ਭਾਰਤ ਨੇ ਖਾੜੀ ਖੇਤਰ ‘ਚ ਅਮਨ ਸ਼ਾਂਤੀ ਦੀ ਕੀਤੀ ਅਪੀਲ

ਪਿਛਲੇ ਹਫ਼ਤੇ ਅਮਰੀਕਾ ਵੱਲੋਂ ਇਰਾਨ ਦੇ ਅਲ-ਕੁਡਸ ਬਲ ਦੇ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਕਰ ਦਿੱਤੀ ਗਈ , ਜਿਸ ਤੋਂ ਬਾਅਦ ਫ਼ਾਰਸ ਦੀ ਖਾੜੀ ‘ਚ ਤਣਾਅ ਦੀ ਸਥਿਤੀ ਬਣੀ ਹੋਈ ਹੈ।ਇਸੇ ਤਣਾਅ ਦੀ ਸਥਿਤੀ ਨੂੰ ਅੱਗੇ ਵੱਧਣ ਤੋਂ ਰੋਕਣ ਦੇ ਮਕਸਦ ਨਾਲ ਭਾਰਤੀ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ.ਐਸ.ਜੈਸ਼ੰਕਰ ਨੇ ਇਰਾਨ ਦੇ ਆਪਣੇ ਹਮਅਹੁਦਾ ਮੁਹੰਮਦ ਜਾਵਿਦ ਜ਼ਰੀਫ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਇਹ ਸਾਰੀ ਸਥਿਤੀ ਬਹੁਤ ਹੀ ਗੰਭੀਰ ਮੋੜ ‘ਤੇ ਆ ਖੜੀ ਹੋਈ ਹੈ।ਉਨ੍ਹਾਂ ਨੇ ‘ਤਣਾਅ ਦੇ ਪੱਧਰ’ ‘ਤੇ ਭਾਰਤ ਵੱਲੋਂ ਜਤਾਈ ਜਾ ਰਹੀ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਅਤੇ ਦੋਵਾਂ ਧਿਰਾਂ ਨੇ ਹਰ ਪਲ ਇਕ ਦੂਜੇ ਦੇ ਸੰਪਰਕ ‘ਚ ਰਹਿਣ ਦੀ ਸਹਿਮਤੀ ਵੀ ਪ੍ਰਗਟ ਕੀਤੀ।ਜ਼ਿਕਰਯੋਗ ਹੈ ਕਿ ਭਾਰਤੀ ਵਿਦੇਸ਼ ਮੰਤਰੀ 19ਵੀਂ ਸੰਯੁਕਤ ਕਮਿਸ਼ਨ ਦੀ ਬੈਠਕ ‘ਚ ਸ਼ਿਰਕਤ ਕਰਨ ਲਈ ਕੁੱਝ ਹਫ਼ਤੇ ਪਹਿਲਾਂ ਤਹਿਰਾਨ ਦੇ ਦੌਰੇ ‘ਤੇ ਸਨ।ਇਸ ਦੌਰਾਨ ਉਨ੍ਹਾਂ ਨੇ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਅਤੇ ਆਪਣੇ ਹਮਰੁਤਬਾ ਸ੍ਰੀ ਜ਼ਰੀਫ ਸਮੇਤ ਹੋਰ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ ।ਦਰਅਸਲ ਉਮੀਦ ਕੀਤੀ ਜਾ ਰਹੀ ਹੈ ਸ੍ਰੀ ਜ਼ਰੀਫ ‘ਰਾਏਸਿਨਾ ਸੰਵਾਦ’ ਲਈ ਭਾਰਤ ਦਾ ਦੌਰਾ ਕਰਨਗੇ, ਜੋ ਕਿ ਇਸੇ ਮਹੀਨੇ ਦੀ 14 ਤਰੀਕ ਨੂੰ ਸ਼ੁਰੂ ਹੋ ਰਿਹਾ ਹੈ।

ਭਾਰਤ ਦੇ ਵਿਦੇਸ਼ ਮੰਤਰੀ ਵੱਲੋਂ ਟੈਲੀਫੋਨ ਰਾਹੀਂ ਆਪਣੇ ਇਰਾਨ ਦੇ ਹਮਅਹੁਦਾ ਨਾਲ ਉਸ ਸਮੇਂ ਗੱਲਬਾਤ ਕੀਤੀ ਗਈ ਹੈ ਜਦੋਂ ਸੁਲੇਮਨੀ ਦੇ ਕਤਲ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਇਰਾਨੀ ਆਗੂਆਂ ਵਿਚਾਲੇ ਸ਼ਬਦੀ ਜੰਗ ਛਿੜੀ ਹੋਈ ਹੈ।ਦੱਸਣਯੋਗ ਹੈ ਕਿ ਸੁਲੇਮਾਨੀ ਅਜਿਹੀ ਪ੍ਰਭਾਵਸ਼ਾਲੀ ਸਖ਼ਸੀਅਤ ਸੀ , ਜੋ ਕਿ ਇਰਾਕ, ਸੀਰੀਆ, ਲੇਬਨਾਨ ਅਤੇ ਯਮਾਨ ਨਾਲ ਤਹਿਰਾਨ ਦੇ ਸਬੰਧਾਂ ਨੂੰ ਨਿਯੰਤਰਿਤ ਕਰ ਰਿਹਾ ਸੀ।ਅਸਲ ‘ਚ ਜਨਰਲ ਸੁਲੇਮਾਨੀ ਨੂੰ ਇਰਾਨ ਦੇ ਪ੍ਰਮੁਖ ਆਗੂ ਅਲੀ ਖਮੇਨੀ ਤੋਂ ਬਾਅਦ ਸਭ ਤੋਂ ਮਹੱਤਵਪੂਰਣ ਹਸਤੀ ਵੱਜੋਂ ਵੇਖਿਆ ਜਾਂਦਾ ਸੀ।

ਇਰਾਨੀ ਆਗੂਆਂ ਨੇ ਅਮਰੀਕਾ ਨਾਲ ਬਦਲੇ ਦੀ ਕਾਰਵਾਈ ਕਰਨ ਦੀ ਸਹੁੰ ਖਾਧੀ ਹੈ।ਇਰਾਨ ਦੇ ਇੱਕ ਸੀਨੀਅਰ ਕ੍ਰਾਂਤੀਕਾਰੀ ਗਾਰਡ ਕਮਾਂਡਰ ਨੇ ਗੁੱਸੇ ‘ਚ ਕਿਹਾ ਹੈ ਕਿ “ਪਿਛਲੇ ਲੰਮੇ ਸਮੇਂ ਤੋਂ ਇਰਾਨ ਵੱਲੋਂ ਇਸ ਖੇਤਰ ‘ਚ ਅਹਿਮ ਅਮਰੀਕੀ ਨਿਸ਼ਾਨਿਆਂ ਦੀ ਪਛਾਣ ਕੀਤੀ ਗਈ ਹੈ।….ਤਲ ਅਵੀਵ ਅਤੇ ਖੇਤਰ ਦੇ ਦੂਜੇ ਹਿੱਸਿਆਂ ‘ਚ ਮੌਜੂਦ 35 ਦੇ ਕਰੀਬ ਅਮਰੀਕੀ ਨਿਸ਼ਾਨੇ ਸਾਡੀ ਪਹੁੰਚ ‘ਚ ਹਨ।”

ਇਸ ਬਿਆਨ ਤੋਂ ਬਾਅਧ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੀ ਗੁੱਸੇ ‘ਚ ਆ ਕੇ ਐਲਾਨ ਕੀਤਾ ਹੈ ਕਿ ਅਮਰੀਕਾ ਨੇ ਵੀ 52 ਇਰਾਨੀ ਨਿਸ਼ਾਨਿਆਂ , ਜੋ ਕਿ ਇਰਾਨ ਅਤੇ ਇਰਾਨੀ ਸਭਿਆਚਾਰ ਲਈ ਬਹੁਤ ਖਾਸ ਅਤੇ ਉੱਚ ਹਨ, ਉਨ੍ਹਾਂ ਦੀ ਪਛਾਣ ਕਰ ਲਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਤਹਿਰਾਨ ਨੇ ਅਮਰੀਕੀ ਹਸਤੀਆਂ ਜਾਂ ਹਿੱਤਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਇਆ ਤਾਂ ਇੰਨਾਂ ਪਛਾਣ ਕੀਤੇ ਨਿਸ਼ਾਨਿਆਂ ਨੂੰ ਬਹੁਤ ਹੀ ਬੇਰਹਿਮੀ ਨਾਲ ਨੁਕਰੇ ਲਗਾ ਦਿੱਤਾ ਜਾਵੇਗਾ।ਰਾਸ਼ਟਰਪਤੀ ਟਰੰਪ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਇਰਾਨ ਵੱਲੋਂ ਹੋਏ ਹਮਲੇ ਦੇ ਬਦਲ ‘ਚ ਜੋ ਕਾਰਵਾਈ ਅਮਰੀਕਾ ਕਰੇਗਾ ਉਹ ਉਸ ਦੀ ਕਾਰਵਾਈ ਤੋਂ ਕਿਤੇ ਸਖ਼ਤ ਹੋਵੇਗੀ ਅਤੇ ਇਸ ਤੋਂ ਪਹਿਲਾਂ ਕਦੇ ਵੀ ਇਰਾਨ ਨੇ ਇਸ ਪੱਧਰ ਦੇ ਹਮਲੇ ਬਾਰੇ ਸੋਚਿਆ ਵੀ ਨਹੀਂ ਹੋਵੇਗਾ।

ਇਰਾਨੀ ਲੋਕਾਂ ਨੇ ਦੁਨੀਆ ਨੂੰ ਇਕ ਵਾਰ ਫਿਰ ਯਾਦ ਕਰਵਾਇਆ ਹੈ ਕਿ ਉਨ੍ਹਾਂ ਦੀ ਸਭਿਅਤਾ ਨੇ ਅਤੀਤ ‘ਚ ਬਹੁਤ ਸਾਰੇ ਹਮਲਿਆਂ ਦਾ ਸਾਹਮਣਾ ਕੀਤਾ ਹੈ।ਇਸ ਲਈ ਉਹ ਕਿਸੇ ਵੀ ਸਥਿਤੀ ‘ਚ ਪਿੱਛੇ ਨਹੀਂ ਹੱਟਣਗੇ।

ਜੇਕਰ ਸੁਲੇਮਾਨੀ ਅਮਰੀਕੀ ਪ੍ਰਸ਼ਾਸਨ ਲਈ ਇੱਕ ਵੱਡੀ ਪ੍ਰਾਪਤੀ ਸੀ ਤਾਂ ਉਸ ਦਾ ਕਤਲ ਇਰਾਨ ਦੇ ਆਗੂਆਂ ਲਈ ਇੱਕ ਵੱਡੀ ਚੁਣੌਤੀ ਸੀ।ਦੱਸਣਯੋਗ ਹੈ ਕਿ ਸਾਲ 1989 ‘ਚ ਸੁਲੇਮਾਨੀ ਨੇ ਆਪਣਾ ਅਹੁਦਾ ਸੰਭਾਲਿਆ ਸੀ।ਅਮਰੀਕਾ ਦੀ ਕਾਰਵਾਈ ਦਾ ਵਿਰੋਧ ਅਤੇ ਖੇਤਰ ‘ਚ ਅਮਰੀਕਾ ਦੇ ਰੁਝੇਵਿਆਂ ਦਾ ਜਵਾਬ ਦੇਣ ਲਈ ਤਹਿਰਾਨ ਨੂੰ ਪਹਿਲਾ ਤੋਂ ਵੱਧ ਸਰਗਰਮ ਹੋਣਾ ਪਵੇਗਾ।ਮੰਗਲਵਾਰ ਨੂੰ ਸੁਲੇਮਾਨੀ ਨੂੰ ਉਸ ਦੇ ਕਸਬੇ ਕਰਮਨ ਵਿਖੇ ਦਫ਼ਨਾਇਆ ਗਿਆ।ਇਹ ਖੇਤਰ ਤਹਿਰਾਨ ਤੋਂ ਤਕਰੀਬਨ ਹਜ਼ਾਰ ਕਿਲੋਮੀਟਰ ਦੱਖਣ ਵੱਲ ਸਥਿਤ ਹੈ।ਉਦੋਂ ਤੋਂ ਹੀ ਇਸ ਤਰ੍ਹਾਂ ਦੇ ਕਈ ਬਿਆਨ ਹਾਸਲ ਹੋ ਰਹੇ ਹਨ।

ਅੰਤਰਰਾਸ਼ਟਰੀ ਭਾਈਚਾਰੇ ਦੀ ਤਰ੍ਹਾਂ ਹੀ ਭਾਰਤ ਵੀ ਇਸ ਪੂਰੀ ਸਥਿਤੀ ਨੂੰ ਗੰਭੀਰ ਅਤੇ ਤਣਾਅ ਪੂਰਨ ਮੰਨ ਰਿਹਾ ਹੈ।ਭਾਰਤ ਵੱਲੋਂ ਸੁਲੇਮਾਨੀ ਦੇ ਕਤਲ ਤੋਂ ਕੁੱਝ ਸਮੇਂ ਬਾਅਦ ਜਾਰੀ ਕਿਤੇ ਗਏ ਬਿਆਨ ‘ਚ ਨਵੀਂ ਦਿੱਲੀ ਨੇ ਫ਼ਾਰਸ ਦੀ ਖਾੜੀ ‘ਚ ਅਮਨ, ਸ਼ਾਂਤੀ ਅਤੇ ਸਥਿਰਤਾ ਦੀ ਮਹੱਤਤਾ ਨੂੰ ਪੇਸ਼ ਕੀਤਾ ਅਤੇ ਉਮੀਦ ਜ਼ਾਹਰ ਕੀਤੀ ਇਸ ਤਣਾਅ ਵਾਲੀ ਸਥਿਤੀ ‘ਚ ਹੋਰ ਵਿਗਾੜ ਨਹੀਂ ਆਵੇਗਾ।ਭਾਰਤ ਨੇ ਸਾਰੀਆਂ ਧਿਰਾਂ ਨੂੰ ਸੰਜਮ ਅਤੇ ਆਪਸੀ ਗੱਲਬਾਤ ਨਾਲ ਸਥਿਤੀ ਨਾਲ ਨਜਿੱਠਣ ਦੀ ਅਪੀਲ ਵੀ ਕੀਤੀ।

ਸ੍ਰੀ ਜ਼ਰੀਫ ਨਾਲ ਗੱਲ ਕਰਨ ਤੋਂ ਬਾਅਧ ਭਾਰਤੀ ਵਿਦੇਸ਼ ਮੰਤਰੀ ਨੇ ਅਮਰੀਕੀ ਵਿਦੇਸ਼ ਸਕੱਤਰ ਮਾਈਕ ਪੋਂਪੀਓ ਅਤੇ ਸੰਯੁਕਤ ਅਰਬ ਅਮੀਰਾਤ ਤੇ ਓਮਾਨ ਦੇ ਵਿਦੇਸ਼ ਮੰਤਰੀਆਂ ਨਾਲ ਵੀ ਟੈਲੀਫੋਨ ‘ਤੇ ਗੱਲਬਾਤ ਕੀਤੀ।

ਹੁਣ ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਇਰਾਨ ਦੀ ਅਗਲੀ ਕਾਰਵਾਈ ਕੀ ਹੋਵੇਗੀ? ਰਣਨੀਤਕ ਭਾਈਚਾਰੇ ਲਈ ਬਹੁਤ ਹੀ ਗੁੰਝਲਦਾਰ ਸਥਿਤੀ ਬਣੀ ਹੋਈ ਹੈ।ਇਸ ਖੇਤਰ ਜਾਂ ਫਿਰ ਅਮਰੀਕੀ ਭੂਮੀ ‘ਤੇ ਅਮਰੀਕੀ ਹਿੱਤਾਂ ‘ਤੇ ਸਿੱਧਾ ਹਮਲਾ ਇਰਾਨ ਨੂੰ ਮਹਿੰਗਾ ਪੈ ਸਕਦਾ ਹੈ, ਕਿਉਂਕਿ ਕਿ ਬਦਲ ‘ਚ ਅਮਰੀਕਾ ਵੱਡੇ ਪੱਧਰ ‘ਤੇ ਕਾਰਵਾਈ ਜ਼ਰੂਰ ਕਰੇਗਾ।ਇਸ ਲਈ ਇਰਾਨ ਮੱਧ ਪੂਰਬ ‘ਚ ਅਮਰੀਕੀ ਸਹਿਯੋਗਿਆਂ ਜਿਵੇਂ ਇਜ਼ਰਾਇਲ, ਇਰਾਕ ਜਾਂ ਸਾਊਦੀ ਅਰਬ ‘ਤੇ ਆਪਣਾ ਧਿਆਨ ਕੇਂਦਰਤ ਕਰ ਸਕਦਾ ਹੈ।

ਭਾਰਤ ਦੇ ਇੰਨ੍ਹਾਂ ਸਾਰੇ ਹੀ ਮੁਲਕਾਂ ਨਾਲ ਵਧੀਆ ਅਤੇ ਨਜ਼ਦੀਕੀ ਸਬੰਧ ਹਨ।ਜੇਕਰ ਇਰਾਨੀ ਪ੍ਰਤੀਕ੍ਰਿਆ ਫ਼ਾਰਸ ਦੀ ਖਾੜੀ ‘ਚ ਹਲਚਲ ਕਰਦੀ ਹੈ ਤਾਂ ਇਸ ਦਾ ਭਾਰਤ ‘ਤੇ ਵੀ ਖਾਸਾ ਪ੍ਰਭਾਵ ਪਵੇਗਾ।

ਨਵੀਂ ਦਿੱਲੀ ਦੇ ਇਰਾਨ ਨਾਲ ਬਹੁਤ ਹੀ ਅਹਿਮ ਹਿੱਤ ਜੁੜੇ ਹੋਏ ਹਨ।ਊਰਜਾ ਸੁਰੱਖਿਆ, ਛਾਬਹਾਰ ਬੰਦਰਗਾਹ ਅਤੇ ਮੱਧ ਏਸ਼ੀਆ ਲਈ ਮਹੱਤਵਪੂਰਨ ਰਾਹ ਵੱਜੋਂ ਇਰਾਨ ਨਾਲ ਭਾਰਤ ਦੇ ਹਿੱਤ ਜੁੜੇ ਹੋਏ ਹਨ।ਇਸ ਦੇ ਨਾਲ ਹੀ ਭਾਰਤ ਨੇ ਇਰਾਨੀ ਲੀਡਰਸ਼ਿਪ ਨੂੰ ਯਕੀਨ ਦਵਾਇਆ ਹੈ ਕਿ ਇਸ ਨਾਜ਼ੁਕ ਘੜੀ ‘ਚ ਤਹਿਰਾਨ ਇੱਕਲਾ ਨਹੀਂ ਹੈ।ਭਾਰਤ ਵਰਗੇ ਮੁਲਕਾਂ ਵੱਲੋਂ ਇਰਾਨ ਨੂੰ ਇਸ ਕਸ਼ਮਸ਼ ਵਾਲੇ ਸਮੇਂ ‘ਚ ਮਜਬੂਤੀ ਨਾਲ ਆਪਣੀ ਪ੍ਰਤੀਕ੍ਰਿਆ ਬਾਰੇ ਫ਼ੈਸਲਾ ਲੈਣ ਲਈ ਤਿਆਰ ਕੀਤਾ ਜਾ ਰਿਹਾ ਹੈ।ਸੁਲੇਮਾਨੀ ਦੇ ਕਤਲ ਅਤੇ ਉਸ ਦੀ ਮੌਤ ਨਾਲ ਮੁਲਕ ਨੂੰ ਜੋ ਘਾਟਾ ਪਿਆ ਹੈ ਇਸ ਸਬੰਧੀ ਇਰਾਨ ਨੂੰ ਬਹੁਤ ਹੀ ਯਥਾਰਥਵਾਦੀ ਮੁਲਾਂਕਣ ਤੋਂ ਬਾਅਧ ਹੀ ਕੋਈ ਫ਼ੈਸਲਾ ਲੈਣਾ ਦੀ ਲੋੜ ਹੈ।

ਇਰਾਨ ਨੂੰ ਕੌਮਾਂਤਰੀ ਪੱਧਰ ‘ਤੇ ਹਾਸਲ ਹੋਣ ਵਾਲੀ ਮਦਦ ਦੇ ਵਿਆਪਕ ਸੰਦਰਭ ‘ਚ ਵੇਖਿਆ ਗਿਆ ਹੈ ਕਿ ਭਾਰਤ ਦੀ ਇਸ ਪਹੁੰਚ ਨਾਲ ਇਰਾਨ ਆਪਣੀਆਂ ਕਾਰਵਾਈਆਂ ਨੂੰ ਤਰਜੀਹ ਦੇਣ ਦੇ ਯੋਗ ਹੋ ਸਕਦਾ ਹੈ।

ਸਕ੍ਰਿਪਟ: ਪ੍ਰੋ. ਪੀ.ਆਰ.ਕੁਮਾਰਸਵਾਮੀ, ਪੱਛਮੀ ਏਸ਼ੀਆਈ ਅਧਿਐਨ ਕੇਂਦਰ, ਜੇ.ਐਨ.ਯੂ.

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ