ਦੁਨੀਆ ਭਰ ਵਿੱਚ 100 ਮਿਲੀਅਨ ਤੋਂ ਵਧੇਰੇ ਲੋਕ ਹਾਲੇ ਵੀ ਭੁੱਖਮਰੀ ਦਾ ਸ਼ਿਕਾਰ

ਅਜੋਕੇ ਸਮੇਂ ਵਿੱਚ ਖਾਧ ਅਸੁਰੱਖਿਆ ਦਾ ਮਸਲਾ ਪੂਰੀ ਦੁਨੀਆ ਅੱਗੇ ਇੱਕ ਵੱਡੀ ਚੁਣੌਤੀ ਬਣ ਕੇ ਖੜ੍ਹਾ ਹੈ। ਜਨ-ਸੰਖਿਆ ਵਿੱਚ ਬੇਤਹਾਸ਼ਾ ਵਾਧੇ, ਵੱਧਦੀ ਹੋਈ ਆਮਦਨ, ਭੋਜਨ ਵਿੱਚ ਆ ਰਹੀਆਂ ਤਬਦੀਲੀਆਂ, ਪਾਣੀ ਦਾ ਘਟਦਾ ਪੱਧਰ, ਕਈ-ਕਈ ਦਿਨ ਭੁੱਖੇ ਰਹਿਣਾ, ਸਿੰਚਾਈ ਲਈ ਪਾਣੀ ਦੀ ਘਾਟ, ਮਿੱਟੀ ਦੀ ਉਪਜਾਊਸ਼ੀਲਤਾ ਵਿੱਚ ਗਿਰਾਵਟ, ਜਲਵਾਯੂ ਤਬਦੀਲੀ ਅਤੇ ਪਾਣੀ ਦੇ ਭੰਡਾਰਾਂ ਦੇ ਖ਼ਤਮ ਹੋਣ ਵਰਗੇ ਸਾਰੇ ਕਾਰਨਾਂ ਨੇ ਖਾਧ ਅਸੁਰੱਖਿਆ ਦਾ ਸੰਕਟ ਖੜ੍ਹਾ ਕੀਤਾ ਹੈ। ਗੌਰਤਲਬ ਹੈ ਕਿ ਇਹ ਸੰਕਟ ਖਾਸ ਕਰਕੇ ਵਿਕਾਸਸੀਲ ਅਰਥ-ਵਿਵਸਥਾਵਾਂ ਵਿੱਚ ਵਧੇਰੇ ਦੇਖਣ ਨੂੰ ਮਿਲਦਾ ਹੈ।

ਅਜਿਹੇ ਸਮੇਂ ਵਿੱਚ ਜਦੋਂ ਦੁਨੀਆ ਭਰ ਵਿੱਚ ਉਤਪਾਦਿਤ ਭੋਜਨ ਦੀ ਮਾਤਰਾ ਸਾਰਿਆਂ ਦਾ ਢਿੱਡ ਭਰਨ ਵਿੱਚ ਸਮਰੱਥ ਹੈ, ਫਿਰ ਵੀ ਇਹ ਹੈਰਾਨੀ ਦੀ ਗੱਲ ਹੈ ਕਿ ਹਾਲੇ ਵੀ ਬਹੁਤ ਸਾਰੇ ਲੋਕ ਭੁੱਖਮਰੀ ਦਾ ਸ਼ਿਕਾਰ ਹਨ। ਭੁੱਖ ਅਤੇ ਗਰੀਬੀ ਨੂੰ ਘੱਟ ਕਰਨ ਅਤੇ ਖਾਧ ਸੁਰੱਖਿਆ ਅਤੇ ਪੋਸ਼ਟਿਕਤਾ ਵਿੱਚ ਸੁਧਾਰ ਕਰਨ ਲਈ ਬੜੇ ਹੰਭਲੇ ਕੀਤੇ ਗਏ ਹਨ। ਉਤਪਾਦਕਤਾ ਵਿੱਚ ਵਾਧੇ ਅਤੇ ਤਕਨੀਕੀ ਵਿਕਾਸ ਵਿੱਚ ਤਰੱਕੀ ਨੇ ਸਰੋਤਾਂ ਦੀ ਕੁਸ਼ਲ ਵਰਤੋਂ ਅਤੇ ਬਿਹਤਰ ਖਾਧ ਸੁਰੱਖਿਆ ਵਿੱਚ ਕਾਫੀ ਯੋਗਦਾਨ ਦਿੱਤਾ ਹੈ। ਪਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਬਹੁਤ ਸਾਰੀਆਂ ਸਮੱਸਿਆਵਾਂ ਹਾਲੇ ਵੀ ਮੂੰਹ ਅੱਡੀ ਖੜ੍ਹੀਆਂ ਹਨ।

ਭੋਜਨ ਦੇ ਸੰਕਟ ਬਾਰੇ ਨਵੀਨਤਮ ਸੰਸਾਰਕ ਰਿਪੋਰਟ ਕਹਿੰਦੀ ਹੈ ਕਿ 53 ਮੁਲਕਾਂ ਦੇ 113 ਮਿਲੀਅਨ ਲੋਕਾਂ ਨੂੰ 2018 ਵਿੱਚ ਦੁਨੀਆ ਦੇ ਸਭ ਤੋਂ ਗੰਭੀਰ ਖਾਧ ਸੰਕਟਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ 42 ਹੋਰ ਮੁਲਕਾਂ ਦੇ 143 ਮਿਲੀਅਨ ਲੋਕ ਭੁੱਖਮਰੀ ਦਾ ਸ਼ਿਕਾਰ ਹੋਣ ਤੋਂ ਸਿਰਫ਼ ਇੱਕ ਕਦਮ ਦੂਰ ਹਨ। ਜਦਕਿ ਹੋਰ 29 ਮਿਲੀਅਨ ਲੋਕਾਂ ਨੂੰ ਜਲਵਾਯੂ ਅਤੇ ਕੁਦਰਤੀ ਸੰਕਟਾਂ ਦੇ ਕਾਰਨ 2018 ਵਿੱਚ ਭੋਜਨ ਦੀ ਘਾਟ ਵਰਗੀ ਗੰਭੀਰ ਸਮੱਸਿਆ ਨਾਲ ਜੂਝਣਾ ਪਿਆ ਸੀ।

ਗੌਰਤਲਬ ਹੈ ਕਿ ਇਸ ਰਿਪੋਰਟ ਵਿੱਚ ਦੁਨੀਆ ਦੇ ਸਭ ਤੋਂ ਗੰਭੀਰ ਖਾਧ ਸੰਕਟ ਬਾਰੇ ਜਾਣਕਾਰੀ ਦਿੱਤੀ ਗਈ ਹੈ। ਭੁੱਖਮਰੀ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਵਿੱਚੋਂ ਲਗਭਗ ਦੋ-ਤਿਹਾਈ ਸਿਰਫ਼ 8 ਮੁਲਕਾਂ- ਅਫ਼ਗਾਨਿਸਤਾਨ, ਕਾਂਗੋ, ਈਥੋਪੀਆ, ਨਾਈਜੀਰੀਆ, ਦੱਖਣੀ ਸੂਡਾਨ, ਸੂਡਾਨ, ਸੀਰੀਆ ਅਤੇ ਯਮਨ ਵਿੱਚ ਰਹਿਣ ਵਾਲੇ ਲੋਕ ਸਨ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 17 ਮੁਲਕਾਂ ਵਿੱਚ ਖਾਧ ਅਸੁਰੱਖਿਆ ਦਾ ਸੰਕਟ ਆਪਣੀ ਸਥਿਤੀ ਤੋਂ ਘੱਟ ਨਹੀਂ ਹੋਇਆ ਸਗੋਂ ਵਧਿਆ ਹੀ ਹੈ।

ਰਿਪੋਰਟ ਮੁਤਾਬਿਕ ਦੁਨੀਆ ਭਰ ਵਿੱਚ ਭੁੱਖਮਰੀ ਦਾ ਸ਼ਿਕਾਰ ਲੋਕਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਸਿਰਫ਼ ਅਫ਼ਰੀਕਾ ਦੇ ਵਸਨੀਕ ਹਨ। ਪੂਰਬੀ ਅਫ਼ਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਜਿਹੇ ਸੰਕਟ ਦਾ ਜ਼ਿਆਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਬਾਅਦ ਦੱਖਣੀ ਅਫ਼ਰੀਕਾ, ਪੱਛਮੀ ਅਫ਼ਰੀਕਾ ਅਤੇ ਸਾਹੇਲ ਦਾ ਨੰਬਰ ਆਉਂਦਾ ਹੈ। ਸੱਤ ਮੱਧ-ਪੂਰਬੀ ਦੇਸ਼ਾਂ ਜਾਂ ਇਲਾਕਿਆਂ ਵਿੱਚ ਸੰਸਾਰਕ ਕੁੱਲ ਗਿਣਤੀ ਦਾ 24 ਫ਼ੀਸਦੀ ਹਿੱਸਾ ਹਨ। ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਦੇ ਚਾਰ ਦੇਸ਼ਾਂ (ਮਿਆਂਮਾਰ, ਅਫ਼ਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ) ਵਿੱਚ 13ਫ਼ੀਸਦੀ ਦੀ ਹਿੱਸੇਦਾਰੀ ਹੈ। ਬਾਕੀ ਪੰਜ ਫ਼ੀਸਦੀ ਯੂਕ੍ਰੇਨ, ਲੈਟਿਨ ਅਮਰੀਕਾ ਅਤੇ ਕੈਰੀਬੀਅਨ ਵਿੱਚ ਸਨ।

ਕਾਬਿਲੇਗੌਰ ਹੈ ਕਿ ਇਹ ਰਿਪੋਰਟ ਯੂਰਪੀ ਸੰਘ, ਸੰਯੁਕਤ ਰਾਸ਼ਟਰ ਦੇ ਖਾਧ ਅਤੇ ਖੇਤੀਬਾੜੀ ਸੰਗਠਨ (ਐੱਫ.ਏ.ਓ.) ਅਤੇ ਸੰਯੁਕਤ ਰਾਸ਼ਟਰ ਵਿਸ਼ਵ ਖਾਧ ਪ੍ਰੋਗਰਾਮ (ਡਬਲਿਊ.ਐੱਫ.ਪੀ.) ਦੁਆਰਾ ਸਾਂਝੇ ਤੌਰ ਤੇ ਬ੍ਰਸਲਜ਼ ਵਿੱਚ ਇਸ ਹਫ਼ਤੇ ਜਾਰੀ ਕੀਤੀ ਗਈ ਸੀ। ਖਾਧ ਅਸੁਰੱਖਿਆ ਸੰਕਟ ਦੇ ਮੁੱਖ ਕਾਰਨਾਂ ਵਿੱਚੋਂ ਜਲਵਾਯੂ ਨਾਲ ਸੰਬੰਧਤ ਸੰਕਟ,ਆਰਥਿਕ ਸੰਕਟ, ਅਸਥਿਰਤਾ, ਸੰਘਰਸ਼ ਅਤੇ ਵਿਸਥਾਪਨ ਸ਼ਾਮਿਲ ਹਨ। ਇਨ੍ਹਾਂ ਕਾਰਨਾਂ ਨੇ ਰੋਜ਼ੀ-ਰੋਟੀ ਕਮਾਉਣ ਦੇ ਵਸੀਲਿਆਂ ਨੂੰ ਬਰਬਾਦ ਕਰਨ ਦੇ ਨਾਲ ਹੀ ਲੋਕਾਂ ਦੀ ਜ਼ਿੰਦਗੀ ਨੂੰ ਵੀ ਤਬਾਹ ਕਰ ਦਿੱਤਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬਰੂੰਡੀ, ਸੂਡਾਨ ਅਤੇ ਜ਼ਿੰਬਾਬਵੇ ਵਰਗੇ ਮੁਲਕਾਂ ਵਿੱਚ ਭੋਜਨ ਦੇ ਸੰਕਟ ਦਾ ਮੁੱਖ ਕਾਰਨ ਉਥੋਂ ਦੇ ਆਰਥਿਕ ਹਾਲਾਤ ਹਨ।

ਖਾਧ ਅਸੁਰੱਖਿਆ ਅਤੇ ਕੁਪੋਸ਼ਣ ਬਾਰੇ ਸਾਲ 2019 ਦੇ ਲਈ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਸੰਘਰਸ਼ ਅਤੇ ਅਸੁਰੱਖਿਆ ਹੀ ਖਾਧ ਸੁਰੱਖਿਆ ਦੇ ਸੰਕਟ ਦਾ ਮੁੱਖ ਕਾਰਨ ਬਣੇ ਰਹਿਣ ਦੀ ਸੰਭਾਵਨਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੰਘਰਸ਼, ਸਥਾਨਕ ਅਸੁਰੱਖਿਆ ਜਾਂ ਰਾਜਨੀਤਕ ਅਸਥਿਰਤਾ ਦੇ ਕਾਰਨ ਆਰਥਿਕ ਮੰਦੀ ਜਾਂ ਵਿਕਾਸ ਵਿੱਚ ਬੇਤਹਾਸ਼ਾ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।

2019 ਵਿੱਚ ਦੁਨੀਆ ਦੇ ਕਈ ਇਲਾਕਿਆਂ ਵਿੱਚ ਖੇਤੀਬਾੜੀ ਅਤੇ ਪਸ਼ੂਆਂ ਉੱਤੇ ਮੌਸਮ ਦੀ ਮਾਰ ਪੈਣ ਦਾ ਤੌਖਲਾ ਜਤਾਇਆ ਗਿਆ ਹੈ ਜਿਸ ਦਾ ਸਿੱਧਾ ਅਸਰ ਭੋਜਨ ਦੀ ਸੁਰੱਖਿਆ ‘ਤੇ ਵੀ ਪੈਣਾ ਸੁਭਾਵਿਕ ਹੈ। ਇਸ ਸਭ ਦੇ ਮੱਦੇਨਜ਼ਰ ਜੀਵਨ ਪੱਧਰ ਵਿੱਚ ਗਿਰਾਵਟ, ਮੁਦਰਾ ਦੀ ਕੀਮਤ ਦਾ ਘਟਣਾ ਅਤੇ ਖਾਧ ਸੰਕਟ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਵਿੱਚ ਸਰਕਾਰਾਂ ਦੀ ਸਮਰੱਥਾ ਵਿੱਚ ਗਿਰਾਵਟ ਆਉਣ ਵਰਗੀਆਂ ਚਿੰਤਾਵਾਂ ਦੀ ਇਸ ਰਿਪੋਰਟ ਵਿੱਚ ਸਪੱਸ਼ਟ ਚਿਤਾਵਨੀ ਦਿੱਤੀ ਗਈ ਹੈ।

ਇਸ ਸਾਰੀ ਸਥਿਤੀ ਨੂੰ ਦੇਖਦਿਆਂ ਸਵਾਲ ਖੜ੍ਹਾ ਹੁੰਦਾ ਹੈ ਕਿ ਹੁਣ ਇਸ ਦਾ ਹੱਲ ਕੀ ਹੈ ? ਇੱਕ ਬਿਹਤਰ, ਖੁਸ਼ਹਾਲ ਅਤੇ ਭੁੱਖਮਰੀ ਰਹਿਤ ਦੁਨੀਆ ਬਣਾਉਣ ਲਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੰਘਰਸ਼ਾਂ ਨੂੰ ਖ਼ਤਮ ਕਰਨਾ, ਔਰਤਾਂ ਨੂੰ ਤਾਕਤਵਰ ਬਣਾਉਣਾ, ਬੱਚਿਆਂ ਦਾ ਬਿਹਤਰ ਢੰਗ ਨਾਲ ਪਾਲਣ-ਪੋਸ਼ਣ ਅਤੇ ਉਨ੍ਹਾਂ ਨੂੰ ਸਿੱਖਿਅਤ ਕਰਨਾ, ਪੇਂਡੂ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਸਮਾਜਿਕ ਸੁਰੱਖਿਆ ਦੇ ਤਾਣੇ-ਬਾਣੇ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹਨ। ਇਸ ਤੋਂ ਇਲਾਵਾ ਲੜਾਈਆਂ ਦੀ ਰੋਕਥਾਮ ਅਤੇ ਸ਼ਾਂਤੀ ਬਣਾਈ ਰੱਖਣ ਦੇ ਨਾਲ ਹੀ ਨਿਵੇਸ਼ ਦੇ ਢੰਗ ਨਾਲ ਲੋਕਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਕੰਮ-ਧੰਦੇ ਨੂੰ ਬਚਾਉਣ, ਢਾਂਚਾਗਤ ਕਮਜ਼ੋਰੀਆਂ ਵਿੱਚ ਕਮੀ ਅਤੇ ਭੁੱਖਮਰੀ ਦੇ ਮੂਲ ਕਾਰਨਾਂ ਨੂੰ ਦੂਰ ਕਰਨ ਵਿੱਚ ਇੱਕ ਸਕਾਰਾਤਮਕ ਕਦਮ ਸਿੱਧ ਹੋ ਸਕਦਾ ਹੈ।

ਜਿਵੇਂ ਕ‌ਿ ਭੋਜਨ ਦੇ ਸੰਕਟ ਦਾ ਮਸਲਾ ਗੰਭੀਰ ਅਤੇ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ, ਇਸ ਤਰ੍ਹਾਂ ਦੀ ਕਿਸੇ ਵੀ ਸਮੱਸਿਆ ‘ਤੇ ਠੱਲ੍ਹ ਪਾਉਣ ਅਤੇ ਇਸ ਨਾਲ ਨਜਿੱਠਣ ਲਈ ਨਵੇਂ ਢੰਗਾਂ ਦੀ ਭਾਲ ਕਰਨੀ ਸਾਡੇ ਲਈ ਬਹੁਤ ਹੀ ਅਹਿਮ ਹੈ। ਇਸ ਰਿਪੋਰਟ ਵਿੱਚ ਖਾਧ ਸੰਕਟ ਵਧਣ ਦੇ ਵੱਖ-ਵੱਖ ਪਹਿਲੂਆਂ ਅਤੇ ਮਨੁੱਖੀ ਪੱਧਰ ਤੇ ਕੀਤੇ ਜਾਣ ਵਾਲੇ ਕਾਰਜਾਂ ਅਤੇ ਇੱਕ ਏਕੀਕ੍ਰਿਤ ਕਾਰਵਾਈ ਦੀ ਲੋੜ ਉੱਤੇ ਜ਼ੋਰ ਪਾਇਆ ਗਿਆ ਹੈ। ਰਿਪੋਰਟ ਵਿੱਚ ਆਪਸੀ ਮਜ਼ਬੂਤ ਸਾਂਝੇਦਾਰੀ ਦਾ ਰਾਹ ਅਖ਼ਤਿਆਰ ਕਰਨ ਤੇ ਵੀ ਬਲ ਦਿੱਤਾ ਗਿਆ ਹੈ, ਤਾਂ ਕਿ ਅਸੀਂ ਤਤਕਾਲੀ ਮਾਨਵੀ ਲੋੜਾਂ ਨੂੰ ਪੂਰਾ ਕਰਨ ਵਿੱਚ ਆ ਰਹੀਆਂ ਦਿੱਕਤਾਂ ਦੀ ਰੋਕਥਾਮ ਲਈ ਫੋਰੀ ਤੌਰ ਤੇ ਕੋਈ ਉਪਰਾਲਾ ਕਰ ਸਕੀਏ।

ਐੱਫ.ਏ.ਓ. ਦੇ ਡਾਇਰੈਕਟਰ ਜਨਰਲ, ਜੋਸ ਗ੍ਰਾਜ਼ੀਆਨੋ ਦਾ ਸਿਲਵਾ ਦਾ ਕਹਿਣਾ ਹੈ ਕਿ “ਸਾਨੂੰ ਪ੍ਰਭਾਵਿਤ ਅਤੇ ਕਮਜ਼ੋਰ ਜਨ-ਸੰਖਿਆ ਵਿੱਚ ਲਚੀਲੀਪਣ ਲਿਆਉਣ ਲਈ ਮਨੁੱਖੀ ਵਿਕਾਸ ਅਤੇ ਸ਼ਾਂਤੀ ਨੂੰ ਮੁੱਖ ਰੱਖ ਕੇ ਕੰਮ ਕਰਨਾ ਚਾਹੀਦਾ ਹੈ। ਜ਼ਿੰਦਗੀ ਬਚਾਉਣ ਲਈ ਸਾਨੂੰ ਰੋਜ਼ੀ-ਰੋਟੀ ਦੀ ਵੀ ਰੱਖਿਆ ਕਰਨੀ ਪਵੇਗੀ।”

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ