ਭਾਰਤ ਨੇ ਗਲਵਾਨ ਘਾਟੀ 'ਤੇ ਚੀਨ ਦੇ ਦਾਅਵੇ ਨੂੰ ਕੀਤਾ ਖਾਰਿਜ



ਭਾਰਤ-ਚੀਨ ਸਰਹੱਦ 'ਤੇ ਵਾਸਤਵਿਕ ਨਿਯੰਤਰਣ ਰੇਖਾ ਵਿੱਚ 15 ਜੂਨ ਨੂੰ ਭਾਰਤ ਦੀ ਖੇਤਰੀ ਅਖੰਡਤਾ ਦਾ ਬਚਾਅ ਕਰਨ ਵਾਲੇ 20 ਭਾਰਤੀ ਸੈਨਿਕਾਂ ਅਤੇ ਅਧਿਕਾਰੀਆਂ ਦੀ ਬੇਰਹਿਮੀ ਨਾਲ ਹੱਤਿਆ ਕਰਨ ਮਗਰੋਂ ਚੀਨ ਨੇ ਬਿਨਾਂ ਵਜ੍ਹਾ ਲੱਦਾਖ ਦੀ ਗਲਵਾਨ ਘਾਟੀ 'ਤੇ ਆਪਣੇ ਝੂਠੇ ਦਾਅਵਿਆਂ ਦੀਆਂ ਊਲ-ਜਲੂਲ ਗੱਲਾਂ ਕੀਤੀਆਂ ਹਨ। ਗੌਰਤਲਬ ਹੈ ਕਿ ਇਹ ਅਜਿਹਾ ਖੇਤਰ ਹੈ ਜਿਸ ਤੇ ਪੂਰੀ ਤਰ੍ਹਾਂ ਨਾਲ ਭਾਰਤ ਦਾ ਅਧਿਕਾਰ ਹੈ ਜਦ ਕਿ ਚੀਨ ਪਹਿਲਾਂ ਵਾਲੀ ਸਥਿਤੀ ਨੂੰ ਮੰਨਣ ਦੇ ਬਜਾਇ ਧੋਖੇਬਾਜ਼ੀ ਅਤੇ ਬੇਈਮਾਨੀ ਭਰਿਆ ਵਤੀਰਾ ਅਪਣਾ ਰਿਹਾ ਹੈ। ਚੀਨ ਦੇ ਅਜਿਹੇ ਝੂਠੇ ਦਾਅਵਿਆਂ ਦਾ ਭਾਰਤ ਸਰਕਾਰ ਨੇ ਸਖ਼ਤ ਖੰਡਨ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਗਲਵਾਨ ਘਾਟੀ ਵਿੱਚ ਭਾਰਤ ਦੀ ਸਥਾਪਿਤ ਇਤਿਹਾਸਕ ਸਥਿਤੀ ਨੂੰ ਦੁਹਰਾਇਆ ਹੈ। ਨਵੀਂ ਦਿੱਲੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਐੱਲ.ਏ.ਸੀ ਦੇ ਸੰਬੰਧ ਵਿੱਚ ਚੀਨ ਦੁਆਰਾ ਕੀਤੇ ਗਏ ਨਾਕਾਮ ਦਾਅਵਿਆਂ ਨੂੰ ਉਹ ਮੁੱਢੋਂ ਹੀ ਖਾਰਿਜ ਕਰਦਾ ਹੈ। ਇਹ ਚਾਲਾਂ ਚੀਨ ਦੀ ਆਪਣੀ ਸਥਿਤੀ ਦੇ ਲਈ ਵੀ ਢੁਕਵੀਆਂ ਨਹੀਂ ਹਨ।

ਇਹ ਇਲਾਕਾ ਨਾ ਸਿਰਫ਼ ਭੁਗੌਲਿਕ ਨਜ਼ਰੀਏ ਤੋਂ ਭਾਰਤ ਦੇ ਨਿਯੰਤਰਣ ਵਿੱਚ ਹੈ, ਸਗੋਂ ਇਸ ਦੇ ਨਾਂ ਤੋਂ ਵੀ ਇਹੋ ਸਿੱਧ ਹੁੰਦਾ ਹੈ। ਬ੍ਰਿਟਿਸ਼-ਭਾਰਤ ਦੇ ਸਮੇਂ ਗੁਲਾਮ ਰਸੂਲ ਗਲਵਾਨ ਨਾਂ ਦੇ ਇੱਕ ਸਥਾਨਕ ਨਿਵਾਸੀ ਦੇ ਨਾਂ ਤੇ ਇਸ ਦਾ ਨਾਮਕਰਣ ਕੀਤਾ ਗਿਆ ਸੀ। ਇੰਨੇ ਪੱਕੇ ਸਬੂਤਾਂ ਦੇ ਬਾਵਜੂਦ ਬੀਜਿੰਗ ਨੇ ਇਸ ਖੇਤਰ ਤੇ ਆਪਣੇ ਅਧਿਕਾਰ ਦਾ ਬੇਲੋੜਾ ਹਵਾਲਾ ਦਿੱਤਾ ਹੈ। ਪਰ ਚੀਨ ਦੀਆਂ ਚਾਲਾਂ ਇਤਿਹਾਸ, ਭੂਗੋਲ ਦੇ ਸਬੂਤਾਂ ਨੂੰ ਮਿਟਾ ਨਹੀਂ ਸਕਦੀਆਂ। ਇਨ੍ਹਾਂ ਤੱਥਾਂ ਦੀ ਅਣਦੇਖੀ ਕਰਦਿਆਂ ਪੀ.ਐੱਲ.ਏ. ਦੀ ਵੈਸਟਰਨ ਥੀਏਟਰ ਕਮਾਂਡ ਨੇ 16 ਜੂਨ ਨੂੰ ਇਕ ਬਿਆਨ ਜਾਰੀ ਕਰਕੇ ਸਮੁੱਚੀ ਗਲਵਾਨ ਘਾਟੀ ਉੱਤੇ ਚੀਨ ਦੀ ਖੇਤਰੀ ਪ੍ਰਭੂਸੱਤਾ ਦਾ ਦਾਅਵਾ ਕੀਤਾ ਸੀ। ਇਸ ਤੋਂ ਬਾਅਦ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੱਲੋਂ 17 ਜੂਨ ਨੂੰ ਵੀ ਇਹੋ ਬਿਆਨ ਦਿੱਤਾ ਗਿਆ ਸੀ। ਦਰਅਸਲ ਚੀਨ ਦੀ ਹਮੇਸ਼ਾ ਤੋਂ ਹੀ ਅਜਿਹੀ ਸੋਚ ਰਹੀ ਹੈ।

ਚੀਨ ਦੇ ਅਜਿਹੇ ਦੋਹਰੇ ਰਵੱਈਏ ਨੂੰ ਲੈ ਕੇ ਭਾਰਤ ਨੇ ਵੀ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਭਾਰਤ ਦਾ ਕਹਿਣਾ ਹੈ ਕਿ 15 ਜੂਨ ਦੀ ਝੜਪ ਚੀਨੀ ਸੈਨਿਕਾਂ ਦੁਆਰਾ ਕੀਤੀਆਂ ਗਈਆਂ ਹਿੰਸਕ ਕਾਰਵਾਈਆਂ ਦਾ ਨਤੀਜਾ ਸੀ, ਜਦੋਂ ਉਨ੍ਹਾਂ ਨੂੰ ਭਾਰਤੀ ਸੈਨਿਕਾਂ ਦੁਆਰਾ ਵਾਸਤਵਿਕ ਰੇਖਾ ਦੇ ਭਾਰਤ ਵਾਲੇ ਪਾਸੇ ਕਿਸੇ ਤਰ੍ਹਾਂ ਦੇ ਨਿਰਮਾਣ ਕਰਨ ਤੋਂ ਰੋਕਿਆ ਗਿਆ। ਚੀਨ ਨੇ ਸੀ.ਬੀ.ਐੱਮ. ਭਾਵ ਆਪਸੀ ਭਰੋਸੇਮੰਦੀ ਤੇ ਬਣੀ ਸਹਿਮਤੀ ਦੀ ਉਲੰਘਣਾ ਕੀਤੀ ਹੈ ਜੋ ਦੋਵਾਂ ਦੇਸ਼ਾਂ ਵਿਚਾਲੇ ਬਣੀ ਹੋਈ ਸੀ। ਭਾਰਤ ਨੇ ਇਹ ਵੀ ਦੱਸਿਆ ਕਿ ਦੋਵਾਂ ਧਿਰਾਂ ਦੇ ਸੀਨੀਅਰ ਸੈਨਿਕ ਕਮਾਂਡਰਾਂ ਵਿਚਾਲੇ 6 ਜੂਨ ਨੂੰ ਵਾਸਤਵਿਕ ਨਿਯੰਤਰਣ ਰੇਖਾ ਤੋਂ ਆਪੋ-ਆਪਣੀਆਂ ਸੈਨਾਵਾਂ ਨੂੰ ਪਿੱਛੇ ਲਿਜਾਉਣ ਦੀ ਵੀ ਸਹਿਮਤੀ ਬਣੀ ਸੀ।

ਭਾਰਤ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਇਕ-ਦੂਜੇ ਦਾ ਸਨਮਾਨ ਕਰਨ ਅਤੇ ਐੱਲ.ਏ.ਸੀ. ਨੂੰ ਮੰਨਣ ਅਤੇ ਜੋ ਵੀ ਸਥਿਤੀ ਹੈ ਉਸ ਨੂੰ ਬਦਲਣ ਲਈ ਕੋਈ ਗਤੀਵਿਧੀ ਨਾ ਕਰਨ ਲਈ ਸਹਿਮਤ ਹੋਏ ਸਨ। ਹਾਲਾਂਕਿ ਚੀਨੀ ਪੱਖ ਨੇ ਐੱਲ.ਏ.ਸੀ. ਦੇ ਪਾਰ ਗਲਵਾਨ ਘਾਟੀ ਦੇ ਇਲਾਕੇ ਵਿੱਚ ਨਿਰਮਾਣ ਕਾਰਜ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਤਾਂ ਚੀਨੀ ਫੌਜਾਂ ਨੇ 15 ਜੂਨ ਨੂੰ ਹਿੰਸਕ ਕਾਰਵਾਈ ਕੀਤੀ, ਜਿਸ ਕਾਰਨ ਕਈ ਜਵਾਨ ਸ਼ਹੀਦ ਹੋ ਗਏ। ਵਿਦੇਸ਼ ਮੰਤਰਾਲੇ ਨੇ ਦੁਹਰਾਇਆ ਕਿ ਭਾਰਤੀ ਸੈਨਿਕਾਂ ਨੇ ਗਲਵਾਨ ਘਾਟੀ ਸਮੇਤ ਸਾਰੇ ਸੈਕਟਰਾਂ ਵਿੱਚ ਵਾਸਤਵਿਕ ਨਿਯੰਤਰਣ ਰੇਖਾ ਨੂੰ ਲੈ ਕੇ ਬਣੀ ਸਹਿਮਤੀ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ ਅਤੇ ਭਾਰਤੀ ਪੱਖ ਨੇ ਐੱਲ.ਏ.ਸੀ. ਦੇ ਪਾਰ ਕਦੇ ਕੋਈ ਕਾਰਵਾਈ ਨਹੀਂ ਕੀਤੀ। ਭਾਰਤੀ ਸੈਨਿਕ ਲੰਬੇ ਸਮੇਂ ਤੋਂ ਬਿਨਾਂ ਕਿਸੇ ਘਟਨਾ ਦੇ ਗਲਵਾਨ ਘਾਟੀ ਵਿੱਚ ਗਸ਼ਤ ਕਰਦੇ ਰਹੇ ਹਨ।

ਭਾਰਤ ਨੇ ਇਹ ਵੀ ਕਿਹਾ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਚੀਨੀ ਪੱਖ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਰਮਿਆਨ ਕੀਤੇ ਸਮਝੌਤੇ ਦਾ ਇਮਾਨਦਾਰੀ ਨਾਲ ਪਾਲਣ ਕਰੇਗਾ, ਜੋ ਸਾਡੇ ਦੁਵੱਲੇ ਸਬੰਧਾਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੈ।

ਭਾਰਤ-ਚੀਨ ਸਰਹੱਦ ‘ਤੇ ਚੀਨੀ ਰੁਖ਼ ਨੂੰ ਲੈ ਕੇ ਕੌਮਾਂਤਰੀ ਪੱਧਰ ਤੇ ਉਸ ਦੀ ਨਿੰਦਾ ਹੋ ਰਹੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸਰਹੱਦ ਤੇ ਹੋਏ ਇਸ ਟਕਰਾਅ ਲਈ ਚੀਨ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ। ਐਮਸਟਰਡਮ ਆਧਾਰਿਤ ਇੱਕ ਨਾਮੀ ਥਿੰਕ ਟੈਂਕ, ਯੂਰਪੀਅਨ ਫਾਊਂਡੇਸ਼ਨ ਫਾਰ ਸਾਊਥ ਏਸ਼ੀਅਨ ਸਟੱਡੀਜ਼ (ਈ.ਐੱਫ.ਐੱਸ.ਏ.ਐੱਸ.) ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਇਹ ਜਾਣ-ਬੁੱਝ ਕੇ, ਯੋਜਨਾਬੱਧ ਅਤੇ ਵਹਿਸ਼ੀ ਹਮਲਾ ਸੀ ਅਤੇ ਇਸ ਨੇ ਸਪੱਸ਼ਟ ਤੌਰ 'ਤੇ ਦੋਵਾਂ ਧਿਰਾਂ ਦੁਆਰਾ ਕਈ ਦਹਾਕੇ ਪਹਿਲਾਂ ਆਪਣੇ ਸੰਬੰਧਾਂ ਨੂੰ ਲੈ ਬਣੀ ਸਹਿਮਤੀ ਦੇ ਨੇਮਾਂ ਦੀ ਉਲੰਘਣਾ ਕੀਤੀ ਹੈ। ਈ.ਐੱਫ.ਐੱਸ.ਏ.ਐੱਸ. ਨੇ ਅੱਗੇ ਕਿਹਾ ਹੈ ਕਿ ਭਾਰਤੀ ਸੈਨਿਕਾਂ 'ਤੇ ਹਮਲਾ, ਚੀਨ ਦੁਆਰਾ ਸਰਹੱਦ ਲਾਗੇ ਕੀਤੇ ਜਾ ਰਹੇ ਰੋਹ ਭਰੇ ਕਾਰਜਾਂ ਦੇ ਸਿੱਟੇ ਵਜੋਂ ਹੋਇਆ ਹੈ, ਚਾਹੇ ਉਹ ਦੱਖਣੀ ਚੀਨ ਸਾਗਰ ਵਿੱਚ ਹੋਵੇ, ਤਾਈਵਾਨ ਜਾਂ ਹਾਂਗ ਕਾਂਗ ਵਿੱਚ ਹੋਵੇ, ਚੀਨ ਪੂਰੇ ਖੇਤਰ ਵਿੱਚ ਆਪਣੀ ਸ਼ਕਤੀ ਦਾ ਮੁਜ਼ਾਹਰਾ ਕਰਦਾ ਰਿਹਾ ਹੈ।

ਸਕ੍ਰਿਪਟ: ਡਾ. ਰੂਪਾ ਨਾਰਾਇਣ ਦਾਸ, ਚੀਨੀ ਮਾਮਲਿਆਂ ਬਾਰੇ ਰਣਨੀਤਕ ਵਿਸ਼ਲੇਸ਼ਕ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ