ਭਾਰਤ-ਅਮਰੀਕਾ ਦੀ ਸਾਂਝੇਦਾਰੀ ਅਗਾਂਹ ਵੱਲ
ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੀ ਅਮਰੀਕਾ ਦੀ ਸਹਾਇਕ ਵਿਦੇਸ਼ ਮੰਤਰੀ ਸ਼੍ਰੀਮਤੀ ਐਲਿਸ ਵੇਲਸ ਅਤੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਡਿਪਟੀ ਮੈਥਿਊ ਪੋਟਿੰਗਰ ਭਾਰਤ ਵਿਚ ਪੰਜਵੇਂ ਰਾਇਸੀਨਾ ਡਾਇਲਾਗ ਵਿਚ ਹਿੱਸਾ ਲੈਣ ਅਤੇ ਦੁ-ਪੱਖੀ ਬੈਠਕਾਂ ਵਿਚ ਹਿੱਸਾ ਲੈਣ ਲਈ ਭਾਰਤ ਦੀ ਫੇਰੀ ‘ਤੇ ਸਨ। ਕਾਬਿਲੇਗੌਰ ਹੈ ਕਿ ਸ਼੍ਰੀਮਤੀ ਵੇਲਸ ਦੀ ਇਸ ਉਪ-ਮਹਾਂਦੀਪ ਦੀ ਯਾਤਰਾ ਦੌਰਾਨ ਪਾਕਿਸਤਾਨ ਅਤੇ ਸ਼੍ਰੀਲੰਕਾ ਦਾ ਦੌਰਾ ਵੀ ਸ਼ਾਮਲ ਹੈ।
ਰਾਇਸੀਨਾ ਡਾਇਲਾਗ ਵਿਚ ਸ਼ਿਰਕਤ ਕਰਦਿਆਂ ਸ਼੍ਰੀ ਮੈਥਿਊ ਪੋਟਿੰਗਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੀ ਭਾਈਵਾਲੀ ਦਾ ਇਕ ਸਿਧਾਂਤਕ ਆਧਾਰ ਹੈ। ਇੰਡੋ-ਪੈਸਿਫਿਕ ਭਾਈਵਾਲੀ ਨੂੰ ਹੋਰ ਵਿਸਥਾਰ ਨਾਲ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਤੋਂ ਭਾਵ ਇਹ ਹੈ ਕਿ ਜੋ ਮੁਲਕ ਕਾਨੂੰਨ ਦੇ ਰਾਜ ਦਾ ਸਤਿਕਾਰ ਕਰਦਾ ਹੈ, ਮਹਾਸਾਗਰਾਂ ਅਤੇ ਪੁਲਾੜ ਵਿੱਚ ਵਿਕਾਸ ਦੀਆਂ ਨਵੀਆਂ ਸਿਖਰਾਂ ਛੂਹ ਰਿਹਾ ਹੈ, ਖੁੱਲ੍ਹੇ ਵਪਾਰ ਨੂੰ ਉਤਸ਼ਾਹਿਤ ਕਰਦਾ ਹੈ, ਖੁੱਲ੍ਹੀ ਸੋਚ ਅਤੇ ਸਭ ਤੋਂ ਵੱਧ ਹਰੇਕ ਦੇਸ਼ ਦੀ ਪ੍ਰਭੂਸੱਤਾ ਦਾ ਸਨਮਾਨ ਕਰਦਾ ਹੈ। ਇਸ ਤਰ੍ਹਾਂ ਇਹ ਸੁਤੰਤਰਤਾ ਦਾ ਪੱਖ ਪੂਰਦਾ ਹੋਇਆ ਕਿਸੇ ਵੀ ਕੌਮ ਨਾਲ ਵਿਤਕਰਾ ਨਹੀਂ ਕਰਦਾ ਸਗੋਂ ਸਾਰੀਆਂ ਕੌਮਾਂ ਨੂੰ ਉਨ੍ਹਾਂ ਸਿਧਾਂਤਾਂ ਦਾ ਆਦਰ ਕਰਨ ਅਤੇ ਉਤਸ਼ਾਹਿਤ ਕਰਨ ਲਈ ਕਹਿੰਦਾ ਹੈ, ਜਿਨ੍ਹਾਂ ਰਾਹੀਂ ਸਾਡੀ ਸਾਂਝ ਅਤੇ ਏਕਤਾ ਨੂੰ ਮਜ਼ਬੂਤੀ ਮਿਲਦੀ ਹੈ। ਅਮਰੀਕਾ ਦੇ ਇਸ ਨੁਮਾਇੰਦੇ ਨੇ ਅੱਗੇ ਕਿਹਾ ਕਿ ਉਹ ਮੁਲਕ ਜੋ ਆਜ਼ਾਦ ਅਤੇ ਮੁਕਤ ਇੰਡੋ-ਪੈਸਿਫਿਕ ਦੀ ਧਾਰਨਾ ਦਾ ਸਮਰਥਨ ਕਰਦੇ ਹਨ, ਉਨ੍ਹਾਂ ਮੁਲਕਾਂ ਦੇ ਸ਼ਾਸਕ ਦਾ ਮਕਸਦ ਰਾਜ ਕਰਨ ਦੀ ਬਜਾਇ ਆਮ ਲੋਕਾਂ ਦੇ ਹਿੱਤ ਵਿਚ ਕਾਰਜ ਕਰਨਾ ਹੁੰਦਾ ਹੈ।
ਗੌਰਤਲਬ ਹੈ ਕਿ ਇਸ ਕਾਨਫਰੰਸ ਵਿਚ ਹਿੱਸਾ ਲੈਣ ਤੋਂ ਇਲਾਵਾ, ਸਹਾਇਕ ਵਿਦੇਸ਼ ਮੰਤਰੀ ਵੇਲਸ ਦੀ ਫੇਰੀ ਨੂੰ ਫਰਵਰੀ 2020 ਵਿਚ ਰਾਸ਼ਟਰਪਤੀ ਟਰੰਪ ਦੀ ਸੰਭਾਵਿਤ ਭਾਰਤ ਫੇਰੀ ਦੇ ਮੁੱਢਲੇ ਕਾਰਜਾਂ ਵਜੋਂ ਵੀ ਦੇਖਿਆ ਜਾ ਰਿਹਾ ਹੈ। ਜੇ ਇਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ 2016 ਵਿਚ ਰਾਸ਼ਟਰਪਤੀ ਟਰੰਪ ਦੇ ਚੁਣੇ ਜਾਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਭਾਰਤ ਫੇਰੀ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਵਿਚਕਾਰ ਗੂੜ੍ਹਾ ਰਿਸ਼ਤਾ ਹੈ ਜੋ ਸਾਲ 2019 ਵਿਚ ਟੈਕਸਾਸ ਵਿਚ 'ਹਾਊਡੀ ਮੋਦੀ' ਪ੍ਰੋਗਰਾਮ ਦੌਰਾਨ ਦੇਖਿਆ ਗਿਆ ਸੀ।
ਕਾਬਿਲੇਗੌਰ ਹੈ ਕਿ ਭਾਰਤ ਅਤੇ ਅਮਰੀਕਾ ਆਪਣੀ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਦੇ ਤਰੀਕਿਆਂ ਦੀ ਭਾਲ ਕਰ ਰਹੇ ਹਨ ਅਤੇ ਸ਼੍ਰੀਮਤੀ ਵੇਲਜਸ ਦੀ ਫੇਰੀ ਨੂੰ ਇਸੇ ਸੰਦਰਭ ਵਿੱਚ ਅਗਲਾ ਕਦਮ ਮੰਨਿਆ ਜਾ ਰਿਹਾ ਹੈ ਜੋ ਵਾਸ਼ਿੰਗਟਨ ਡੀ.ਸੀ. ਵਿਚ ਦਸੰਬਰ 2019 ਵਿਖੇ ਹੋਈ 2+2 ਗੱਲਬਾਤ ਦੇ ਵਿਚਾਰ-ਵਟਾਂਦਰੇ ਨੂੰ ਅੱਗੇ ਲਿਜਾਉਣ ਵਿੱਚ ਅਹਿਮ ਹੈ, ਜਿਸ ਵਿਚ ਨਾਗਰਿਕ ਅਤੇ ਰੱਖਿਆ ਵਰਗੇ ਬਹੁਤ ਸਾਰੇ ਖੇਤਰਾਂ ਵਿੱਚ ਸਹਿਯੋਗ ਸੰਬੰਧੀ ਪ੍ਰਮੁੱਖ ਸਮਝੌਤਿਆਂ 'ਤੇ ਸਹਿਮਤੀ ਬਣੀ ਸੀ। ਦੋਵਾਂ ਮੁਲਕਾਂ ਨੇ ਉਦਯੋਗਿਕ ਸੁਰੱਖਿਆ ਅਨੈਕਸ (ਆਈ.ਐੱਸ.ਏ.) ‘ਤੇ ਹਸਤਾਖਰ ਕੀਤੇ, ਜਿਸ ਨਾਲ ਭਾਰਤ ਅਤੇ ਅਮਰੀਕਾ ਦੇ ਰੱਖਿਆ ਉਦਯੋਗਾਂ ਨੂੰ ਕਿਸੇ ਵਿਸ਼ੇਸ਼ ਜਾਣਕਾਰੀ ਦੇ ਆਦਾਨ-ਪ੍ਰਦਾਨ ਦੀ ਸਹੂਲਤ ਮਿਲੇਗੀ। ਦੋਵੇਂ ਮੁਲਕ ਰੱਖਿਆ ਤਕਨੀਕ ਅਤੇ ਵਪਾਰ ਦੇ ਖੇਤਰ ਵਿੱਚ ਵੀ ਅਹਿਮ ਭਾਈਵਾਲੀ ਚਾਹੁੰਦੇ ਹਨ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਨ੍ਹਾਂ ਉਪਾਵਾਂ ਨਾਲ ਭਾਰਤ ਅਤੇ ਅਮਰੀਕਾ ਦੋਵਾਂ ਦੇ ਨਿੱਜੀ ਰੱਖਿਆ ਉਦਯੋਗਾਂ ਵਿਚਾਲੇ ਸਹਿਯੋਗ ਨੂੰ ਰਫ਼ਤਾਰ ਮਿਲੇਗੀ। ਧਿਆਨਯੋਗ ਹੈ ਕਿ ਦੋਵਾਂ ਧਿਰਾਂ ਨੇ ਰੱਖਿਆ ਖੋਜ ਦੇ ਖੇਤਰ ਵਿੱਚ ਆਪਣੀ ਸਾਂਝੇਦਾਰੀ ਨਿਭਾਉਣ ਵਿੱਚ ਅੱਗੇ ਵਧਣ ਆਪੋ-ਆਪਣੀ ਰਜ਼ਾਮੰਦੀ ਦਰਸਾਈ ਹੈ।
ਗੌਰਤਲਬ ਹੈ ਕਿ ਸ਼੍ਰੀਮਤੀ ਵੇਲਸ ਨੇ ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਇੱਕ ਸੁਤੰਤਰ ਅਤੇ ਖੁੱਲ੍ਹੇ ਇੰਡੋ-ਪ੍ਰਸ਼ਾਂਤ ਖਿੱਤੇ ਵਿੱਚ ਸਾਂਝੇ ਹਿੱਤਾਂ ਸਮੇਤ ਕਈ ਦੁ-ਪੱਖੀ ਅਤੇ ਖੇਤਰੀ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜੋ ਖੁਸ਼ਹਾਲੀ, ਲੋਕਤੰਤਰ ਅਤੇ ਨਿਆਂ ਨੂੰ ਉਤਸ਼ਾਹਿਤ ਕਰਦੇ ਹਨ। ਇਹ ਵਿਚਾਰ-ਵਟਾਂਦਰਾ 2019 ਵਿਚ ਵਾਸ਼ਿੰਗਟਨ ਡੀ.ਸੀ. ਵਿਚ ਚਤੁਰਭੁਜ (ਭਾਰਤ, ਅਮਰੀਕਾ, ਜਾਪਾਨ ਅਤੇ ਆਸਟਰੇਲੀਆ “ਕੁਆਡ”) ਦੇ ਮੈਂਬਰਾਂ ਦੀ ਪਹਿਲੀ ਮੰਤਰੀ ਪੱਧਰ ਦੀ ਬੈਠਕ ਵਿੱਚ ਵਿਚਾਰੇ ਗਏ ਆਦਰਸ਼ਾਂ 'ਤੇ ਆਧਾਰਿਤ ਹੈ। ਇਹ ਬੈਠਕ ਇੰਡੋ-ਪ੍ਰਸ਼ਾਂਤ ਖਿੱਤੇ ਵਿਚ ਆਪਸੀ ਸਹਿਯੋਗ ਵਧਾਉਣ ਲਈ ਆਸਟਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਦੇ ਯਤਨਾਂ ਦਾ ਹੀ ਸਿੱਟਾ ਸੀ।
ਇਸ ਦੌਰਾਨ ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੀ ਅਮਰੀਕਾ ਦੀ ਸਹਾਇਕ ਵਿਦੇਸ਼ ਮੰਤਰੀ ਨੇ ਭਾਰਤ ਦੇ ਵਪਾਰਕ ਪ੍ਰਤੀਨਿਧੀਆਂ ਨਾਲ ਵੀ ਗੱਲਬਾਤ ਕੀਤੀ। ਦੋਵੇਂ ਮੁਲਕ ਦੁ-ਪੱਖੀ ਵਪਾਰ ਅਤੇ ਨਿਵੇਸ਼ ਸਮਝੌਤੇ ਦੇ ਰਾਹ ‘ਤੇ ਅੱਗੇ ਵੱਧ ਰਹੇ ਹਨ। ਧਿਆਨਯੋਗ ਹੈ ਕਿ ਇਸ ਦੌਰਾਨ ਦੋਵਾਂ ਮੁਲਕਾਂ ਨੇ ਖੇਤੀਬਾੜੀ ਅਤੇ ਡੇਅਰੀ ਸੈਕਟਰ ਵਿਚ ਅੰਤਰ ਦੇ ਨਾਲ-ਨਾਲ ਘਰੇਲੂ ਉਦਯੋਗਾਂ ਨੂੰ ਦਿੱਤੀਆਂ ਜਾਂਦੀਆਂ ਕੀਮਤਾਂ ਅਤੇ ਸਬਸਿਡੀਆਂ ਬਾਰੇ ਵੀ ਵਿਚਾਰ-ਚਰਚਾ ਕੀਤੀ।
ਗੌਰਤਲਬ ਹੈ ਕਿ ਪਿਛਲੇ ਦੋ ਦਹਾਕਿਆਂ ਵਿਚ ਭਾਰਤ-ਅਮਰੀਕਾ ਦੇ ਸੰਬੰਧਾਂ ਵਿੱਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੈ ਅਤੇ ਅਜਿਹਾ ਕੋਈ ਖੇਤਰ ਨਹੀਂ ਹੈ ਜਿਸ ਵਿਚ ਦੋਵੇਂ ਮੁਲਕ ਇਕੱਠੇ ਮਿਲ ਕੇ ਕੰਮ ਨਾ ਕਰ ਰਹੇ ਹੋਣ। ਪਿਛਲੇ ਦੋ ਦਹਾਕਿਆਂ ਦੌਰਾਨ ਦੁ-ਪੱਖੀ ਭਾਈਵਾਲੀ ਦੇ ਲਗਾਤਾਰ ਵਾਧੇ ਦੇ ਮੱਦੇਨਜ਼ਰ ਅੱਜ ਹੋ ਰਹੀਆਂ ਸਾਂਝੀਆਂ ਗਤੀਵਿਧੀਆਂ ਤਸੱਲੀਜਨਕ ਹਨ। ਭਾਰਤ ਅਤੇ ਅਮਰੀਕਾ ਦੀ ਸਰਕਾਰ ਦੇ ਮੁਖੀਆਂ ਦਰਮਿਆਨ ਬਕਾਇਦਾ ਦੁ-ਪੱਖੀ ਬੈਠਕਾਂ ਤੋਂ ਲੈ ਕੇ ਉੱਚ-ਪੱਧਰੀ ਸੰਵਾਦਾਂ ਵਿੱਚ ਕਈ ਅਹਿਮ ਰਣਨੀਤਕ ਮਾਮਲਿਆਂ ‘ਤੇ ਆਪਸੀ ਗੱਲਬਾਤ ਅਤੇ ਵਿਚਾਰ-ਵਟਾਂਦਰਾ ਦੋਵਾਂ ਮੁਲਕਾਂ ਦੀ ਸਾਂਝੇਦਾਰੀ ਨੂੰ ਹੋਰ ਵੀ ਅਗਾਂਹ ਵੱਲ ਲਿਜਾਂਦਾ ਹੈ। ਖਾਸ ਤੌਰ 'ਤੇ ਰੱਖਿਆ, ਅੱਤਵਾਦ ਵਿਰੋਧੀ ਰਣਨੀਤੀ, ਘਰੇਲੂ ਸੁਰੱਖਿਆ, ਸਾਈਬਰ-ਸੁਰੱਖਿਆ ਅਤੇ ਖੁਫੀਆ ਸਹਿਯੋਗ ਦੇ ਨਾਲ-ਨਾਲ, ਊਰਜਾ, ਸਿੱਖਿਆ, ਵਿਗਿਆਨ ਅਤੇ ਤਕਨਾਲੋਜੀ, ਜਨਤਕ ਸਿਹਤ ਅਤੇ ਸਭਿਆਚਾਰ ਦੇ ਖੇਤਰ ਵਿੱਚ ਹੋ ਰਹੀਆਂ ਗਤੀਵਿਧੀਆਂ ਨੂੰ ਇਸ ਦਿਸ਼ਾ ਵਿੱਚ ਇਕ ਸਾਰਥਕ ਕਦਮ ਮੰਨਿਆ ਜਾ ਰਿਹਾ ਹੈ।
ਸਕ੍ਰਿਪਟ: ਡਾ ਸਤੁਤੀ ਬੈਨਰਜੀ, ਅਮਰੀਕੀ ਮਾਮਲਿਆਂ ਦੀ ਰਣਨੀਤਕ ਵਿਸ਼ਲੇਸ਼ਕ
Comments
Post a Comment