ਪ੍ਰਧਾਨ ਮੰਤਰੀ ਨੇ ਰੱਖਿਆ ਉਪਕਰਣਾਂ ਦੇ ਨਿਰਮਾਣ ਦਾ ਪੇਸ਼ ਕੀਤਾ ਖਾਕਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਦੇ ਮਾਧਿਅਮ ਰਾਹੀਂ ਰੱਖਿਆ ਨਿਰਮਾਣ ਵਿੱਚ ਆਤਮ-ਨਿਰਭਰ ਭਾਰਤ ਵਿਸ਼ੇ ‘ਤੇ ਇੱਕ ਸੈਮੀਨਾਰ ਨੂੰ ਸੰਬੋਧਨ ਕੀਤਾ। ਕਾਬਿਲੇਗੌਰ ਹੈ ਕਿ ਵਰਚੁਅਲ ਸੈਮੀਨਾਰ ਸੁਸਾਇਟੀ ਆਫ਼ ਇੰਡੀਅਨ ਡਿਫੈਂਸ ਮੈਨੂਫੈਕਚਰਰਜ਼ (ਐੱਸ.ਆਈ.ਡੀ.ਐੱਮ.), ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ (ਐੱਫ.ਆਈ.ਸੀ.ਸੀ.ਆਈ.), ਰੱਖਿਆ ਉਤਪਾਦਨ ਵਿਭਾਗ (ਡੀ.ਡੀ.ਪੀ.) ਅਤੇ ਰੱਖਿਆ ਮੰਤਰਾਲੇ ਨੇ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਸੀ। ਰੱਖਿਆ ਨਿਰਮਾਣ ਵਿਚ ਆਤਮ-ਨਿਰਭਰ ਬਣਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਉਦੇਸ਼ ਰੱਖਿਆ ਉਤਪਾਦਨ ਨੂੰ ਹੁਲਾਰਾ ਦੇਣਾ, ਨਵੀਂ ਤਕਨੀਕ ਵਿਕਸਤ ਕਰਨਾ ਅਤੇ ਰੱਖਿਆ ਖੇਤਰ ਵਿੱਚ ਨਿੱਜੀ ਉੱਦਮਾਂ ਨੂੰ ਅਹਿਮ ਭੂਮਿਕਾਵਾਂ ਦੇਣਾ ਹੈ।
ਇਸ ਮੌਕੇ ਤੇ ਉਨ੍ਹਾਂ ਪੂਰੀ ਤਨਦੇਹੀ ਅਤੇ ਅਣਥੱਕ ਯਤਨਾਂ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੱਖਿਆ ਉਤਪਾਦਨ ਵਿੱਚ ਆਤਮ-ਨਿਰਭਰਤਾ ਪ੍ਰਾਪਤ ਕਰਨ ਦਾ ਉਦੇਸ਼ ਨਿਸ਼ਚਤ ਹੀ ਗਤੀ ਪ੍ਰਾਪਤ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਭਾਰਤ ਆਜ਼ਾਦ ਹੋਇਆ ਉਦੋਂ ਭਾਰਤ ਵਿੱਚ ਰੱਖਿਆ ਉਤਪਾਦਨ ਦੀ ਵੱਡੀ ਸੰਭਾਵਨਾ ਅਤੇ ਢੁਕਵਾਂ ਮਾਹੌਲ ਸੀ ਪਰ ਦਹਾਕਿਆਂ ਤੋਂ ਕੋਈ ਗੰਭੀਰ ਯਤਨ ਨਹੀਂ ਹੋਏ। ਸ਼੍ਰੀ ਮੋਦੀ ਨੇ ਕਿਹਾ ਕਿ ਹੁਣ ਸਥਿਤੀ ਬਦਲ ਰਹੀ ਹੈ, ਰੱਖਿਆ ਖੇਤਰ ਵਿੱਚ ਸੁਧਾਰ ਲਿਆਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਦਿਸ਼ਾ ਵਿੱਚ ਚੁੱਕੇ ਕਈ ਠੋਸ ਕਦਮਾਂ ਜਿਵੇਂ ਕਿ ਲਾਇਸੈਂਸ ਪ੍ਰਕਿਰਿਆ ਵਿੱਚ ਸੁਧਾਰ, ਲੈਵਲ ਪਲੇਈਂਗ ਫੀਲਡ ਤਿਆਰ ਕਰਨਾ, ਨਿਰਯਾਤ ਪ੍ਰਕਿਰਿਆ ਨੂੰ ਸਰਲ ਬਣਾਉਣਾ ਆਦਿ ਬਾਰੇ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧੁਨਿਕ ਅਤੇ ਆਤਮ-ਨਿਰਭਰ ਭਾਰਤ ਬਣਾਉਣ ਲਈ ਰੱਖਿਆ ਖੇਤਰ ਵਿੱਚ ਵਿਸ਼ਵਾਸ ਦੀ ਭਾਵਨਾ ਜ਼ਰੂਰੀ ਹੈ। ਚੀਫ ਆਫ਼ ਡਿਫੈਂਸ ਸਟਾਫ ਦੀ ਨਿਯੁਕਤੀ ਵਰਗੇ ਫੈਸਲੇ, ਜੋ ਕਿ ਦਹਾਕਿਆਂ ਤੋਂ ਲਟਕ ਰਹੇ ਸਨ, ਹੁਣ ਲਏ ਗਏ ਹਨ, ਜੋ ਕਿ ਨਿਊ ਇੰਡੀਆ ਦਾ ਵਿਸ਼ਵਾਸ ਦਰਸਾਉਂਦੇ ਹਨ। ਚੀਫ਼ ਆਫ਼ ਡਿਫੈਂਸ ਸਟਾਫ ਦੀ ਨਿਯੁਕਤੀ ਦੇ ਨਤੀਜੇ ਵਜੋਂ ਤਿੰਨ ਤਾਕਤਾਂ ਵਿਚ ਆਪਸੀ ਤਾਲਮੇਲ ਪੈਦਾ ਹੋਇਆ ਹੈ ਅਤੇ ਰੱਖਿਆ ਖਰੀਦ ਨੂੰ ਵਧਾਉਣ ਵਿੱਚ ਸਹਾਇਤਾ ਮਿਲੀ ਹੈ। ਇਸ ਦੇ ਨਾਲ ਉਨ੍ਹਾਂ ਇਹ ਵੀ ਦੱਸਿਆ ਕਿ ਆਟੋਮੈਟਿਕ ਰੂਟ ਰਾਹੀਂ 74 ਫੀਸਦੀ ਐੱਫ.ਡੀ.ਆਈ. ਦੀ ਇਜਾਜ਼ਤ ਦੇ ਕੇ ਰੱਖਿਆ ਖੇਤਰ ਖੋਲ੍ਹਣਾ ਨਵੇਂ ਭਾਰਤ ਦੀ ਧਾਰਨਾ ਨੂੰ ਦ੍ਰਿੜ੍ਹ ਕਰਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਘਰੇਲੂ ਖਰੀਦ ਲਈ ਪੂੰਜੀ ਦਾ ਇੱਕ ਹਿੱਸਾ ਨਿਰਧਾਰਤ ਕਰਨ ਵਰਗੇ ਕਦਮਾਂ ਨਾਲ 101 ਰੱਖਿਆ ਉਪਕਰਣਾਂ ਦੀ ਘਰੇਲੂ ਖਰੀਦ ਨੂੰ ਉਤਸ਼ਾਹ ਮਿਲੇਗਾ ਅਤੇ ਇਸ ਦੇ ਨਾਲ ਰੱਖਿਆ ਵਸਤਾਂ ਦਾ ਨਿਰਮਾਣ ਕਰਨ ਵਾਲੇ ਉਦਯੋਗਾਂ ਨੂੰ ਵੀ ਹੁਲਾਰਾ ਮਿਲੇਗਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਖਰੀਦ ਪ੍ਰਕਿਰਿਆ ਨੂੰ ਤੇਜ਼ ਕਰਨ, ਟੈਸਟਿੰਗ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਆਦਿ 'ਤੇ ਕੰਮ ਕਰ ਰਹੀ ਹੈ।
ਆਧੁਨਿਕ ਉਪਕਰਣਾਂ ਵਿੱਚ ਆਤਮ-ਨਿਰਭਰਤਾ ਦੇ ਲਈ ਤਕਨਾਲੋਜੀ ਦੇ ਅਪਗ੍ਰੇਡੇਸ਼ਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਤੋਂ ਇਲਾਵਾ, ਸਰਕਾਰ ਨਿੱਜੀ ਖੇਤਰ ਅਤੇ ਵਿਦਿਅਕ ਅਦਾਰਿਆਂ ਵਿੱਚ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਦਾ ਵੀ ਜ਼ਿਕਰ ਕੀਤਾ ਕਿ ਵਿਦੇਸ਼ੀ ਭਾਈਵਾਲਾਂ ਨਾਲ ਸਾਂਝੇ ਉੱਦਮਾਂ ਰਾਹੀਂ ਸਹਿ-ਉਤਪਾਦਨ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਇਹ ਦੱਸਦੇ ਹੋਇਆਂ ਕਿ ਸਰਕਾਰ ਸੁਧਾਰ, ਪ੍ਰਦਰਸ਼ਨ ਅਤੇ ਤਬਦੀਲੀ ਦੇ ਮੰਤਰ ‘ਤੇ ਕੰਮ ਕਰ ਰਹੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਬੌਧਿਕ ਸੰਪਤੀ, ਕਰ-ਪ੍ਰਣਾਲੀ, ਦੀਵਾਲੀਆਪਣ, ਪੁਲਾੜ ਅਤੇ ਪ੍ਰਮਾਣੂ ਊਰਜਾ ਦੇ ਖੇਤਰਾਂ ਵਿੱਚ ਵੱਡੇ ਸੁਧਾਰ ਕੀਤੇ ਜਾ ਰਹੇ ਹਨ।
ਬੁਨਿਆਦੀ ਢਾਂਚੇ ਦੀਆਂ ਪਹਿਲਕਦਮੀਆਂ ਬਾਰੇ ਸ਼੍ਰੀ ਮੋਦੀ ਨੇ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਚੱਲ ਰਹੇ ਦੋ ਰੱਖਿਆ ਕੋਰੀਡੋਰਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਦੀਆਂ ਸੂਬਾ ਸਰਕਾਰਾਂ ਦੇ ਸਹਿਯੋਗ ਨਾਲ ਉਥੇ ਬੁਨਿਆਦੀ ਢਾਂਚੇ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਅਗਲੇ 5 ਸਾਲਾਂ ਦੌਰਾਨ 20 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ ਇਸ ਲਈ ਨਿਰਧਾਰਤ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਈਡੈਕਸ ਪਹਿਲ, ਜੋ ਉਦਮੀਆਂ ਨੂੰ ਖਾਸ ਕਰਕੇ ਐੱਮ.ਐੱਸ.ਐੱਮ.ਈ. ਅਤੇ ਸਟਾਰਟ-ਅਪਸ ਨਾਲ ਜੁੜੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਸੀ, ਦੇ ਵੀ ਸਕਾਰਾਤਮਕ ਨਤੀਜੇ ਮਿਲ ਰਹੇ ਹਨ। ਇਸ ਮੰਚ ਦੇ ਜ਼ਰੀਏ 50 ਤੋਂ ਵੱਧ ਸਟਾਰਟ-ਅਪਸ ਨੇ ਫੌਜੀ ਵਰਤੋਂ ਲਈ ਤਕਨਾਲੋਜੀ ਅਤੇ ਉਤਪਾਦ ਤਿਆਰ ਕੀਤੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਟੀਚਾ ਵਿਸ਼ਵ ਆਰਥਿਕਤਾ ਨੂੰ ਵਧੇਰੇ ਲਚਕੀਲਾ, ਵਧੇਰੇ ਸਥਿਰ ਬਣਾਉਣ ਅਤੇ ਵਿਸ਼ਵ ਵਿੱਚ ਸ਼ਾਂਤੀ ਲਿਆਉਣ ਲਈ ਇੱਕ ਸਮਰੱਥ ਭਾਰਤ ਦਾ ਨਿਰਮਾਣ ਕਰਨਾ ਹੈ। ਰੱਖਿਆ ਉਪਕਰਣਾਂ ਦੇ ਨਿਰਮਾਣ ਵਿੱਚ ਆਤਮ-ਨਿਰਭਰਤਾ ਦੇ ਪਿੱਛੇ ਇਹੋ ਹੀ ਵਿਚਾਰ ਹੈ। ਭਾਰਤ ਆਪਣੇ ਕਈ ਮਿੱਤਰ ਦੇਸ਼ਾਂ ਨੂੰ ਰੱਖਿਆ ਉਪਕਰਣਾਂ ਦਾ ਭਰੋਸੇਯੋਗ ਸਪਲਾਇਰ ਬਣਨ ਦੀ ਸਮਰੱਥਾ ਰੱਖਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਭਾਰਤ ਦੀ ਰਣਨੀਤਕ ਭਾਈਵਾਲੀ ਮਜ਼ਬੂਤ ਹੋਵੇਗੀ ਤੇ ਨਾਲ ਹਿੰਦ ਮਹਾਸਾਗਰ ਦੇ ਖਿੱਤੇ ਵਿੱਚ ਭਾਰਤ ਦੀ ਭੂਮਿਕਾ ਨੂੰ ਮਜ਼ਬੂਤ ਕਰੇਗਾ।
ਉਨ੍ਹਾਂ ਕਿਹਾ ਕਿ ਰੱਖਿਆ ਉਤਪਾਦਨ ਅਤੇ ਨਿਰਯਾਤ ਪ੍ਰੋਮੋਸ਼ਨ ਨੀਤੀ ਦੇ ਖਰੜੇ ਬਾਰੇ ਫੀਡਬੈਕ ਅਤੇ ਸੁਝਾਅ ਇਸ ਨੀਤੀ ਨੂੰ ਛੇਤੀ ਤੋਂ ਛੇਤੀ ਲਾਗੂ ਕਰਨ ਵਿੱਚ ਸਹਾਇਤਾ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੁਆਰਾ ਕੀਤੇ ਗਏ ਸਮੂਹਿਕ ਯਤਨ ਸਾਨੂੰ ਸਵੈ-ਨਿਰਭਰ ਬਣਾਉਣਗੇ ਜਿਸ ਨਾਲ ਆਤਮ-ਨਿਰਭਰ ਭਾਰਤ ਬਣਾਉਣ ਦੇ ਸਾਡੇ ਸੰਕਲਪ ਨੂੰ ਸਹਾਇਤਾ ਮਿਲੇਗੀ।
ਸਕ੍ਰਿਪਟ: ਪਦਮ ਸਿੰਘ, ਆਕਾਸ਼ਵਾਣੀ, ਖ਼ਬਰ ਵਿਸ਼ਲੇਸ਼ਕ
Comments
Post a Comment