ਭਾਰਤ ‘ਚ ਲੋਕਤੰਤਰ ਉਤਸਵ ਦਾ ਹੋਇਆ ਆਗਾਜ਼

ਲੋਕ ਸਭਾ ਚੋਣਾਂ 2019 ਦੇ ਵੀਰਵਾਰ ਨੂੰ ਪਹਿਲੇ ਗੇੜ੍ਹ ਦੇ ਆਗਾਜ਼ ਨਾਲ ਹੀ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਚੋਣ ਪ੍ਰਕ੍ਰਿਆ ਦੀ ਸ਼ੁਰੂਆਤ ਹੋ ਗਈ ਹੈ।18 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 91 ਚੋਣ ਹਲਕਿਆਂ ‘ਚ ਮਤਦਾਨ ਹੋਇਆ।ਕੁੱਝ ਨਿੱਕ ਸੁੱਕ ਘਟਨਾਵਾਂ ਤੋਂ ਇਲਾਵਾ ਵਧੇਰੇਤਰ ਵੋਟਿੰਗ ਪ੍ਰਕ੍ਰਿਆ ਸਾਂਤੀ ਵਾਲੇ ਮਾਹੌਲ ‘ਚ ਮੁਕੰਮਲ ਹੋਈ ਹੈ।
ਪਹਿਲੇ ਪੜਾਅ ‘ਚ 1,279 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ‘ਚ ਬੰਦ ਹੋ ਗਿਆ।ਭਾਰਤ ‘ਚ ਆਮ ਚੋਣਾਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਦੀਆਂ ਸਭ ਤੋਂ ਵੱਡੀਆਂ ਚੋਣਾਂ ‘ਚੋਂ ਇੱਕ ਹੈ।ਜਿਸ ਨੂੰ ਭਾਰਤ ‘ਚ ਲੋਕਤੰਤਰ ਉਤਸਵ ਵੱਜੋਂ ਪੁਕਾਰਿਆ ਜਾਂਦਾ ਹੈ।ਇਸ ਤੱਥ ਦੀ ਪੁਸ਼ਟੀ ਇਸ ਗੱਲ ਨਾਲ ਕੀਤੀ ਜਾ ਸਕਦੀ ਹੈ ਕਿ ਭਾਰਤ ‘ਚ ਮੂਜੌਦਾ ਸਮੇਂ 900 ਮਿਲੀਅਨ ਯੋਗ ਵੋਟਰ ਹਨ ਅਤੇ ਪਹਿਲੇ ਗੇੜ੍ਹ ‘ਚ 140 ਮਿਲੀਅਨ ਵੋਟਰ ਯੋਗ ਸਨ।900 ਮਿਲੀਅਨ ਵੋਟਰਾਂ ਤੋਂ ਭਾਵ ਅਮਰੀਕਾ ਦੀ ਕੁੱਲ ਆਬਾਦੀ ਦਾ ਤਿੰਨ ਗੁਣਾ ਵੱਧ ਹੋਣਾ।
ਆਮ ਚੋਣਾਂ ਦੇ ਨਾਲ ਨਾਲ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਸਿੱਕਮ ਅਤੇ ਉੜੀਸਾ ‘ਚ ਵਿਧਾਨ ਸਭਾ ਚੋਣਾਂ ਦਾ ਵੀ ਆਯੋਜਨ ਹੋਇਆ।
ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ ਤ੍ਰਿਪੁਰਾ ‘ਚ ਸਭ ਤੋਂ ਵੱਧ 81.8% ਅਤੇ ਪੱਛਮੀ ਬੰਗਾਲ ‘ਚ 81% ਅਤੇ ਮਨੀਪੁਰ ‘ਚ 78.2% ਵੋਟਾਂ ਪਈਆਂ।ਜਦਕਿ ਬਿਹਾਰ ‘ਚ ਸਭ ਤੋਂ ਘੱਟ 50% ਵੋਟਾਂ ਪਈਆਂ ਹਨ।ਹਾਲਾਂਕਿ ਅੰਤਿਮ ਅੰਕੜੇ ਮਿਲਣੇ ਅਜੇ ਬਾਕੀ ਹਨ।
ਪੱਛਮੀ ਬੰਗਾਲ ‘ਚ ਸੱਤਾਧਿਰ ਤ੍ਰਿਣਮੂਲ ਕਾਂਗਰਸ ਪਾਰਟੀ ਅਤੇ ਭਾਜਪਾ ਵਿਚਾਲੇ ਸਖਤ ਮੁਕਾਬਲਾ ਵੇਖਣ ਨੂੰ ਮਿਿਲਆ।
ਲੋਕ ਸਭਾ ਦੀਆਂ 543 ਸੀਟਾਂ ‘ਚੋਂ 91 ‘ਤੇ ਮਤਦਾਨ ਹੋ ਗਿਆ ਹੈ ਅਤੇ ਬਾਕੀ ਰਹਿੰਦੀਆਂ ਸੀਟਾਂ ‘ਤੇ ਅਗਲੇ ਛੇ ਪੜਾਵਾਂ 18 ਅਪ੍ਰੈਲ , 23 ਅਪ੍ਰੈਲ , 29 ਅਪ੍ਰੈਲ , 6 ਮਈ, 12 ਮਈ ਅਤੇ 18 ਮਈ ਨੂੰ ਵੋਟਾਂ ਪੈਣਗੀਆਂ।23 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
91 ਚੋਣ ਹਲਕਿਆਂ ‘ਚ ਪਈਆਂ ਪਹਿਲੇ ਗੇੜ੍ਹ ਤਹਿਤ ਵੋਟਾਂ ਬਾਕੀ ਰਹਿੰਦੇ ਗੇੜ੍ਹਾਂ ਦੇ ਮਤਦਾਨ ਲਈ ਵੋਟਰਾਂ ‘ਤੇ ਆਪਣਾ ਪ੍ਰਭਾਵ ਜ਼ਰੂਰ ਛੱਡਣਗੀਆਂ।ਇਸ ਵਾਰ ਵੋਟਰਾਂ ਵੱਲੋਂ ਮਤਦਾਨ ਪ੍ਰਕ੍ਰਿਆ ‘ਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਗਈ ਜੋ ਕਿ ਆਪਣੇ ਆਪ ‘ਚ ਹੀ ਇੱਕ ਰਿਕਾਰਡ ਹੈ।
ਇਹ ਚੋਣਾਂ 17ਵੀਂ ਲੋਕ ਸਭਾ, ਸੰਸਦ ਦੇ ਹੇਠਲੇ ਸਦਨ ਲਈ ਹਨ। ਦੱਸਣਯੋਗ ਹੈ ਕਿ ਪਹਿਲੀ ਵਾਰ ਆਮ ਚੋਣਾਂ 1952 ‘ਚ ਆਯੋਜਿਤ ਹੋਈਆ ਸਨ।ਭਾਰਤ ‘ਚ ਆਮ ਚੋਣਾਂ ਕਈ ਪੜਾਵਾਂ ‘ਚ ਇਸ ਲਈ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਭਾਰਤ ਵਰਗੇ ਵੱਡੇ ਮੁਲਕ ‘ਚ ਚੋਣਾਂ ਨਿਰਪੱਖ , ਸੁਤੰਤਰ ਅਤੇ ਸ਼ਾਤੀਪੂਰਨ ਢੰਗ ਨਾਲ ਯਕੀਨੀ ਬਣਾਈਆਂ ਜਾ ਸਕਣ ਅਤੇ ਹਰ ਵੋਟਰ ਨੂੰ ਆਪਣੇ ਜਮਹੂਰੀ ਹੱਕ ਦੀ ਵਰਤੋਂ ਦਾ ਬਰਾਬਰ ਮੌਕਾ ਹਾਸਿਲ ਹੋ ਸਕੇ।
ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਨਰਿੰਦਰ ਮੋਦੀ ਹਰ ਸੂਬੇ ‘ਚ 2 ਤੋਂ ਵੱਧ ਚੋਣ ਰੈਲੀਆਂ ਕਰ ਰਹੇ ਹਨ, ਜਦਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮਾਰਚ ਅੰਤ ਤੋਂ ਹੀ ਚੋਣ ਪ੍ਰਚਾਰ ‘ਚ ਰੁੱਝੇ ਹੋਏ ਹਨ।ਪੀਐਮ ਮੋਦੀ ਅਤੇ ਕਾਂਗਰਸ ਆਗੂ ਰਾਹੁਲ ਗਾਧੀ ਦੋਵੇਂ ਹੀ ਉੱਤਰ ਪ੍ਰਦੇਸ਼ ਤੋਂ ਚੋਣ ਲੜ੍ਹ ਰਹੇ ਹਨ।ਸ੍ਰੀ ਗਾਂਧੀ ਕੇਰਲਾ ‘ਚ ਦੂਜੇ ਚੋਣ ਹਲਕੇ ਵਾਯਨਾਡ ਤੋਂ ਵੀ ਚੋਣ ਮੈਦਾਨ ‘ਚ ਹਨ।
ਜੇਕਰ ਚੋਣ ਸੁਧਾਰਾਂ ਦੀ ਗੱਲ ਕਰੀਏ ਤਾਂ ਹਾਲ ‘ਚ ਹੀ “ਨਨ ਆਫ ਦ ਅਬਵ” ਭਾਵ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਦੇਣ ਦਾ ਵਿਕਲਪ ਵੀ ਈਵੀਐਮ ਮਸ਼ੀਨ ‘ਚ ਸੂਚਿਤ ਕੀਤਾ ਗਿਆ ਹੈ।ਜੇਕਰ ਵੋਟਰ ਨੂੰ ਆਪਣੇ ਚੋਣ ਹਲਕੇ ਦੇ ਕਿਸੇ ਵੀ ਉਮੀਦਵਾਰ ‘ਤੇ ਭਰੋਸਾ ਨਾ ਹੋਵੇ ਤਾਂ ਉਹ ਇਸ ਬਟਨ ਨੂੰ ਦਬਾ ਕੇ ਆਪਣੀ ਇੱਛਾ ਪ੍ਰਗਟ ਕਰ ਸਕਦਾ ਹੈ।
ਦਿਲਚਸਪ ਗੱਲ ਇਹ ਹੈ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਲੋਕ ਸਭਾ ਚੋਣਾਂ ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਚੋਣ ਵੀ ਹੈ।ਇੰਨੇ ਲੰਮੇ ਸਮੇ, ਭਾਵ 5 ਹਫ਼ਤਿਆਂ ਤੱਕ ਚੋਣ ਰੈਲੀਆਂ, ਰੋਡ ਸ਼ੋਅ ਅਤੇ ਹੋਰ ਚੋਣ ਪ੍ਰਚਾਰ ਪ੍ਰਕ੍ਰਿਆ ਗਰਮੀ ਵਾਲੇ ਮੋਸਮ ‘ਚ ਜਾਰੀ ਰਹੇਗਾ ਬਲਕਿ ਸੋਸ਼ਲ ਮੀਡੀਆ ਦੀ ਵਰਤੋਂ ਮਿਸਾਲਨ ਵਟਸਐਪ, ਫੇਸਬੁੱਕ , ਟਵਿੱਟਰ, ਟਿਕਟਾਕ ਅਤੇ ਇੰਸਟਾਗ੍ਰਾਮ ਰਾਹੀਂ ਵੀ ਆਗੂ ਵਿਰੋਧੀ ਆਗੂਆਂ ਨੂੰ ਘੇਰਣਗੇ।ਇਸ ਲਈ ਇੰਨ੍ਹਾਂ ਸਾਰੇ ਸੋਸ਼ਲ ਮੰਚਾਂ ਨੇ ਸਵੈ-ਇੱਛਾ ਅਨੁਸਾਰ ਆਪਣੇ ਇਕ ਚੋਣ ਜ਼ਾਬਤੇ ਨੂੰ ਤਿਆਰ ਕੀਤਾ ਹੈ ਅਤੇ ਨਾਲ ਹੀ ਇੱਕ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਵੀ ਕੀਤੀ ਹੈ।ਚੋਣ ਕਮਿਸ਼ਨ ਵੱਲੋਂ ਵੀ ਚੋਣਾਂ ਦੇ ਮੱਦੇਨਜ਼ਰ ਸੋਸ਼ਲ ਮੀਡੀਆ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਹੁਣ ਕਿਹੜੀ ਪਾਰਟੀ ਜਾਂ ਗੱਠਜੋੜ ਅਗਲੀ ਸਰਕਾਰ ਦਾ ਗਠਨ ਕਰਦਾ ਹੈ ਇਹ ਸਭ 23 ਮਈ ਨੂੰ ਜਗ ਜਾਹਿਰ ਹੋ ਜਾਵੇਗਾ।

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ