ਭਾਰਤੀ ਪ੍ਰਧਾਨ ਮੰਤਰੀ ਵੱਲੋਂ ਕਿਰਗਿਸਤਾਨ ਦਾ ਦੌਰਾ
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੂਜੇ ਕਾਰਜਕਾਲ ਦੇ ਸ਼ੁਰੂ ਹੁੰਦਿਆਂ ਹੀ 13-14 ਜੂਨ ਨੂੰ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਦਾ ਦੌਰਾ ਕੀਤਾ।ਇਸ ਫੇਰੀ ਦੌਰਾਨ ਉਨ੍ਹਾਂ ਨੇ ਕਿਰਗਿਸਤਾਨ ਦੇ ਰਾਸ਼ਟਰਪਤੀ ਸੋਰੋਨਬੇ ਜੀਨਬੇਕੋਵ ਨਾਲ ਦੁਵੱਲੀ ਮੁਲਾਕਾਤ ਕੀਤੀ।ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ੰਘਾਈ ਸਹਿਕਾਰਤਾ ਸੰਘ ਦੀ ਬੈਠਕ ‘ਚ ਹਿੱਸਾ ਵੀ ਲਿਆ।ਦੱਸਣਯੋਗ ਹੈ ਕਿ ਕਿਰਗਿਸਤਾਨ ਦੇ ਰਾਸ਼ਟਰਪਤੀ ਐਸ.ਸੀ.ਓ. ਦੇ ਮੌਜੂਦਾ ਪ੍ਰਧਾਨ ਹਨ।
ਦੋਵਾਂ ਆਗੂਆਂ ਵਿਚਾਲੇ ਹੋਈ ਇਸ ਖਾਸ ਬੈਠਕ ਨੂੰ ਰਣਨੀਤਕ ਪੱਖੋਂ ਵਿਸ਼ੇਸ਼ ਮੰਨਿਆ ਜਾ ਰਿਹਾ ਹੈ, ਕਿਉਂਕਿ ਭਾਰਤੀ ਪੀਐਮ ਅਤੇ ਕਿਰਗਿਸਤਾਨ ਦੇ ਰਾਸ਼ਟਰਪਤੀ ਦਰਮਿਆਨ ਇਹ ਬੈਠਕ 10 ਦਿਨਾਂ ਦੇ ਅੰਦਰ ਹੋਈ ਹੈ।ਦਰਅਸਲ ਰਾਸ਼ਟਰਪਤੀ ਜੀਨਬੇਕੋਵ ਪਿਛਲੇ ਮਹੀਨੇ 30 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਿਲ ਹੋਏ ਸਨ।
ਸ਼ੰਘਾਈ ਸਹਿਕਾਰਤਾ ਸੰਘ ਦੀ ਬੈਠਕ ‘ਚ ਹਿੱਸਾ ਲੈਣ ਲਈ ਰਾਜਧਾਨੀ ਬਿਸ਼ਕੇਕ ਦੇ ਦੌਰੇ ਦੌਰਾਨ ਪੀਐਮ ਮੋਦੀ ਅਤੇ ਰਾਸ਼ਟਰਪਤੀ ਜੀਨਬੇਕੋਵ ਨੇ ਸਾਂਝੇ ਤੌਰ ‘ਤੇ ਪਹਿਲੇ ਭਾਰਤ-ਕਿਰਗਿਜ਼ ਵਪਾਰਕ ਸੰਮੇਲਨ ਨੂੰ ਸੰਬੋਧਨ ਕੀਤਾ । ਜਿਸਦਾ ਕਿ ਆਯੋਜਨ 14 ਜੂਨ ਨੂੰ ਕੀਤਾ ਗਿਆ ਸੀ।ਇਸ ਮਿਲਣੀ ਨੂੰ ਸਫਲ ਅਤੇ ਮਹੱਤਵਪੂਰਨ ਦੱਸਿਆ ਗਿਆ।
ਦੋਵਾਂ ਮੁਲਕਾਂ ਵੱਲੋਂ ਆਖਿਰਕਾਰ ਦੋਹਰੇ ਕਰ ਬਚਾਉ ਸਮਝੋਤੇ, ਡੀ.ਟੀ.ਏ.ਏ. ਨੂੰ ਅੰਤਿਮ ਰੂਪ ਦਿੱਤਾ ਹੈ।ਇਸ ਦੇ ਨਾਲ ਹੀ ਦੁਵੱਲੇ ਨਿਵੇਸ਼ ਸੰਧੀ ‘ਤੇ ਵੀ ਸਹਿਮਤੀ ਬਣੀ ਹੈ।ਇੰਨ੍ਹਾਂ ਇਕਰਾਰਨਾਮਿਆਂ ਨਾਲ ਦੁਵੱਲੇ ਵਪਾਰ ਲਈ ਉੱਚਿਤ ਮਾਹੌਲ ਤਿਆਰ ਹੋਵੇਗਾ।ਦੁਵੱਲੇ ਨਿਵੇਸ਼ ਸਮਝੌਤੇ ਤਹਿਤ ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਪੰਜ ਸਾਲਾ ਖਾਕਾ ਤਿਆਰ ਕੀਤੇ ਜਾਣ ਦੀ ਸੰਭਾਵਨਾ ਹੈ । ਸਾਲ 2016-17 ‘ਚ ਦੋਵਾਂ ਦੇਸ਼ਾਂ ਵਿਚਾਲੇ ਵਪਾਰ 24.98 ਮਿਲੀਅਨ ਡਾਲਰ ਰਿਹਾ ਸੀ।ਭਾਰਤ ਵੱਲੋਂ ਕਿਰਗਿਸਤਾਨ ਨੂੰ 22.66 ਮਿਲੀਅਨ ਡਾਲਰ ਦੀ ਬਰਾਮਦ ਕੀਤੀ ਗਈ ਸੀ।ਜਦਕਿ ਕਿਰਗਿਸਤਾਨ ਵੱਲੋਂ ਭਾਰਤ ਨੂੰ 2.32 ਮਿਲੀਅਨ ਡਾਲਰ ਦਾ ਨਿਰਯਾਤ ਕੀਤਾ ਗਿਆ।ਦੋਵਾਂ ਮੁਲਕਾਂ ਨੇ ਮਹਿਸੂਸ ਕੀਤਾ ਹੈ ਕਿ ਦੁਵੱਲੇ ਵਪਾਰ ਨੂੰ ਹਲਾਰਾ ਦੇਣ ਦੀ ਲੋੜ ਹੈ।
ਦੋਵਾਂ ਆਗੂਆਂ ਨੇ ਆਸ ਜਤਾਈ ਹੈ ਕਿ ਛਾਬਹਾਰ ਬੰਦਰਗਾਹ ਜ਼ਰੀਏ ਦੋਵਾਂ ਦੇਸ਼ਾਂ ਵਿਚਾਲੇ ਦੁਵੱਲਾ ਵਪਾਰ ਜ਼ਰੂਰ ਵੱਧੇਗਾ।ਇਸ ਸੰਧੀ ਤਹਿਤ ਭਾਰਤ-ਕਿਰਗਿਸਤਾਨ ‘ਚ ਨਿਵੇਸ਼ ਕਰਨ ਵਾਲੇ ਦੋਵਾਂ ਦੇਸ਼ਾਂ ਦੇ ਨਿਵੇਸ਼ਕਾਂ ਨੂੰ ਸੁਰੱਖਿਆ ਵੀ ਪ੍ਰਦਾਨ ਕੀਤੀ ਜਾਵੇਗੀ।
ਭਾਰਤ ਅਤੇ ਕਿਰਗਿਜ਼ ਅੰਤਰਰਾਸ਼ਟਰੀ ਉੱਤਰ-ਦੱਖਣੀ ਗਲਿਆਰੇ ‘ਤੇ ਵੀ ਕੰਮ ਕਰ ਰਹੇ ਹਨ।ਦੱਸਣਯੋਗ ਹੈ ਕਿ ਇਹ ਗਲਿਆਰਾ ਕੌਮਾਂਤਰੀ ਵਪਾਰ ਨੂੰ ਉਤਸ਼ਾਹਿਤ ਕਰਨ ‘ਚ ਬਹੁਤ ਲਾਭਦਾਇਕ ਹੋਵੇਗਾ।
ਭਾਰਤ-ਕਿਰਗਿਜ਼ ਸਾਂਝੇ ਫੋਰਮ ਦੀ ਬੈਠਕ ‘ਚ ਸ੍ਰੀ ਮੋਦੀ ਨੇ ਕਿਰਗਿਸਤਾਨ ਦੇ ਉਦਮੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਾਰਤ ‘ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ।ਪੀਐਮ ਮੋਦੀ ਨੇ ਕਿਹਾ ਕਿ ਭਾਰਤ ਕੋਲ ਮਾਹੌਲ. ਸੰਪਰਕ ਅਤੇ ਵਪਾਰਕ ਆਦਾਨ-ਪ੍ਰਦਾਨ ਦੀ ਸਮਰੱਥਾ ਹੈ।ਇਹ ਅੀਜਹੇ ਤਿੰਨ ਥੰਮ੍ਹ ਹਨ ਜੋ ਕਿ ਦੁਵੱਲੇ ਵਪਾਰ ਨੂੰ ਹੁਲਾਰਾ ਦੇਣ ‘ਚ ਮਦਦਗਾਰ ਹੋ ਸਕਦੇ ਹਨ।
ਪੀਐਮ ਮੋਦੀ ਨੇ ਰਾਸ਼ਟਰਪਤੀ ਜੀਨਬੋਕੇਵ ਨਾਲ ਆਪਣੀ ਗੱਲਬਾਤ ਦੌਰਾਨ ਕਈ ਮੁੱਦਿਆਂ ਨੂੰ ਵਿਚਾਰਿਆ ਅਤੇ ਬਾਅਦ ‘ਚ ਕਿਰਗਿਸਤਾਨ ਲਈ 200 ਮਿਲੀਅਨ ਅਮਰੀਕੀ ਡਾਲਰ ਦੇ ਕਰਜ਼ੇ ਦਾ ਐਲਾਨ ਕੀਤਾ।ਇਸ ਮੌਕੇ ਦੋਵਾਂ ਮੁਲਕਾਂ ਨੇ ਰਣਨੀਤਕ ਪੱਧਰ ‘ਤੇ ਆਪੇ ਸਬੰਧਾਂ ਨੂੰ ਅੱਗੇ ਵਧਾਉਂਦਿਆਂ ਦੋਹਰੀ ਕਰ ਪ੍ਰਣਾਲੀ ਨੂੰ ਖ਼ਤਮ ਕਰਦੇ ਹੋਏ ਰੱਖਿਆ, ਵਪਾਰ , ਨਿਵੇਸ਼ ਅਤੇ ਸਿਹਤ ਦੇ ਖੇਤਰਾਂ ‘ਚ 15 ਸਮਝੌਤਿਆਂ ਨੂੰ ਸਹੀਬੱਧ ਕੀਤਾ।ਰਣਨੀਤਕ ਸਾਂਝੇਦਾਰੀ ‘ਤੇ ਦੋਵਾਂ ਮੁਲਕਾਂ ਦਰਮਿਆਨ ਸਾਂਝੇ ਐਲਾਨਨਾਮੇ ‘ਤੇ ਵੀ ਦਸਤਖਤ ਕੀਤੇ ਗਏ।
ਪੀਐਮ ਮੋਦੀ ਨੇ ਕਿਹਾ ਕਿ ਭਾਰਤ ਕਿਰਗਿਸਤਾਨ ‘ਚ ਜੈਵਿਕ ਉਤਪਾਦ ਸੈਕਟਰ, ਪਹਾੜੀ ਸ਼ਹਿਦ, ਅਖਰੋਟ, ਟੈਕਸਟਾਈਲ, ਰੇਲਵੇ, ਪਣ ਊਰਜਾ, ਖਣਿਜ ਦੇ ਖੇਤਰ ‘ਚ ਨਿਵੇਸ਼ ਕਰੇਗਾ।
ਇਸ ਤੋਂ ਇਲਾਵਾ ਪੀਐਮ ਮੋਦੀ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਆਉਂਦੇ ਪੰਜ ਸਾਲਾਂ ‘ਚ ਭਾਰਤ 5 ਟ੍ਰਿਲੀਅਨ ਡਾਲਰ ਦੀ ਆਰਥ ਵਿਵਸਥਾ ਵੱਜੋਂ ਉਭਰੇਗਾ।ਇਸ ਸਮੇਂ ਨੌਜਵਾਨ ਅਤੇ ਨਵੀਨਤਾਵਾਂ ‘ਤੇ ਵਧੇਰੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ, ਜੋ ਕਿ ਭਾਰਤ ਨੂੰ ਇਸ ਟੀਚੇ ਨੂੰ ਹਾਸਿਲ ਕਰਨ ‘ਚ ਮਦਦਗਾਰ ਹੋਣਗੇ।
ਸ੍ਰੀ ਮੋਦੀ ਅਨੁਸਾਰ ਭਾਰਤ ‘ਚ ਹੋ ਰਿਹਾ ਆਰਥਿਕ ਵਿਕਾਸ ਅਤੇ ਤਕਨੀਕੀ ਆਧੁਨੀਕੀਕਰਨ ਕਿਰਗਿਸਤਾਨ ਦੇ ਵਿਕਾਸ ਨੂੰ ਵੀ ਪ੍ਰਭਾਵਿਤ ਕਰੇਗਾ।ਇਸ ਲਈ ਕਿਰਗਿਸਤਾਨ ਨਾਲ ਭਾਰਤ ਦੀ ‘ਪੰਜ ਸਾਲਾ ਯੋਜਨਾ’ ਭਾਰਤ ਦੀ 5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਦਾ ਹੀ ਇੱਕ ਖਾਸ ਅੰਗ ਹੈ।ਇਸ ਨਾਲ ਦੋਵਾਂ ਮੁਲਕਾਂ ਦੇ ਵਿਕਾਸ ਅਤੇ ਆਪਸੀ ਲਾਭ ਵੀ ਉਤਸ਼ਾਹਿਤ ਹੋਣਗੇ।
ਭਾਰਤ ਦੇ ਸਾਰੇ ਪੰਜ ਮੱਧ ਏਸ਼ੀਆਈ ਮੁਲਕਾਂ ਨਾਲ ਬਹੁਤ ਵਧੀਆ ਸਬੰਧ ਹਨ ਅਤੇ ਨਵੀਂ ਦਿੱਲੀ ਚਾਹੂਮਦੀ ਹੈ ਕਿ ਦੁਵੱਲੇ ਵਪਾਰ ਅਤੇ ਨਿਵੇਸ਼ ਜ਼ਰੀਏ ਇਹ ਮੁਲਕ ਉਸ ਦੇ ਵਿਕਾਸ ਦਾ ਹਿੱਸਾ ਬਣਨ।ਭਾਰਤ ਲਈ ਮੱਧ ਏਸ਼ੀਆ ਦੀ ਮਹੱਤਤਾ ਉਸ ਸਮੇਂ ਵਧੇਰੇ ਪ੍ਰਗਟ ਹੋਈ ਜਦੋਂ ਪੀਐਮ ਮੋਦੀ ਨੇ ‘ਨਮਸਕਾਰ ਯੂਰੇਸ਼ੀਆ’ ਵਪਾਰ ਮੇਲੇ ਬਾਰੇ ਗੱਲ ਕੀਤੀ, ਜੋ ਕਿ ਇਸ ਸਾਲ ਬਿਸ਼ਕੇਕ ‘ਚ ਆਯੋਜਿਤ ਹੋਵੇਗਾ।ਇਸ ਵਪਾਰਕ ਮੇਲੇ ਰਾਹੀਂ ਭਾਰਤ ਅਤੇ ਮੱਧ ਏਸ਼ੀਆਈ ਮੁਲਕਾਂ ਵਿਚਾਲੇ ਵਪਾਰਕ ਬੈਠਕਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।ਕਿਰਗਿਸਤਾਨ ਸਮੇਤ ਇਹ ਪੰਜ ਮੱਧ ਏਸ਼ੀਆਈ ਮੁਲਕ ਯੂਰੇਸ਼ੀਅਨ ਆਰਥਿਕ ਯੂਨੀਅਨ ਦੇ ਮੈਂਬਰ ਹਨ ਅਤੇ ਇਹ ਮੈਂਬਰਸ਼ਿਪ ਭਾਰਤ ਲਈ ਬਹੁਤ ਮਹੱਤਵਪੂਰਨ ਹੈ।
ਭਾਰਤ ਅਤੇ ਕਿਰਗਿਜ਼ ਨੇ 2021 ਨੂੰ ਸੱਭਿਆਚਾਰ ਅਤੇ ਦੋਸਤੀ ਦੇ ਸਾਲ ਵੱਜੋਂ ਮਨਾਉਣ ਲਈ ਸਹਿਮਤੀ ਜਤਾਈ।ਪੀਐਮ ਮੋਦੀ ਸੀ ਇਹ ਫੇਰੀ ਸਫਲ ਅਤੇ ਫਲਦਾਇਕ ਦੱਸੀ ਗਈ ਹੈ।ਦੋਵਾਂ ਦੇਸ਼ਾਂ ਲਈ ਇਹ ਮਿਲਣੀ ਬਹੁਤ ਖਾਸ ਰਹੀ।
ਲੇਖਨ: ਡਾ. ਇੰਦਰਾਨੀ ਤਲੁਕਦਰ, ਰੂਸ ਅਤੇ ਸੀ.ਆਈ.ਐਸ. ਮਾਮਲਿਆਂ ਲਈ ਰਣਨੀਤਕ ਵਿਸ਼ਲੇਸ਼ਕ
Comments
Post a Comment