ਜੁਗਨਾਥ ਦਾ ਭਾਰਤ ਦੌਰਾ; ਮੌਰੀਸ਼ਸ-ਭਾਰਤ ਸਬੰਧਾਂ ਨੂੰ ਕਰੇਗਾ ਮਜ਼ਬੂਤ

ਮੌਰੀਸ਼ਸ ਦੇ ਮੁੜ ਚੁਣੇ ਗਏ ਪ੍ਰਧਾਨ ਮੰਤਰੀ ਪਰਾਵਿੰਦ ਜੁਗਨਾਥ ਵੱਲੋਂ ਆਪਣਾ ਅਹੁਦਾ ਸੰਭਾਲਦਿਆਂ ਹੀ ਪਿਛਲੇ ਹਫ਼ਤੇ ਭਾਰਤ ਦੇ ਦੌਰੇ ਦਾ ਐਲਾਨ ਕੀਤਾ ਗਿਆ।ਇਹ ਦੌਰਾ ਭਾਰਤ ਅਤੇ ਮੌਰੀਸ਼ਸ ਦੋਵਾਂ ਮੁਲਕਾਂ ਵਿਚਾਲੇ ਸਬੰਧਾਂ ਨੂੰ ਵਧੇਰੇ ਮਜ਼ਬੂਤੀ ਅਤੇ ਦੁਵੱਲੇ ਤੇ ਸਭਿਆਚਾਰਕ ਸੰਬੰਧਾਂ ਨਾਲ ਜੁੜੀ ਮਹੱਤਤਾ ਨੂੰ ਪੇਸ਼ ਕਰਦਾ ਹੈ।ਦੱਸਣਯੋਗ ਹੈ ਕਿ ਮੌਰੀਸ਼ਸ ਦੀ ਇਕ ਤਿਹਾਈ ਆਬਾਦੀ ਭਾਰਤੀ ਮੂਲ ਦੇ ਵਸਨੀਕਾਂ ਦੀ ਹੈ।ਇਸ ਨੂੰ ‘ਵਨੀਲਾ ਟਾਪੂ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਜਿਸ ਦੀ ਕੁੱਲ ਆਬਾਦੀ 1.3 ਮਿਲੀਅਨ ਦੇ ਕਰੀਬ ਹੈ।ਦੋਵੇਂ ਹੀ ਮੁਲਕ ਸੁਭਾਵਿਕ ਤੌਰ ਇਕ ਦੂਜੇ ਦੀਆਂ ਸੁਰੱਖਿਆ, ਆਰਥਿਕ ਅਤੇ ਵਿਕਾਸ ਸਬੰਧੀ ਚਿੰਤਾਵਾਂ ਨੂੰ ਸੰਬੋਧਨ ਕਰਦੇ ਹਨ।

ਪੀਐਮ ਜੁਗਨਾਥ ਦੀ ਇਸ ਫੇਰੀ ਨੂੰ ਨਵੀਂ ਦਿੱਲੀ ਦੇ ਸਰਕਾਰੀ ਕੂਟਨੀਤਕ ਦਾਇਰੇ ‘ਚ ਨਿੱਜੀ ਦੱਸਿਆ ਗਿਆ ਸੀ।ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਭਵਨ ਵਿਖੇ ਉਨ੍ਹਾਂ ਦਾ ਸਵਾਗਤ ਕੀਤਾ।ਦੱਸਣਯੋਗ ਹੈ ਕਿ ਹੈਦਰਾਬਾਦ ਭਵਨ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕਰਨ ਲਈ ਅਧਿਕਾਰਤ ਸਥਾਨ ਹੈ।ਇਸ ਬੈਠਕ ਦੌਰਾਨ ਦੋਵਾਂ ਆਗੂਆਂ ਨੇ ਆਪਸੀ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੀ ਇੱਛਾ ਬਾਰੇ ਇਕ ਦੂਜੇ ਨੂੰ ਭਰੋਸਾ ਦਵਾਇਆ।ਪੀਐਮ ਮੋਦੀ ਨੇ ਮੌਰੀਸ਼ਸ ਨੂੰ ਇੱਕ ਬੇਹੱਦ ਸੁਰੱਖਿਅਤ, ਸਥਿਰ ਅਤੇ ਖੁਸ਼ਹਾਲ ਮੁਲਕ ਬਣਨ ਦੇ ਯਤਨਾਂ ‘ਚ ਭਾਰਤ ਦੀ ਮਦਦ ਨੂੰ ਪੇਸ਼ ਕੀਤਾ।

ਪੀਐਮ ਮੋਦੀ ਨੇ ਕਿਹਾ ਕਿ ਮੌਰੀਸ਼ਸ ਦੀ ਸਰਕਾਰ ਅਤੇ ਲੋਕ ਦੇਸ਼ ਨੂੰ ਮਜ਼ਬੂਤ ਬਣਾਉਣ ਦੇ ਯਤਨਾਂ ‘ਚ ਭਾਰਤ ਦੀ ਮਦਦ ਅਤੇ ਸਮਰਥਨ ‘ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕਦੇ ਹਨ।ਨਵੀਂ ਦਿੱਲੀ ਵੱਲੋਂ ਪੇਸ਼ ਕੀਤੇ ਗਏ ਸਮਰਥਨ ਅਤੇ ਸਹਿਯੋਗ ‘ਤੇ ਪੀਐਮ ਜੁਗਨਾਥ ਨੇ ਦਿਲੋਂ ਧੰਨਵਾਦ ਕੀਤਾ।ਦਰਅਸਲ ਭਾਰਤ ਵੱਲੋਂ ਮੌਰੀਸ਼ਸ ਦੇ ਕਈ ਵਿਕਾਸ ਅਤੇ ਸਹਿਯੋਗ ਪ੍ਰਾਜੈਕਟਾਂ ਮਿਸਾਲਨ ਮੈਟਰੋ ਐਕਸਪ੍ਰੈਸ, ਵਿਸ਼ੇਸ਼ ਈਐਨਟੀ ਹਸਪਤਾਲ, ਸਮਾਜਿਕ ਹਾਊਸਿੰਗ ਪ੍ਰਾਜੈਕਟ ਆਦਿ ‘ਚ ਮਦਦ ਪੇਸ਼ ਕੀਤੀ ਗਈ ਹੈ।ਇੰਨ੍ਹਾਂ ਪ੍ਰਾਜੈਕਟਾਂ ਦੇ ਮੁਕੰਮਲ ਹੋਣ ‘ਤੇ ਮੌਰੀਸ਼ਸ ਦੇ ਲੋਕਾਂ ਨੂੰ ਬਹੁਤ ਲਾਭ ਪਹੁੰਚੇਗਾ।ਸਮੇਂ ਦੇ ਨਾਲ-ਨਾਲ ਭਾਰਤ ਨੇ ਬਹੁਤ ਹੀ ਧਿਆਨ ਨਾਲ ਇਸ ਹਿੰਦ ਮਹਾਸਾਗਰ ਟਾਪੂ ਨਾਲ ਆਪਣੇ ਆਰਥਿਕ ਅਤੇ ਰਾਜਨੀਤਿਕ ਸੰਬੰਧਾਂ ਨੂੰ ਅੱਗੇ ਵਧਾਇਆ ਹੈ।ਮੌਰੀਸ਼ਸ ਦੇ ਨਾਗਰਿਕ ਵੀ ਭਾਰਤ ਨਾਲ ਨੇੜਤਾ ਵਧਾਉਣ ਦੇ ਹੱਕ ‘ਚ ਹਨ।

ਪ੍ਰਧਾਨ ਮੰਤਰੀ ਜੁਗਨਾਥ ਨੇ ਆਪਣੇ ਭਾਰਤੀ ਹਮਅਹੁਦਾ ਸ੍ਰੀ ਮੋਦੀ ਨੂੰ ਕਿਹਾ ਕਿ ਮੌਰੀਸ਼ਸ ਦੇ ਸਰਬਪੱਖੀ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਨਾ ਅਤੇ ਭਾਰਤ ਨਾਲ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨਾ ਉਨ੍ਹਾਂ ਦੀ ਸਰਕਾਰ ਦੇ ਕਾਰਜਾਂ ਦੀ ਸੂਚੀ ‘ਚ ਪ੍ਰਾਥਮਿਕ ਹੋਵੇਗਾ।ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ਵੀ ਉਨ੍ਹਾਂ ਦੇ ਇੰਨ੍ਹਾਂ ਯਤਨਾਂ ‘ਚ ਅਹਿਮ ਭੂਮਿਕਾ ਨਿਭਾਵੇਗਾ।

ਦੱਸਣਯੋਗ ਹੈ ਕਿ ਪੀਐਮ ਮੋਦੀ ਨੇ ਸ੍ਰੀ ਜੁਗਨਾਥ ਦੀ ਮੁੜ ਚੋਣ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਟੈਲੀਫੋਨ ਜ਼ਰੀਏ ਮੁਬਾਰਕਬਾਦ ਪੇਸ਼ ਕੀਤੀ ਅਤੇ ਨਾਲ ਹੀ ਭਾਰਤ ਆਉਣ ਦਾ ਸੱਦਾ ਵੀ ਦਿੱਤਾ।ਪੀਐਮ ਮੋਦੀ ਵੱਲੋਂ ਇਸ ਸੱਦੇ ਦੇ ਜਵਾਬ ‘ਚ ਪੀਐਮ ਜੁਗਨਾਥ ਨੇ ਆਪਣੀ ਪਤਨੀ ਦੇ ਨਾਲ ਭਾਰਤ ਦਾ ਦੌਰਾ ਕੀਤਾ।ਉਨ੍ਹਾਂ ਦੇ ਇਹ ਦੌਰਾ ਬਹੁਤ ਖਾਸ ਰਿਹਾ।ਸੰਸ ‘ਚ ਉਨ੍ਹਾਂ ਦੀ ਪਾਰਟੀ ਵੱਲੋਂ ਬਹੁਮਤ ਪੇਸ਼ ਕਰਨ ਤੋਂ ਇਕ ਮਹੀਨੇ ਦੇ ਅੰਦਰ ਹੀ ਇਹ ਵਿਦੇਸ਼ੀ ਮੁਲਕ ਦਾ ਦੌਰਾ ਉਨ੍ਹਾਂ ਵੱਲੋਂ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਸ੍ਰੀ ਜੁਗਨਾਥ ਮੌਰੀਸ਼ਸ ਦੇ ਮਹਾਨ ਪ੍ਰਧਾਨ ਮੰਤਰੀ ਅਨੀਰੁਧ ਜੁਗਨਾਥ ਦੇ ਪੁੱਤਰ ਹਨ।ਪੀਐਮ ਜੁਗਨਾਥ ਨੇ ਆਪਣੇ ਸਾਥੀ ਨਾਗਰਿਕਾਂ ਦੇ ਹਿੱਤਾਂ ਨੂੰ ਹੁਲਾਰਾ ਦੇਣ ਦੀ ਵਿਰਾਸਤ ਨੂੰ ਸੰਭਾਲਿਆ ਹੈ, ਜੋ ਕਿ ਵਧੇਰੇਤਰ ਭਾਰਤੀ ਮੂਲ ਦੇ ਹਨ ਅਤੇ ਦੋ ਸਦੀਆਂ ਪਹਿਲਾਂ ਪ੍ਰਵਾਸ ਕਰਕੇ ਇੱਥੇ ਆ ਕੇ ਵਸੇ ਸਨ।ਬ੍ਰਿਿਟਸ਼ ਸਾਮਰਾਜ ਵੱਲੋਂ ਇੰਨ੍ਹਾਂ ਪ੍ਰਵਾਸੀ ਭਾਰਤੀਆਂ ਕੋਲੋਂ ਗੰਨੇ ਦੇ ਖੇਤਾਂ ‘ਚ ਮਜ਼ਦੂਰੀ ਕਰਵਾਈ ਜਾਂਦੀ ਸੀ।ਮੌਜੂਦਾ ਸਮੇਂ ‘ਚ ਇਹ ਪ੍ਰਵਾਸੀ ਭਾਰਤ ਮੌਰੀਸ਼ਸ ਦੇ ਵਿਕਾਸ ‘ਚ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਟਾਪੂ ਰਾਜ ਦੇ ਮਾਣਮੱਤੇ ਨਾਗਰਿਕ ਹਨ। ਮੌਰੀਸ਼ਸ ਦੇ ਲੋਕਾਂ ਨੇ ਹਮੇਸ਼ਾਂ ਹੀ ਭਾਰਤ ਨਾਲ ਮਜ਼ਬੂਤ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੀ ਹਿਮਾਇਤ ਕੀਤੀ ਹੈ ਅਤੇ ਨਾਲ ਹੀ ਭਾਰਤ ਦੇ ਰਣਨੀਤਕ ਹਿੱਤਾਂ ਦੀ ਰੱਖਿਆ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਵੱਲ ਵੀ ਖਾਸਾ ਧਿਆਨ ਦਿੱਤਾ ਹੈ।

ਯੂਰਪੀਅਨ ਖੋਜਕਰਤਾਵਾਂ ਵੱਲੋਂ ਮੌਰੀਸ਼ਸ ਨੂੰ ‘ਸਟਾਰ’ ਦਾ ਰੁਤਬਾ ਪ੍ਰਦਾਨ ਕੀਤਾ ਗਿਆ ਹੈ ਅਤੇ ਨਾਲ ਹੀ ਇਸ ਨੂੰ ਹਿੰਦ ਮਹਾਸਾਗਰ ਦੀ ‘ਕੁੰਜੀ’ ਦੱਸਿਆ ਗਿਆ ਹੈ।ਇਹ ਧਿਆਨਦੇਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਾਲ 2015 ‘ਚ ਪੋਰਟ ਲੂਈਸ ਦੀ ਫੇਰੀ ਦੌਰਾਨ ਪਹਿਲੀ ਵਾਰ ਹਿੰਦ ਮਹਾਸਾਗਰ ਸਬੰਧੀ ਆਪਣੀ ਰਣਨੀਤੀ ‘ਸਾਗਰ’ ਭਾਵ ਸੁਰੱਖਿਆ ਅਤੇ ਵਿਕਾਸ ਸਾਰਿਆਂ ਲਈ , ਬਾਰੇ ਗੱਲ ਕੀਤੀ ਸੀ।

ਜ਼ਿਕਰੇਖਾਸ ਹੈ ਕਿ ਮੌਰੀਸ਼ਸ ਸਿੱਧੇ ਵਿਦੇਸ਼ੀ ਨਿਵੇਸ਼ ਦੇ ਪ੍ਰਵਾਹ ਲਈ ਚੋਟੀ ਦਾ ਸਰੋਤ ਹੈ ਅਤੇ ਇਸ ਲਈ ਇਹ ਭਾਰਤ ਦੀ ਆਰਥਿਕਤਾ ਦੇ ਵਿਕਾਸ ‘ਚ ਇਹ ਅਹਿਮ ਭੂਮਿਕਾ ਨਿਭਾ ਸਕਦਾ ਹੈ।ਅਫ਼ਰੀਕੀ ਯੂਨੀਅਨ, ਹਿੰਦ ਮਹਾਂਸਾਗਰ ਰਿਮ ਐਸੋਸੀਏਸ਼ਨ ਅਤੇ ਭਾਰਤੀ ਹਿੰਦ ਮਹਾਂਸਾਗਰ ਕਮਿਸ਼ਨ ਦਾ ਮੈਂਬਰ ਹੋਣ ਦੇ ਨਾਤੇ, ਮੌਰੀਸ਼ਸ ਅਫ਼ਰੀਕੀ ਮਹਾਂਦੀਪ ਅਤੇ ਹਿੰਦ ਮਹਾਂਸਾਗਰ ਰਿਮ ਰਾਜਾਂ ‘ਚ ਭਾਰਤ ਦੀ ਰਣਨੀਤੀ ਅਤੇ ਆਰਥਿਕ ਹਿੱਤਾਂ ਨੂੰ ਹੁਲਾਰਾ ਦੇਣ ਦੀ ਸਮਰੱਥਾ ਰੱਖਦਾ ਹੈ।

ਦੋਵਾਂ ਮੁਲਕਾਂ ਵੱਲੋਂ ਇਕ ਦੂਜੇ ਦੇ ਆਰਥਿਕ ਅਤੇ ਸੁਰੱਖਿਆ ਹਿੱਤਾਂ ਨੂੰ ਅੱਗੇ ਵਧਾਉਣ ਦੀ ਸਮਰੱਥਾ ਨੂੰ ਵੇਖਦਿਆਂ, ਮੌਰੀਸ਼ਸ ਅਤੇ ਭਾਰਤ ਦੇ ਪ੍ਰਧਾਨ ਮੰਤਰੀਆਂ ਨੇ ਆਪਸੀ ਹਿੱਤਾਂ ਅਤੇ ਪਹਿਲ ਦੇ ਅਧਾਰ ‘ਤੇ ਬਹੁਪੱਖੀ ਦੁਵੱਲੇ ਸਬੰਧਾਂ ਨੂੰ ਕਾਇਮ ਰੱਖਣ ਅਤੇ ਸਾਂਝੇਦਾਰੀ ਦੇ ਨਵੇਂ ਢੰਗ ਤਰੀਕਿਆਂ ਦੀ ਖੋਜ ਕਰਨ ਲਈ ਨਜ਼ਦੀਕੀ ਤੋਂ ਕੰਮ ਕਰਨ ਦੀ ਸਹਿਮਤੀ ਪ੍ਰਗਟ ਕੀਤੀ ਹੈ।

ਅੰਤ ‘ਚ ਕਹਿ ਸਕਦੇ ਹਾਂ ਕਿ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਾਵਿੰਦ ਜੁਗਨਾਥ ਵੱਲੋਂ ਕੀਤੀ ਗਈ ਭਾਰਤ ਦੀ ਇਹ ਫੇਰੀ ਦੋਵਾਂ ਹੀ ਮੁਲਕਾਂ ਦਰਮਿਆਨ ਦੋਸਤਾਨਾ ਸਬੰਧਾਂ ਨੂੰ ਉਤਸ਼ਾਹਿਤ ਕਰੇਗੀ ਅਤੇ ਭਵਿੱਖ ‘ਚ ਦੋਵੇਂ ਹੀ ਮੁਲਕ ਮਜ਼ਬੂਤ ਦੁਵੱਲੇ ਸਬੰਧਾਂ ਦਾ ਆਨੰਦ ਮਾਣਨਗੇ।

ਸਕ੍ਰਿਪਟ: ਰਣਜੀਤ ਕੁਮਾਰ, ਸੀਨੀਅਰ ਪੱਤਰਕਾਰ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ