ਮਿਊਨਿਖ ਸੁਰੱਖਿਆ ਸੰਮੇਲਨ 2020: ਪ੍ਰਮੁੱਖ ਘਟਨਾਵਾਂ

56ਵਾਂ ਮਿਊਨਿਖ ਸੁਰੱਖਿਆ ਸੰਮੇਲਨ, ਐਮਐਸਸੀ ਪਿਛਲੇ ਹਫ਼ਤੇ ਜਰਮਨੀ ਦੇ ਮਿਊਨਿਖ ਵਿਖੇ ਹੋ ਨਿਭੜਿਆ।ਇਹ ਅੰਤਰਰਾਸ਼ਟਰੀ ਸੁਰੱਖਿਆ ਨੀਤੀ ‘ਤੇ ਚਰਚਾ ਕਰਨ ਵਾਲਾ ਉੱਚ ਗਲੋਬਲ ਮੰਚ ਹੈ।ਇਸ ਸੰਮੇਲਨ ਦੌਰਾਨ ‘ਪੱਛਮਹੀਣਤਾ’ ‘ਤੇ ਵਧੇਰੇ ਧਿਆਨ ਕੇਂਦਰਿਤ ਕੀਤਾ ਗਿਆ।ਪੱਛਮ ਦੀਆਂ ਆਪਣੀ ਕਦਰਾਂ ਕੀਮਤਾਂ ਅਤੇ ਰਣਨੀਤਕ ਰੁਝਾਨਾਂ ‘ਚ ਆਏ ਮਤਭੇਦਾਂ ਅਤੇ ਅਨਿਸ਼ਚਿਤਤਾਵਾਂ ਕਾਰਨ ਇਕ ਪਾੜ ਉਭਰ ਕੇ ਆਇਆ ਹੈ।ਇਸ ਸੰਮੇਲਨ ‘ਚ ਨਾਟੋ ਦੇ ਸਕੱਤਰ ਜਨਰਲ ਜੇਨਸ ਸਟੋਲਟਨਬਰਗ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਵਾਸ਼ਿਗੰਟਨ ਆਪਣੇ ਸਹਿਯੋਗੀ ਦੇਸ਼ਾਂ ਅਤੇ ਆਲਮੀ ਚਿੰਤਾਵਾਂ ਤੋਂ ਆਪਣੇ ਆਪ ਨੂੰ ਵੱਖ ਕਰ ਰਿਹਾ ਹੈ।ਯੂਰੋਪੀਅਨ ਭਾਵਨਾਵਾਂ ਨੂੰ ਯਕੀਨ ਦਿਵਾਉਣ ਦੇ ਮਕਸਦ ਨਾਲ ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਐਟਲਾਂਟਿਕ ਤੋਂ ਪਾਰ ਸਹਿਯੋਗੀਆਂ ਨਾਲ ਨਾਤਾ ਤੋੜਣਾ ਬਹੁਤ ਜ਼ਰੂਰੀ ਸੀ।ਉਨ੍ਹਾਂ ਦੇ ਮੁਤਾਬਿਕ ਪੱਛਮ ਜਿੱਤ ਰਿਹਾ ਸੀ , ਕਹਿ ਸਕਦੇ ਹਾਂ ਕਿ ਦੂਜਿਆਂ ਨੂੰ ਵੀ ਨਾਲ ਲੈ ਕੇ ਜਿਤ ਦੀ ਰਾਹ ‘ਤੇ ਅੱਗੇ ਵੱਧ ਰਿਹਾ ਸੀ।ਉਨ੍ਹਾਂ ਅੱਗੇ ਕਿਹਾ ਕਿ ਵਾਸ਼ਿਗੰਟਨ ਨੇ ਨਾਟੋ ਜ਼ਰੀਏ ਹਮੇਸ਼ਾਂ ਹੀ ਯੂਰਪ ਦੀਆਂ ਸਰਹੱਦਾਂ ਦੀ ਰਾਖੀ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ।ਇਸ ਦੇ ਨਾਲ ਹੀ ਇਸਲਾਮਿਕ ਰਾਜ ਨੂੰ ਹਰਾਉਣ ਲਈ ਬਹੁ-ਰਾਸ਼ਟਰੀ ਯਤਨਾਂ ਦੀ ਅਗਵਾਈ ਵੀ ਕੀਤੀ ਹੈ।

ਅਸਲ ‘ਚ ਜਰਮਨ ਦੇ ਰਾਸ਼ਟਰਪਤੀ ਫਰੈਂਕ ਵਾਲਟਰ ਨੇ ਕਿਹਾ ਕਿ ਅਮਰੀਕਾ ਨੇ ਅੰਤਰਰਾਸ਼ਟਰੀ ਭਾਈਚਾਰੇ ਦੇ ਵਿਚਾਰਾਂ ਤੱਕ ਨੂੰ ਰੱਦ ਕਰ ਦਿੱਤਾ ਸੀ ਅਤੇ ਗੁਆਂਢੀ ਅਤੇ ਸਹਿਯੋਗੀ ਮੁਲਕਾਂ ਦੇ ਹਿੱਤਾਂ ਨੂੰ ਦਾਅ ‘ਤੇ ਲਗਾ ਕੇ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਸੀ।ਉਨ੍ਹਾਂ ਦੀ ਇਸ ਟਿੱਪਣੀ ਦੇ ਜਵਾਬ ‘ਚ ਹੀ ਅਮਰੀਕੀ ਵਿਦੇਸ਼ ਸਕੱਤਰ ਨੇ ਆਪਣਾ ਪੱਖ ਰੱਖਿਆ।ਫਰਾਂਸ ਦੇ ਰਾਸ਼ਟਰਪਤੀ ਅਮੈਨੁਅਲ ਮੈਕਰੋਨ ਨੇ ਵੀ ‘ਪੱਛਮ ਦੇ ਕਮਜ਼ੋਰ ਹੋਣ’ ਬਾਰੇ ਚਿਤਾਵਨੀ ਦਿੱਤੀ ਹੈ।

ਰਾਸ਼ਟਰਪਤੀ ਮੈਕਰੋਨ ਨੇ ਨਾਟੋ ਦਾ ਸਮਰਥਨ ਕਰਦਿਆਂ ਰੱਖਿਆ ਮਾਮਲਿਆਂ ‘ਚ ਅਮਰੀਕਾ ਤੋਂ ਸੁਤੰਤਰ ਤੌਰ ‘ਤੇ ਕੰਮ ਕੀਤੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ।ਸੰਮੇਲਨ ਦੇ ਚੇਅਰਮੈਨ ਨੇ ਰਾਸ਼ਟਰਪਤੀ ਮੈਕਰੋਨ ਦੀ ਨਵੀਂ ਫੌਜੀ ਤਾਕਤ ਦੇ ਨਾਲ ਯੂਰਪੀਅਨ ਰਣਨੀਤੀ ਦੇ ਦਰਸ਼ਨ ਦਾ ਸਵਾਗਤ ਕੀਤਾ ਹੈ।ਯੂਰਪੀਅਨ ਯੂਨੀਅਨ ਵੱਲੋਂ ਯੁਕਰੇਨ ‘ਚ ਰੂਸੀ ਕਾਰਵਾਈਆਂ ਦੇ ਮੱਦੇਨਜ਼ ਰੂਸ ‘ਤੇ ਪਾਬੰਦੀਆਂ ਲਗਾਈਆਂ ਗਈਆਂ ਹਨ ਅਤੇ ਇਸ ਦੇ ਬਾਵਜੂਦ ਵੀ ਫਰਾਂਸ ਨੇ ਰੂਸ ਨਾਲ ਆਪਣੇ ਰੁਝਾਨਾਂ ਨੂੰ ਜਾਰੀ ਰੱਖਿਆ ਹੈ।ਮਿਊਨਿਖ ਸੁਰੱਖਿਆ ਸੰਮੇਲਨ ਦੇ ਪ੍ਰਬੰਧਕਾਂ ਨੇ ਡੋਨਬਾਸ ‘ਚ ਦੁਸ਼ਮਣੀ ਦੇ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਦੇ ਕਾਰਨ ਯੁਕਰੇਨ ਨੂੰ 2020 ਦੇ ਇਕ ਸੰਭਾਵਿਤ ਖ਼ਤਰਨਾਕ ਖੇਤਰ ਵੱਜੋਂ ਨਾਮਜ਼ਦ ਕੀਤਾ ਹੈ।

ਜਰਮਨੀ ਦੇ ਰੱਖਿਆ ਮੰਤਰੀ ਐਨੇਗਰੇਟ ਕਰੰਪ-ਕੈਰੇਨਬਾਉਰ ਨੇ ਕਿਹਾ ਕਿ ਪੱਛਮ ਦੇ ਵਿਚਾਰਾਂ ਨੂੰ ਅਜੋਕੇ ਸਮੇਂ ‘ਚ ਚੁਣੌਤੀ ਦਿੱਤੀ ਜਾ ਰਹੀ ਹੈ।ਉਨ੍ਹਾਂ ਨੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕੌਮਾਂਤਰੀ ਪੱਧਰ ‘ਤੇ ਵਧੇਰੇ ਤਾਲਮੇਲ ਵਾਲੇ ਯਤਨਾਂ ਦੀ ਅਪੀਲ ਕੀਤੀ ਅਤੇ ਨਾਲ ਹੀ ਜਰਮਨੀ ਨੂੰ ਆਪਣੇ ਵਿਦੇਸ਼ੀ ਮਿਸ਼ਨਾਂ ‘ਚ ਵਧੇਰੇ ਸਰਗਰਮ ਹੋਣ ਲਈ ਕਿਹਾ।

ਚੀਨੀ ਦੂਰਸੰਚਾਰ ਕੰਪਨੀ ਹੁਆਈ ‘ਤੇ ਹੋਏ ਮਤਭੇਦਾਂ ਦੇ ਕਾਰਨ ਪੂਰੇ ਸੰਮੇਲਨ ਦੌਰਾਨ ਅਮਰੀਕਾ ਅਤੇ ਯੂਰਪ ਵਿਚਾਲੇ ਤਣਾਅ ਵਿਖਾਈ ਦਿੱਤਾ।ਅਸਲ ‘ਚ ਅਮਰੀਕਾ ਇਸ ਨੂੰ ਬੀਜਿੰਗ ਦੀ ਜਾਸੂਸ ਕੰਪਨੀ ਮੰਨਦਾ ਹੈ।ਅਮਰੀਕਾ ਦੇ ਰੱਖਿਆ ਸਕੱਤਰ ਨੇ ਦੱਸਿਆ ਕਿ ਹੁਵਾਈ ਜ਼ਰੀਏ ਚੀਨ ਪੱਛਮੀ ਬੁਨਿਆਦੀ ਢਾਂਚੇ ਨੂੰ ਬਰਬਾਦ ਕਰਨ ਦੀ ਆਪਣੀ ਨਾਪਾਕ ਰਣਨੀਤੀ ਨੂੰ ਉਤਸ਼ਾਹਤ ਕਰ ਰਿਹਾ ਹੈ ਅਤੇ ਨਾਲ ਹੀ ਬ੍ਰਿਟੇਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਹੁਵਾਈ ਨੂੰ 5ਜੀ ਨੈਟਵਰਕ ਬਣਾਉਣ ‘ਚ ਉਸ ਦੀ ਭੂਮਿਕਾ ਸਬੰਧੀ ਫ਼ੈਸਲੇ ‘ਤੇ ਮੁੜ ਵਿਚਾਰ ਕਰੇ।

ਜਰਮਨੀ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਹੇਕੋ ਮਾਸ ਨੇ ਹਾਲਾਂਕਿ ਅਮਰੀਕਾ ਅਤੇ ਯੂਰਪ ਵਿਚਾਲੇ ਟਕਰਾਅ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਸੰਭਾਵਨਾਵਾਂ ਨੂੰ ਖਾਰਜ ਕੀਤਾ ਹੈ ਅਤੇ ਨਾਟੋ ਸੁਧਾਰਾਂ ਦੀ ਲੋੜ ‘ਤੇ ਜ਼ੋਰ ਦਿੱਤਾ।ਅਮਰੀਕਾ ਅਤੇ ਯੂਰਪ ‘ਚ ਪਾੜੇ ਦੌਰਾਨ ਪੱਛਮੀ ਦੇਸ਼ਾਂ ਨੇ ਸਰਬਸੰਮਤੀ ਨਾਲ ਦੱਖਣੀ ਚੀਨ ਸਾਗਰ ‘ਚ ਚੀਨੀ ਕਾਰਵਾਈਆਂ ਦੀ ਨਿਖੇਧੀ ਕੀਤੀ ਹੈ।ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਆਪਣੇ ਦੇਸ਼ ਦੀਆਂ ਕਾਰਵਾਈਆਂ ਦਾ ਬਚਾਅ ਕਰਦਿਆ ਕਿਹਾ ਕਿ ਚੀਨ ਸ਼ਾਂਤਮਈ ਢਮਗ ਨਾਲ ਵਿਕਾਸ ਕਰਨ ਦੇ ਹੱਕ ‘ਚ ਹੈ ਅਤੇ ਉਹ ਪੱਛਮੀ ਮਾਡਲ ਦੀ ਨਕਲ ਨਹੀਂ ਕਰੇਗਾ।ਮੰਤਰੀ ਨੇ ਵਿਸ਼ਵ ‘ਚ ਸ਼ਾਂਤੀ ਅਤੇ ਸਥਿਰਤਾ ਕਾਇਮ ਕਰਨ ਲਈ ਆਪਸੀ ਸਹਿਯੋਗ ਦੀ ਮੰਗ ਕੀਤੀ।

ਸੰਮੇਲਨ ‘ਚ ਹਿੱਸਾ ਲੈਣ ਵਾਲੇ ਮੁਲਕਾਂ ਨੇ ਵੁਹਾਨ ‘ਚ ਸ਼ੁਰੂ ਹੋਏ ਕੋਰੋਨਾ ਵਾਇਰਸ ਦੇ ਕਹਿਰ ਨਾਲ ਨਜਿੱਠਣ ਲਈ ਵਿਚਾਰ ਵਟਾਂਦਰਾ ਕੀਥਾ।ਚੀਨ ਦੇ ਉਪ ਵਿਦੇਸ਼ ਮੰਤਰੀ ਕਿਨ ਗਾਂਗ ਨੇ ਇਸ ਖ਼ਤਰਨਾਕ ਜਾਨਲੇਵਾ ਬਿਮਾਰੀ ਨਾਲ ਨਜਿੱਠਣ ਲਈ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਦਾਅਵਾ ਕੀਤਾ ਹੈ ਕਿ ਚੀ ਤੋਂ ਬਾਹਰ ਸਿਰਫ 1% ਮਾਮਲੇ ਹੀ ਇਸ ਬਿਮਾਰੀ ਦੇ ਮਿਲੇ ਹਨ।

ਸੰਮੇਲਨ ਦੌਰਾਨ ਅਮਰੀਕਾ ਦੇ ਸੈਨੇਟਰ ਲੰਿਡਸੇ ਨੇ ਕਿਹਾ ਕਿ ਕਸ਼ਮੀਰ ਮੁੱਦੇ ਦਾ ਹੱਲ ਲੋਕਤੰਤਰ ਦੀਆਂ ਕਦਰਾਂ ਦੇ ਅਧਾਰ ‘ਤੇ ਕੀਤਾ ਜਾਣਾ ਚਾਹੀਦਾ ਹੈ।ਇਸ ਦੇ ਜਵਾਬ ‘ਚ ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ.ਐਸ.ਜੈਸ਼ੰਕਰ ਨੇ ਕਿਹਾ ਕਿ ਭਾਰਤ ਇਸ ਮਸਲੇ ਨੂੰ ਆਪਣੇ ਆਪ ਸੁਲਝਾਉਣ ਦੇ ਯੋਗ ਹੈ।

ਇਸ ਸੰਮੇਲਨ ਦੌਰਾਨ ਭਾਰਤੀ ਵਿਦੇਸ਼ ਮੰਤਰੀ ਨੇ ਅਮਰੀਕੀ ਵਿਦੇਸ਼ ਸਕੱਤਰ ਮਾਈਕ ਪੋਂਪੀਓ ਨਾਲ ਮੁਲਾਕਾਤ ਕੀਤੀ ਅਤੇ ਰਾਸ਼ਟਰਪਤੀ ਟਰੰਪ ਵੱਲੋਂ ਭਾਰਤ ਦੇ ਅਗਾਮੀ ਦੌਰੇ ਸਬੰਧੀ ਚਰਚਾ ਕੀਤੀ।ਇਸ ਤੋਂ ਇਲਾਵਾ ਉਨ੍ਹਾਂ ਨੇ ਸਾਊਦੀ ਅਰਬ ਅਤੇ ਓਮਾਨ ਦੇ ਵਿਦੇਸ਼ ਮੰਤਰੀਆਂ ਨਾਲ ਵੀ ਸੰਮੇਲਨ ਤੋਂ ਪਰੇ ਗੱਲਬਾਤ ਕੀਤੀ।

ਮਿਊਨਿਖ ਸੁਰੱਖਿਆ ਸੰਮੇਲਨ 2020 ਬਹੁਤ ਖਾਸ ਹੋ ਨਿਭੜਿਆ।ਇਸ ‘ਚ ਪੱਛਮੀ ਗੱਠਜੋੜ ‘ਤੇ ਪੱਛਮੀ ਆਗੂਆਂ ਦੇ ਵਿਚਾਰਾਂ ਦੀ ਵਿਰੋਧਤਾ ਨੂੰ ਪੇਸ਼ ਕੀਤਾ ਗਿਆ।ਐਮਐਸਸੀ ਵਰਗੇ ਮੰਚਾਂ ‘ਤੇ ਖ਼ਤਰਿਆਂ ਅਤੇ ਮਸਲਿਆਂ ‘ਤੇ ਵਿਚਾਰਾਂ ਅਤੇ ਬਹਿਸ ਦੇ ਵੱਖ-ਵੱਖ ਰੂਪ ਵੇਖੇ ਜਾਣੇ ਆਮ ਗੱਲ ਹੈ।

ਸਕ੍ਰਿਪਟ: ਡਾ.ਸੰਦਮਿਤਰਾ ਸਨਮਾ, ਯੁਰੋਪੀਅਂ ਮਾਮਲਿਆਂ ਦੇ ਰਣਨੀਤਕ ਵਿਸ਼ਲੇਸ਼ਕ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ