ਭਾਰਤ ਅਤੇ ਅਮਰੀਕਾ ਵਿਚਾਲੇ ਜਲਸੈਨਾ ਅਭਿਆਸ
ਭਾਰਤ ਅਤੇ ਅਮਰੀਕਾ ਦੀਆਂ ਜਲ ਸੈਨਾਵਾਂ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ‘ਚ ਸਾਂਝੀ ਕਿਵਾਇਦ ਦਾ ਹਿੱਸਾ ਬਣੀਆਂ।ਅਮਰੀਕਾ ਨਾਲ ਹੋਈ ਇਸ ਕਿਵਾਇਦ ਨੂੰ ਪੈਸੇਕਸ ਜਾਂ ਪਾਸਿੰਗ ਅਭਿਆਸ ਦਾ ਨਾਂਅ ਦਿੱਤਾ ਗਿਆ।ਇਸ ‘ਚ ਜ਼ਮੀਨੀ ਕਾਰਵਾਈ , ਨਿਗਰਾਨੀ ਅਤੇ ਦੋ ਸੈਨਾਵਾਂ ਵਿਚਾਲੇ ਅੰਤਰ-ਕਾਰਜਸ਼ੀਲਤਾ ਵਰਗੇ ਅਭਿਆਸ ਅਤੇ ਪਣਡੁੱਬੀ ਵਿਰੋਧੀ ਕਿਵਾਇਦਾਂ ਨੂੰ ਸ਼ਾਮਲ ਕੀਤਾ ਗਿਆ।ਦੋਵਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਨੇ ਆਪੋ ਆਪਣੇ ਉੱਤਮ ਤਜ਼ਰਬਿਆਂ ਨੂੰ ਵੀ ਸਾਂਝਾ ਕੀਤਾ।
ਦੱਖਣੀ ਚੀਨ ਸਾਗਰ ‘ਚ ਚੀਨ ਦੀ ਫੌਜੀ ਸ਼ਕਤੀ ਦੇ ਵੱਧ ਰਹੇ ਪ੍ਰਭਾਵ ਨੂੰ ਵੇਖਦਿਆਂ ਦੋ ਦੇਸ਼ਾਂ ਦਰਮਿਆਨ ਅਜਿਹੀ ਕਿਵਾਇਦਮਹੱਤਵਪੂਰਨ ਹੈ ।
ਸਮੁੰਦਰੀ ਖੇਤਰ ‘ਚ ਬੰਗਾਲ ਦੀ ਖਾੜੀ ‘ਚ ਅਜਿਹੇ ਅਭਿਆਸਾਂ ਦਾ ਆਯੋਜਨ, ਜੋ ਕਿ ਮਲਾਕਾ ਸਟਰੇਟਸ ‘ਚ ਹੁੰਦੇ ਹਨ ਉਹ ਬਹੁਤ ਹੀ ਖਾਸ ਅਹਿਮੀਅਤ ਰੱਖਦੇ ਹਨ। ਇਹ ਅੰਤਰਰਾਸ਼ਟਰੀ ਵਪਾਰ ਲਈ ਇੱਕ ਅਹਿਮ ਸਮੁੰਦਰੀ ਰਸਤਾ ਹੈ।
ਇਸ ਕਿਵਾਇਦ ‘ਚ ਭਾਰਤੀ ਜਲ ਸੈਨਾ ਦੇ ਚਾਰ ਸਮੁੰਦਰੀ ਜਹਾਜ਼ ਸ਼ਾਮਲ ਹੋਏ ਅਤੇ ਅਮਰੀਕਾ ਜਲ ਸੈਨਾ ਵੱਲੋਂ ਯੂਐਸਐਸ ਨਿਮੀਟਜ਼, ਇੱਕ ਪ੍ਰਮਾਣੂ ਸ਼ਕਤੀ ਲੜਾਕੂ ਜਹਾਜ਼, ਜੋ ਕਿ ਦੱਖਣੀ ਚੀਨ ਸਾਗਰ ‘ਚ ‘ ਨੈਵੀਗੇਸ਼ਨ ਦੀ ਆਜ਼ਾਦੀ’ ਦੀ ਮੁਹਿੰਮ ‘ਚ ਸ਼ਾਮਲ ਹੈ।ਇਸ ਕਿਵਾਇਦ ਨੂੰ ਉਸ ਸਮੇਂ ਕੀਤਾ ਗਿਆ ਹੈ ਜਦੋਂ ਚੀਨ ਦੱਖਣੀ ਚੀਨ ਸਾਗਰ ‘ਚ ਆਪਣੇ ਖੁਦ ਦੇ ਫੌਜੀ ਅਭਿਆਸਾਂ ‘ਚ ਰੁੱਝਿਆ ਹੋਇਆ ਹੈ।
ਭਾਰਤੀ ਜਲ ਸੈਨਾ ਕਿਸੇ ਵੀ ਸਥਿਤੀ ‘ਚ ਤਿਆਰ ਰਹਿਣ ਦੇ ਅਭਿਆਸ ‘ਚ ਰੁੱਝੀ ਹੋਈ ਹੈ।ਇਹ ਇੱਕ ਤਰ੍ਹਾਂ ਨਾਲ ਚੀਨ ਲਈ ਚੇਤਾਵਨੀ ਵੀ ਹੈ ਕਿ ਉਹ ਭਾਰਤ ਨਾਲ ਕਿਸੇ ਵੀ ਤਰ੍ਹਾਂ ਦਾ ਪੰਗਾ ਨਾ ਲਵੇ ਕਿਉਂਕਿ ਭਾਰਤ ਦੀਆਂ ਸੈਨਾਵਾਂ ਹਰ ਟਕਰਾਵ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਹਨ।ਭਾਰਤ ਨੇ ਆਪਣੀ ਮਿਸ਼ਨ ਤਇਨਾਤੀ ਤਹਿਤ ਸਮੁੰਦਰੀ ਜਹਾਜ਼ਾਂ ਨੂੰ ਸਥਾਪਤ ਕੀਤਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਡੱਟ ਕੇ ਹਮਲਾ ਕੀਤਾ ਜਾ ਸਕੇ।ਭਾਰਤੀ ਜਲ ਸੈਨਾ ਹਿਮਦ ਮਹਾਂਸਾਗਰ ਦੇ ਖੇੱਤਰ ‘ਚ ਆਪਣੀ ਬਾਜ਼ ਅੱਖ ਰੱਖ ਰਹੀ ਹੈ।ਇਸ ਖੇਤਰ ‘ਚ ਚੀਨੀ ਸਮੁੰਦਰੀ ਜਹਾਜ਼ਾਂ ਦਾ ਦਬਦਬਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।ਚੀਨ ਦਾ ਕਹਿਣਾ ਹੈ ਕਿ ਉਹ ਸਮੁੰਦਰੀ ਡਕੈਤੀ ਨੂੰ ਠੱਲ ਪਾਉਣ ਲਈ ਆਪਣੇ ਜਹਾਜ਼ਾਂ ਦੀ ਗਸ਼ਤ ਵਧਾ ਰਿਹਾ ਹੈ।ਸਾਲ 2017 ‘ਚ ਚੀਨ ਨੇ ਦਜੀਬੂਤੀ ‘ਚ ਆਪਣੇ ਪਹਿਲੇ ਸਮੁੰਦਰੀ ਫੌਜੀ ਠਿਕਾਣੇ ਦਾ ਉਦਘਾਟਨ ਕੀਤਾ ਸੀ।
ਭਾਰਤ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ‘ਚ ਆਪਣੇ ਬੁਨਿਆਦੀ ਢਾਂਚੇ ‘ਚ ਸੁਧਾਰ ਕਰ ਰਿਹਾ ਹੈ ਅਤੇ ਨਾਲ ਹੀ ਭਾਰਤੀ ਫੌਜ ਦੀ ਅੰਡੇਮਾਨ ਨਿਕੋਬਾਰ ਕਮਾਂਡ ਦੀਆਂ ਸਹੂਲਤਾਂ ਨੂੰ ਵੀ ਅਫਗ੍ਰੇਡ ਕਰ ਰਿਹਾ ਹੈ।ਨਿਕੋਬਾਰ ਹਵਾਈ ਬੇਸ ‘ਤੇ ਭਾਰਤੀ ਹਵਾਈ ਫੌਜ ਦੇ 8-10 ਹਵਾਈ ਜਹਾਜ਼ ਤੈਨਾਤ ਹਨ।ਐਲਏਸੀ ‘ਤੇ ਵੱਧ ਰਹੇ ਤਣਾਅ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ।
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਭਾਰਤ ਅਤੇ ਜਪਾਨ ਵਿਚਾਲੇ ਵੀ ਇਸ ਤਰ੍ਹਾਂ ਦੀ ਕਿਵਾਇਦ ਦਾ ਆਯੋਜਨ ਕੀਤਾ ਗਿਆ ਸੀ।ਭਾਰਤ, ਅਮਰੀਕਾ ਅਤੇ ਜਪਾਨ ਇਸ ਖੇਤਰ ‘ਚ ਨਜ਼ਦੀਕੀ ਜਲ ਸੈਨਾ ਭਾਈਵਾਲ ਹਨ ਅਤੇ ਮਾਲਾਬਾਰ ਕਿਵਾਇਦ ਸਮੇਤ ਹੋਰ ਕਈ ਸਾਂਝੇ ਅਭਿਆਸ ‘ਚ ਸ਼ਾਮਲ ਹੁੰਦੇ ਹਨ।ਇਸ ਤਿਕੌਣੀ ਅਭਿਆਸ ‘ਚ ਆਸਟ੍ਰੇਲੀਆ ਦੇ ਜੁੜਣ ਦੀ ਵੀ ਸੰਭਾਵਨਾ ਹੈ।ਇਹ ਪਹਿਲੀ ਵਾਰ ਹੋਵੇਗਾ ਕਿ ਖੇਤਰੀ ਸਮੂਹ ਦੇ ਚਾਰੇ ਦੇਸ਼ ਇੱਕਠੇ ਅਜਿਹੀ ਕਿਵਾਇਦ ‘ਚ ਸ਼ਿਰਕਤ ਕਰਨਗੇ।ਚੀਨ ਇੰਨ੍ਹਾਂ ਦੇਸ਼ਾਂ ਦੀ ਸਾਂਝੀ ਕਿਵਾਇਦ ‘ਤੇ ਨਜ਼ਰ ਰੱਖ ਰਿਹਾ ਹੈ।
ਅਮਰੀਕਾ ਦੇ ਰੱਖਿਆ ਸਕੱਤਰ ਮਾਰਕ ਅੇਸਪਰ ਨੇ ਕਿਹਾ ਕਿ ਜਿਸ ਸਮੇਂ ਚੀਨ ਕੌਮਾਂਤਰੀ ਨੇਮਾਂ ਨੂੰ ਸਿੱਕੇ ਟੰਗ ਰਿਹਾ ਹੈ ਅਜਿਹੇ ‘ਚ ਅਮਰੀਕਾ ਭਾਰਤ ਨਾਲ ਆਪਣੇ ਰੱਖਿਆ ਸਹਿਯੋਗ ਨੂੰ ਉੱਨਤ ਕਰ ਰਿਹਾ ਹੈ।ਭਾਰਤ ਅਤੇ ਅਮਰੀਕਾ ਦਰਮਿਆਨ ਹੋਈ ਇਸ ਸਮੁੰਦਰੀ ਕਿਵਾਇਦ ਨੇ ਦੋਵਾਂ ਦੇਸ਼ਾਂ ਦੀ ਸਮੁੰਦਰੀ ਖੇਤਰ ‘ਚ ਸਹਿਯੋਗ ਦੇਣ ਦੀ ਵਚਨਬੱਧਤਾ ਨੂੰ ਪ੍ਰਗਟ ਕੀਤਾ ਹੈ।
ਸਕ੍ਰਿਪਟ: ਡਾ.ਸਤੂਤੀ ਬੈਨਰਜੀ, ਅਮਰੀਕੀ ਮਾਮਲਿਆਂ ਦੀ ਰਣਨੀਤਕ ਵਿਸ਼ਲੇਸ਼ਕ
Comments
Post a Comment