅਤੇ ਭਾਰਤ ਤੇ ਇਰਾਨ ਦੋਹਾਂ ਨੇ ਇਰਾਨ ਵਿੱਚ ਚਾਬਹਾਰ ਬੰਦਰਗਾਹ ਪ੍ਰੋਜੈਕਟ ਨੂੰ ਤੇਜ਼ ਕਰਨ ‘ਤੇ ਆਪੋ-ਆਪਣੀ ਰਜ਼ਾਮੰਦੀ ਦਰਸਾਈ। ਇਰਾਨ ਦੇ ਵਿਦੇਸ਼ ਮੰਤਰੀ ਸ਼੍ਰੀ ਜਵਾਦ ਜ਼ਰੀਫ ਨੇ ਭਾਰਤ-ਇਰਾਨ ਦੇ ਦੁ-ਪੱਖੀ ਸੰਬੰਧਾਂ 'ਤੇ ਤਸੱਲੀ ਪ੍ਰਗਟਾਈ ਅਤੇ ਦੋਵਾਂ ਮੁਲਕਾਂ ਦੇ ਸਦੀਆਂ ਪੁਰਾਣੇ ਤੇ ਇਤਿਹਾਸਕ ਸੰਬੰਧਾਂ ਦੀ ਸ਼ਲਾਘਾ ਕੀਤੀ।

ਬੈਠਕ ਦੌਰਾਨ ਸੰਪਰਕ, ਵਪਾਰ ਅਤੇ ਵਣਜ ਦੇ ਖੇਤਰ ਵਿੱਚ ਭਾਰਤ-ਇਰਾਨ ਦੀ ਭਾਗੀਦਾਰੀ ਵਰਗੇ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕੀਤੀ ਗਈ। ਦੋਵਾਂ ਧਿਰਾਂ ਨੇ ਖੇਤਰੀ ਅਤੇ ਵਿਸ਼ਵੀ ਪੱਧਰ 'ਤੇ ਭਾਰਤ ਅਤੇ ਇਰਾਨ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਤੇ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਚਾਬਹਾਰ ਵਿਖੇ ਸ਼ਾਹਿਦ ਬਹੇਸ਼ਤੀ ਬੰਦਰਗਾਹ ਦੇ ਵਿਕਾਸ ਕਾਰਜਾਂ 'ਤੇ ਆਪਸੀ ਤਸੱਲੀ ਪ੍ਰਗਟਾਈ। ਕਾਬਿਲੇਗੌਰ ਹੈ ਕਿ ਚਾਬਹਾਰ ਬੰਦਰਗਾਹ ਨੂੰ ਭਾਰਤੀ ਉਪ ਮਹਾਂਦੀਪ, ਇਰਾਨ, ਅਫ਼ਗਾਨਿਸਤਾਨ, ਮੱਧ ਏਸ਼ੀਆ ਅਤੇ ਯੂਰਪ ਦੇ ਵਿਚਕਾਰ ਇੱਕ ਮਹੱਤਵਪੂਰਨ ਫਾਟਕ ਦੇ ਤੌਰ ਤੇ ਮੰਨਿਆ ਜਾ ਰਿਹਾ ਹੈ। ਤੇਲ ਨਾਲ ਭਰਪੂਰ ਮੁਲਕ ਦੇ ਦੱਖਣੀ ਤੱਟ 'ਤੇ ਮੌਜੂਦ ਇਹ ਬੰਦਰਗਾਹ ਭਾਰਤ ਦੇ ਪੱਛਮੀ ਤੱਟ ਤੋਂ ਅਸਾਨੀ ਨਾਲ ਪਹੁੰਚਯੋਗ ਹੈ ਅਤੇ ਇਸ ਦੇ ਨਾਲ ਹੀ ਇਸ ਨੂੰ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਦੇ ਮੁਕਾਬਲੇ ਵਜੋਂ ਵੀ ਦੇਖਿਆ ਜਾਂਦਾ ਹੈ, ਜੋ ਚੀਨੀ ਨਿਵੇਸ਼ ਨਾਲ ਵਿਕਸਤ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਚਾਬਹਾਰ ਤੋਂ ਗਵਾਦਰ ਦੀ ਦੂਰੀ ਲਗਭਗ 80 ਕਿਲੋਮੀਟਰ ਹੈ।

ਭਾਰਤ ਅਤੇ ਇਰਾਨ ਦੇ ਵਿਦੇਸ਼ ਮੰਤਰੀਆਂ ਨੇ ਵੀ ਅਫਗਾਨਿਸਤਾਨ ਨਾਲ ਵਪਾਰ ਕਰਨ ਲਈ ਚਾਬਹਾਰ ਬੰਦਰਗਾਹ ਦੀ ਵਰਤੋਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੇ ਵਪਾਰ ਅਤੇ ਆਵਾਜਾਈ ਦੇ ਮਕਸਦ ਲਈ ਵਿਆਪਕ ਖੇਤਰੀ ਸੰਪਰਕ ਵਧਾਉਣ ਲਈ ਇਸ ਬੰਦਰਗਾਹ ਨੂੰ ਵਿਕਸਤ ਕਰਨ ਦੇ ਸੰਭਾਵੀ ਤਰੀਕਿਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।

ਇਸ ਸੰਯੁਕਤ ਕਮਿਸ਼ਨ ਦੀ ਬੈਠਕ ਦੌਰਾਨ ਭਾਰਤ ਅਤੇ ਇਰਾਨ ਨੇ ਵੀ ਆਪਣੇ ਦੁ-ਪੱਖੀ ਵਪਾਰ ਅਤੇ ਵਣਜ ਨੂੰ ਮਜ਼ਬੂਤ ਕਰਨ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ ਹੈ। ਇਸ ਸੰਬੰਧ ਵਿੱਚ ਦੋਹਾਂ ਮੁਲਕਾਂ ਦਰਮਿਆਨ ਵਪਾਰ ਨੂੰ ਤਰਜੀਹ ਦੇਣ ਦੇ ਸਮਝੌਤੇ ਨੂੰ ਆਖਰੀ ਰੂਪ ਦੇਣ, ਦੁ-ਪੱਖੀ ਨਿਵੇਸ਼ ਸਮਝੌਤਾ ਅਤੇ ਕਸਟਮ ਦੇ ਮਾਮਲਿਆਂ ਸੰਬੰਧੀ ਭਾਰਤ-ਇਰਾਨ ਸੰਯੁਕਤ ਕਾਰਜਕਾਰੀ ਸਮੂਹ ਦੀ ਛੇਤੀ ਬੈਠਕ ਕਰਨ ਲਈ ਵੀ ਸਹਿਮਤੀ ਬਣੀ।

ਖਾਸ ਗੱਲ ਇਹ ਹੈ ਕਿ ਇਸ ਮੌਕੇ ਭਾਰਤ ਅਤੇ ਇਰਾਨ ਨੇ ਅੱਤਵਾਦ ਤੋਂ ਪੈਦਾ ਚੁਣੌਤੀਆਂ ਨਾਲ ਮਿਲ ਕੇ ਟਾਕਰਾ ਕਰਨ ਦੇ ਆਪਣੇ ਵਿਚਾਰਾਂ ਨੂੰ ਮੁੜ ਦੁਹਰਾਇਆ ਹੈ। ਗੌਰਤਲਬ ਹੈ ਕਿ ਦੋਹਾਂ ਮੁਲਕਾਂ ਨੇ ਅੱਤਵਾਦੀ ਗੁੱਟਾਂ ਨੂੰ ਦਿੱਤੀ ਜਾਣ ਵਾਲੀ ਕਿਸੇ ਵੀ ਤਰ੍ਹਾਂ ਦੀ ਹਮਾਇਤ ਨੂੰ ਤਟਫਟ ਬੰਦ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਦੋਹਾਂ ਮੁਲਕਾਂ ਨੇ ਖਿੱਤੇ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਕਾਇਮ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਆਪਣੀ ਪੂਰੀ ਹਿਮਾਇਤ ਦਿੱਤੇ ਜਾਣ ਦੀ ਗੱਲ ਨੂੰ ਵੀ ਦੁਹਰਾਇਆ।

ਇਸ 19ਵੀਂ ਭਾਰਤ-ਇਰਾਨ ਸੰਯੁਕਤ ਕਮਿਸ਼ਨ ਦੀ ਬੈਠਕ ਦਾ ਇਕ ਹੋਰ ਮਹੱਤਵਪੂਰਨ ਪਹਿਲੂ, ਸਾਲ 2020 ਵਿੱਚ ਦੋਵਾਂ ਮੁਲਕਾਂ ਵਿਚਾਲੇ ਦੁ-ਪੱਖੀ ਸਾਂਝੇਦਾਰੀ ਦੀ 70ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਬਣੀ ਸਹਿਮਤੀ ਹੈ। ਇਸ ਦੇ ਮੱਦੇਨਜ਼ਰ ਭਾਰਤ ਅਤੇ ਇਰਾਨ ਨੇ ਆਪੋ-ਆਪਣੇ ਸੰਸਦ ਮੈਂਬਰਾਂ ਨੂੰ ਇੱਕ-ਦੂਜੇ ਦੇ ਮੁਲਕ ਦੀ ਯਾਤਰਾ ਕਰਨ ਲਈ ਉਤਸ਼ਾਹਿਤ ਕਰਨ ਦੇ ਨਾਲ ਹੀ ਸਭਿਆਚਾਰਕ ਮੇਲਿਆਂ ਦੇ ਆਯੋਜਨ ਦੀ ਵੀ ਯੋਜਨਾ ਬਣਾਈ ਹੈ।

ਅਜਿਹੇ ਸਮੇਂ ਜਦੋਂ ਭਾਰਤ ਦੁਆਰਾ ਇਰਾਨ ਤੋਂ ਕੀਤਾ ਜਾਣ ਵਾਲਾ ਤੇਲ ਦਾ ਆਯਾਤ ਅਮਰੀਕਾ ਦੀਆਂ ਸਖ਼ਤ ਪਾਬੰਦੀਆਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਇਹ ਸੰਯੁਕਤ ਕਮਿਸ਼ਨ ਦੀ ਬੈਠਕ ਬਹੁ-ਪੱਖੀ ਤੌਰ ਤੇ ਆਪਣੇ ਗੂੜ੍ਹੇ ਸੰਬੰਧਾਂ ਨੂੰ ਬਣਾਈ ਰੱਖਣ ਲਈ ਭਾਰਤ ਅਤੇ ਇਰਾਨ ਦੀਆਂ ਦ੍ਰਿੜ੍ਹ ਕੋਸ਼ਿਸ਼ਾਂ ਦੀ ਇੱਕ ਮਿਸਾਲ ਹੈ। ਕਾਬਿਲੇਗੌਰ ਹੈ ਕਿ ਦੋਵਾਂ ਧਿਰਾਂ ਨੇ ਬੀਤੇ ਸਮੇਂ ਵਿੱਚ ਨਿਯਮਤ ਤੌਰ ਤੇ ਉੱਚ-ਪੱਧਰੀ ਬੈਠਕਾਂ ਕੀਤੀਆਂ ਹਨ ਅਤੇ ਆਪਣੇ ਦੋਸਤਾਨਾ ਸੰਬੰਧਾਂ ਲਈ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਵੀ ਦੁਹਰਾਇਆ ਹੈ। ਇਰਾਨ ਦੇ ਰਾਸ਼ਟਰਪਤੀ ਡਾ. ਹਸਨ ਰੁਹਾਨੀ ਨੇ ਪਿਛਲੇ ਸਾਲ ਭਾਰਤ ਦੀ ਮਹੱਤਵਪੂਰਨ ਯਾਤਰਾ ਕੀਤੀ ਸੀ। ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸ ਸਾਲ ਸਤੰਬਰ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ 74ਵੇਂ ਇਜਲਾਸ ਮੌਕੇ ਵੀ ਨਿਊਯਾਰਕ ਵਿੱਚ ਇਰਾਨੀ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਨੇ ਭਾਰਤ-ਇਰਾਨ ਦੁ-ਪੱਖੀ ਸੰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਸੀ। ਹਾਲ ਹੀ ਵਿੱਚ ਸਮਾਪਤ ਹੋਈ ਸੰਯੁਕਤ ਕਮਿਸ਼ਨ ਦੀ ਬੈਠਕ, ਭਾਰਤ-ਇਰਾਨ ਦੁ-ਪੱਖੀ ਸੰਬੰਧਾਂ ਨੂੰ ਹੋਰ ਵੀ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇੱਕ ਸ਼ਲਾਘਾਯੋਗ ਉਪਰਾਲਾ ਹੈ।

ਸਕ੍ਰਿਪਟ: ਡਾ. ਆਸਿਫ਼ ਸ਼ੂਜਾ, ਇਰਾਨ ਬਾਰੇ ਰਣਨੀਤਕ ਮਾਮਲਿਆਂ ਦੇ ਮਾਹਿਰ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ