ਬਾਜਵਾ ਦੀ ਸਾਊਦੀ ਅਰਬ ਦੌਰਾ : ਵਿਗੜੇ ਰਿਸ਼ਤਿਆਂ ਨੂੰ ਬਚਾਉਣ ਦੀ ਕੋਸ਼ਿਸ਼

ਪਿਛਲੇ ਸਾਲ ਭਾਰਤ ਵਲੋਂ ਕਸ਼ਮੀਰ ਵਿੱਚ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ, ਪਾਕਿਸਤਾਨ ਦੀਆਂ ਘਰੇਲੂ ਅਤੇ ਵਿਦੇਸ਼ੀ ਨੀਤੀਆਂ ਉਸਨੂੰ ਪਰੇਸ਼ਾਨ ਕਰ ਰਹੀਆਂ ਹਨ । ਕਿਉਂਕਿ ਕਸ਼ਮੀਰ ਪਾਕਿਸਤਾਨ ਦੀ ਵਿਦੇਸ਼ ਨੀਤੀ ਦਾ ਮੁੱਖ ਕੇਂਦਰ ਬਿੰਦੂ ਰਿਹਾ ਹੈ। ਇਸ ਲਈ ਪਾਕਿਸਤਾਨ ਦੀ ਤਹਿਰੀਕ-ਇਨਸਾਫ ਪਾਰਟੀ ਦੀ ਸਰਕਾਰ ਨੇ ਇਸ ਮੁੱਦੇ ਦਾ ਅੰਤਰਰਾਸ਼ਟਰੀਕਰਨ ਕਰਨ ਦੇ ਸਾਰੇ ਯਤਨ ਕੀਤੇ ਹਨ। ਇਸਲਾਮਾਬਾਦ ਨੂੰ ਖ਼ਾਸਕਰ ਇਸਲਾਮਿਕ ਸਹਿਕਾਰਤਾ ਸੰਗਠਨ (ਓਆਈਸੀ) ਤੋਂ ਕਸ਼ਮੀਰ ਮੁੱਦੇ 'ਤੇ ਇਕ ਉੱਚ ਪੱਧਰੀ ਬੈਠਕ ਬੁਲਾਉਣ ਦੀਆਂ ਵੱਡੀਆਂ ਉਮੀਦਾਂ ਸਨ। ਕਿਉਂਕਿ ਸਾਊਦੀ ਅਰਬ ਨੂੰ ਇਸਲਾਮਿਕ ਦੇਸ਼ਾਂ ਦਾ ਕੇਂਦਰ ਮੰਨਿਆ ਜਾਂਦਾ ਹੈ ਅਤੇ ਓਆਈਸੀ ਦਾ ਉਹ ਇੱਕ ਪ੍ਰਮੁੱਖ ਪ੍ਰਭਾਵਸ਼ਾਲੀ ਮੈਂਬਰ ਹੈ। ਇਸ ਲਈ ਪਾਕਿਸਤਾਨ ਨੇ ਹਮੇਸ਼ਾਂ ਇਹ ਕੋਸ਼ਿਸ਼ ਕੀਤੀ ਸੀ ਕਿ ਸਾਊਦੀ ਅਰਬ ਉਸ ਦੇ ਆਪਣੇ ਪਾਸੇ ਹੋਵੇ।


ਪਰ ਇਸ ਦੀਆਂ ਸਾਰੀਆਂ ਉਮੀਦਾਂ 'ਤੇ ਉਸ ਸਮੇਂ ਪਾਣੀ ਫੇਰ ਗਿਆ, ਜਦੋਂ ਇਕ ਟਾਕ ਸ਼ੋਅ' ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਓਆਈਸੀ ਅਤੇ ਸਾਊਦੀ ਨੇ ਕਸ਼ਮੀਰ ਮੁੱਦੇ' ਤੇ ਸਾਡੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ । ਉਹਨਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਾਕਿਸਤਾਨ ਇਸ ਮਾਮਲੇ' ਤੇ ਆਪਣਾ ਸਬਰ ਗੁਆ ਰਿਹਾ ਹੈ। ਇਸ ਲਈ ਜੇ ਕਸ਼ਮੀਰ ਨੂੰ ਓਆਈਸੀ ਵੱਲੋਂ ਤਰਜੀਹ ਨਹੀਂ ਦਿੱਤੀ ਜਾਂਦੀ ਤਾਂ ਪਾਕਿਸਤਾਨ ਸਮਾਨ ਸੋਚ ਵਾਲੇ ਦੂਸਰੇ ਇਸਲਾਮਿਕ ਦੇਸ਼ਾਂ ਨਾਲ, ਸਾਊਦੀ ਅਰਬ ਤੋਂ ਬਿਨਾਂ ਗਠਜੋੜ ਬਣਾਉਣ ਲਈ ਮਜਬੂਰ ਹੋਵੇਗਾ। ਇਸ ਨਾਲ ਪਰੇਸ਼ਾਨ ਹੋਏ ਸਾਊਦੀ ਸ਼ਾਸਕਾਂ ਨੇ ਪਾਕਿਸਤਾਨ ਵਿਚ ਇਮਰਾਨ ਖਾਨ ਸਰਕਾਰ ਨੂੰ ਰਾਜਨੀਤਿਕ ਅਤੇ ਸੈਨਿਕ ਦੋਵਾਂ ਪੱਧਰਾਂ ਤੇ ਨੁਕਸਾਨ ਕੰਟਰੋਲ ਮੋਡ 'ਤੇ ਖੜਾ ਕਰ ਦਿੱਤਾ।
ਪਾਕਿ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਅਤੇ ਡੀਜੀ ਇੰਟਰ ਸਰਵਿਸਿਜ਼-ਇੰਟੈਲੀਜੈਂਸ ਲੈਫਟੀਨੈਂਟ ਜਨਰਲ ਫੈਜ਼ ਹਾਮਿਦ ਦੀ ਇਸ ਹਫਤੇ ਸਾਊਦੀ ਅਰਬ ਦੀ ਤਤਕਾਲ ਯਾਤਰਾ ਨੂੰ ਤਣਾਅਪੂਰਨ ਸਬੰਧਾਂ ਦੀ ਸਮੀਖਿਆ ਅਤੇ ਨੁਕਸਾਨ ਕੰਟਰੋਲ ਨੀਤੀ ਦੇ ਵਿਸਥਾਰ ਨੂੰ ਘੱਟ ਕਰਨ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਪਾਕਿਸਤਾਨ ਦੇ ਅਨੁਸਾਰ, ਇਹ ਮੁਲਾਕਾਤ ਮੁੱਖ ਤੌਰ 'ਤੇ "ਸੈਨਿਕ-ਮਾਮਲੇ ਅਧਾਰਤ" ਸੀ। ਜਨਰਲ ਬਾਜਵਾ ਨੇ ਸਾਊਦੀ ਅਰਬ ਦੇ ਰੱਖਿਆ ਮੰਤਰੀ ਖਾਲਿਦ ਬਿਨ ਸਲਮਾਨ ਬਿਨ ਅਬਦੁਲ-ਅਜ਼ੀਜ਼ ਨਾਲ ਦੁਵੱਲੀ ਰੱਖਿਆ ਸਹਿਯੋਗ ਅਤੇ ਖੇਤਰੀ ਸੁਰੱਖਿਆ 'ਤੇ ਗੱਲਬਾਤ ਕੀਤੀ। ਜਨਰਲ ਬਾਜਵਾ ਨੇ ਜਨਰਲ ਫੈਯਦ ਬਿਨ ਹਾਦਮ ਅਲ-ਰੋਵੈਲੀ, ਸਾਊਦੀ ਦੇ ਜਨਰਲ ਸਟਾਫ ਦੇ ਚੀਫ਼ ਅਤੇ ਲੈਫਟੀਨੈਂਟ ਜਨਰਲ ਫਹਾਦ ਬਿਨ ਤੁਰਕੀ ਅਲ ਸੌਦ, ਕਮਾਂਡਰ ਜੁਆਇੰਟ ਫੋਰਸਜ਼, ਕੇਐਸਏ ਨਾਲ ਵੀ ਮੁਲਾਕਾਤ ਕੀਤੀ। ਰਿਪੋਰਟਾਂ ਅਨੁਸਾਰ ਇਸ ਮੀਟਿੰਗ ਦਾ ਕੇਂਦਰ ਬਿੰਦੂ 
ਫੌਜੀ ਸਬੰਧਾਂ ਦੀ ਸਮੀਖਿਆ ਸਮੇਤ ਸਿਖਲਾਈ ਦੀਆਂ ਆਦਾਨ-ਪ੍ਰਦਾਨ ਦੀਆਂ ਤਜ਼ਵੀਜ਼ਾਂ ਸਨ।
ਹਾਲਾਂਕਿ, ਸਾਊਦੀ ਅਰਬ ਅਧਿਕਾਰੀਆਂ ਦੇ ਅਨੁਸਾਰ, ਇਸ ਮੁਲਾਕਾਤ ਵਿੱਚ ਦੋ-ਪੱਖੀ ਸਹਿਯੋਗ ਤੋਂ ਇਲਾਵਾ, "ਆਮ ਚਿੰਤਾਵਾਂ" ਨੂੰ ਦਰਸਾਇਆ ਗਿਆ। ਇੱਥੇ ਆਮ ਚਿੰਤਾ ਪਾਕਿਸਤਾਨ ਵਲੋਂ ਸਾਊਦੀ ਅਰਬ ਦੀ ਨਰਾਜ਼ਗੀ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਹਨ। ਬਾਜਵਾ ਨੇ ਆਪਣੇ ਚੰਗੇ ਸਬੰਧਾਂ ਦੀ ਵਰਤੋਂ ਕਸ਼ਮੀਰ ਦੇ ਮੁੱਦੇ 'ਤੇ ਸਾਊਦੀ ਅਰਬ ਦੀ ਅਤਿ ਆਲੋਚਨਾ ਕਾਰਨ ਪੈਦਾ ਹੋਈ ਸਥਿਤੀ ਨੂੰ ਸ਼ਾਂਤ ਕਰਨ ਲਈ ਕੀਤੀ। ਇਥੋਂ ਤਕ ਕਿ ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਸ਼ੀਦ ਨੇ ਮੀਡੀਆ ਨੂੰ ਦੱਸਿਆ ਕਿ ਬਾਜਵਾ ਦੀ ਸਾਊਦੀ ਅਰਬ ਫੇਰੀ ਦਾ ਅਰਥ ‘ਛੋਟੇ ਮਾਮੂਲੀ ਮਤਭੇਦਾਂ’ ਨੂੰ ਦੂਰ ਕਰਨ ਲਈ ਸੀ। ਧਿਆਨ ਯੋਗ ਹੈ ਕਿ ਇਸ ਮੁਲਾਕਾਤ ਤੋਂ ਪਹਿਲਾਂ ਬਾਜਵਾ ਨੇ ਕੁਰੈਸ਼ੀ ਦੇ ਬਿਆਨ 'ਤੇ ਲੱਗੀ ਅੱਗ ਨੂੰ ਰੋਕਣ ਲਈ ਪਾਕਿਸਤਾਨ ਵਿਚ ਸਾਊਦੀ ਅਰਬ ਦੇ ਰਾਜਦੂਤ ਐਡਮਿਰਲ ਨਵਾਬ ਸਈਦ ਅਲ ਮਾਲਕੀ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਨੇ ਹੀ ਬਾਜਵਾ ਦੇ ਸਾਊਦੀ ਅਰਬ ਦੇ ਦੌਰੇ ਦਾ ਰਾਹ ਪੱਧਰਾ ਕੀਤਾ।


ਪਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸਾਊਦੀ ਅਰਬ ਨੂੰ ਇਸ ਮਸਲੇ ਨੂੰ ਸੁਧਾਰੇ ਜਾਣ ਦੀ ਕੋਈ ਕਾਹਲੀ ਨਹੀਂ ਹੈ, ਕਿਉਂਕਿ ਜਨਰਲ ਬਾਜਵਾ ਨੂੰ ਸਾਊਦੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ (ਐਮਬੀਐਸ) ਨੇ ਮਿਲਣ ਦਾ ਸਮਾਂ ਦੇਣ ਨਹੀਂ ਕੋਈ ਲੋੜ ਨਹੀਂ ਸਮਝੀ। ਜਿਸ ਨੇ ਸਖਤ ਸੰਕੇਤ ਭੇਜਿਆ ਹੈ ਕਿ ਸਾਊਦੀ ਹਾਕਮ ਅਜੇ ਵੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਬਿਆਨ ਤੋਂ ਨਾਰਾਜ਼ ਹਨ। ਵਿਸ਼ਲੇਸ਼ਕਾਂ ਅਨੁਸਾਰ ਸਾਊਦੀ ਅਰਬ ਨੇ ਗੁਪਤ ਰੂਪ ਵਿੱਚ ਕਿਹਾ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ। ਕ੍ਰਾਊਨ ਪ੍ਰਿੰਸ ਨੂੰ ਮਿਲਣ ਦੀਆਂ ਅਸਫਲ ਕੋਸ਼ਿਸ਼ਾਂ ਤੋਂ ਬਾਅਦ, ਪਾਕਿ ਫੌਜੀ ਕਮਾਂਡਰ ਜੈਦਾਹ ਵਿਚ ਉਮਰਾਹ ਦੀਆਂ ਰਸਮਾਂ ਪੂਰੀਆਂ ਕਰਨ ਲਈ ਰਵਾਨਾ ਹੋਏ, ਜਿਸ ਤੋਂ ਬਾਅਦ ਉਹ ਵਾਪਸ ਪਾਕਿਸਤਾਨ ਰਵਾਨਾ ਹੋਣਗੇ।


ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਾਊਦੀ ਅਰਬ ਅਤੇ ਪਾਕਿਸਤਾਨ ਦਰਮਿਆਨ ਮਤਭੇਦਾਂ ਨੂੰ ਨਕਾਰਿਆ ਹੈ ਅਤੇ ਇੱਕ ਟੀਵੀ ਇੰਟਰਵਿਊ ਵਿੱਚ ਉਹਨਾਂ ਜ਼ੋਰ ਦੇ ਕੇ ਆਖਿਆ ਕਿ ਸਾਊਦੀ ਅਰਬ ਦੇ ਨਾਲ ਪਾਕਿਸਤਾਨ ਦੇ ਖਟਾਈ ਵਾਲੇ ਸਬੰਧਾਂ ਬਾਰੇ ਖ਼ਬਰਾਂ ਬਿਲਕੁਲ ਝੂਠੀਆਂ ਅਤੇ ਅਫਵਾਹਾਂ ਹਨ। 
ਹਾਲਾਂਕਿ, ਸੰਯੁਕਤ ਅਰਬ ਅਮੀਰਾਤ ਦੇ ਇਜ਼ਰਾਈਲ ਨਾਲ ਸ਼ਾਂਤੀ ਸਮਝੌਤੇ 'ਤੇ ਦਸਤਖਤ ਕਰਨ ਤੋਂ ਬਾਅਦ ਬਾਜਵਾ ਦਾ ਦੌਰਾ ਇਕ ਅਜਿਹੇ ਮੋੜ' ਤੇ ਆਇਆ ਹੈ, ਜਿਸ ਨਾਲ ਤੁਰਕੀ, ਈਰਾਨ ਅਤੇ ਮਲੇਸ਼ੀਆ ਦੇ ਨਾਲ ਉਮਾਹ ਦੇ ਅੰਦਰ ਇਕ ਹੋਰ ਰੁਕਾਵਟ ਨੂੰ ਪੈਦਾ ਕਰਦਾ ਹੈ ਜਿਸ ਨਾਲ ਨਵਾਂ ਖਤਰਾ ਉਭਰਦਾ ਦਿਖਾਈ ਦਿੰਦਾ ਹੈ।
ਸਾਊਦੀ ਅਰਬ ਨੇ ਵੀ ਤੁਰਕੀ ਇਰਾਨ ਅਤੇ ਪਾਕਿਸਤਾਨ ਦੇ ਇਸ ਕਦਮ ਨੂੰ ਸੰਜੀਦਗੀ ਨਾਲ ਨਹੀਂ ਲਿਆ ਹੈ। ਈਰਾਨ ਇਸ ਖੇਤਰ ਵਿਚ ਉਸਦਾ ਵਿਰੋਧੀ ਹੈ ਅਤੇ ਤੁਰਕੀ ਨੇ ਓਆਈਸੀ ਦੇ ਨਵੇਂ ਨੇਤਾ ਵਜੋਂ ਆਪਣੇ ਆਪ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਵਿਚ ਦੇਰ ਨਹੀਂ ਕੀਤੀ।ਇਸਲਾਮਿਕ ਵਿਸ਼ਵ ਜਗਤ ਵਿਚ ਸਾਊਦੀ ਅਰਬ ਦੀ ਸਥਿਤੀ ਚੰਗੀ ਤਰ੍ਹਾਂ ਜਾਣੀ ਪਹਿਚਾਣੀ ਹੈ। ਇਸਲਾਮਾਬਾਦ ਅਤੇ ਰਿਆਦ ਵਿਚਾਲੇ ਤਾਜ਼ਾ ਤਕਰਾਰ ਇਸ ਤੱਥ ਵੱਲ ਇਸ਼ਾਰਾ ਕਰਦਾ ਹੈ ਕਿ ਦੋਵਾਂ ਦੇਸ਼ਾਂ ਵਿਚ ਸਭ ਕੁਝ ਠੀਕ ਨਹੀਂ ਹੈ। ਇਸ ਤਰ੍ਹਾਂ, ਬਾਜਵਾ ਦਾ ਦੌਰਾ ਵਿਗੜ ਰਹੇ ਰਿਸ਼ਤਿਆਂ ਨੂੰ ਬਚਾਉਣ ਦੀ ਕੋਸ਼ਿਸ਼ ਸੀ।


ਸਕ੍ਰਿਪਟ ਡਾ ਜ਼ੈਨਬ ਅਖ਼ਤਰ
ਪਾਕਿਸਤਾਨੀ ਮਾਮਲਿਆਂ ਦੇ ਮਾਹਰ


ਅਨੁਵਾਦਕ ਮਨਜੀਤ ਅਣਖੀ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ