ਪਾਕਿਸਤਾਨ: ਪੀਡੀਐਮ ਨੂੰ ਮਿਲ ਰਿਹਾ ਉਤਸ਼ਾਹ ਅਤੇ ਇਮਰਾਨ ਦੀਆਂ ਬੇਬੁਨਿਆਦ ਦਲੀਲਾਂ
ਪਾਕਿਸਤਾਨ ‘ਚ 11 ਵਿਰੋਧੀ ਪਾਰਟੀਆਂ ਨੇ ਮਿਲ ਕੇ ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ, ਪੀਡੀਐਮ ਦਾ ਆਗਾਜ਼ ਕੀਤਾ ਹੈ ਅਤੇ ਉਸ ਦੇ ਕਾਰਜਾਂ ‘ਚ ਲਗਾਤਾਰ ਤੇਜ਼ੀ ਆ ਰਹੀ ਹੈ।ਅਗਲੇ ਸਾਲ ਜਨਵਰੀ ਮਹੀਨੇ ਇਸਲਾਮਾਬਾਦ ‘ਚ ਇੱਕ ਵੱਡੀ ਰੈਲੀ ਦਾ ਆਯੋਜਣ ਹੋਣ ਜਾ ਰਿਹਾ ਹੈ, ਜਿਸ ਕਰਕੇ ਇਮਰਾਨ ਖਾਨ ਹਕੂਮਤ ਬਹੁਤ ਹੀ ਘਬਰਾਈ ਹੋਈ ਹੈ।ਹਕੂਮਤ ਦਾ ਇਹ ਰਵੱਈਆ ਅਕਤੂਬਰ ਤੋਂ ਹੀ ਅਜਿਹਾ ਹੈ।ਵਿਰੋਧੀ ਧਿਰਾਂ ਵੱਲੋਂ ਕੌਮੀ ਅਤੇ ਸੂਬਾਈ ਅਸੈਂਬਲੀ ਤੋਂ ਅਸਤੀਫਾ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਤੋਂ ਬਾਅਦ ਖ਼ਾਨ ਹਕੂਮਤ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਹੈ।ਇਸ ਘਬਰਾਹਟ ‘ਚ ਉਸ ਸਮੇਂ ਵਧੇਰੇ ਵਾਧਾ ਵੇਖਣ ਨੂੰ ਮਿਿਲਆ ਜਦੋਂ ਇੱਕ ਸੀਨੀਅਰ ਮੰਤਰੀ ਨੇ ਇਲਜ਼ਾਮ ਲਗਾਇਆ ਹੈ ਕਿ ਪੀਡੀਐਮ ਨੂੰ ਆਪਣੀਆਂ ਰੈਲੀਆਂ ਲਈ ਵਿਦੇਸ਼ਾਂ ਤੋਂ ਫੰਡ ਹਾਸਲ ਹੋ ਰਿਹਾ ਹੈ।ਹੋਰ ਮੰਤਰੀਆਂ ਨੇ ਵੀ ਵੱਖ-ਵੱਖ ਟੀਵੀ ਸ਼ੋਅ ‘ਤੇ ਆਪਣੀ ਘਬਰਾਹਟ ਨੂੰ ਉਜਾਗਰ ਕੀਤਾ ਹੈ,ਜਦੋਂ ਉਹ ਵਿਰੋਧੀ ਧਿਰ ਦੇ ਆਗੂਆਂ ‘ਤੇ ਭ੍ਰਿਸ਼ਟਾਚਾਰ ਵਰਗੇ ਦੋਸ਼ ਲਗਾਉਂਦੇ ਵਿਖਾਈ ਦਿੱਤੇ।
ਇਮਰਾਨ ਖ਼ਾਨ ਵੀ ਇੱਕ ਤਾਜ਼ਾ ਇੰਟਵਿਊ ‘ਚ ਆਪਣੇ ਲਾਣੇ ਨੂੰ ਇਕ ਸੁਰ ‘ਚ ਰੱਖਣ ‘ਚ ਅਸਫਲ ਰਹੇ। ਉਨ੍ਹਾਂ ਕਿਹਾ ਕਿ ਉਹ ਵਿਰੋਧੀ ਧਿਰ ਦੇ ਭ੍ਰਿਸ਼ਟ ਆਗੂਆਂ ਨੂੰ ਮਾਫ ਨਹੀਂ ਕਰਨਗੇ ਅਤੇ ਨਾਲ ਹੀ ਉਨ੍ਹਾਂ ਚੇਤਾਵਨੀ ਵੀ ਦਿੱਤੀ ਕਿ ਜੇਕਰ ਪੀਡੀਐਮ ਆਪਣੀਆਂ ਰੈਲੀਆਂ ਨੂੰ ਨਹੀਂ ਰੋਕਦਾ ਹੈ ਤਾਂ ਹਕੂਮਤ 13 ਦਸੰਬਰ ਨੂੰ ਲਾਹੌਰ ਵਿਖੇ ਆਯੋਜਿਤ ਹੋਣ ਵਾਲੇ ਜਲਸੇ ਦੇ ਮੈਂਬਰਾਂ ਖ਼ਿਲਾਫ ਐਫਆਈਆਰ ਦਰਜ ਕਰੇਗੀ, ਕਿਉਂਕਿ ਕੋਵਿਡ-19 ਮਹਾਮਾਰੀ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਅਜਿਹੇ ਇੱਕਠ ਗੰਭੀਰ ਸਥਿਤੀ ਪੈਦਾ ਕਰ ਸਕਦੇ ਹਨ।
ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਪੀਡੀਐਮ ਨੇ ਆਪਣੀ ਪੰਜਵੀਂ ਰੈਲੀ ਮੁਲਤਾਨ ਵਿਖੇ ਆਯੋਜਿਤ ਕੀਤੀ ਸੀ, ਜਿਸ ਨੂੰ ਇਮਰਾਨ ਖ਼ਾਨ ਹਕੂਮਤ ਨੇ ਕੋਵਿਡ-19 ਦੇ ਫੈਲਾਅ ਦਾ ਹਵਾਲਾ ਦੇ ਕੇ ਰੋਕਣ ਦਾ ਬਹੁਤ ਯਤਨ ਕੀਤਾ, ਪਰ ਉਨ੍ਹਾਂ ਨੂੰ ਅਸਫਲਤਾ ਹੀ ਮਿਲੀ।
20 ਸਤੰਬਰ ਨੂੰ ਆਪਣੀ ਸ਼ੁਰੂਆਤ ਤੋਂ ਬਾਅਦ ਪੀਡੀਐਮ ਨੇ ਹੁਣ ਤੱਕ 5 ਰੈਲੀਆਂ ਆਯੋਜਿਤ ਕੀਤੀਆਂ ਹਨ, ਜੋ ਕਿ ਗੁਜ਼ਰਾਂਵਾਲਾ ‘ਚ 16 ਅਕਤੂਬਰ ਨੂੰ, ਕਰਾਚੀ ‘ਚ 18 ਅਕਤੂਬਰ, ਕੋਇਟਾ ‘ਚ 25 ਅਕਤੂਬਰ, ਪੇਸ਼ਾਵਰ ‘ਚ 22 ਨਵੰਬਰ ਅਤੇ ਮੁਲਤਾਨ ‘ਚ 30 ਨਵੰਬਰ ਨੂੰ ਆਯੋਜਿਤ ਹੋਈਆਂ ਹਨ।ਇੰਨ੍ਹਾਂ ਰੈਲੀਆਂ ‘ਚ ਲੋਕਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ।
ਪੀਡੀਐਮ ਨੇ 12 ਨੁਕਤਿਆਂ ਵਾਲੀ ਆਪਣੀਆਂ ਮੰਗਾਂ ‘ਚ ਸੰਵਿਧਾਨਕ ਉੱਚਤਾ ਕਾਇਮ ਰੱਖਣ, ਨਿਰਪੱਖ ਅਤੇ ਆਜ਼ਾਦ ਚੋਣਾਂ ਯਕੀਨੀ ਬਣਾਉਣਾ, ਸੰਸਦੀ ਦੀ ਸੁਤੰਤਰ ਕਾਰਜ ਪ੍ਰਣਾਲੀ, ਸੁਤੰਤਰ ਨਿਆਂਪਾਲਿਕਾ, ਦੇਸ਼ ਦੀ ਸਿਆਸਤ ‘ਚ ਫੌਜ ਦੀ ਦਖਲਅੰਦਾਜ਼ੀ ਖ਼ਤਮ ਕਰਨਾ, ਸੂਬਿਆਂ ਦੇ ਅਧਿਕਾਰਾਂ ਦੀ ਰਾਖੀ (18ਵੀਂ ਸੋਧ) ਅਤੇ ਕੱਟੜਵਾਦ ਅਤੇ ਅੱਤਵਾਦ ਖ਼ਿਲਾਫ ਜੰਗ ਸ਼ਾਮਲ ਹੈ।
ਪੀਡੀਐਮ ਦੀ ਲੀਡਰਸ਼ਿਪ ਨੇ ਇਮਰਾਨ ਖ਼ਾਨ ਨੂੰ ‘ਚੁਣੇ ਹੋਏ’ ਵਜ਼ੀਰ-ਏ-ਆਜ਼ਮ ਦਾ ਨਾਂਅ ਦਿੱਤਾ ਹੈ, ਜਿਸ ਦਾ ਮਤਲਬ ਹੈ ਕਿ ਉਸ ਦੀ ਚੋਣ ਪਾਕਿ ਫੌਜ ਵੱਲੋਂ ਆਪਣੇ ਏਜੰਡੇ ਦੀ ਪੂਰਤੀ ਲਈ ਕੀਤੀ ਗਈ ਹੈ। ਇਸ ਲਈ ਪੀਡੀਐਮ ਵੱਲੋਂ ਹੁਣ ਇਮਰਾਨ ਖ਼ਾਨ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ।ਪੀਡੀਐਮ ਦਾ ਕਹਿਣਾ ਹੈ ਕਿ ਇਮਰਾਨ ਖ਼ਾਨ ਨੂੰ ਸੱਤਾ ‘ਚ ਲਿਆਉਣ ਲਈ ਫੌਜ ਨੇ ਚੋਣ ਪ੍ਰਕ੍ਰਿਆ ਨੂੰ ਪ੍ਰਭਾਵਿਤ ਕੀਤਾ ਸੀ।ਪੀਡੀਐਮ ਦੇ ਬਹੁਤ ਸਾਰੇ ਆਗੂਆਂ ਵੱਲੋਂ ਫੌਜ ‘ਤੇ ਇਲਜ਼ਾਮ ਲਗਾਏ ਗਏ ਹਨ ਕਿ ਉਨ੍ਹਾਂ ਵੱਲੋਂ ਰਾਜਨੀਤੀ ‘ਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਅਤੇ ਹੁਣ ਇਹ ਬਗ਼ਾਵਤੀ ਸੁਰ ਸੁਣਾਈ ਨਹੀਂ ਦੇ ਰਹੇ ਹਨ , ਪਰ ਫਿਰ ਵੀ ਸਾਬਕਾ ਵਜ਼ੀਰ-ਏ-ਆਜ਼ਮ ਨਵਾਜ਼ ਸ਼ਰੀਫ ਨੇ ਆਪਣੇ ਵਰਚੁਅਲ ਭਾਸ਼ਣ ‘ਚ ਫੌਜ ਵੱਲੋਂ ਕੀਤੀ ਜਾ ਰਹੀ ਕਾਰਵਾਈ ‘ਤੇ ਖੁੱਲ੍ਹ ਕੇ ਆਪਣਾ ਗੁੱਸਾ ਪ੍ਰਗਟ ਕੀਤਾ।ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਪਾਕਿ ਫੌਜ ਮੁੱਖੀ ਅਤੇ ਆਈਐਸਆਈ ਦਾ ਵੀ ਨਾਂਅ ਲਿਆ।
ਪਿਛਲੇ ਕੁੱਝ ਸਮੇਂ ਤੋਂ ਪਾਕਿਸਤਾਨ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ।ਘੱਟ ਗਿਣਤੀ ਨਸਲੀ ਸਮੂਹਾਂ ਖਾਸ ਕਰਕੇ ਬਲੋਚਿਸਤਾਨ , ਕਬਾਇਲੀ ਖੇਤਰਾਂ ਅਤੇ ਸਿੰਧ ‘ਚ ਲਗਾਤਾਰ ਅਸ਼ਾਂਤੀ ਵੱਧ ਰਹੀ ਹੈ।
ਪਾਕਿਸਤਾਨ ਦੇ ਬਹੁਤ ਸਾਰੇ ਸੂਝਵਾਨ ਨਿਗਰਾਨਾਂ ਦਾ ਸੁਝਾਅ ਹੈ ਕਿ ਇਸ ਸੰਕਟ ਨੂੰ ਟਾਲਣ ਲਈ ਪਾਕਿ ਹਕੂਮਤ ਨੂੰ ਇੱਕ ਕੌਮੀ ਸੰਵਾਦ ਦੀ ਜ਼ਰੂਰਤ ਹੈ ਤਾਂ ਜੋ ਸਾਰੀ ਸਥਿਤੀ ‘ਤੇ ਕਾਬੂ ਪਾਇਆ ਜਾ ਸਕੇ।ਇਸ ਤੋਂ ਇਲਾਵਾ ਇਕ ਤਾਲਮੇਲ ਕਮਿਸ਼ਨ ਦੀ ਸਥਾਪਨਾ ਵੀ ਕਰਨੀ ਚਾਹੀਦੀ ਹੈ।
ਪਰ ਇਮਰਾਨ ਖ਼ਾਨ ਇਸ ਸਬੰਧ ‘ਚ ਕੁੱਝ ਖਾਸ ਨਹੀਂ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਵਿਰੋਧੀ ਧਿਰਾਂ ਦੇ ਆਗੂਆਂ ‘ਤੇ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਹਨ।
ਅਜਿਹੀ ਸਥਿਤੀ ‘ਚ ਭਾਰਤ ਨੂੰ ਬਹੁਤ ਹੀ ਚੁਕਣੇ ਰਹਿਣ ਦੀ ਲੋੜ ਹੈ, ਕਿਉਂਕਿ ਪਾਕਿ ਮੀਡੀਆ ਵੱਲੋਂ ਸੰਭਾਵਿਤ ਤੌਰ ‘ਤੇ ਭਾਰਤ ਖ਼ਿਲਾਫ ਗਲਤ ਅਤੇ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਸਕਦੀਆਂ ਹਨ।ਜਿਸ ਨਾਲ ਪਾਕਿ ਫੌਜ ਦੀ ਤਸਵੀਰ ਆਮ ਲੋਕਾਂ ਦੀਆਂ ਨਜ਼ਰਾਂ ‘ਚ ਕੁੱਝ ਸੁਧਰ ਸਕਦੀ ਹੈ।ਪਾਕਿਸਤਾਨ ਦਾ ਭਵਿੱਖ ਭਾਵੇਂ ਉਹ ਅੰਦਰੂਨੀ ਮਸਲਿਆਂ ਨੂੰ ਲੈ ਕੇ ਹੋਵੇ ਜਾਂ ਫਿਰ ਬਾਹਰੀ ਮੁਲਕਾਂ ਨਾਲ, ਸਿਰਫ ਤਾਂ ਸਿਰਫ ਆਪਸੀ ਗੱਲਬਾਤ ਹੀ ਇਸ ਦਾ ਇੱਕੋ ਇਕ ਸਾਧਨ ਹੈ।
ਸਕ੍ਰਿਪਟ: ਡਾ.ਅਸ਼ੋਕ ਬਹੂਰੀਆ, ਸੀਨੀਅਰ ਫੈਲੋ ਦੱਖਣੀ ਏਸ਼ੀਆ ਕੇਂਦਰ, ਮਨੋਹਰ ਪਾਰੀਕਰ ਸੰਸਥਾ
Comments
Post a Comment