ਕੋਵਿਡ-19 ਖ਼ਿਲਾਫ ਭਾਰਤ ਦੀ ਜੰਗ

ਵਿਸ਼ਵਵਿਆਪੀ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਭਾਰਤ ਵੀ ਇਸ ਦੀ ਮਾਰ ਹੇਠ ਆ ਗਿਆ ਹੈ।ਇਸ ਸੰਕਟ ਨਾਲ ਨਜਿੱਠਣ ਲਈ ਭਾਰਤ ਬਹੁਤ ਹੀ ਹਿੰਮਤ ਨਾਲ ਜੂਝ ਰਿਹਾ ਹੈ।2019 ਦੇ ਅੰਤ ‘ਚ ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਕਾਰਨ ਦੁਨੀਆ ਭਰ ਦੇ ਵਧੇਰੇਤਰ ਮੁਲਕ ਇਸ ਦੇ ਪ੍ਰਭਾਵ ਹੇਠ ਆਏ ਹਨ।ਇਸ ਦੇ ਸ਼ੁਰੂਆਤੀ ਸਮੇਂ ਤੋਂ ਹੀ ਭਾਰਤੀ ਵਿਗਿਆਨਕ ਅਤੇ ਡਾਕਟਰੀ ਤਕਬੇ ਨਾਲ ਸਬੰਧ ਰੱਖਣ ਵਾਲੇ ਲੋਕ ਇਸ ਰੁਗਾਣੂ ਦਾ ਬਹੁਤ ਹੀ ਧਿਆਨ ਨਾਲ ਅਧਿਐਨ ਕਰ ਰਹੇ ਹਨ।

ਜਨਵਰੀ 2020 ‘ਚ ਭਾਰਤ ‘ਚ ਪਹਿਲਾਂ ਸੰਕ੍ਰਮਿਤ ਮਾਮਲਾ ਸਾਹਮਣੇ ਆਇਆ ਸੀ।ਕੇਰਲਾ ਦੇ ਇਸ ਮਾਮਲੇ ‘ਚ ਸੰਕ੍ਰਮਿਤ ਵਿਅਕਤੀ ਵਿਦੇਸ਼ ਤੋਂ ਪਰਤਿਆ ਸੀ।ਮਹਾਂਮਾਰੀ ਨੂੰ ਰੋਕਣ ਲਈ ਭਾਰਤ ਵੱਲੋਂ ਕਈ ਸਖ਼ਤ ਪ੍ਰੋਟੋਕੋਲ ਲਗਾਏ ਜਾ ਰਹੇ ਹਨ, ਜਿੰਨ੍ਹਾਂ ਨੂੰ ਕਿ ਹੋਰ ਵਿਦੇਸ਼ੀ ਮੁਲਕਾਂ ਵੱਜੋਂ ਵੀ ਅਪਣਾਇਆ ਜਾ ਰਿਹਾ ਹੈ।

ਇਸ ਮਹਾਂਮਾਰੀ ਨੇ ਵਿਕਸਤ ਮੁਲਕਾਂ ਨੂੰ ਪੂਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ ਹੈ ਅਤੇ ਗਰੀਬ ਦੇਸ਼ਾਂ ਲਈ ਇਸ ਮਹਾਂਮਾਰੀ ਨਾਲ ਨਜਿੱਠਣਾ ਇੱਕ ਵੱਡੀ ਚੁਣੌਤੀ ਹੋ ਨਿਭੜਿਆ ਹੈ।ਭਾਰਤ ਨੇ ਇੱਕ ਵਿਕਾਸਸ਼ੀਲ ਦੇਸ਼ ਵੱਜੋਂ ਇਸ ਮਹਾਂਮਾਰੀ ਖ਼ਿਲਾਫ ਲੜਾਈ ‘ਚ ਆਪਣੀ ਨੀਤੀ ਬਣਾਉਣ ਦਾ ਫ਼ੈਸਲਾ ਕੀਤਾ ਹੈ।

ਇਸ ਸਾਲ ਮਾਰਚ ਮਹੀਨੇ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਭਾਰਤ ਨੇ ਦੂਜੇ ਦੇਸ਼ਾਂ ‘ਚ ਫਸੇ ਆਪਣੇ ਨਾਗਰਿਕਾਂ ਨੂੰ ਵਤਨ ਵਾਪਸ ਲਿਆਉਣ ਫ਼ੈਸਲਾ ਕੀਤਾ।ਇੰਨ੍ਹਾਂ ਨਾਗਰਿਕਾਂ ਦੇ ਭਾਰਤ ਪਹੁੰਚਣ ‘ਤੇ ਇੰਨ੍ਹਾਂ ਨੂੰ 14 ਦਿਨਾਂ ਲਈ ਏਕਾਂਤਵਾਸ ‘ਚ ਭੇਜਿਆ ਗਿਆ।

ਪ੍ਰਧਾਨ ਮੰਤਰੀ ਦੀ ਅਪੀਲ ‘ਤੇ ਦੇਸ਼ਵਾਸੀਆਂ ਨੇ ਜਨਤਕ ਕਰਫਿਊ ਨੂੰ ਸਫਲ ਕੀਤਾ ਅਤੇ 22 ਮਾਰਚ ਨੂੰ ਕੋਵਿਡ-19 ਨਾਲ ਫਰੰਟ ‘ਤੇ ਰਹਿ ਕੇ ਲੜਾਈ ਲੜ ਰਹੇ ਡਾਕਟਰਾਂ, ਪੁਲਿਸ ਮੁਲਾਜ਼ਮਾਂ, ਸਫਾਈ ਕਰਮਚਾਰੀਆਂ ਅਤੇ ਹੋਰ ਅਜਿਹੇ ਅਮਲੇ ਦੀ ਪ੍ਰਸੰਸਾ ਕੀਤੀ ਅਤੇ ਇੱਕਜੁੱਟਤਾ ਦਾ ਸੁਨੇਹਾ ਦਿੱਤਾ।

ਭਾਰਤ ‘ਚ 25 ਮਾਰਚ ਤੋਂ ਦੇਸ਼ ਭਰ ‘ਚ ਲੌਕਡਾਉਨ ਚੱਲ ਰਿਹਾ ਹੈ।ਇਸ ਕਦਮ ਨੇ ਕਿਸੇ ਹੱਦ ਤੱਕ ਮਹਾਂਮਾਰੀ ‘ਤੇ ਧਾਵਾ ਬੋਲ ਦਿੱਤਾ ਸੀ ਪਰ ਕੁੱਝ ਧਾਰਮਿਕ ਸਮਾਗਮਾਂ ‘ਚ ਲੋਕਾਂ ਵੱਲੋਂ ਗੈਰਕਾਨੂੰਨੀ ਢੰਗ ਨਾਲ ਕੀਤੇ ਗਏ ਇੱਕਠ ਕਾਰਨ ਹੁਣ ਸਥਿਤੀ ਕੁੱਝ ਹੋਰ ਹੈ।ਬਹੁਤ ਸਾਰੇ ਖੇਤਰਾਂ ‘ਚ ਮਹਾਂਮਾਰੀ ਦੇ ਵੱਡੀ ਪੱਧਰ ‘ਤੇ ਮਾਮਲੇ ਨਿਕਲ ਕੇ ਸਾਹਮਣੇ ਆ ਰਹੇ ਹਨ।ਪ੍ਰਸ਼ਾਸਨ ਵੱਲੋਂ ਸੰਕ੍ਰਮਿਤ ਮਾਮਲਿਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ ਅਤੇ ਲੋੜ ਅਨੁਸਾਰ ਉਨ੍ਹਾਂ ਨੂੰ ਏਕਾਂਤਵਾਸ ਜਾਂ ਫਿਰ ਇਲਾਜ਼ ਲਈ ਭਰਤੀ ਕੀਤਾ ਜਾ ਰਿਹਾ ਹੈ।ਦੇਸ਼ ਦੇ ਵੱਖ-ਵੱਖ ਹਸਪਤਾਲਾਂ ‘ਚ ਕੋਵਿਡ-19 ਨਾਲ ਸੰਕ੍ਰਮਿਤ ਲੋਕਾਂ ਦਾ ਇਲਾਜ਼ ਬਹੁਤ ਹੀ ਧਿਆਨਪੂਰਵਕ ਕੀਤਾ ਜਾ ਰਿਹਾ ਹੈ।

ਦੇਸ਼ ‘ਚ ਲੋੜਵੰਦ , ਭੁੱਖੇ ਅਤੇ ਗਰੀਬ ਲੋਕਾਂ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਸਰਕਾਰ ਨੇ ਗਰੀਬ ਅਤੇ ਮਜ਼ਦੂਰ ਵਰਗ ਦੀ ਮਦਦ ਲਈ 1.7 ਲੱਖ ਕਰੋੜ ਰੁਪਏ ਦੀ ਮਦਦ ਰਾਸ਼ੀ ਦਾ ਐਲਾਨ ਕੀਤਾ ਹੈ।ਪ੍ਰਵਾਸੀ ਮਜ਼ਦੂਰਾਂ ਲਈ ਭੋਜਨ ਅਤੇ ਪਨਾਹ ਦੀ ਵਿਵਸਥਾ ਕਰਨ ਲਈ ਹਜ਼ਾਰਾਂ ਹੀ ਸ਼ੈਲਟਰ ਸਥਾਪਿਤ ਕੀਤੇ ਗਏ ਹਨ।

ਇਸ ਮੁਸ਼ਕਲ ਦੀ ਘੜ੍ਹੀ ‘ਚ ਵੀ ਭਾਰਤ ਆਪਣੇ ਗੁਆਂਢੀ ਮੁਲਕਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ-ਬਰ-ਤਿਆਰ ਹੈ।ਭਾਰਤ ਨੇ ਸਾਰਕ ਫੰਡ ‘ਚ 10 ਮਿਲੀਅਨ ਡਾਲਰ ਦਾ ਯੋਗਦਾਨ ਪਾਇਆ ਹੈ।ਇਸ ਤੋਂ ਇਲਾਵਾ ਨਵੀਂ ਦਿੱਲੀ ਨੇ ਅਮਰੀਕਾ, ਬ੍ਰਿਟੇਨ, ਨੇਪਾਲ,ਮਾਲਦੀਵ ਅਤੇ ਸ੍ਰੀਲੰਕਾ ਨੂੰ ਦਵਾਈਆਂ ਨਿਰਯਾਤ ਕਰਨ ਦਾ ਫ਼ੈਸਲਾ ਵੀ ਲਿਆ ਹੈ।ਭਾਰਤ ਨੇ ਮਾਲਦੀਵ ਅਤੇ ਨੇਪਾਲ ‘ਚ ਮੈਡੀਕਲ ਟੀਮਾਂ ਵੀ ਭੇਜੀਆਂ ਹਨ।

ਭਾਰਤ ਆਪਣੀ ਦ੍ਰਿੜ ਇੱਛਾ ਸ਼ਕਤੀ ਦੀ ਬਦੌਲਤ ਇਸ ਵਿਸ਼ਵਵਿਆਪੀ ਮਹਾਂਮਾਰੀ ਨਾਲ ਲੜਨ ਲਈ ਵਚਨਬੱਧ ਹੈ।ਪੀਐਮ ਮੋਦੀ ਨੇ ਕਿਹਾ ਹੈ ਕਿ ਇਸ ਮਹਾਂਮਾਰੀ ਦੀ ਆਰਥਿਕ ਕੀਮਤ ਹੋ ਸਕਦੀ ਹੈ ਪਰ ਸਾਰੇ ਭਾਰਤੀਆਂ ਦੀ ਸਿਹਤ ਸਭ ਤੋਂ ਤਰਜੀਹੀ ਹੈ।ਵਿਸ਼ਵਵਿਆਪੀ ਸੰਸਥਾਵਾਂ ਵੱਲੋਂ ਭਾਰਤ ਦੇ ਕਦਮਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

ਭਾਰਤ ਯਕੀਨਨ ਹੀ ਇਸ ਮੁਸ਼ਕਲ ਸਮੇਂ ‘ਚ ਜੇਤੂ ਬਣ ਕੇ ਆਪਣੀ ਪਛਾਣ ਕਾਇਮ ਕਰੇਗਾ।

ਸਕ੍ਰਿਪਟ: ਕੌਸ਼ਿਕ ਰਾਏ, ਏਆਈਆਰ, ਨਿਊਜ਼ ਵਿਸ਼ਲੇਸ਼ਕ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ