ਅਮਰੀਕੀ ਰਾਸ਼ਟਰਪਤੀ ਦਾ ਭਾਰਤ ਦੌਰਾ ਦੁਵੱਲੀ ਰਣਨੀਤਕ ਸਾਂਝੇਦਾਰੀ ਲਈ ਰਿਹਾ ਖਾਸ

ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਭਾਰਤ ਦਾ ਆਪਣਾ ਪਹਿਲਾ ਦੌਰਾ ਮੁਕੰਮਲ ਕਰ ਲਿਆ ਗਿਆ ਹੈ।ਉਹ 36 ਘੰਟਿਆਂ ਤੱਕ ਭਾਰਤ ‘ਚ ਰਹੇ ਅਤੇ ਮੰਨਿਆਂ ਜਾ ਰਿਹਾ ਹੈ ਕਿ ਉਨ੍ਹਾਂ ਦੀ ਇਹ ਫੇਰੀ ਸਮਾਰੋਹ ਅਤੇ ਮੁੱਦੇ ਭਰਪੂਰ ਰਹੀ।ਦੱਸਣਯੋਗ ਹੈ ਕਿ ਉਹ ਅਮਰੀਕਾ ਦੇ ਸੱਤਵੇਂ ਅਜਿਹੇ ਰਾਸ਼ਟਰਪਤੀ ਹਨ, ਜਿੰਨ੍ਹਾਂ ਵੱਲੋਂ ਭਾਰਤ ਦਾ ਦੌਰਾ ਕੀਤਾ ਗਿਆ ਹੈ।ਪਿਛਲੇ ਦੋ ਦਹਾਕਿਆਂ ‘ਚ ਅਮਰੀਕਾ ਦੇ ਚਾਰੇ ਰਾਸ਼ਟਰਪੀਆਂ ਵੱਲੋਂ ਭਾਰਤ ਦਾ ਦੌਰਾ ਕੀਤਾ ਗਿਆ ਹੈ, ਜੋ ਕਿ ਭਾਰਤ-ਅਮਰੀਕਾ ਸੰਬੰਧਾਂ ‘ਚ ਆ ਰਹੀ ਤੇਜ਼ੀ ਨੂੰ ਦਰਸਾਉਂਦਾ ਹੈ।ਰਾਸ਼ਟਰਪਤੀ ਟਰੰਪ ਨਾਲ ਉਨ੍ਹਾਂ ਦੀ ਪਤਨੀ ਅਤੇ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ, ਧੀ ਇੰਵਾਕਾ ਟਰੰਪ, ਜਵਾਈ ਜਾਰੇਡ ਕੁਸ਼ਨੇਰ ਅਤੇ ਉੱਚ ਪੱਧਰੀ ਵਫ਼ਦ ਵੀ ਭਾਰਤ ਫੇਰੀ ‘ਤੇ ਸੀ।

ਰਾਸ਼ਟਰਪਤੀ ਟਰੰਪ ਦੇ ਅਹਿਮਦਾਬਾਦ ਪਹੁੰਚਣ ‘ਤੇ ਲੱਖਾਂ ਦੀ ਗਿਣਤੀ ‘ਚ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਾਬਰਮਤੀ ਆਸ਼ਰਮ ਦਾ ਦੌਰਾ ਕਰਨ ਤੋਂ ਬਾਅਧ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਟੇਰਾ ਸਟੇਡੀਅਮ ‘ਚ 1.25 ਲੱਖ ਲੋਕਾਂ ਨੂੰ ਸੰਬੋਧਨ ਕੀਤਾ।ਇਸ ਸਮਾਰੋਹ ਨੂੰ ‘ਨਮਸਤੇ ਟਰੰਪ’ ਦਾ ਨਾਂਅ ਦਿੱਤਾ ਗਿਆ ਸੀ।ਇੱਥੇ ਵਰਣਨਯੋਗ ਹੈ ਕਿ ਪੰਜ ਮਹੀਨੇ ਪਹਿਲਾਂ ਹੀ ਹਸਟਨ ਵਿਖੇ ਦੋਵਾਂ ਆਗੂਆਂ ਨੇ ਹਾਊਡੀ ਮੋਦੀ ਰੈਲੀ ‘ਚ ਭਾਰਤੀ ਅਮਰੀਕੀ ਭਾਈਚਾਰੇ ਨੂੰ ਸੰਬੋਧਨ ਕੀਤਾ ਸੀ। ਉਸ ਸਮੇਂ ਵੀ ਬਹੁਤ ਵੱਡੀ ਭੀੜ ਦੀ ਮੌਜੂਦਗੀ ਰਹੀ ਸੀ।ਰਾਸ਼ਟਰਪਤੀ ਟਰੰਪ ਨੇ ਪੀਐਮ ਮੋਦੀ ਦੀ ਸ਼ਖਸੀਅਤ ਅਤੇ ਲੀਡਰਸ਼ਿਪ ਗੁਣਾਂ ਦੇ ਨਾਲ-ਨਾਲ ਭਾਰਤ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।ਉਨਾਂ ਕਿਹਾ ਕਿ ਸਿਰਫ 70 ਸਾਲਾਂ ‘ਚ ਹੀ ਭਾਰਤ ਇਕ ਵਿਸ਼ਾਲ ਅਰਥਚਾਰੇ ਵੱਜੋਂ ਉਭਰਿਆ ਹੈ।ਇਸ ਦੇ ਨਾਲ ਹੀ ਭਾਰਤ ਸਭ ਤੋਂ ਵੱਗੀ ਜਮਹੂਰੀ ਸ਼ਕਤੀ ਹੈ ਅਤੇ ਦੁਨੀਆ ਦੇ ਸਭ ਤੋਂ ਪ੍ਰਭਾਵੀ ਮੁਲਕ ਵੱਜੋਂ ਜਾਣਿਆ ਜਾਂਦਾ ਹੈ।ਇਸ ਸਮਾਗਮ ਦੌਰਾਨ ਦੋਵਾਂ ਆਗੂਆਂ ਦਰਮਿਆਨ ਜੋ ਨਿੱਜੀ ਤਾਲਮੇਲ ਹੈ, ਉਹ ਬਹੁਤ ਹੀ ਵਧੀਆ ਢੰਗ ਨਾਲ ਪ੍ਰਦਰਸ਼ਿਤ ਹੋਇਆ।ਬਾਅਦ ‘ਚ ਰਾਸ਼ਟਰਪਤੀ ਟਰੰਪ ਨੇ ਆਗਰਾ ‘ਚ ਤਾਜ਼ਮਹੱਲ ਦਾ ਵੀ ਦੌਰਾ ਕੀਤਾ ਅਤੇ ਕੁੱਝ ਸਮਾਂ ਇੱਥੇ ਠਹਿਰਨ ਤੋਂ ਬਾਅਧ ਉਹ ਨਵੀਂ ਦਿੱਲੀ ਪਹੁੰਚੇ।

ਰਾਜਧਾਨੀ ਪਹੁੰਚਣ ‘ਤੇ ਰਾਸ਼ਟਰਪਤੀ ਟਰੰਪ ਦਾ ਰਾਸ਼ਟਰਪਤੀ ਭਵਨ ਵਿਖੇ ਰਸਮੀ ਸਵਾਗਤ ਕੀਤਾ ਗਿਆ ।ਜਿਸ ਤੋਂ ਬਾਅਧ ਉਨ੍ਹਾਂ ਨੇ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਪੀਐਮ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਅਧਿਕਾਰਤ ਗੱਲਬਾਤ ਕੀਤੀ, ਜਿਸ ‘ਚ ਖੇਤਰੀ ਅਤੇ ਕੌਮਾਂਤਰੀ ਮਸਲ਼ਿਆਂ ਨੂੰ ਵਿਚਾਰਿਆ ਗਿਆ।ਦੋਵਾਂ ਆਗੂਆਂ ਨੇ ਪਾਕਿਸਤਾਨ ਤੋਂ ਮੰਗ ਕੀਤੀ ਕਿ ਉਹ ਇਹ ਯਕੀਨੀ ਬਣਾਏ ਕਿ ਉਸ ਦੀ ਸਰਜ਼ਮੀਨ ਤੋਂ ਕਿਸੇ ਵੀ ਅੱਤਵਾਦੀ ਹਮਲੇ ਨੂੰ ਅੰਜਾਮ ਨਹੀਂ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ 26/11 ਮੁਬੰਈ ਹਮਲੇ ਅਤੇ ਪਠਾਨਕੋਟ ਅੱਤਵਾਦੀ ਹਮਲੇ ਸਮੇਤ ਹੋਰ ਦਹਿਸ਼ਤਗਰਦ ਹਮਲਿਆਂ ਦੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਰਾਸ਼ਟਰਪਤੀ ਟਰੰਪ ਨੇ ਅਫ਼ਗਾਨਿਸਤਾਨ ‘ਚ ਸਥਿਰਤਾ ਅਤੇ ਸ਼ਾਂਤੀ ਨੂੰ ਮੁੜ ਬਹਾਲ ਕਰਨ ਲਈ ਨਵੀਂ ਦਿੱਲੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸਾ ਵੀ ਕੀਤੀ।ਬੈਠਕ ਤੋਂ ਬਾਅਧ ਦੋਵਾਂ ਆਗੂਆਂ ਦੇ ਹਵਾਲੇ ਨਾਲ ਇਕ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ।ਰਾਸ਼ਟਰਪਤੀ ਟਰੰਪ ਨੇ ਕਾਰੋਬਾਰੀ ਆਗੂਆਂ ਨਾਲ ਵੀ ਮੁਲਾਕਾਤ ਕੀਤੀ।ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਵਫ਼ਦ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਉਨ੍ਹਾਂ ਦੇ ਸਨਮਾਨ ‘ਚ ਰੱਖੇ ਭੋਜ ‘ਚ ਸ਼ਮੂਲੀਅਤ ਵੀ ਕੀਤੀ।

ਦੋਵਾਂ ਮੁਲਕਾਂ ਵਿਚਾਲੇ ਆਲਮੀ ਰਣਨੀਤਕ ਸਾਂਝੇਦਾਰੀ ‘ਚ ਮਹੱਤਵਪੂਰਨ ਤਰੱਕੀ ਦੇ ਮੱਦੇਨਜ਼ਰ ਇਸ ਉੱਚ ਪੱਧਰੀ ਦੌਰੇ ਨੂੰ ਬਹੁਤ ਖਾਸ ਮੰਨਿਆ ਗਿਆ।ਰਾਸ਼ਟਰਪਤੀ ਟਰੰਪ ਨੇ ਰੱਖਿਆ ਅਤੇ ਸੁਰੱਖਿਆ ਦੇ ਖੇਤਰ ‘ਚ ਸਹਿਯੋਗ ‘ਚ ਭਾਰਤ ਨੂੰ ਆਪਣਾ ਪ੍ਰਮੁੱਖ ਰੱਖਿਆ ਸਹਿਯੋਗੀ ਮੁਲਕ ਦੱਸਦਿਆਂ ਦੋਵਾਂ ਦੇਸ਼ਾਂ ਵਿਚਾਲੇ ਵੱਧ ਰਹੇ ਤਾਲਮੇਲ ਅਤੇ ਸਹਿਯੋਗ ਨੂੰ ਦੁਹਰਾਇਆ।ਉਨ੍ਹਾਂ ਨੇ ਭਾਰਤ ਵੱਲੋਂ ਐਮਐਚ-60ਆਰ ਅਤੇ ਏਐਚ-64ਈ ਅਪਾਚੇ ਹੈਲੀਕਾਪਟਰ ਖ੍ਰੀਦਣ ਦੇ ਭਾਰਤ ਦੇ ਫ਼ੈਸਲੇ ਦਾ ਸਵਾਗਤ ਵੀ ਕੀਤਾ।

ਇਸ ਫੇਰੀ ਦੌਰਾਨ ਭਾਰਤ-ਪ੍ਰਸ਼ਾਂਤ ਖੇਤਰ ‘ਚ ਰਣਨੀਤਕ ਤਾਲਮੇਲ ਗੱਲਬਾਤ ਦਾ ਮੁੱਖ ਵਿਸ਼ਾ ਰਿਹਾ।ਇਸ ਸਬੰਧ ‘ਚ ਅਮਰੀਕੀ ਫ਼ੈਸਲਾ ਇਕ ਸ਼ਲਾਘਾਯੋਗ ਕਦਮ ਰਿਹਾ ਹੈ।ਅੰਤਰਰਾਸ਼ਟਰੀ ਵਿਕਾਸ ਵਿੱਤ ਕੋਰਪੋਰੇਸ਼ਨ, ਡੀਐਫਸੀ ਭਾਰਤ ‘ਚ ਸਥਾਈ ਮੌਜੂਦਗੀ ਲਈ ਕੇਂਦਰ ਸਥਾਪਤ ਕਰੇਗਾ।ਜਿਸ ‘ਚ ਭਾਰਤ ‘ਚ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਲਈ 600 ਮਿਲੀਅਨ ਡਾਲਰ ਦੀ ਵਿੱਤ ਸਹੂਲਤ ਹਾਸਲ ਹੋਵੇਗੀ।ਦੋਵਾਂ ਆਗੂਆਂ ਨੇ ਬਲਿਊ ਡਾਟ ਨੈਟਵਰਕ ਦੀ ਧਾਰਨਾ ‘ਚ ਆਪਣੀ ਦਿਲਚਸਪੀ ਪ੍ਰਗਟ ਕੀਤੀ।ਇਹ ਇਕ ਆਲਮੀ ਬੁਨਿਆਦੀ ਢਾਂਚਾ ਵਿਕਾਸ ਲਈ ਬਹੁ-ਹਿੱਸੇਦਾਰੀ ਪਹਿਲ ਹੈ।ਵਪਾਰਕ ਸਮਝੌਤਿਆਂ ‘ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ।

ਭਾਰਤ ਅਤੇ ਅਮਰੀਕਾ ਵਿਚਾਲੇ ਊਰਜਾ ਸਹਿਯੋਗ ਨੂੰ ਉਤਸ਼ਾਹਿਤ ਕੀਤੇ ਜਾਣ ‘ਤੇ ਵੀ ਚਰਚਾ ਕੀਤੀ ਗਈ।ਇਸ ਤੋਂ ਇਲਾਵਾ ਇਸ ਦੌਰੇ ਨਾਲ ਜਿੰਨ੍ਹਾਂ ਹੋਰ ਖੇਤਰਾਂ ਨੂੰ ਹੁਲਾਰਾ ਮਿਲਣ ਦੀ ਸੰਭਾਵਣਾ ਹੈ ਉਸ ‘ਚ ਪੁਲਾੜ, ਸਿੱਖਿਆ ਅਤੇ ਸਿਹਤ ਸਹਿਯੋਗ ਵਰਗੇ ਖੇਤਰ ਸ਼ਾਮਲ ਹਨ।

ਅਮਰੀਕੀ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਅਤੇ ਨਾਲ ਹੀ ਪ੍ਰਮਾਣੂ ਸਪਲਾਇਰ ਸਮੂਹ ‘ਚ ਪ੍ਰਵੇਸ਼ ਲਈ ਵਾਸ਼ਿੰਗਟਨ ਦੇ ਸਮਰਥਨ ਦੀ ਮੁੜ ਪੁਸ਼ਟੀ ਕੀਤੀ।ਇਸ ਲਈ ਅੰਤ ‘ਚ ਕਹਿ ਸਕਦੇ ਹਾਂ ਕਿ ਇਸ ਫੇਰੀ ਨੇ ਕਈ ਖੇਤਰਾਂ ‘ਚ ਦੋਵਾਂ ਮੁਲਕਾਂ ਦੇ ਸਹਿਯੋਗ ਅਤੇ ਨੇੜਤਾ ਨੂੰ ਹੁਲਾਰਾ ਦਿੱਤਾ ਹੈ।ਇਹ ਇਕ ਯਾਦਗਾਰੀ ਫੇਰੀ ਹੋ ਨਿਭੜੀ ਹੈ, ਜਿਸ ਦੇ ਕਿ ਫਾਇਦੇ ਆਉਣ ਵਾਲੇ ਸਮੇਂ ‘ਚ ਜ਼ਰੂਰ ਵਿਖਾਈ ਪੈਣਗੇ।

ਸਕ੍ਰਿਪਟ: ਸਫੀਰ ਨਵਟੇਜ ਸਰਨਾ, ਅਮਰੀਕਾ ਲਈ ਸਾਬਕਾ ਭਾਰਤੀ ਸਫੀਰ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ