ਭਾਰਤ ਅਤੇ ਇਰਾਨ ਵਿਚਾਲੇ ਸਬੰਧ ਹੋ ਰਹੇ ਹਨ ਮਜ਼ਬੂਤ

ਭਾਰਤੀ ਕੈਬਨਿਟ ਦੇ ਦੋ ਸੀਨੀਅਰ ਮੰਤਰੀਆਂ ਵੱਲੋਂ ਅੱਗੇ ਪਿਛੇ ਇੱਕ ਹੀ ਹਫ਼ਤੇ ‘ਚ ਈਰਾਨ ਦਾ ਦੌਰਾ ਕੀਤਾ ਗਿਆ।ਇਸ ਸਥਿਤੀ ਨੇ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਹੁਲਾਰਾ ਦਿੱਤਾ ਹੈ।ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੰਘਾਈ ਸਹਿਕਾਰਤਾ ਸੰਗਠਨ ਦੇ ਰੱਖਿਆ ਮੰਤਰੀਆਂ ਦੀ ਬੈਠਕ ‘ਚ ਸ਼ਿਰਕਤ ਕਰਨ ਜਾਣ ਲੱਗਿਆ ਬੀਤੇ ਐਤਵਾਰ ਈਰਾਨ ਵਿਖੇ ਠਹਿਰਾਵ ਕੀਤਾ ਸੀ।ਆਪਣੇ ਇਸ ਠਹਿਰਾਵ ਦੌਰਾਨ ਭਾਰਤੀ ਰੱਖਿਆ ਮੰਤਰੀ ਨੇ ਤਹਿਰਾਨ ਵਿਖੇ ਇਰਾਨ ਦੇ ਆਪਣੇ ਹਮਅਹੁਦਾ ਬ੍ਰਿਗੇਡੀਅਰ ਜਨਰਲ ਅਮੀਰ ਹਤਾਮੀ ਨਾਲ ਮੁਲਾਕਾਤ ਕੀਤੀ ਅਤੇ ਆਪਸੀ ਸਹਿਯੋਗ ਅਤੇ ਖੇਤਰੀ ਸੁਰੱਖਿਆ ਸਬੰਧੀ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ।


ਭਾਰਤੀ ਵਿਦੇਸ਼ ਮੰਤਰੀ ਡਾ.ਐਸ. ਜੈਸ਼ੰਕਰ ਨੇ ਵੀ ਮਾਸਕੋ ਵਿਖੇ ਸ਼ੰਘਾਈ ਸਹਿਕਾਰਤਾ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਸ਼ਾਮਲ ਹੋਣ ਲਈ ਜਾਂਦਿਆਂ ਤਹਿਰਾਨ ਵਿਖੇ ਕੁੱਝ ਸਮੇਂ ਲਈ ਠਹਿਰਾਵ ਕੀਤਾ।ਉਨ੍ਹਾਂ ਨੇ ਇਰਾਨ ਦੇ ਆਪਣੇ ਹਮਰੁਤਬਾ ਮੁਹੰਮਦ ਜਾਵੇਦ ਜ਼ਾਰੀਫ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਸਬੰਧੀ ਵਿਚਾਰ ਚਰਚਾ ਕੀਤੀ। ਦੋਵਾਂ ਮੰਤਰੀਆਂ ਨੇ ਖੇਤਰੀ ਘਟਨਾਵਾਂ ਨੂੰ ਵੀ ਬੈਠਕ ਦੌਰਾਨ ਵਿਚਾਰਿਆ।




ਦੱਸਣਯੋਗ ਹੈ ਕਿ ਡਾ.ਜੈਸ਼ੰਕਰ ਨੇ ਦਸੰਬਰ 2019 ‘ਚ 19ਵੀਂ ਭਾਰਤ-ਇਰਾਨ ਸੰਯੁਕਤ ਕਮਿਸ਼ਨ ਦੀ ਬੈਠਕ ‘ਚ ਸ਼ਿਰਕਤ ਕਰਨ ਲਈ ਤਹਿਰਾਨ ਦਾ ਦੌਰਾ ਕੀਤਾ ਸੀ, ਜਦਕਿ ਇਰਾਨੀ ਵਿਦੇਸ਼ ਮੰਤਰੀ ਜ਼ਾਰੀਫ ਨੇ ਇਸ ਸਾਲ ਜਨਵਰੀ ਮਹੀਨੇ ‘ਰਾਏਸੇਨਾ ਸੰਵਾਦ 2020’ ‘ਚ ਹਿੱਸਾ ਲੈਣ ਲਈ ਭਾਰਤ ਦਾ ਦੌਰਾ ਕੀਤਾ ਸੀ।ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਯਾਤਰਾ ਪਾਬੰਦੀ ਲੱਗਣ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰੀ ਦਾ ਇਹ ਪਹਿਲਾ ਵਿਦੇਸ਼ ਦੌਰਾ ਰਿਹਾ ਹੈ।ਇਹ ਦੌਰੇ ਭਾਰਤ ਅਤੇ ਇਰਾਨ ਵੱਲੋਂ ਦੁਵੱਲੇ ਸਬੰਧਾਂ ਨੂੰ ਦਿੱਤੀ ਅਹਿਮੀਅਤ ਨੂੰ ਪ੍ਰਗਟ ਕਰਦੇ ਹਨ।ਉਹ ਵੀ ਉਸ ਸਮੇਂ ਜਦੋਂ ਅਮਰੀਕਾ ਇਰਾਨ ‘ਤੇ ਵਧੇਰੇ ਦਬਾਅ ਕਾਇਮ ਕਰਨ ਦੇ ਮਕਸਦ ਨਾਲ ਦੂਜੇ ਦੇਸ਼ਾਂ ਨਾਲ ਮਿਲ ਕੇ ਤਹਿਰਾਨ ਦੇ ਰਾਜਨੀਤਿਕ ਅਤੇ ਆਰਥਿਕ ਸਹਿਯੋਗ ਨੂੰ ਘਟਾਉਣ ਦੇ ਯਤਨ ਕਰ ਰਿਹਾ ਹੈ।




ਇਹ ਦੋਵੇਂ ਫੇਰੀਆਂ ਅਜਿਹੇ ਸਮੇਂ ‘ਚ ਹੋਈਆਂ ਹਨ, ਜਦੋਂ ਚੀਨ ਅਤੇ ਈਰਾਨ ਆਪਣੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਦੁਵੱਲੇ ਸਹਿਯੋਗ ਨੂੰ ਉਤਸ਼ਾਹਤ ਕਰਨ ਦੀ ਤਿਆਰੀ ‘ਚ ਹਨ।ਵਿਆਪਕ ਤੌਰ ‘ਤੇ ਕਿਹਾ ਜਾ ਰਿਹਾ ਹੈ ਕਿ ਬੀਜਿੰਗ ਅਤੇ ਤਹਿਰਾਨ ਚੀਨ ਦੀ ਬੇਲਟ ਐਂਡ ਰੋਡ ਪਹਿਲਕਦਮੀ ਅਧੀਨ ਆਪਣੇ 25 ਸਾਲ ਪੁਰਾਣੇ ਦੁਵੱਲੇ ਸਬੰਧੂ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।ਦੋਵਾਂ ਧਿਰਾਂ ਵੱਲੋਂ ਸਹਿਮਤੀ ਪ੍ਰਗਟ ਕੀਤੀ ਗਈ ਹੈ ਕਿ ਚੀਨ ਇਸ ਪ੍ਰਾਜੈਕਟ ਤਹਿਤ ਇਰਾਨ ‘ਚ ਭਾਰੀ ਨਿਵੇਸ਼ ਕਰੇਗਾ।




ਭਾਰਤ ਅਤੇ ਈਰਾਨ ਵਿਚਾਲੇ ਸਭਿਅਕ ਸਬੰਧ ਮੌਜੂਦ ਹਨ, ਜੋ ਕਿ ਪਿਛਲੇ ਕੁੱਝ ਸਾਲਾਂ ‘ਚ ਬਹੁਤ ਤੇਜ਼ੀ ਨਾਲ ਮਜ਼ਬੂਤੀ ਦੀ ਰਾਹ ‘ਤੇ ਵਧੇ ਹਨ।ਚਾਬਹਾਰ ਬੰਦਰਗਾਹ ਅਤੇ ਚਾਬਹਾਰ-ਜ਼ਾਹੇਦਨ ਰੇਲਵੇ ਲਾਈਨ ਵਰਗੇ ਸ਼ਾਂਝੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ‘ਚ ਉਮੀਦ ਮੁਤਾਬਕ ਤਰੱਕੀ ਵੇਖਣ ਨੂੰ ਮਿਲੀ ਹੈ। ਅਮਰੀਕਾ ਵੱਲੋਂ ਇਰਾਨ ‘ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਚੱਲਦਿਆਂ ਭਾਰਤ ਅਤੇ ਇਰਾਨ ਵਿਚਾਲੇ ਦੁਵੱਲੇ ਵਪਾਰ ਨੂੰ ਘਾਟਾ ਪਿਆ ਹੈ, ਪਰ ਭਾਰਤ ਅਤੇ ਇਰਾਨ ਨੇ ਮੌਜੂਦਾ ਚੁਣੌਤੀਆਂ ਦੇ ਬਾਵਜੂਦ ਦੁਵੱਲੇ ਵਪਾਰ ਨੂੰ ਉਤਸ਼ਾਹਤ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਹੈ।


ਭਾਰਤ ਲਈ ਇਰਾਨ ਦੁਵੱਲੇ ਵਪਾਰ ਅਤੇ ਰਣਨੀਤਕ ਪੱਖ ਤੋਂ ਬਹੁਤ ਮਹੱਤਵਪੂਰਣ ਹੈ।ਭਾਰਤ ਲਈ ਇਰਾਨ ਮੱਧ ਏਸ਼ੀਆ ਅਤੇ ਅਫ਼ਗਾਨਿਸਤਾਨ ਤੱਕ ਪਹੁੰਚ ਸੰਭਵ ਕਰਨ ਦਾ ਅਹਿਮ ਰਸਤਾ ਹੈ। ਇਸੇ ਤਰ੍ਹਾਂ ਹੀ ਭਾਰਤ ਵੀ ਇਰਾਨ ਦੇ ਉਤਪਾਦਾਂ ਲਈ ਵੱਡਾ ਬਾਜ਼ਾਰ ਮੁਹੱਈਆ ਕਰਵਾਉਂਦਾ ਹੈ।ਮੱਧ ਪੂਰਬ ਦੀ ਮੌਜੂਦਾ ਭੂ-ਰਾਜਨੀਤੀ ਅਤੇ ਇਸ ਖੇਤਰ ‘ਚ ਵਧੇਰੇ ਦਬਦਬਾ ਕਾਇਮ ਕਰਨ ਲਈ ਅਮਰੀਕਾ, ਰੂਸ ਅਤੇ ਚੀਨ ਵਿਚਾਲੇ ਚੱਲ ਰਹੀ ਕਸ਼ਮਸ਼ ਕਾਰਨ ਇਰਾਨ ਦਾ ਦੂਜੇ ਦੇਸ਼ਾਂ ਨਾਲ ਸਬੰਧ ਬਹੁਤ ਪ੍ਰਭਾਵਿਤ ਹੋਇਆ ਹੈ।




ਸੰਖੇਪ ‘ਚ ਕਹਿ ਸਕਦੇ ਹਾਂ ਕਿ ਦੋ ਸੀਨੀਅਰ ਮੰਤਰੀਆਂ ਵੱਲੋਂ ਨਵੀਂ ਦਿੱਲੀ ਤੋਂ ਤਹਿਰਾਨ ਤੱਕ ਦਾ ਦੌਰਾ ਮਹਾਮਾਰੀ ਕਾਰਨ ਲੱਗੀਆਂ ਯਾਤਰਾ ਪਾਬੰਦੀਆਂ ‘ਚ ਕੁੱਝ ਢਿੱਲ ਦੇਣ ਤੋਂ ਤੁਰੰਤ ਬਾਅਦ ਹੋਇਆ ਹੈ।ਇੰਨ੍ਹਾਂ ਫੇਰੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਨਵੀਂ ਦਿੱਲੀ ਤਹਿਰਾਨ ਨਾਲ ਆਪਣੇ ਦੁਵੱਲੇ ਸਬੰਧ ਮਜ਼ਬੂਤ ਕਰਨ ਲਈ ਉਤਸੁਕ ਹੈ।ਉਮੀਦ ਹੈ ਕਿ ਆਉਣ ਵਾਲੇ ਸਮੇਂ ‘ਚ ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਸਬੰਧ ਹੋਰ ਮਜ਼ਬੂਤ ਹੋਣਗੇ।


ਸਕ੍ਰਿਪਟ: ਆਸਿਫ ਸ਼ੂਜਾ, ਸੀਨੀਅਰ ਖੋਜ ਵਿਸ਼ਲੇਸ਼ਕ, ਮਿਡਲ ਈਸਟ ਸੰਸਥਾ, ਨੈਸ਼ਨਲ ਯੂਨੀ. ਆਫ਼ ਸਿੰਗਾਪੁਰ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ