ਭਾਰਤ-ਰੂਸ ਨੇ ਆਪਣੇ ਉਸਾਰੂ ਸਬੰਧਾਂ ਦੀ ਕੀਤੀ ਮੁੜ ਪੁਸ਼ਟੀ

ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਦੋ ਦਿਨਾਂ ਲਈ ਰੂਸ ਦਾ ਦੌਰਾ ਕੀਤਾ।ਸ੍ਰੀ ਗੋਖਲੇ ਨੇ ਰੂਸ ਦੇ ਪ੍ਰਮੁੱਖ ਮੰਤਰੀਆਂ ਨਾਲ ਰਚਨਾਤਮਕ ਬੈਠਕਾਂ ਕੀਤੀਆਂ। ਉਨ੍ਹਾਂ ਨੇ ਰੂਸ ਦੇ ਉਪ ਵਿਦੇਸ਼ ਮੰਤਰੀ ਇਗੋਰ ਮੋਰਗੂਲੋਵ ਨਾਲ ਦੁਵੱਲੇ ਵਿਦੇਸ਼ੀ ਦਫ਼ਤਰ ਦੇ ਸਲਾਹ ਮਸ਼ਵਰਾ ਲਈ ਬੈਠਕ ਕੀਤੀ।ਉਨ੍ਹਾਂ ਨੇ ਉਪ ਮੰਤਰੀ ਸਰਗੇਈ ਰਿਆਬਕੋਵ ਅਤੇ ਉਪ ਪ੍ਰਧਾਨ ਮੰਤਰੀ ਅਤੇ ਰੂਸ ਦੇ ਪੂਰਬੀ ਸੰਘ ਜ਼ਿਲ੍ਹੇ ਦੇ ਪ੍ਰਧਾਨ ਦੇ ਨੁਮਾਇੰਦੇ ਯੂਰੀ ਤਰੁਤਨੇਵ ਨਾਲ ਵੀ ਮੀਟਿੰਗ ਕੀਤੀ।


ਸ੍ਰੀ ਗੋਖਲੇ ਨੇ ਰੂਸੀ ਮੰਤਰੀਆਂ ਨਾਲ ਵਿਆਪਕ ਮੁੱਦਿਆਂ ‘ਤੇ ਚਰਚਾ ਕੀਤੀ। ਵਿਦੇਸ਼ ਸਕੱਤਰ ਗੋਖਲੇ ਅਤੇ ਰੂਸ ਦੇ ਉਪ ਵਿਦੇਸ਼ ਮੰਤਰੀ ਸ੍ਰੀ ਮੋਰਗੂਲੋਵ ਨੇ 2018 ‘ਚ 19ਵੇਂ ਸਾਲਾਨਾ ਭਾਰਤ-ਰੂਸ ਸੰਮੇਨਲ ‘ਚ ਲਏ ਗਏ ਫ਼ੈਸਲਿਆਂ ਦੇ ਅਮਲ ਦੀ ਸਮੀਖਿਆ ਕੀਤੀ ਅਤੇ ਨਾਲ ਹੀ 2019 ‘ਚ ਹੋਣ ਵਾਲੀਆਂ ਉੱਚ ਪੱਧਰੀ ਬੈਠਕਾਂ ਦੀ ਤਿਆਰੀ ਦੀ ਵੀ ਚਰਚਾ ਕੀਤੀ।ਇੰਨ੍ਹਾਂ ਮੀਟਿੰਗਾਂ ‘ਚ 2019 ਦਾ ਸਾਲਾਨਾ ਸੰਮੇਲਨ ਅਤੇ ਪੂਰਬੀ ਆਰਥਿਕ ਫੋਰਮ ‘ਚ ਭਾਰਤ ਦੀ ਸ਼ਮੂਲੀਅਤ ਸ਼ਾਮਿਲ ਹੈ।ਰੂਸ ਦੇ ਰਾਸ਼ਟਰਪਤੀ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨੂੰ ਫੋਰਮ ‘ਚ ਸ਼੍ਰਿਕਤ ਕਰਨ ਦਾ ਸੱਦਾ ਦਿੱਤਾ ਗਿਆ ਹੈ।ਦੋਵਾਂ ਮੰਤਰੀਆਂ ਨੇ ਸ਼ੰਘਾਈ ਸਹਿਕਾਰਤਾ ਸੰਗਠਨ, ਰੂਸ-ਭਾਰਤ-ਚੀਨ ਤਿੰਨਪੱਖੀ ਸਮੂਹ ਅਤੇ ਸੰਯੁਕਤ ਰਾਸ਼ਟਰ ਤੇ ਜੀ20 ਵਰਗੀਆਂ ਹੋਰ ਸੰਸਥਾਵਾਂ ਦੇ ਸਿਧਾਂਤ ਤਹਿਤ ਭਾਰਤ ਅਤੇ ਰੂਸ ਦਰਮਿਆਨ ਹੋਣ ਵਾਲੀਆਂ ਬੈਠਕਾਂ ਅਤੇ ਸਹਿਯੋਗ ਸਬੰਧੀ ਚਰਚਾ ਕੀਤੀ।


ਸ੍ਰੀ ਗੋਖਲੇ ਨੇ ਰੂਸੀ ਉਪ ਮੰਤਰੀ ਨਾਲ ਵੱਖ-ਵੱਖ ਬਹੁ-ਪੱਖੀ ਮੰਚਾਂ ‘ਤੇ ਭਾਰਤ ਅਤੇ ਰੂਸ ਵਿਚਾਲੇ ਪ੍ਰਮਾਣੂ ਗੈਰ ਪ੍ਰਸਾਰ ਅਤੇ ਸਹਿਯੋਗ ਦੇਣ ਵਾਲੇ ਖੇਤਰੀ ਮੁੱਦਿਆਂ ਨੂੰ ਵਿਚਾਰਿਆ।ਇਸ ਵਿਚਾਰ ਚਰਚਾ ਦੌਰਾਨ ਪ੍ਰਮਾਣੂ ਸਪਲਾਇਰ ਗਰੁੱਪ ‘ਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਮੁੱਦਾ, ਜਿਸ ਦਾ ਮਾਸਕੋ ਵੱਲੋਂ ਸਮਰਥਨ ਕੀਤਾ ਜਾਂਦਾ ਹੈ ਅਹਿਮ ਰਿਹਾ।ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬੈਠਕ ਦੌਰਾਨ ਹੋਈਆਂ ਚਰਚਾਵਾਂ ਉਸਾਰੂ ਅਤੇ ਸਫ਼ਲ ਰਹੀਆਂ ਹਨ।


ਭਾਰਤ ਅਤੇ ਰੂਸ ਦਰਮਿਆਨ ਲਗਾਤਾਰ ਵਿਦੇਸ਼ੀ ਦਫ਼ਤਰ ਮਸ਼ਵਰਾ ਬਹੁਤ ਵਿਕਾਸ ਦੇ ਦ੍ਰਿਸ਼ਟੀਕੋਣ ਤੋਂ ਮਹੱਤਤਾ ਰੱਖਦਾ ਹੈ।ਇਸ ਸਾਲ ਦੇ ਆਰੰਭ ‘ਚ ਰਾਸ਼ਟਰਪਤੀ ਪੁਤਿਨ ਨੇ ਕਿਹਾ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਸਬੰਧ ਰਚਨਾਤਮਕ ਅਤੇ ਗਤੀਸ਼ੀਲ ਢੰਗ ਨਾਲ ਅੱਗੇ ਵੱਧ ਰਹੇ ਹਨ। ਕਈ ਵਾਰ ਮੁਸ਼ਕਿਲ ਦੀ ਘੜੀ ‘ਚ ਦੋਵਾਂ ਮੁਲਕਾਂ ਨੇ ਮਜ਼ਬੂਤ ਦੁਵੱਲੇ ਸਬੰਧਾਂ ਦੀ ਅਜ਼ਮਾਇਸ਼ ਕੀਤੀ ਹੈ।


ਪਿਛਲੇ ਸਾਲ ਅਮਰੀਕਾ ਵੱਲੋਂ ਚਿਤਾਵਨੀ ਮਿਲਣ ਦੇ ਬਾਵਜੂਦ ਭਾਰਤ ਨੇ ਰੂਸ ਤੋਂ ਐਸ-400 ਮਿਜ਼ਾਇਲ ਰੱਖਿਆ ਪ੍ਰਣਾਲੀ ਦਾ ਸਮਝੌਤਾ ਕੀਤਾ।ਨਵੀਂ ਦਿੱਲੀ ਵੱਲੋਂ ਚੁੱਕੇ ਗਏ ਇਸ ਕਦਮ ਨੇ ਦੁਨੀਆ ਅੱਗੇ ਸੰਤੁਲਿਤ ਤਰਜੀਹਾਂ ਦੀ ਪੇਸ਼ਕਾਰੀ ਕੀਤੀ।


ਪਾਕਿਸਤਾਨ ਨਾਲ ਵੱਧਦੀਆਂ ਨਜ਼ਦੀਕੀਆਂ ਦੇ ਬਾਵਜੂਦ ਇਸ ਸਾਲ ਰੂਸ ਨੇ ਪਾਕਿ ਅਧਾਰਿਤ ਜੈਸ਼-ਏ-ਮੁਹੰਮਦ ਗੁੱਟ ਦੇ ਸਰਗਨਾ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮਤੇ ਤਹਿਤ ਗਲੋਬਲ ਅੱਤਵਾਦੀ ਵੱਜੋਂ ਸੂਚੀਬੱਧ ਕਰਨ ਦੇ ਮੁੱਦੇ ‘ਤੇ ਭਾਰਤ ਦਾ ਸਮਰਥਨ ਦੇ ਕੇ ਇਕਜੁਟਤਾ ਅਤੇ ਸਾਂਝੇਦਾਰੀ ਦਾ ਪ੍ਰਗਟਾਵਾ ਕੀਤਾ।ਇਹ ਵੀ ਕਿਹਾ ਗਿਆ ਹੈ ਕਿ ਮਾਸਕੋ ਨੇ ਚੀਨ ਨਾਲ ਆਪਣੇ ਵਧੀਆ ਸਬੰਧਾਂ ਦੀ ਵਰਤੋਂ ਇਸ ਮਤੇ ‘ਤੇ ਬੀਜਿੰਗ ਦੀ ਹਿਮਾਇਤ ਪ੍ਰਾਪਤ ਕਰਨ ਲਈ ਕੀਤੀ ਸੀ।


ਭਾਰਤ ਅਤੇ ਰੂਸ ਆਪਣੇ ਦੁਵੱਲੇ ਸਬੰਧਾਂ ਨੂੰ ਉਤਸਾਹਿਤ ਕਰਨ ਲਈ ਹਰ ਪੱਖ ਤੋਂ ਸਹਿਯੋਗ ਕਰ ਰਹੇ ਹਨ ਅਤੇ ਇਸ ਦੇ ਸਿੱਟੇ ਵੱਜੋਂ ਹੀ ਦੁਵੱਲੇ ਆਰਥਿਕ ਵਪਾਰ ‘ਤੇ ਸਕਾਰਾਤਮਕ ਪ੍ਰਭਾਵ ਪਿਆ ਹੈ। 2017 ‘ਚ ਦੁਵੱਲੇ ਵਪਾਰ ‘ਚ 10.7 ਬਿਲੀਅਨ ਡਾਲਰ ਦਾ ਵਾਧਾ ਦਰਜ ਕੀਤਾ ਗਿਆ ਅਤੇ ਦੋਵਾਂ ਮੁਲਕਾਂ ਨੇ 2025 ਤੱਕ 50 ਬਿਲੀਅਨ ਡਾਲਰ ਦਾ ਟੀਚਾ ਹਾਸਿਲ ਕਰਨ ਦਾ ਪ੍ਰਗਟਾਵਾ ਕੀਤਾ ਹੈ। ਦੋਵਾਂ ਮੁਲਕਾਂ ਅਨੁਸਾਰ ਦੁਵੱਲਾ ਵਪਾਰ 30 ਬਿਲੀਅਨ ਡਾਲਰ ਪਰਾਪਤ ਕਰਨ ਦਾ ਟੀਚਾ ਪਿਛਲੇ ਸਾਲ ਹੀ ਹਾਸਿਲ ਕਰ ਲਿਆ ਗਿਆ ਹੈ।ਰੱਖਿਆ ਦੇ ਖੇਤਰ ‘ਚ ਵੀ ਦੋਵਾਂ ਮੁਲਕਾਂ ਦੇ ਸਬੰਧਾਂ ‘ਚ ਮਜ਼ਬੂਤੀ ਆਈ ਹੈ।


ਭਾਰਤ ਅਤੇ ਰੂਸ ਸਹਿਯੋਗ ਦੇ ਪੁਰਾਨੇ ਖੇਤਰਾਂ ਦੇ ਨਾਲ-ਨਾਲ ਪੁਲਾੜ ਸਹਿਯੋਗ ਅਤੇ ਮਾਈਗ੍ਰੇਸ਼ਨ ਖੇਤਰ ‘ਚ ਸਹਿਯੋਗ ਨੂੰ ਅੱਗੇ ਵਧਾ ਰਹੇ ਹਨ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਦੋਵਾਂ ਮੁਲਕਾਂ ਦੇ ਆਸ-ਪਾਸ ਕਈ ਚੁਣੌਤੀਆਂ ਹੋਣ ਦੇ ਬਾਵਜੂਦ ਭਾਰਤ-ਰੂਸ ਸਬੰਧ ਉੱਚਾਈਆਂ ‘ਤੇ ਹਨ।

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ