ਭਾਰਤ ਨੇ ਆਪਣੀ 'ਗੁਆਂਢ ਪਹਿਲ' ਨੀਤੀ ਨੂੰ ਦੁਹਰਾਇਆ


ਭਾਰਤ ਆਪਣੀ ‘ਗੁਆਂਢ ਪਹਿਲ’ ਨੀਤੀ ਲਈ ਵਚਨਬੱਧ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਈ 2014 ਤੋਂ ਬਤੌਰ ਪੀਐਮ ਇਸ ਅਹੁਦੇ ‘ਤੇ ਬਿਰਾਜਮਾਨ ਹਨ ਅਤੇ ਉਨ੍ਹਾਂ ਨੇ ਉਦੋਂ ਤੋਂ ਹੀ ਕਈ ਮੌਕਿਆਂ ‘ਤੇ ਆਪਣੀ ਇਸ ਪ੍ਰਤੀਬੱਧਤਾ ਨੂੰ ਵਾਰ-ਵਾਰ ਦੁਹਰਾਇਆ ਹੈ।ਪੀਐਮ ਮੋਦੀ ਨੇ 26 ਮਈ 2014 ਨੂੰ ਆਪਣੇ ਸਹੁੰ ਚੁੱਕ ਸਮਾਗਮ ‘ਚ ਖੇਤਰੀ ਸਹਿਯੋਗ ਲਈ ਦੱਖਣੀ ਏਸ਼ੀਆ ਐਸੋਸੀਏਸ਼ਨ, ਸਾਰਕ ਦੇ ਸਾਰੇ ਮੈਂਬਰ ਮੁਲਕਾਂ/ਸਰਕਾਰਾਂ ਦੇ ਮੁੱਖੀਆਂ ਨੂੰ ਸੱਦਾ ਦਿੱਤਾ ਸੀ।ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪੀਐਮ ਮੋਦੀ ਨੇ ਆਪਣੀ ਪਹਿਲੀ ਵਿਦੇਸ਼ ਯਾਤਰਾ ਵੱਜੋਂ ਭੂਟਾਨ ਦੀ ਚੋਣ ਕੀਤੀ ਸੀ।ਉਨ੍ਹਾਂ ਨੇ ਗਰੀਬੀ,ਕੁਪੋਸ਼ਣ ਅਤੇ ਸਾਰਿਆਂ ਲਈ ਸਿੱਖਿਆ ਦੀ ਪਹੁੰਚ ਸੰਭਵ ਕਰਨ ਵਰਗੇ ਮੁੱਦਿਆਂ ਨਾਲ ਨਜਿੱਠਣ ਲਈ ਦੱਖਣੀ ਏਸ਼ੀਆਈ ਗੁਆਂਢੀ ਮੁਲਕਾਂ ਨਾਲ ਸਾਂਝੇ ਯਤਨਾਂ ਦੀ ਮੰਗ ਕੀਤੀ ਸੀ।ਭਾਰਤ ਨੇ ਆਪਣੇ ਗੁਆਂਢੀ ਮੁਲਕਾਂ ਦੀ ਭਲਾਈ ਅਤੇ ਵਿਕਾਸ ਲਈ ਆਪਣੇ ਮਾਹਰਾਂ ਦੇ ਤਜ਼ਰਬਿਆਂ ਨੂੰ ਸਾਂਝਾ ਕਰਨ ਦੀ ਗੱਲ ਵੀ ਕਹੀ।

ਸਾਲ 2020 ਦੇ ਆਗਾਜ਼ ਦੇ ਮੌਕੇ ‘ਤੇ ਪੀਐਮ ਮੋਦੀ ਨੇ ਆਪਣੇ ਗੁਆਂਢੀ ਮੁਲਕਾਂ ਦੇ ਆਗਅੂਾਂ ਨੂੰ ਜਿੱਥੇ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ , ਉੱਥੇ ਹੀ ਗੁਆਂਢੀ ਮੁਲਕਾਂ ਨਾਲ ਵਧੇਰੇ ਸਾਂਝ ਵਧਾਉਣ ਦੀ ਇਸ ਭਾਵਨਾ ਨੂੰ ਭਵਿੱਖ ‘ਚ ਵੀ ਜਾਰੀ ਰੱਖਣ ਦੀ ਇੱਛਾ ਪ੍ਰਗਟ ਕੀਤੀ। ਪੀਐਮ ਮੋਦੀ ਨੇ ਨਵੇਂ ਸਾਲ ਦੇ ਮੌਕੇ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਮਗੇਲ ਵਾਂਗਚੁਕ, ਭੂਟਾਨ ਦੇ ਪ੍ਰਧਾਨ ਮੰਤਰੀ ਡਾ.ਲੋਟੇ ਸ਼ੇਰਿੰਗ, ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਬਯਾ ਰਾਜਪਕਸ਼ੇ, ਸ੍ਰੀਲੰਕਾਈ ਪੀਐਮ ਮਹਿੰਦਾ ਰਾਜਪਕਸ਼ੇ, ਮਾਲਦੀਵਜ਼ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ, ਬੰਗਲਾਦੇਸ਼ੀ ਪੀਐਮ ਸ਼ੇਖ ਹਸੀਨਾ ਅਤੇ ਨੇਪਾਲ ਦੇ ਪੀਐਮ ਕੇ.ਪੀ. ਸ਼ਰਮਾ ਓਲੀ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ।ਸ੍ਰੀ ਮੋਦੀ ਨੇ ਆਪਣੇ ਗੁਆਂਢੀ ਮੁਲਕਾਂ ਦੇ ਆਗੂਆਂ ਅੱਗੇ ਭਾਰਤ ਦੀ ‘ਗੁਆਂਢ ਪਹਿਲ’ ਨੀਤੀ ਅਤੇ ਖੇਤਰ ‘ਚ ਭਾਰਤ ਦੇ ਸਾਰੇ ਹੀ ਦੋਸਤ ਅਤੇ ਭਾਈਵਾਲ ਮੁਲਕਾਂ ਲਈ ਸ਼ਾਂਤੀ, ਸੁਰੱਖਿਆ, ਖੁਸ਼ਹਾਲੀ ਅਤੇ ਵਿਕਾਸ ਦੇ ਦ੍ਰਿਸ਼ਟੀਕੋਣ ਪ੍ਰਤੀ ਆਪਣੀ ਵਚਨਬੱਧਤਾ ‘ਤੇ ਜ਼ੋਰ ਦਿੱਤਾ।

ਭੂਟਾਨ ਦੇ ਪ੍ਰਧਾਨ ਮੰਤਰੀ ਅਤੇ ਬਾਦਸ਼ਾਹ ਨਾਲ ਹੋਈ ਗੱਲਬਾਤ ਦੌਰਾਨ ਪੀਐਮ ਮੋਦੀ ਨੇ ਬੀਤੇ ਸਾਲ ਭਾਰਤ-ਭੂਟਾਨ ਸਬੰਧਾਂ ਨੂੰ ਮਜਬੂਤੀ ਪ੍ਰਦਾਨ ਕਰਨ ਵਾਲੀਆਂ ਮਹੱਤਵਪੂਰਣ ਤਰੱਕੀਆਂ, ਪ੍ਰਾਪਤੀਆਂ ‘ਤੇ ਚਾਨਣਾ ਪਾਇਆ।ਸ੍ਰੀ ਮੋਦੀ ਨੇ ਭੂਟਾਨ ਦੀ ਅੰਤਿਮ ਫੇਰੀ ਅਤੇ ਉੱਥੋਂ ਦੇ ਲੋਕਾਂ ਵੱਲੋਂ ਮਿਲੇ ਪਿਆਰ ਮਹੁੱਬਤ ਨੂੰ ਵੀ ਯਾਦ ਕੀਤਾ।ਉਨ੍ਹਾਂ ਨੇ ਦੋਵਾਂ ਮੁਲਕਾਂ ਦਰਮਿਆਨ ਨੌਜਵਾਨਾਂ ਦੇ ਵਟਾਂਦਰੇ ਨੂੰ ਵਧਾਉਣ ਦੀ ਪ੍ਰਕ੍ਰਿਆ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਭੂਟਾਨ ਦੇ ਰਾਜਾ ਵੱਲੋਂ ਭਾਰਤ ਦੇ ਕੀਤੇ ਜਾਣ ਵਾਲੇ ਦੌਰੇ ਦੀ ਉਡੀਕ ‘ਚ ਹਨ।

ਸ੍ਰੀਲੰਕਾ ਦੇ ਰਾਸ਼ਟਰਪਤੀ ਨੇ ਵੀ ਪੀਐਮ ਮੋਦੀ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਵਿਸ਼ਵਾਸ ਜਤਾਇਆ ਕਿ ਭਾਰਤ ਅਤੇ ਸ਼੍ਰੀਲੰਕਾ ਇਸ ਨਵੇਂ ਸਾਲ ‘ਚ ਵੀ ਆਪਣੇ ਦੋਸਤਾਨਾ ਸਬੰਧਾਂ ਨੂੰ ਨਵੀਂਆਂ ਉੱਚਾਈਆਂ ‘ਤੇ ਪਹੁੰਚਾਉਣਗੇ।ਦੋਵਾਂ ਆਗੂਆਂ ਨੇ ਇਸ ਟਿੱਚੇ ਨੂੰ ਹਾਸਲ ਕਰਨ ਲਈ ਮਿਲ ਕੇ ਕੰਮ ਕਰਨ ਦੀ ਆਪੋ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ।

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨਾਲ ਗੱਲਬਾਤ ਦੌਰਾਨ ਪੀਐਮ ਮੋਦੀ ਨੇ ਸ੍ਰੀਲੰਕਾ ਨਾਲ ਨਜ਼ਦੀਕੀ ਅਤੇ ਵਿਆਪਕ ਸਹਿਯੋਗ ਨੂੰ ਅਗਾਂਹ ਵਧਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।ਸ਼੍ਰੀ ਰਾਜਪਕਸ਼ੇ ਨੇ ਵੀ ਪੀਐਮ ਮੋਦੀ ਵੱਲੋਂ ਪ੍ਰਗਟ ਕੀਤੇ ਇੰਨ੍ਹਾਂ ਵਿਚਾਰਾਂ ਦਾ ਸਵਾਗਤ ਕੀਤਾ ਅਤੇ ਆਪਣੇ ਮੁਲਕ ਵੱਲੋਂ ਵੀ ਇਸ ਤਰ੍ਹਾਂ ਦੇ ਵਤੀਰੇ ਦਾ ਭਰੋਸਾ ਦਿੱਤਾ।

ਪੀਐਮ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਅਤੇ ਉੱਥੋਂ ਦੇ ਵਸਨੀਕਾਂ ਨੂੰ ਵਿਕਾਸ ਨੂੰ ਹੁਲਾਰਾ ਦੇਣ ਦੇ ਉਨ੍ਹਾਂ ਦੇ ਯਤਨਾਂ ‘ਚ ਸਫਲਤਾ ਹਾਸਲ ਕਰਨ ਸਬੰਧੀ ਸ਼ੁਭਕਾਮਨਾ ਪੇਸ਼ ਕੀਤੀ।ਰਾਸ਼ਟਰਪਤੀ ਸੋਲਿਹ ਨੇ ਪੀਐਮ ਮੋਦੀ ਦਾ ਧੰਨਵਾਦ ਕੀਤਾ ਅਤੇ ਭਾਰਤ ਨਾਲ ਮੌਜੂਦਾ ਦੁਵੱਲੇ ਸਬੰਧਾਂ ਨੂੰ ਵਧੇਰੇ ਉਤਸ਼ਾਹਿਤ ਕਰਨ ਅਤੇ ਸਹਿਯੋਗ ਦੇ ਨਵੇਂ ਖੇਤਰਾਂ ਦੀ ਭਾਲ ਕਰਨ ਲਈ ਮਿਲ ਕੇ ਕਾਰਜ ਕਰਨ ਦੀ ਇੱਛਾ ਪ੍ਰਗਟ ਕੀਤੀ।

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਆਪਣੀ ਗੱਲਬਾਤ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਅਵਾਮੀ ਲੀਗ ਦੀ ਅਗਲੇ ਤਿੰਨ ਸਾਲਾਂ ਲਈ ਮੁੜ ਪ੍ਰਧਾਨ ਚੁਣੇ ਜਾਣ ‘ਤੇ ਮੁਬਾਰਕਬਾਦ ਪੇਸ਼ ਕੀਤੀ।ਪੀਐਮ ਮੋਦੀ ਨੇ ਭਾਰਤ ‘ਚ ਬੰਗਲਾਦੇਸ਼ੀ ਸਾਬਕਾ ਹਾਈ ਕਮਿਸ਼ਨਰ ਸਈਦ ਮੁਅਜ਼ਮ ਅਲੀ ਦੇ ਅਚਾਨਕ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਨੇ ਸਾਲ 2019 ‘ਚ ਦੋਵਾਂ ਮੁਲਕਾਂ ਵਿਚਾਲੇ ਦੁਵੱਲੇ ਸਬੰਧਾਂ ‘ਚ ਹੋਈ ਤਰੱਕੀ ਦਾ ਜ਼ਿਕਰ ਵੀ ਕੀਤਾ।

ਪੀਐਮ ਮੋਦੀ ਨੇ ਨੇਪਾਲ ਦੇ ਆਪਣੇ ਹਮਅਹੁਦਾ ਸ੍ਰੀ ਓਲੀ ਨਾਲ ਕੀਤੀ ਗੱਲਬਾਤ ਦੌਰਾਨ ਬੀਤੇ ਸਾਲ ਕਈ ਪ੍ਰਾਜੈਕਟਾਂ ਦੇ ਮੁਕੰਮਲ ਹੋਣ ‘ਤੇ ਭਾਰਤ-ਨੇਪਾਲ ਸਬੰਧਾਂ ‘ਚ ਹੋਈ ਤਰੱਕੀ ‘ਤੇ ਆਪਣੀ ਤਸੱਲੀ ਪ੍ਰਗਟ ਕੀਤੀ।ਉਨਾਂ ਨੇ ਖਾਸ ਤੌਰ ‘ਤੇ ਮੋਤੀਹਰੀ (ਭਾਰਤ) ਅਤੇ ਅਮਲੇਖਗੂਜ (ਨੇਪਾਲ) ਪੈਟਰੋਲੀਅਮ ਉਤਪਾਦਾਂ ਦੀ ਪਾਈਪਲਾਈਨ ਦੀ ਤੈਅ ਸਮੇਂ ‘ਚ ਮੁਕੰਮਲ ਹੋਣ ਬਾਰੇ ਵੀ ਚਰਚਾ ਕੀਤੀ।ਦੋਵਾਂ ਆਗੂਆਂ ਨੇ ਬਿਰਾਟਨਗਰ ‘ਚ ਏਕੀਕ੍ਰਿਤ ਚੈੱਕ ਪੋਸਟ ਅਤੇ ਨੇਪਾਲ ‘ਚ ਰਿਹਾਇਸ਼ੀ ਪੁਨਰ ਨਿਰਮਾਣ ਪ੍ਰਾਜੈਕਟ ਦਾ ਜਲਦ ਹੀ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਕਰਨ ਸਬੰਧੀ ਸਹਿਤਮੀ ਪ੍ਰਗਟ ਕੀਤੀ।


ਸਕ੍ਰਿਪਟ: ਪਦਮ ਸਿੰਘ, ਆਕਾਸ਼ਵਾਣੀ: ਨਿਊਜ਼ ਵਿਸ਼ਲੇਸ਼ਕ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ