ਸੜਕਾਂ ਦੇ ਬੁਨਿਆਦੀ ਢਾਂਚੇ ਰਾਹੀਂ ਭਾਰਤ ਨੂੰ ਜੋੜਨਾ
ਸੜਕਾਂ ਕਿਸੇ ਵੀ ਦੇਸ਼ ਦੀ ਤਰੱਕੀ ਲਈ ਬਹੁਤ ਹੀ ਅਹਿਮ ਹਨ। ਇਸ ਦੇ ਨਾਲ ਹੀ ਆਵਾਜਾਈ ਦਾ ਤੰਤਰ ਵੀ ਉਨਾ ਹੀ ਮਹੱਤਵਪੂਰਨ ਹੈ। ਕਿਸੇ ਦੇਸ਼ ਦੇ ਵਿਕਾਸ ਦੀ ਗਤੀ ਚੀਜ਼ਾਂ ਅਤੇ ਸੇਵਾਵਾਂ ਦੇ ਉਤਪਾਦਨ ਦੇ ਨਾਲ-ਨਾਲ ਗਤੀਸ਼ੀਲਤਾ 'ਤੇ ਵੀ ਨਿਰਭਰ ਕਰਦੀ ਹੈ। ਭਾਰਤ ਵਰਗੇ ਵਿਸ਼ਾਲ ਅਤੇ ਸੰਘਣੀ ਆਬਾਦੀ ਵਾਲੇ ਦੇਸ਼ ਦੀ ਤਰੱਕੀ ਲਈ, ਨਵੀਆਂ ਅਤੇ ਵਿਕਸਤ ਸੜਕਾਂ ਦਾ ਨਿਰਮਾਣ ਮਹੱਤਵਪੂਰਨ ਹੈ। ਸੜਕਾਂ ਸੰਪਰਕ ਪ੍ਰਦਾਨ ਕਰਦੀਆਂ ਹਨ ਅਤੇ ਨਿਰੰਤਰ ਆਵਾਜਾਈ ਪ੍ਰਵਾਹ ਨੂੰ ਯਕੀਨੀ ਬਣਾਉਂਦੀਆਂ ਹਨ।
ਸੜਕ ਨੈੱਟਵਰਕ ਬੁਨਿਆਦੀ ਢਾਂਚੇ ਦਾ ਵਿਕਾਸ ਭਾਰਤ ਨੂੰ “ਆਤਮ-ਨਿਰਭਰ” ਬਣਾਉਣ ਲਈ ਵੱਖ-ਵੱਖ ਸੈਕਟਰਾਂ ਵਿੱਚ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਵੱਡੇ ਸੁਧਾਰਾਂ ਵਿੱਚੋਂ ਇੱਕ ਹੈ। ਪਿਛਲੇ ਕੁਝ ਸਾਲਾਂ ਤੋਂ ਭਾਰਤ ਦੇ ਸੜਕੀ ਢਾਂਚੇ ਵਿੱਚ ਲਗਾਤਾਰ ਸੁਧਾਰ ਹੋਇਆ ਹੈ। ਕਨੈਕਟੀਵਿਟੀ ਵਿੱਚ ਸੁਧਾਰ ਹੋਇਆ ਹੈ ਅਤੇ ਸੜਕੀ ਆਵਾਜਾਈ ਤੇਜ਼ੀ ਨਾਲ ਵਿਕਾਸ ਦਾ ਇੱਕ ਉੱਚ ਬਿੰਦੂ ਬਣ ਚੁੱਕਾ ਹੈ। ਸੜਕਾਂ ਸੇਵਾਵਾਂ ਦੇ ਲਈ ਬਿਹਤਰ ਪਹੁੰਚ, ਆਵਾਜਾਈ ਵਿੱਚ ਸੌਖਿਆਈ ਅਤੇ ਲੋਕਾਂ ਨੂੰ ਆਵਾਜਾਈ ਦੀ ਆਜ਼ਾਦੀ ਪ੍ਰਦਾਨ ਕਰ ਰਹੀਆਂ ਹਨ।
ਭਾਰਤ ਦੁਨੀਆ ਦੇ ਸਭ ਤੋਂ ਵੱਡੇ ਸੜਕੀ ਨੈੱਟਵਰਕਾਂ ਵਿੱਚੋਂ ਇਕ ਹੈ, ਇਹ ਨੈੱਟਵਰਕ ਲਗਭਗ 5.5 ਮਿਲੀਅਨ ਕਿਲੋਮੀਟਰ ਤਕ ਫੈਲਿਆ ਹੋਇਆ ਹੈ। ਇਸ ਵਿੱਚ ਰਾਸ਼ਟਰੀ ਅਤੇ ਰਾਜ-ਮਾਰਗ ਅਤੇ ਸ਼ਹਿਰੀ ਅਤੇ ਦਿਹਾਤੀ ਸੜਕਾਂ ਸ਼ਾਮਿਲ ਹਨ। ਭਾਰਤੀ ਸੜਕ ਨੈੱਟਵਰਕ ਵਿੱਚ ਰਾਸ਼ਟਰੀ ਅਤੇ ਰਾਜਮਾਰਗਾਂ, ਐਕਸਪ੍ਰੈਸ-ਵੇਅ, ਪ੍ਰਮੁੱਖ ਜ਼ਿਲ੍ਹਾ ਸੜਕਾਂ ਅਤੇ ਸ਼ਹਿਰੀ ਅਤੇ ਦਿਹਾਤੀ ਸੜਕਾਂ ਸ਼ਾਮਿਲ ਹਨ। ਰਾਸ਼ਟਰੀ ਰਾਜ-ਮਾਰਗ ਕੁੱਲ ਸੜਕੀ ਨੈੱਟਵਰਕ ਦਾ 2 ਫੀਸਦੀ ਹੈ ਅਤੇ ਕੁੱਲ ਆਵਾਜਾਈ ਦਾ 40ਫੀਸਦੀ ਤੋਂ ਵੱਧ ਹੈ।
ਭਾਰਤ ਦੀ ਭਾਰਤਮਾਲਾ ਪਰਿਯੋਜਨਾ ਦਾ ਉਦੇਸ਼ ਰਾਜ-ਮਾਰਗ ਦੇ ਨੈੱਟਵਰਕ ਨੂੰ ਉਤਸ਼ਾਹਿਤ ਕਰਨ ਲਈ 66,100 ਕਿਲੋਮੀਟਰ ਦੇ ਆਰਥਿਕ ਗਲਿਆਰੇ, ਸਰਹੱਦੀ ਅਤੇ ਤਟੀ ਸੜਕਾਂ ਅਤੇ ਐਕਸਪ੍ਰੈਸ-ਵੇਅ ਦਾ ਨਿਰਮਾਣ ਕਰਨਾ ਹੈ। ਇਹ ਪ੍ਰੋਜੈਕਟ ਸੈਰ-ਸਪਾਟਾ ਸਥਾਨਾਂ ਲਈ ਸੜਕੀ ਸੰਪਰਕ, ਬਾਈਪਾਸਾਂ ਦਾ ਨਿਰਮਾਣ, ਰਿੰਗ ਰੋਡ ਦੇ ਵਿਕਾਸ ਅਤੇ ਭੀੜ-ਭੜੱਕੇ ਅਤੇ ਚੌਕ ਦੀ ਭੀੜ ਵਿੱਚ ਸੁਧਾਰ ਲਿਆਵੇਗਾ।
ਇਸ ਪ੍ਰੋਗਰਾਮ ਵਿੱਚ 550 ਜ਼ਿਲ੍ਹਿਆਂ ਵਿੱਚ ਚਾਰ ਲੇਨ ਸੰਪਰਕ ਦੀ ਯੋਜਨਾ ਬਣਾਈ ਗਈ ਹੈ, ਜਿਸ ਨਾਲ ਵਾਹਨਾਂ ਦੀ ਗਤੀ ਵਿਚ 20 ਤੋਂ 25 ਫੀਸਦੀ ਵਾਧੇ ਦੀ ਉਮੀਦ ਕੀਤੀ ਗਈ ਹੈ ਅਤੇ ਸਪਲਾਈ ਲੜੀ ਦੀਆਂ ਕੀਮਤਾਂ ਵਿਚ 5-6 ਫੀਸਦੀ ਦੀ ਕਮੀ ਆਉਣ ਦੀ ਆਸ ਹੈ। ਇਸ ਦੇ ਪਹਿਲੇ ਪੜਾਅ ਵਿਚ 2022 ਤਕ 34,800 ਕਿਲੋਮੀਟਰ ਹਾਈਵੇ ਦੇ ਵਿਕਾਸ ਲਈ 82 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਹੋਵੇਗਾ।
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨ.ਐੱਚ.ਏ.ਆਈ.) ਨੇ ਵਿੱਤੀ ਸਾਲ 2019-20 ਵਿਚ 3,979 ਕਿਲੋਮੀਟਰ ਰਾਸ਼ਟਰੀ ਰਾਜ-ਮਾਰਗਾਂ ਦਾ ਨਿਰਮਾਣ ਪੂਰਾ ਕਰ ਲਿਆ ਹੈ। ਇਹ ਕਿਸੇ ਵਿੱਤੀ ਵਰ੍ਹੇ ਵਿੱਚ ਸਭ ਤੋਂ ਵੱਧ ਹਾਈਵੇਅ ਦਾ ਨਿਰਮਾਣ ਹੈ।
ਇਕ ਭਰੋਸੇਮੰਦ ਅਤੇ ਤੇਜ਼ ਸੜਕੀ ਨੈੱਟਵਰਕ ਦੀ ਮਹੱਤਤਾ ਅਤੇ ਦੇਸ਼ ਦੇ ਆਰਥਿਕ ਵਿਕਾਸ ਨੂੰ ਪ੍ਰਭਾਵਿਤ ਕਰਨ ਵਿਚ ਇਸ ਦੀ ਭੂਮਿਕਾ ਦੀ ਪਛਾਣ ਕਰਦਿਆਂ, ਸਰਕਾਰ ਪੂਰੇ ਭਾਰਤ ਵਿੱਚ ਗੁਣਵੱਤਾ ਵਾਲੀਆਂ ਸੜਕਾਂ ਅਤੇ ਰਾਜ-ਮਾਰਗਾਂ ਦੀ ਉਸਾਰੀ ਕਰ ਰਹੀ ਹੈ। ਸੜਕ ਢਾਂਚਾ ਅੰਤਰਰਾਸ਼ਟਰੀ ਮਾਪਦੰਡਾਂ ਦੇ ਬਰਾਬਰ ਹੋਵੇਗਾ। ਰਾਸ਼ਟਰੀ ਰਾਜ-ਮਾਰਗਾਂ ਦਾ ਬੁਨਿਆਦੀ ਢਾਂਚਾ ਬਿਹਤਰ ਸੰਪਰਕ, ਗਤੀਸ਼ੀਲਤਾ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ।
ਕੇਂਦਰੀ ਸੜਕੀ ਆਵਾਜਾਈ ਅਤੇ ਰਾਜ-ਮਾਰਗ ਮੰਤਰੀ ਨਿਤਿਨ ਗਡਕਰੀ ਨੇ 25 ਅਗਸਤ ਨੂੰ ਮੱਧ ਪ੍ਰਦੇਸ਼ ਵਿੱਚ 26 ਹਾਈਵੇਅ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ 19 ਹੋਰ ਪ੍ਰੋਜੈਕਟਾਂ ਦੀ ਨੀਂਹ ਰੱਖੀ। ਇਹ ਪ੍ਰੋਜੈਕਟ 1,361 ਕਿਲੋਮੀਟਰ ਦੀ ਲੰਬਾਈ ਵਾਲੇ ਹਨ। ਇਹ ਸੜਕਾਂ ਉੱਨਤ ਸੰਪਰਕ ਪ੍ਰਦਾਨ ਕਰਨਗੀਆਂ ਅਤੇ ਮੱਧ ਪ੍ਰਦੇਸ਼ ਦੇ ਆਰਥਿਕ ਵਿਕਾਸ, ਰੁਜ਼ਗਾਰ ਅਤੇ ਸਮੁੱਚੇ ਵਿਕਾਸ ਦਾ ਰਾਹ ਪੱਧਰਾ ਕਰਨਗੀਆਂ।
ਕੇਂਦਰ ਸਰਕਾਰ ਨੇ ਮੱਧ ਪ੍ਰਦੇਸ਼ ਸਰਕਾਰ ਦੀ ਭਾਈਵਾਲੀ ਨਾਲ ਚੰਬਲ ਐਕਸਪ੍ਰੈਸ-ਵੇਅ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ। ਇਕ ਵਾਰ ਪੂਰਾ ਹੋ ਜਾਣ 'ਤੇ, ਇਹ ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਰਹਿਣ ਵਾਲੇ ਗਰੀਬਾਂ ਅਤੇ ਆਦਿਵਾਸੀਆਂ ਲਈ ਬਹੁਤ ਹੀ ਅਹਿਮ ਸਿੱਧ ਹੋ ਸਕਦਾ ਹੈ। ਗੋਲਡਨ ਚਤੁਰਭੁਜ ਦੇ ਦਿੱਲੀ-ਕੋਲਕਾਤਾ ਲਾਂਘੇ, ਉੱਤਰ-ਦੱਖਣੀ ਕੋਰੀਡੋਰ, ਈਸਟ-ਵੈਸਟ ਕੋਰੀਡੋਰ ਅਤੇ ਦਿੱਲੀ-ਮੁੰਬਈ-ਐਕਸਪ੍ਰੈਸ-ਵੇਅ ਨਾਲ ਇਹ ਐਕਸਪ੍ਰੈਸ-ਵੇਅ ਆਰ-ਪਾਰ ਸੰਪਰਕ ਪ੍ਰਦਾਨ ਕਰੇਗਾ। ਇਹ ਇਨ੍ਹਾਂ ਜ਼ਿਲ੍ਹਿਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਉਪਲਬਧ ਕਰਵਾਏਗਾ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੁਆਰਾ ਸ਼ੁਰੂ ਕੀਤੀ ਗਈ ਦਿੱਲੀ, ਕੋਲਕਾਤਾ, ਚੇਨੱਈ ਅਤੇ ਮੁੰਬਈ ਨੂੰ ਜੋੜਨ ਵਾਲੇ ਰਾਜ-ਮਾਰਗਾਂ ਦੇ ਨੈੱਟਵਰਕ, ਗੋਲਡਨ ਚਤੁਰਭੁਜ ਪ੍ਰੋਜੈਕਟ ਤੇ ਖਾਸ ਤਵੱਜੋ ਦਿੱਤੀ ਜਾ ਰਹੀ ਹੈ। ਸਰਕਾਰ ਸੜਕ ਦੇ ਬੁਨਿਆਦੀ ਢਾਂਚੇ ਨੂੰ ਵਧੇਰੇ ਵਿਆਪਕ ਅਤੇ ਏਕੀਕ੍ਰਿਤ ਬਣਾ ਰਹੀ ਹੈ। ਇਸ ਨੂੰ ਇਕ-ਦੂਜੇ ਦੇ ਪੂਰਕ ਬਣਾਇਆ ਜਾ ਰਿਹਾ ਹੈ - ਰੇਲ ਨੂੰ ਸੜਕ, ਸੜਕ ਨੂੰ ਸਮੁੰਦਰੀ ਬੰਦਰਗਾਹ ਅਤੇ ਸਮੁੰਦਰੀ ਬੰਦਰਗਾਹ ਦੇ ਲਈ ਹਵਾਈ ਅੱਡੇ ਨੂੰ ਪੂਰਕ ਬਣਾਇਆ ਜਾ ਰਿਹਾ ਹੈ।
ਇਹ ਆਪਸੀ ਸੰਪਰਕ ਰੇਲਵੇ ਅਤੇ ਸੜਕੀ ਮਾਰਗਾਂ, ਹਵਾਈ ਅੱਡੇ ਅਤੇ ਬੰਦਰਗਾਹ ਦੇ ਵਿਚਕਾਰ ਅਤੇ ਰੇਲਵੇ ਸਟੇਸ਼ਨ ਅਤੇ ਬੱਸ ਸਟੇਸ਼ਨ ਦੇ ਵਿਚਕਾਰ ਸੁਖਾਵੇਂ ਤਾਲਮੇਲ ਨੂੰ ਯਕੀਨੀ ਬਣਾਏਗਾ। ਹਰ ਦਿਸ਼ਾ ਵਿੱਚ ਸੰਪਰਕ ਨੂੰ ਵਧਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਭਾਵੇਂ ਇਹ ਹਿਮਾਲਿਆ ਦੀਆਂ ਚੋਟੀਆਂ ਤੇ ਹੋਵੇ ਜਾਂ ਫਿਰ ਹਿੰਦ ਮਹਾਸਾਗਰ ਦੇ ਟਾਪੂਆਂ 'ਤੇ ਹੋਵੇ।
ਇਨ੍ਹਾਂ ਆਪਸੀ ਸੰਪਰਕਾਂ ਦੇ ਨਾਲ, ਭਾਰਤ ਆਪਣੇ ਤੱਟਵਰਤੀ ਬੁਨਿਆਦੀ ਢਾਂਚੇ ਦਾ ਵਿਕਾਸ ਵੀ ਕਰ ਰਿਹਾ ਹੈ। ਸਮੁੱਚੇ ਤੱਟਵਰਤੀ ਇਲਾਕੇ ਵਿੱਚ ਚਾਰ-ਮਾਰਗੀ ਸੜਕਾਂ ਦੇ ਨਿਰਮਾਣ ਵੱਲ ਇਕ ਆਧੁਨਿਕ ਬੁਨਿਆਦੀ ਢਾਂਚਾ ਬਣਾਉਣ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ, ਕਿਉਂਕਿ ਸਮੁੰਦਰੀ ਤੱਟਵਰਤੀ ਖੇਤਰਾਂ ਦਾ ਵਿਸ਼ਵ ਵਪਾਰ ਵਿਚ ਬਹੁਤ ਮਹੱਤਵ ਹੈ। ਐੱਨ.ਐੱਚ.ਏ.ਆਈ. ਨੇ ਤੱਟਵਰਤੀ ਸੰਪਰਕ ਨੂੰ ਵਧਾਉਣ ਲਈ 1,500 ਕਿਲੋਮੀਟਰ ਦੇ ਸੜਕ ਪ੍ਰੋਜੈਕਟਾਂ ਦੀ ਪਛਾਣ ਕੀਤੀ ਹੈ। ਤੱਟਵਰਤੀ ਬੁਨਿਆਦੀ ਢਾਂਚਾ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਵਿੱਚ ਵੀ ਸਹਾਇਤਾ ਕਰੇਗਾ।
ਸਕ੍ਰਿਪਟ: ਕੇ.ਵੀ. ਵੈਂਕਟਸੁਬਰਾਮਨੀਅਨ, ਸੀਨੀਅਰ ਪੱਤਰਕਾਰ
Comments
Post a Comment