15 ਅਗਸਤ, 2019 ਨੂੰ 73ਵੇਂ ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਭਾਸ਼ਣ ਦਾ ਪੰਜਾਬੀ ਅਨੁਵਾਦ
ਮੇਰੇ ਪਿਆਰੇ ਦੇਸ਼ ਵਾਸੀਓ,
ਆਜ਼ਾਦੀ ਦੇ ਇਸ ਪਵਿੱਤਰ ਦਿਹਾੜੇ ਮੌਕੇ, ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਸ਼ੁਭ-ਕਾਮਨਾਵਾਂ।
ਅੱਜ ਰੱਖੜੀ ਦਾ ਵੀ ਤਿਉਹਾਰ ਹੈ। ਸਦੀਆਂ ਤੋਂ ਚੱਲਦੀ ਆ ਰਹੀ ਇਹ ਪਰੰਪਰਾ, ਭੈਣ-ਭਰਾ ਦੇ ਪਿਆਰ ਨੂੰ ਉਜਾਗਰ ਕਰਦੀ ਹੈ। ਮੈਂ ਸਾਰੇ ਦੇਸ਼ ਵਾਸੀਆਂ ਨੂੰ, ਸਾਰੇ ਭਰਾਵਾਂ ਤੇ ਭੈਣਾਂ ਨੂੰ ਰੱਖੜੀ ਦੇ ਇਸ ਪਵਿੱਤਰ ਤਿਉਹਾਰ ਦੀ ਬਹੁਤ-ਬਹੁਤ ਵਧਾਈ ਦਿੰਦਾ ਹੈ। ਪਿਆਰ ਨਾਲ ਭਰਿਆ ਇਹ ਤਿਉਹਾਰ ਸਾਡੇ ਸਾਰੇ ਭਰਾਵਾਂ ਤੇ ਭੈਣਾਂ ਦੇ ਜੀਵਨ ਵਿੱਚ ਸੱਧਰਾਂ ਤੇ ਇੱਛਾਵਾਂ ਨੂੰ ਪੂਰਾ ਕਰਨ ਵਾਲਾ, ਸੁਪਨਿਆਂ ਨੂੰ ਸਾਕਾਰ ਕਰਨ ਵਾਲਾ ਅਤੇ ਆਪਸੀ ਮੋਹ-ਪਿਆਰ ਨੂੰ ਵਧਾਉਣ ਵਾਲਾ ਹੋਵੇ।
ਅੱਜ ਜਦੋਂ ਦੇਸ਼ ਆਜ਼ਾਦੀ ਦਾ ਦਿਹਾੜਾ ਮਨਾ ਰਿਹਾ ਹੈ, ਉਸੇ ਸਮੇਂ ਦੇਸ਼ ਦੇ ਕਈ ਹਿੱਸਿਆਂ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਕਾਰਨ, ਹੜ੍ਹ ਦੇ ਕਾਰਨ ਲੋਕ ਮੁਸ਼ਕਿਲ ਹਾਲਾਤਾਂ ਨਾਲ ਜੂਝ ਰਹੇ ਹਨ। ਕਈਆਂ ਨੇ ਆਪਣੇ ਪਰਿਵਾਰ ਦੇ ਜੀਆਂ ਨੂੰ ਖੋਇਆ ਹੈ। ਮੈਂ ਉਨ੍ਹਾਂ ਪ੍ਰਤੀ ਆਪਣੀਆਂ ਸੰਵੇਦਨਾਵਾਂ ਜ਼ਾਹਿਰ ਕਰਦਾ ਹਾਂ ਅਤੇ ਰਾਜ ਸਰਕਾਰ, ਕੇਂਦਰ ਸਰਕਾਰ, ਐੱਨ.ਡੀ.ਆਰ.ਐੱਫ. ਆਦਿ ਸਾਰੇ ਸੰਗਠਨ, ਲੋਕਾਂ ਦੀਆਂ ਤਕਲੀਫਾਂ ਘੱਟ ਕਿਵੇਂ ਹੋਣ, ਛੇਤੀ ਤੋਂ ਛੇਤੀ ਸੁਖਾਵੀਂ ਸਥਿਤੀ ਕਿਵੇਂ ਲਿਆਂਦੀ ਜਾਏ, ਉਸ ਦੇ ਲਈ ਦਿਨ-ਰਾਤ ਕੋਸ਼ਿਸ਼ਾਂ ਕਰ ਰਹੇ ਹਨ।
ਅੱਜ ਜਦੋਂ ਅਸੀਂ ਆਜ਼ਾਦੀ ਦੇ ਇਸ ਪਵਿੱਤਰ ਦਿਹਾੜੇ ਨੂੰ ਮਨਾ ਰਹੇ ਹਾਂ, ਉਦੋਂ ਦੇਸ਼ ਦੀ ਆਜ਼ਾਦੀ ਲਈ ਜਿਨ੍ਹਾਂ ਨੇ ਆਪਣਾ ਆਪਾ ਵਾਰ ਦਿੱਤਾ,ਜਿਨ੍ਹਾਂ ਨੇ ਆਪਣੀ ਜਵਾਨੀ ਕੁਰਬਾਨ ਕਰ ਦਿੱਤੀ, ਜਿਨ੍ਹਾਂ ਨੇ ਜਵਾਨੀ ਜੇਲ੍ਹਾਂ ‘ਚ ਕੱਟੀ, ਜਿਨ੍ਹਾਂ ਨੇ ਫ਼ਾਂਸੀ ਦੇ ਫੰਦੇ ਨੂੰ ਚੁੰਮ ਲਿਆ, ਜਿਨ੍ਹਾਂ ਨੇ ਅਹਿੰਸਾ ਦੇ ਰਸਤੇ ‘ਤੇ ਚੱਲਦਿਆਂ ਆਜ਼ਾਦੀ ਦੀ ਪ੍ਰਾਪਤੀ ਲਈ ਸਤਿਆਗ੍ਰਹਿ ਦਾ ਰਾਹ ਚੁਣਿਆ ਤੇ ਪੂਜਨੀਕ ਬਾਪੂ ਜੀ ਦੀ ਅਗਵਾਈ ਵਿੱਚ ਦੇਸ਼ ਨੂੰ ਆਜ਼ਾਦੀ ਮਿਲੀ, ਮੈਂ ਅੱਜ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਲੈਣ ਵਾਲੇ ਉਨ੍ਹਾਂ ਸਾਰੇ ਆਜ਼ਾਦੀ ਘੁਲਾਟੀਆਂ ਨੂੰ, ਤਿਆਗੀ-ਤਪੱਸਵੀਆਂ ਨੂੰ ਆਦਰ ਸਹਿਤ ਯਾਦ ਕਰਦਾ ਹਾਂ। ਇਸੇ ਤਰ੍ਹਾਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੇ ਇੰਨੇ ਸਾਲਾਂ ਵਿੱਚ ਦੇਸ਼ ਦੀ ਸ਼ਾਂਤੀ ਤੇ ਸੁਰੱਖਿਆ ਦੇ ਲਈ,ਖੁਸ਼ਹਾਲੀ ਦੇ ਲਈ ਅਨੇਕਾਂ ਲੋਕਾਂ ਨੇ ਆਪਣਾ ਯੋਗਦਾਨ ਦਿੱਤਾ ਹੈ। ਆਜ਼ਾਦ ਭਾਰਤ ਦੇ ਵਿਕਾਸ ਦੇ ਲਈ, ਸ਼ਾਂਤੀ ਦੇ ਲਈ, ਤਰੱਕੀ ਦੇ ਲਈ ਆਮ ਲੋਕਾਂ ਦੀਆਂ ਸੱਧਰਾਂ ਨੂੰ ਪੂਰਾ ਕਰਨ ਲਈ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਯੋਗਦਾਨ ਦਿੱਤਾ ਹੈ, ਅੱਜ ਮੈਂ ਉਨ੍ਹਾਂ ਨੂੰ ਵੀ ਸਤਿਕਾਰ ਪੂਰਵਕ ਯਾਦ ਕਰਦਾ ਹਾਂ।
ਨਵੀਂ ਸਰਕਾਰ ਦੇ ਬਣਨ ਮਗਰੋਂ ਲਾਲ ਕਿਲ੍ਹੇ ਤੋਂ ਮੈਨੂੰ ਅੱਜ ਇੱਕ ਵਾਰ ਫਿਰ ਤੁਹਾਡੇ ਨਾਲ ਰਾਬਤਾ ਕਾਇਮ ਕਰਨ ਦਾ ਮੌਕਾ ਮਿਲਿਆ ਹੈ। ਹਾਲੇ ਇਸ ਨਵੀਂ ਸਰਕਾਰ ਨੂੰ ਦਸ ਹਫਤੇ ਵੀ ਨਹੀਂ ਹੋਏ ਹਨ, ਪਰ ਦਸ ਹਫਤਿਆਂ ਦੇ ਛੋਟੇ ਜਿਹੇ ਕਾਰਜਕਾਲ ਵਿੱਚ ਵੀ ਸਾਰੇ ਖੇਤਰਾਂ ਵਿੱਚ, ਸਾਰੀਆਂ ਦਿਸ਼ਾਵਾਂ ਵਿੱਚ ਹਰ ਪ੍ਰਕਾਰ ਦੀਆਂ ਕੋਸ਼ਿਸ਼ਾਂ ‘ਤੇ ਜ਼ੋਰ ਦਿੱਤਾ ਗਿਆ ਹੈ, ਨਵੇਂ ਆਯਾਮ ਦਿੱਤੇ ਗਏ ਹਨ ਅਤੇ ਆਮ ਜਨਤਾ ਨੇ ਜਿਨ੍ਹਾਂ ਉਮੀਦਾਂ ਤੇ ਇੱਛਾਵਾਂ ਦੇ ਨਾਲ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਸ ਨੂੰ ਪੂਰਾ ਕਰਨ ਵਿੱਚ ਇੱਕ ਪਲ ਦੀ ਵੀ ਦੇਰ ਕੀਤੇ ਬਿਨਾਂ, ਅਸੀਂ ਪੂਰੀ ਸਮਰੱਥਾ ਨਾਲ, ਪੂਰੇ ਸਮਰਪਣ ਭਾਵ ਦੇ ਨਾਲ, ਤੁਹਾਡੀ ਸੇਵਾ ਵਿੱਚ ਲੱਗੇ ਹੋਏ ਹਾਂ।
ਦਸ ਹਫਤਿਆਂ ਦੇ ਅੰਦਰ ਹੀ ਧਾਰਾ 370 ਦਾ ਹਟਣਾ, 35-ਏ ਦਾ ਹਟਣਾ ਸਰਦਾਰ ਵੱਲਭ ਭਾਈ ਪਟੇਲ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਪੁੱਟਿਆ ਗਿਆ ਇੱਕ ਅਹਿਮ ਕਦਮ ਹੈ। ਦਸ ਹਫਤਿਆਂ ਦੇ ਅੰਦਰ ਹੀ ਸਾਡੀਆਂ ਮੁਸਲਮਾਨ ਮਾਵਾਂ ਅਤੇ ਭੈਣਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਲਈ ਤਿੰਨ ਤਲਾਕ ਦੇ ਖਿਲਾਫ਼ ਕਾਨੂੰਨ ਬਣਾਉਣਾ, ਅੱਤਵਾਦ ਨਾਲ ਜੁੜੇ ਕਾਨੂੰਨਾਂ ਵਿੱਚ ਜ਼ਰੂਰੀ ਤਬਦੀਲੀ ਕਰਕੇ ਉਨ੍ਹਾਂ ਨੂੰ ਇੱਕ ਨਵੀਂ ਤਾਕਤ ਦੇਣ ਦਾ, ਅੱਤਵਾਦ ਦੇ ਖਿਲਾਫ਼ ਲੜਨ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ, ਸਾਡੇ ਕਿਸਾਨ ਭੈਣਾਂ-ਭਰਾਵਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਦੇ ਤਹਿਤ ਲਗਭਗ 90 ਹਜ਼ਾਰ ਕਰੋੜ ਰੁਪਏ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕਰਨ ਦਾ ਇੱਕ ਮਹੱਤਵਪੂਰਨ ਕੰਮ ਅੱਗੇ ਵਧਿਆ ਹੈ।
ਸਾਡੇ ਕਿਸਾਨ ਭੈਣ-ਭਰਾ, ਸਾਡੇ ਛੋਟੇ ਵਪਾਰੀ ਭੈਣ-ਭਰਾ, ਉਨ੍ਹਾਂ ਨੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਕਦੇ ਉਨ੍ਹਾਂ ਦੇ ਜੀਵਨ ਵਿੱਚ ਵੀ ਪੈਨਸ਼ਨ ਦੀ ਵਿਵਸਥਾ ਹੋ ਸਕਦੀ ਹੈ। ਸੱਠ ਸਾਲ ਦੀ ਉਮਰ ਦੇ ਬਾਅਦ ਉਹ ਵੀ ਸਨਮਾਨ ਦੇ ਨਾਲ ਜੀ ਸਕਦੇ ਹਨ। ਸਰੀਰ ਜਦੋਂ ਜ਼ਿਆਦਾ ਕੰਮ ਕਰਨ ਲਈ ਮਦਦ ਨਾ ਕਰਦਾ ਹੋਵੇ, ਉਸ ਸਮੇਂ ਕੋਈ ਸਹਾਰਾ ਮਿਲ ਜਾਵੇ, ਅਜਿਹੀ ਪੈਨਸ਼ਨ ਯੋਜਨਾ ਨੂੰ ਵੀ ਲਾਗੂ ਕਰਨ ਦਾ ਕੰਮ ਕਰ ਦਿੱਤਾ ਹੈ।
ਪਾਣੀ ਦੇ ਸੰਕਟ ਦੀ ਬੜੀ ਚਰਚਾ ਹੁੰਦੀ ਹੈ, ਭਵਿੱਖ ਵਿੱਚ ਪਾਣੀ ਸੰਕਟ ਗੰਭੀਰ ਰੂਪ ਲੈ ਲਵੇਗਾ, ਇਸ ਗੱਲ ਦੀ ਵੀ ਚਰਚਾ ਹੁੰਦੀ ਹੈ, ਇਨ੍ਹਾਂ ਮਸਲਿਆਂ ਨੂੰ ਪਹਿਲਾਂ ਤੋਂ ਹੀ ਵਿਚਾਰ ਕੇ ਕੇਂਦਰ ਅਤੇ ਸੂਬਾ ਸਰਕਾਰਾਂ ਮਿਲ ਕੇ ਯੋਜਨਾਵਾਂ ਬਣਾਉਣ, ਇਸ ਦੇ ਲਈ ਇੱਕ ਵੱਖਰਾ ਜਲ-ਸ਼ਕਤੀ ਮੰਤਰਾਲਾ ਵੀ ਹੋਂਦ ਵਿੱਚ ਲਿਆਂਦਾ ਗਿਆ ਹੈ।
ਸਾਡੇ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਡਾਕਟਰਾਂ ਦੀ ਲੋੜ ਹੈ, ਸਿਹਤ ਸਹੂਲਤਾਂ ਅਤੇ ਹੋਰਨਾਂ ਪ੍ਰਬੰਧਾਂ ਦੀ ਕਾਫੀ ਲੋੜ ਹੈ। ਇਸ ਨੂੰ ਪੂਰਾ ਕਰਨ ਲਈ ਨਵੇਂ ਕਾਨੂੰਨਾਂ ਦੀ ਜ਼ਰੂਰਤ ਹੈ, ਨਵੇਂ ਪ੍ਰਬੰਧਾਂ ਦੀ ਜ਼ਰੂਰਤ ਹੈ, ਨਵੀਂ ਸੋਚ ਦੀ ਲੋੜ ਹੈ, ਦੇਸ਼ ਦੇ ਨੌਜਵਾਨਾਂ ਨੂੰ ਡਾਕਟਰ ਬਣਨ ਦੇ ਮੌਕੇ ਦੇਣ ਦੀ ਲੋੜ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਧਿਆਨ ‘ਚ ਰੱਖਦੇ ਹੋਇਆਂ ਅਸੀਂ ਡਾਕਟਰੀ ਸਿੱਖਿਆ ਨੂੰ ਪਾਰਦਰਸ਼ੀ ਬਣਾਉਣ ਲਈ ਕਈ ਮਹੱਤਵਪੂਰਨ ਨਿਯਮ ਬਣਾਏ ਹਨ ਤੇ ਕਈ ਅਹਿਮ ਫ਼ੈਸਲੇ ਵੀ ਲਏ ਹਨ।
ਅੱਜ ਦੁਨੀਆ ਭਰ ਵਿੱਚ ਬੱਚਿਆਂ ਨਾਲ ਅੱਤਿਆਚਾਰ ਦੀਆਂ ਘਟਨਾਵਾਂ ਸੁਣੀਆਂ ਜਾਂਦੀਆਂ ਹਨ। ਭਾਰਤ ਵੀ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਨਿਆਸਰਾ ਨਹੀਂ ਛੱਡ ਸਕਦਾ। ਇਨ੍ਹਾਂ ਬੱਚਿਆਂ ਦੀ ਸੁਰੱਖਿਆ ਲਈ ਕਰੜੇ ਕਾਨੂੰਨਾਂ ਦੀ ਲੋੜ ਸੀ। ਅਸੀਂ ਇਸ ਕੰਮ ਨੂੰ ਵੀ ਨੇਪਰੇ ਚਾੜ੍ਹ ਲਿਆ ਹੈ।
ਭਰਾਵੋ ਤੇ ਭੈਣੋ, 2014 ਤੋਂ 2019 ਤੱਕ ਤੁਸੀਂ ਮੈਨੂੰ ਪੰਜ ਸਾਲਾਂ ਲਈ ਸੇਵਾ ਕਰਨ ਦਾ ਮੌਕਾ ਦਿੱਤਾ। ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਸਨ ਕਿ ਇੱਕ ਆਮ ਬੰਦਾ ਆਪਣੀਆਂ ਨਿੱਜੀ ਲੋੜਾਂ ਲਈ ਸੰਘਰਸ਼ ਕਰਦਾ ਸੀ। ਅਸੀਂ ਪੰਜ ਸਾਲ ਲਗਾਤਾਰ ਯਤਨ ਕੀਤਾ ਕਿ ਸਾਡੇ ਨਾਗਰਿਕਾਂ ਦੀਆਂ ਜੋ ਨਿੱਤ ਦੀਆਂ ਲੋੜਾਂ ਹਨ, ਖਾਸ ਕਰਕੇ ਪੇਂਡੂ, ਗਰੀਬ, ਕਿਸਾਨ, ਦਲਿਤ, ਪੀੜਤ, ਸ਼ੋਸ਼ਿਤ, ਵੰਚਿਤ, ਆਦਿਵਾਸੀ ਦੀਆਂ, ਉਨ੍ਹਾਂ ਨੂੰ ਪੂਰਾ ਕਰਨ ਦਾ ਯਤਨ ਕੀਤਾ ਹੈ ਅਤੇ ਗੱਡੀ ਨੂੰ ਅਸੀਂ ਟਰੈਕ 'ਤੇ ਲੈ ਆਏ ਹਾਂ ਤੇ ਉਸ ਦਿਸ਼ਾ ਵਿੱਚ ਅੱਜ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਪਰ ਸਮਾਂ ਬਦਲਦਾ ਹੈ, ਜੇ ਸਾਲ 2014 ਤੋਂ 2019 ਲੋੜਾਂ ਦੀ ਪੂਰਤੀ ਦਾ ਦੌਰ ਸੀ, ਤਾਂ ਸਾਲ 2019 ਤੋਂ ਬਾਅਦ ਦਾ ਸਮਾਂ ਦੇਸ਼ ਵਾਸੀਆਂ ਦੀਆਂ ਇੱਛਾਵਾਂ ਦੀ ਪੂਰਤੀ ਦਾ ਦੌਰ ਹੈ, ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਦੌਰ ਹੈ ਅਤੇ ਇਸ ਲਈ 21ਵੀਂ ਸਦੀ ਦਾ ਭਾਰਤ ਕਿਹੋ ਜਿਹਾ ਹੋਵੇ, ਕਿੰਨੀ ਤੇਜ਼ ਗਤੀ ਨਾਲ ਚੱਲਦਾ ਹੋਵੇ, ਕਿੰਨੀ ਵਿਆਪਕਤਾ ਨਾਲ ਕੰਮ ਕਰਦਾ ਹੋਵੇ, ਕਿੰਨੀ ਉੱਚਾਈ ਤੋਂ ਸੋਚਦਾ ਹੋਵੇ, ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ‘ਚ ਰੱਖਦੇ ਹੋਇਆਂ, ਆਉਣ ਵਾਲੇ ਪੰਜ ਸਾਲਾਂ ਦੇ ਕਾਰਜਕਾਲ ਨੂੰ ਅੱਗੇ ਲਿਜਾਉਣ ਦਾ ਇੱਕ ਖਾਕਾ ਤਿਆਰ ਕਰਕੇ ਅਸੀਂ ਇੱਕ ਦੇ ਬਾਅਦ ਇੱਕ ਕਦਮ ਅਗਾਂਹ ਪੁੱਟ ਰਹੇ ਹਾਂ।
2014 ਵਿੱਚ ਮੈਂ ਦੇਸ਼ ਦੇ ਲਈ ਨਵਾਂ ਸੀ। 2013-14 ਦੀਆਂ ਚੋਣਾਂ ਤੋਂ ਪਹਿਲਾਂ, ਮੈਂ ਭਾਰਤ ਦਾ ਦੌਰਾ ਕਰਕੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਭਨਾਂ ਦੇ ਚਿਹਰਿਆਂ ‘ਤੇ ਇੱਕ ਨਿਰਾਸ਼ਾ ਸੀ, ਇੱਕ ਤਰ੍ਹਾਂ ਦਾ ਸ਼ਸ਼ੋਪੰਜ ਸੀ। ਲੋਕੀਂ ਸੋਚਦੇ ਸਨ ਕਿ ਕੀ ਇਹ ਦੇਸ਼ ਬਦਲ ਸਕਦਾ ਹੈ ? ਕੀ ਸਰਕਾਰਾਂ ਬਦਲਣ ਨਾਲ ਦੇਸ਼ ਬਦਲ ਜਾਵੇਗਾ ? ਇੱਕ ਨਿਰਾਸ਼ਾ ਆਮ ਲੋਕਾਂ ਦੇ ਮਨ ਵਿੱਚ ਵੱਸ ਗਈ ਸੀ। ਇੱਕ ਲੰਮੇ ਅਰਸੇ ਦੇ ਤਜ਼ਰਬੇ ਦਾ ਇਹ ਨਤੀਜਾ ਸੀ ਕਿ ਉਮੀਦਾਂ ਜ਼ਿਆਦਾ ਸਮੇਂ ਤੱਕ ਨਹੀਂ ਟਿਕਦੀਆਂ ਸਨ, ਪਲ ਦੋ ਪਲ ਵਿੱਚ ਹੀ ਕੋਈ ਵੀ ਉਮੀਦ, ਨਿਰਾਸ਼ਾ ਵਿੱਚ ਬਦਲ ਜਾਂਦੀ ਸੀ। ਪੰਜ ਸਾਲਾਂ ਵਿੱਚ ਆਮ ਲੋਕਾਂ ਦੇ ਲਈ ਕੀਤੀ ਗਈ ਸਮਰਪਣ ਦੀ ਭਾਵਨਾ ਨਾਲ ਜਦੋਂ ਅਸੀਂ ਆਪਣਾ ਹਰੇਕ ਪਲ ਦੇਸ਼ ਦੇ ਕਰੋੜਾਂ ਲੋਕਾਂ ਦੇ ਹਿੱਤ ਵਿੱਚ ਲਗਾਉਂਦੇ ਰਹੇ ਤਾਂ 2019 ਵਿੱਚ ਜਦੋਂ ਮੈਂ ਇਸ ਦਾ ਨਤੀਜਾ ਦੇਖਿਆ, ਤਾਂ ਮੈਂ ਹੈਰਾਨ ਸੀ। ਦੇਸ਼ ਵਾਸੀਆਂ ਦਾ ਮਿਜਾਜ਼ ਬਦਲ ਗਿਆ ਸੀ। ਉਪਰਾਮਤਾ, ਉਮੀਦ ਵਿੱਚ ਬਦਲ ਗਈ ਸੀ, ਸੁਪਨੇ, ਸੰਕਲਪਾਂ ਨਾਲ ਜੁੜ ਗਏ ਸਨ, ਸਫ਼ਲਤਾ ਸਾਹਮਣੇ ਦਿਖਾਈ ਦੇ ਰਹੀ ਸੀ ਅਤੇ ਆਮ ਬੰਦੇ ਦੀ ਇੱਕੋ ਹੀ ਆਵਾਜ਼ ਸੀ - ਹਾਂ, ਮੇਰਾ ਦੇਸ਼ ਬਦਲ ਸਕਦਾ ਹੈ। ਆਮ ਲੋਕਾਂ ਦੀ ਇੱਕੋ ਹੀ ਆਵਾਜ਼ ਸੀ - ਹਾਂ, ਅਸੀਂ ਵੀ ਦੇਸ਼ ਨੂੰ ਬਦਲ ਸਕਦੇ ਹਾਂ, ਅਸੀਂ ਪਿੱਛੇ ਨਹੀਂ ਰਹਿ ਸਕਦੇ।
130 ਕਰੋੜ ਨਾਗਰਿਕਾਂ ਦੇ ਚਿਹਰੇ ਦੇ ਇਹ ਭਾਵ, ਭਾਵਨਾਵਾਂ ਦੀ ਇਹ ਗੂੰਜ ਸਾਨੂੰ ਨਵੀਂ ਤਾਕਤ, ਨਵਾਂ ਵਿਸ਼ਵਾਸ ਪ੍ਰਦਾਨ ਕਰਦੀ ਹੈ।
ਅਸੀਂ ਸਬਕਾ ਸਾਥ-ਸਬਕਾ ਵਿਕਾਸ ਦੇ ਮੰਤਰ ਲੈ ਕੇ ਚੱਲੇ ਸੀ, ਪਰ ਪੰਜ ਸਾਲਾਂ ਦੇ ਹੀ ਅੰਦਰ, ਦੇਸ਼ ਦੇ ਲੋਕਾਂ ਨੇ ਪੂਰੇ ਮਾਹੌਲ ਨੂੰ ਸਭਨਾਂ ਦੇ ਵਿਸ਼ਵਾਸ ਦੇ ਰੰਗ ਨਾਲ ਰੰਗ ਦਿੱਤਾ। ਇਨ੍ਹਾਂ ਪੰਜ ਸਾਲਾਂ ਵਿੱਚ ਪੈਦਾ ਹੋਇਆ ਵਿਸ਼ਵਾਸ ਹੀ ਸਾਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਧੇਰੇ ਸਮਰੱਥਾ ਨਾਲ ਦੇਸ਼ ਵਾਸੀਆਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ।
ਹਾਲੀਆ ਚੋਣਾਂ ਵਿੱਚ ਮੈਂ ਦੇਖਿਆ ਸੀ ਤੇ ਮੈਂ ਉਸ ਸਮੇਂ ਇਹ ਕਿਹਾ ਵੀ ਸੀ - ਨਾ ਤਾਂ ਕੋਈ ਸਿਆਸੀ ਆਗੂ ਚੋਣ ਲੜ ਰਿਹਾ ਹੈ ਤੇ ਨਾ ਹੀ ਕੋਈ ਸਿਆਸੀ ਦਲ ਚੋਣ ਲੜ ਰਿਹਾ ਹੈ, ਨਾ ਹੀ ਮੋਦੀ ਚੋਣ ਲੜ ਰਿਹਾ ਹੈ ਤੇ ਨਾ ਹੀ ਮੋਦੀ ਦੇ ਸਾਥੀ ਚੋਣ ਲੜ ਰਹੇ ਹਨ, ਦੇਸ਼ ਦਾ ਆਮ ਆਦਮੀ,ਜਨਤਾ-ਜਨਾਰਦਨ ਚੋਣ ਲੜ ਰਹੀ ਹੈ, 130 ਕਰੋੜ ਦੇਸ਼ ਵਾਸੀ ਚੋਣ ਲੜ ਰਹੇ ਹਨ, ਆਪਣੇ ਸੁਪਨਿਆਂ ਦੇ ਲਈ ਲੜ ਰਹੇ ਹਨ। ਲੋਕਤੰਤਰ ਦਾ ਅਸਲੀ ਰੂਪ ਇਨ੍ਹਾਂ ਚੋਣਾਂ ਵਿੱਚ ਦਿਖਾਈ ਦੇ ਰਿਹਾ ਸੀ।
ਮੇਰੇ ਪਿਆਰੇ ਦੇਸ਼ ਵਾਸੀਓ, ਮੁਸ਼ਕਿਲਾਂ ਦੇ ਨਿਪਟਾਰੇ ਅਤੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਹੈ। ਇਹ ਸਪੱਸ਼ਟ ਹੈ ਕਿ ਜਦੋਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ ਤਾਂ ਸਵੈ-ਮਾਣ ਦੀ ਭਾਵਨਾ ਪੈਦਾ ਹੁੰਦੀ ਹੈ। ਸਮੱਸਿਆਵਾਂ ਦੇ ਸੁਲਝਣ ਨਾਲ ਖੁਦ‘ਤੇ ਭਰੋਸਾ ਵੀ ਵੱਧਦਾ ਹੈ। ਜਦੋਂ ਆਪਣੇ ਆਪ ‘ਤੇ ਭਰੋਸਾ ਹੁੰਦਾ ਹੈ ਤਾਂ ਸਵੈ-ਮਾਣ ਵੀ ਉਜਾਗਰ ਹੁੰਦਾ ਹੈ ਤੇ ਸਵੈ-ਮਾਣ ਵਿੱਚ ਅਪਾਰ ਸਮਰੱਥਾ ਹੁੰਦੀ ਹੈ। ਸਵੈ-ਮਾਣ ਦੀ ਸ਼ਕਤੀ ਹਰ ਕਿਸੇ ਤੋਂ ਜ਼ਿਆਦਾ ਹੁੰਦੀ ਹੈ ਅਤੇ ਜਦੋਂ ਕੋਈ ਨਿਪਟਾਰਾ ਹੋਵੇ, ਸੰਕਲਪ ਹੋਵੇ, ਸਮਰੱਥਾ ਹੋਵੇ, ਸਵੈ-ਮਾਣ ਹੋਵੇ ਤਾਂ ਉਸ ਵੇਲੇ ਸਫ਼ਲਤਾ ਦੇ ਰਾਹ ਵਿਚ ਕੋਈ ਵੀ ਅੜਿੱਕਾ ਨਹੀਂ ਆ ਸਕਦਾ ਅਤੇ ਅੱਜ ਦੇਸ਼ ਉਸ ਸਵੈ-ਮਾਣ ਦੇ ਨਾਲ ਸਫ਼ਲਤਾ ਦੀਆਂ ਨਵੀਆਂ ਸਿਖਰਾਂ ਨੂੰ ਪਾਰ ਕਰਨ ਲਈ, ਅੱਗੇ ਵਧਣ ਲਈ ਦ੍ਰਿੜ੍ਹ ਹੈ। ਜਦੋਂ ਅਸੀਂ ਸਮੱਸਿਆਵਾਂ ਦਾ ਹੱਲ ਦੇਖਦੇ ਹਾਂ, ਤਾਂ ਸਾਨੂੰ ਟੁਕੜਿਆਂ ਵਿੱਚ ਨਹੀਂ ਸੋਚਣਾ ਚਾਹੀਦਾ। ਮੁਸੀਬਤਾਂ ਆਉਣਗੀਆਂ, ਇੱਕ ਵਾਰੀ ਵਾਹਵਾਹੀ ਦੇ ਲਈ ਹੱਥ ਲਾ ਕੇ ਛੱਡ ਦੇਣਾ, ਇਹ ਤਰੀਕਾ ਦੇਸ਼ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਕੰਮ ਨਹੀਂ ਆਵੇਗਾ। ਸਾਨੂੰ ਸਮੱਸਿਆਵਾਂ ਨੂੰ ਜੜ੍ਹੋਂ ਮਿਟਾਉਣ ਦੀ ਕੋਸ਼ਿਸ਼ ਕਰਨੀ ਪਵੇਗੀ। ਤੁਸੀਂ ਦੇਖਿਆ ਹੋਵੇਗਾ ਕਿ ਸਾਡੀਆਂ ਮੁਸਲਮਾਨ ਧੀਆਂ, ਸਾਡੀਆਂ ਭੈਣਾਂ, ਉਨ੍ਹਾਂ ਦੇ ਸਿਰ ‘ਤੇ ਤਿੰਨ ਤਲਾਕ ਦੀ ਤਲਵਾਰ ਲਟਕਦੀ ਸੀ, ਉਹ ਡਰ ਵਾਲੀ ਜ਼ਿੰਦਗੀ ਬਤੀਤ ਕਰਦੀਆਂ ਸਨ। ਤਿੰਨ ਤਲਾਕ ਦੀਆਂ ਸ਼ਿਕਾਰ ਚਾਹੇ ਨਾ ਹੋਈਆਂ ਹੋਣ ਪਰ ਤਿੰਨ ਤਲਾਕ ਦੀਆਂ ਸ਼ਿਕਾਰ ਉਹ ਕਦੇ ਵੀ ਹੋ ਸਕਦੀਆਂ ਹਨ, ਇ ਡਰ ਉਨ੍ਹਾਂ ਨੂੰ ਚੈਨ ਨਾਲ ਜਿਊਣ ਨਹੀਂ ਦਿੰਦਾ ਸੀ। ਦੁਨੀਆ ਦੇ ਬਹੁਤ ਸਾਰੇ ਦੇਸ਼ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਇਸਲਾਮਿਕ ਦੇਸ਼ ਵੀ ਹਨ, ਉਨ੍ਹਾਂ ਨੇ ਵੀ ਬਹੁਤ ਸਮਾਂ ਪਹਿਲਾਂ ਇਸ ਬੁਰੀ ਪ੍ਰਥਾ ਨੂੰ ਖ਼ਤਮ ਕਰ ਦਿੱਤਾ ਸੀ, ਪਰ ਕਿਸੇ ਕਾਰਨ ਅਸੀਂ ਇਨ੍ਹਾਂ ਮੁਸਲਮਾਨ ਮਾਵਾਂ ਅਤੇ ਭੈਣਾਂ ਨੂੰ ਉਨ੍ਹਾਂ ਦਾ ਹੱਕ ਦੇਣ ਤੋਂ ਝਿਜਕਦੇ ਰਹੇ ਹਾ। ਜੇਕਰ ਇਸ ਦੇਸ਼ ਵਿੱਚ ਅਸੀਂ ਸਤੀ ਪ੍ਰਥਾ ਨੂੰ ਖ਼ਤਮ ਕਰ ਸਕਦੇ ਹਾਂ, ਅਸੀਂ ਭਰੂਣ ਹੱਤਿਆ ਨੂੰ ਖ਼ਤਮ ਕਰਨ ਲਈ ਕਾਨੂੰਨ ਬਣਾ ਸਕਦੇ ਹਾਂ, ਜੇ ਅਸੀਂ ਬਾਲ ਵਿਆਹ ਵਿਰੁੱਧ ਆਵਾਜ਼ ਬੁਲੰਦ ਕਰ ਸਕਦੇ ਹਾਂ, ਅਸੀਂ ਦਾਜ ਦੇ ਲੈਣ-ਦੇਣ ਦੀ ਪ੍ਰਥਾ ਵਿਰੁੱਧ ਸਖ਼ਤ ਕਦਮ ਚੁੱਕ ਸਕਦੇ ਹਾਂ ਤਾਂ ਕਿਉਂ ਨਾ ਅਸੀਂ ਤਿੰਨ ਤਲਾਕ ਦੇ ਵਿਰੁੱਧ ਵੀ ਆਵਾਜ਼ ਬੁਲੰਦ ਕਰੀਏ ਤੇ ਇਸ ਲਈ ਭਾਰਤ ਦੇ ਲੋਕਤੰਤਰ ਦੀ ਭਾਵਨਾ ਨੂੰ ਵਿਚਾਰਦਿਆਂ, ਭਾਰਤ ਦੇ ਸੰਵਿਧਾਨ ਦੀ ਭਾਵਨਾ ਦਾ, ਬਾਬਾ ਸਾਹਿਬ ਅੰਬੇਦਕਰ ਦੀ ਭਾਵਨਾ ਦਾ ਸਤਿਕਾਰ ਕਰਦਿਆਂ, ਸਾਡੀਆਂ ਮੁਸਲਮਾਨ ਭੈਣਾਂ ਨੂੰ ਬਰਾਬਰੀ ਦਾ ਅਧਿਕਾਰ ਮਿਲੇ, ਉਨ੍ਹਾਂ ਵਿੱਚ ਵੀ ਇੱਕ ਨਵਾਂ ਵਿਸ਼ਵਾਸ ਪੈਦਾ ਹੋਵੇ, ਭਾਰਤ ਦੀ ਵਿਕਾਸ ਯਾਤਰਾ ਵਿੱਚ ਉਹ ਵੀ ਸਰਗਰਮ ਭਾਗੀਦਾਰ ਬਣਨ, ਇਸ ਲਈ ਅਸੀਂ ਇਹ ਅਹਿਮ ਫੈਸਲਾ ਲਿਆ। ਇਹ ਫੈਸਲੇ ਰਾਜਨੀਤੀ ਦੇ ਪੈਮਾਨੇ ‘ਤੇ ਤੋਲਣ ਵਾਲੇ ਫੈਸਲੇ ਨਹੀਂ ਹੁੰਦੇ, ਇਹ ਤਾਂ ਸਗੋਂ ਸਦੀਆਂ ਤੋਂ ਮਾਵਾਂ ਤੇ ਭੈਣਾਂ ਦੇ ਜੀਵਨ ਦੀ ਰੱਖਿਆ ਦੀ ਗਾਰੰਟੀ ਦਿੰਦੇ ਹਨ।
ਇਸੇ ਤਰ੍ਹਾਂ ਦੀ ਮੈਂ ਇੱਕ ਹੋਰ ਮਿਸਾਲ ਦੇਣੀ ਚਾਹੁੰਦਾ ਹਾਂ - ਧਾਰਾ 370, 35-ਏ। ਕੀ ਕਾਰਨ ਸੀ ? ਇਸ ਸਰਕਾਰ ਦੀ ਪਛਾਣ ਹੈ ਕਿ ਅਸੀਂ ਸਮੱਸਿਆਵਾਂ ਨੂੰ ਟਾਲਦੇ ਵੀ ਨਹੀਂ ਹਾਂ ਤੇ ਨਾ ਹੀ ਅਸੀਂ ਸਮੱਸਿਆਵਾਂ ਨੂੰ ਪਾਲਦੇ ਹਾਂ। ਹੁਣ ਸਮੱਸਿਆਵਾਂ ਨੂੰ ਟਾਲਣ ਦਾ ਵੀ ਵਕਤ ਨਹੀਂ ਹੈ, ਹੁਣ ਸਮੱਸਿਆਵਾਂ ਨੂੰ ਪਾਲਣ ਦਾ ਵੀ ਵਕਤ ਨਹੀਂ ਹੈ। ਉਹ ਕੰਮ ਜੋ ਪਿਛਲੇ 70 ਸਾਲਾਂ ‘ਚ ਨਹੀਂ ਹੋਇਆ, ਨਵੀਂ ਸਰਕਾਰ ਬਣਨ ਤੋਂ ਬਾਅਦ, 70 ਦਿਨਾਂ ਦੇ ਅੰਦਰ-ਅੰਦਰ ਧਾਰਾ 370 ਅਤੇ 35-ਏ ਨੂੰ ਹਟਾਉਣ ਦਾ ਕੰਮ ਭਾਰਤ ਦੇ ਦੋਵਾਂ ਸਦਨਾਂ ਨੇ, ਰਾਜ ਸਭਾ ਅਤੇ ਲੋਕ ਸਭਾ ਨੇ, ਦੋ-ਤਿਹਾਈ ਬਹੁਮਤ ਨਾਲ ਪਾਸ ਕਰ ਦਿੱਤਾ। ਇਸ ਦਾ ਅਰਥ ਇਹ ਹੋਇਆ ਕਿ ਹਰ ਇਕ ਦੇ ਦਿਲ ਵਿੱਚ ਇਹ ਗੱਲ ਸੀ, ਪਰ ਸ਼ੁਰੂ ਕੌਣ ਕਰੇ, ਅੱਗੇ ਕੌਣ ਆਵੇ, ਸ਼ਾਇਦ ਇਸੇ ਦੀ ਉਡੀਕ ਹੋ ਰਹੀ ਸੀ ਤੇ ਦੇਸ਼ ਵਾਸੀਆਂ ਨੇ ਮੈਨੂੰ ਇਹ ਕੰਮ ਸੌਂਪਿਆ ਤੇ ਜੋ ਕੰਮ ਤੁਸੀਂ ਮੈਨੂੰ ਸੌਂਪਿਆ, ਮੈਂ ਉਹੀ ਕਰਨ ਲਈ ਆਇਆ ਹਾਂ। ਮੇਰਾ ਆਪਣਾ ਕੁਝ ਵੀ ਨਹੀਂ ਹੈ।
ਅਸੀਂ ਜੰਮੂ-ਕਸ਼ਮੀਰ ਦੇ ਪੁਨਰਗਠਨ ਵੱਲ ਵੀ ਅੱਗੇ ਵਧੇ। 70 ਸਾਲ ਹਰੇਕ ਨੇ ਕੁਝ ਨਾ ਕੁਝ ਕੋਸ਼ਿਸ਼ ਕੀਤੀ ਹੈ, ਹਰ ਸਰਕਾਰ ਨੇ ਕੋਈ ਨਾ ਕੋਈ ਯਤਨ ਕੀਤਾ ਹੈ ਪਰ ਲੋੜੀਂਦੇ ਨਤੀਜੇ ਪ੍ਰਾਪਤ ਨਹੀਂ ਹੋਏ ਤੇ ਜਦੋਂ ਲੋੜੀਂਦੇ ਨਤੀਜੇ ਨਹੀਂ ਮਿਲਦੇ, ਤਦ ਨਵੇਂ ਸਿਰਿਓਂ ਸੋਚਣ ਦੀ ਲੋੜ ਹੁੰਦੀ ਹੈ,ਨਵੇਂ ਸਿਰਿਓਂ ਕਦਮ ਪੁੱਟਣ ਦੀ ਲੋੜ ਹੁੰਦੀ ਹੈ। ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਵਸਨੀਕਾਂ ਦੀਆਂ ਇੱਛਾਵਾਂ ਪੂਰੀਆਂ ਹੋਣ, ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਤੇ ਇਸ ਦੇ ਲਈ 130 ਕਰੋੜ ਦੇਸ਼ਵਾਸੀਆਂ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਪਵੇਗੀ ਅਤੇ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਸਾਡੇ ਰਾਹ ‘ਚ ਜੋ ਵੀ ਰੁਕਾਵਟਾਂ ਆਈਆਂ, ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪਿਛਲੇ 70 ਸਾਲਾਂ ਵਿੱਚ ਇਨ੍ਹਾਂ ਵਿਵਸਥਾਵਾਂ ਨੇ ਵੱਖਵਾਦ ਨੂੰ ਬਲ ਦਿੱਤਾ ਹੈ, ਅੱਤਵਾਦ ਨੂੰ ਜਨਮ ਦਿੱਤਾ ਹੈ, ਪਰਿਵਾਰਵਾਦ ਨੂੰ ਪਾਲਿਆ-ਪੋਸਿਆ ਹੈ ਅਤੇ ਇੱਕ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਅਤੇ ਭੇਦਭਾਵ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ। ਉਥੋਂ ਦੀਆਂ ਔਰਤਾਂ ਨੂੰ ਉਨ੍ਹਾਂ ਦੇ ਹੱਕ ਮਿਲਣ, ਉਥੇ ਵਸਣ ਵਾਲੇ ਮੇਰੇ ਦਲਿਤ ਭਰਾਵਾਂ-ਭੈਣਾਂ ਨੂੰ, ਦੇਸ਼ ਦੇ ਬਾਕੀ ਦਲਿਤਾਂ ਨੂੰ ਜੋ ਹੱਕ ਮਿਲਦੇ ਹਨ, ਉਹ ਹੱਕ ਨਹੀਂ ਮਿਲਦੇ ਸਨ। ਸਾਡੇ ਦੇਸ਼ ਦੇ ਆਦਿਵਾਸੀ ਸਮੂਹਾਂ ਨੂੰ, ਕਬੀਲਿਆਂ ਨੂੰ ਜੋ ਅਧਿਕਾਰ ਮਿਲਦੇ ਹਨ, ਉਹ ਉਨ੍ਹਾਂ ਨੂੰ ਵੀ ਮਿਲਣੇ ਚਾਹੀਦੇ ਹਨ। ਉਥੇ ਵਸਣ ਵਾਲੇ ਸਾਡੇ ਸਮਾਜ ਅਤੇ ਵਿਵਸਥਾ ਦੇ ਬਹੁਤ ਸਾਰੇ ਲੋਕ ਭਾਵੇਂ ਉਹ ਗੁੱਜਰ, ਬੱਕਰਵਾਲ, ਗੱਦੀ, ਸਿੱਪੀ, ਬਾਲਟੀ ਆਦਿ ਹੋਣ - ਅਜਿਹੀਆਂ ਕਈ ਜਨਜਾਤੀਆਂ, ਉਨ੍ਹਾਂ ਨੂੰ ਵੀ ਰਾਜਨੀਤਕ ਅਧਿਕਾਰ ਮਿਲਣੇ ਚਾਹੀਦੇ ਹਨ। ਉਸ ਨੂੰ ਦੇਣ ਦੀ ਦਿਸ਼ਾ ਵਿੱਚ, ਅਸੀਂ ਹੈਰਾਨ ਹੋ ਜਾਵਾਂਗੇ, ਉਥੋਂ ਦੇ ਸਾਡੇ ਸਫਾਈ ਕਰਮਚਾਰੀ ਭਰਾਵਾਂ ਅਤੇ ਭੈਣਾਂ ‘ਤੇ ਕਾਨੂੰਨੀ ਤੌਰ ‘ਤੇ ਪਾਬੰਦੀ ਲਗਾਈ ਗਈ ਸੀ। ਉਨ੍ਹਾਂ ਦੇ ਸੁਪਨਿਆਂ ਨੂੰ ਕੁਚਲ ਦਿੱਤਾ ਗਿਆ ਸੀ। ਅੱਜ ਅਸੀਂ ਉਨ੍ਹਾਂ ਨੂੰ ਇਹ ਆਜ਼ਾਦੀ ਦੇਣ ਦਾ ਕੰਮ ਕੀਤਾ ਹੈ।
ਭਾਰਤ ਦੀ ਵੰਡ ਹੋਈ, ਲੱਖਾਂ-ਕਰੋੜਾਂ ਲੋਕ ਆਪਣਾ ਘਰ-ਬਾਰ ਛੱਡ ਕੇ ਇੱਧਰ ਆਏ, ਉਨ੍ਹਾਂ ਦਾ ਕੋਈ ਗੁਨਾਹ ਨਹੀਂ ਸੀ ਪਰ ਜਿਹੜੇ ਲੋਕ ਜੰਮੂ-ਕਸ਼ਮੀਰ ਵਿਚ ਆ ਕੇ ਵਸੇ, ਉਨ੍ਹਾਂ ਨੂੰ ਮਨੁੱਖੀ ਅਧਿਕਾਰ ਤੇ ਇਥੋਂ ਤਕ ਕਿ ਨਾਗਰਿਕ ਅਧਿਕਾਰ ਵੀ ਨਹੀਂ ਮਿਲੇ। ਜੰਮੂ-ਕਸ਼ਮੀਰ ਵਿੱਚ ਮੇਰੇ ਪਹਾੜੀ ਭਰਾ-ਭੈਣ ਵੀ ਹਨ। ਅਸੀਂ ਉਨ੍ਹਾਂ ਦੀ ਚਿੰਤਾ ਕਰਨ ਦੀ ਦਿਸ਼ਾ ਵਿੱਚ ਵੀ ਕਦਮ ਪੁੱਟਣਾ ਚਾਹੁੰਦੇ ਹਾਂ।
ਮੇਰੇ ਪਿਆਰੇ ਦੇਸ਼ ਵਾਸੀਓ, ਜੰਮੂ-ਕਸ਼ਮੀਰ ਅਤੇ ਲੱਦਾਖ ਖੁਸ਼ਹਾਲੀ ਅਤੇ ਸ਼ਾਂਤੀ ਦੇ ਲਈ ਭਾਰਤ ਲਈ ਪ੍ਰੇਰਨਾ ਬਣ ਸਕਦੇ ਹਨ। ਭਾਰਤ ਦੀ ਵਿਕਾਸ ਯਾਤਰਾ ਵਿਚ ਬਹੁਤ ਵੱਡਾ ਯੋਗਦਾਨ ਦੇ ਸਕਦੇ ਹਨ। ਆਓ,ਅਸੀਂ ਸਾਰੇ ਉਨ੍ਹਾਂ ਪੁਰਾਣੇ ਤੇ ਮਹਾਨ ਦਿਨਾਂ ਨੂੰ ਵਾਪਸ ਕਰਨ ਦੀ ਕੋਸ਼ਿਸ਼ ਕਰੀਏ। ਉਨ੍ਹਾਂ ਯਤਨਾਂ ਦੇ ਸੰਬੰਧ ਵਿਚ ਜਿਹੜੀ ਨਵੀਂ ਪ੍ਰਣਾਲੀ ਬਣਾਈ ਗਈ ਹੈ, ਉਹ ਸਿੱਧੇ ਤੌਰ 'ਤੇ ਨਾਗਰਿਕਾਂ ਦੇ ਹਿੱਤਾਂ ਲਈ ਕੰਮ ਕਰਨ ਦੀਆਂ ਸਹੂਲਤਾਂ ਪੈਦਾ ਕਰੇਗੀ। ਹੁਣ ਦੇਸ਼ ਦਾ, ਜੰਮੂ-ਕਸ਼ਮੀਰ ਦਾ ਆਮ ਨਾਗਰਿਕ ਵੀ ਦਿੱਲੀ ਸਰਕਾਰ ਤੋਂ ਪੁੱਛ ਸਕਦਾ ਹੈ। ਉਸ ਨੂੰ ਕਿਸੇ ਵੀ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪਏਗਾ। ਅਸੀਂ ਅੱਜ ਇਹ ਸਿੱਧਾ ਪ੍ਰਬੰਧ ਸਥਾਪਿਤ ਕਰਨ ਦੇ ਯੋਗ ਹੋ ਸਕੇ ਹਾਂ। ਪਰ ਜਦੋਂ ਪੂਰਾ ਦੇਸ਼, ਸਾਰੇ ਸਿਆਸੀ ਦਲਾਂ ਦੇ ਅੰਦਰ ਵੀ, ਇੱਕ ਵੀ ਰਾਜਨੀਤਕ ਦਲ ਅਪਵਾਦ ਨਹੀਂ ਹੈ, ਧਾਰਾ 370, 35-ਏ ਨੂੰ ਹਟਾਉਣ ਦੇ ਲਈ ਕੋਈ ਜ਼ੋਰ-ਸ਼ੋਰ ਨਾਲ ਤੇ ਕੋਈ ਚੁੱਪ ਧਾਰ ਕੇ ਸਮਰਥਨ ਦਿੰਦਾ ਰਿਹਾ ਹੈ। ਪਰ ਸਿਆਸੀ ਗਲਿਆਰਿਆਂ ਵਿੱਚ, ਚੋਣਾਂ ਦੀ ਤੱਕੜੀ ਵਿੱਚ ਤੋਲਣ ਵਾਲੇ ਕੁਝ ਲੋਕ 370 ਦੇ ਹੱਕ ਵਿਚ ਕੁਝ ਨਾ ਕੁਝ ਕਹਿੰਦੇ ਰਹੇ ਹਨ। ਜੋ ਲੋਕ 370 ਦੇ ਪੱਖ ਵਿੱਚ ਵਕਾਲਤ ਕਰਦੇ ਹਨ, ਦੇਸ਼ ਉਨ੍ਹਾਂ ਨੂੰ ਪੁੱਛ ਰਿਹਾ ਹੈ ਕਿ ਜੇ ਧਾਰਾ 370 ਤੇ 35-ਏ ਇੰਨਾ ਮਹੱਤਵਪੂਰਣ ਸੀ, ਇੰਨਾ ਜ਼ਰੂਰੀ ਸੀ, ਉਸੇ ਨਾਲ ਕਿਸਮਤ ਬਦਲਣ ਵਾਲੀ ਸੀ ਤਾਂ 70 ਸਾਲਾਂ ਤੋਂ ਇੰਨੇ ਭਾਰੀ ਬਹੁਮਤ ਹੋਣ ਦੇ ਬਾਵਜੂਦ ਵੀ ਤੁਸੀਂ ਇਸ ਨੂੰ ਸਥਾਈ ਕਿਉਂ ਨਾ ਬਣਾਇਆ ? ਇਸ ਨੂੰ ਅਸਥਾਈ ਕਿਉਂ ਬਣਾਈ ਰੱਖਿਆ ? ਜੇ ਇੰਨਾ ਹੀ ਜ਼ਿਆਦਾ ਭਰੋਸਾ ਸੀ ਤਾਂ ਅੱਗੇ ਆ ਕੇ ਇਸ ਨੂੰ ਸਥਾਈ ਬਣਾ ਦਿੰਦੇ। ਪਰ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਵੀ ਇਹ ਜਾਣਦੇ ਸੀ ਕਿ ਜੋ ਤੈਅ ਹੋਇਆ ਹੈ, ਉਹ ਸਹੀ ਨਹੀਂ ਹੋਇਆ ਸੀ, ਪਰ ਤੁਹਾਡੇ ਅੰਦਰ ਸੁਧਾਰ ਕਰਨ ਦੀ ਹਿੰਮਤ ਨਹੀਂ ਸੀ, ਇਰਾਦਾ ਨਹੀਂ ਸੀ। ਸਿਆਸੀ ਭਵਿੱਖ 'ਤੇ ਸਵਾਲੀਆ ਨਿਸ਼ਾਨ ਲੱਗਦੇ ਸਨ। ਮੇਰੇ ਲਈ ਦੇਸ਼ ਦਾ ਭਵਿੱਖ ਹੀ ਸਭ ਕੁਝ ਹੈ, ਸਿਆਸੀ ਭਵਿੱਖ ਕੁਝ ਨਹੀਂ ਹੁੰਦਾ।
ਸਾਡੇ ਸੰਵਿਧਾਨ ਨਿਰਮਾਤਾਵਾਂ ਨੇ, ਸਰਦਾਰ ਵੱਲਭ ਭਾਈ ਪਟੇਲ ਵਰਗੇ ਮਹਾਪੁਰਖਾਂ ਨੇ, ਦੇਸ਼ ਦੀ ਏਕਤਾ ਲਈ, ਦੇਸ਼ ਦੀ ਅਖੰਡਤਾ ਲਈ ਉਨ੍ਹਾਂ ਮੁਸ਼ਕਲ ਸਮਿਆਂ ਵਿੱਚ ਵੀ ਹਿੰਮਤ ਨਾਲ ਮਹੱਤਵਪੂਰਨ ਫੈਸਲੇ ਲਏ ਸਨ। ਦੇਸ਼ ਦੀ ਅਖੰਡਤਾ ਦੇ ਲਈ ਸਫ਼ਲਤਾ ਪੂਰਵਕ ਯਤਨ ਕੀਤੇ। ਪਰ ਧਾਰਾ 370 ਦੇ ਕਾਰਨ, 35-ਏ ਦੇ ਕਾਰਨ ਕੁਝ ਰੁਕਾਵਟਾਂ ਦਾ ਸਾਹਮਣਾ ਵੀ ਕਰਨਾ ਪਿਆ।
ਅੱਜ ਜਦੋਂ ਮੈਂ ਲਾਲ ਕਿਲ੍ਹੇ ਤੋਂ ਮੈਂ ਦੇਸ਼ ਨੂੰ ਸੰਬੋਧਿਤ ਕਰ ਰਿਹਾ ਹਾਂ, ਮੈਂ ਇਹ ਬੜੇ ਮਾਣ ਨਾਲ ਕਹਿੰਦਾ ਹਾਂ ਕਿ ਅੱਜ ਹਰ ਹਿੰਦੁਸਤਾਨੀ ਕਹਿ ਸਕਦਾ ਹੈ – ਵਨ ਨੇਸ਼ਨ, ਵਨ ਕੌਂਸ਼ਟੀਚਿਊਸ਼ਨ ਅਤੇ ਅਸੀਂ ਸਰਦਾਰ ਸਾਹਿਬ ਦਾ ‘ਏਕ ਭਾਰਤ-ਸ੍ਰੇਸ਼ਠ ਭਾਰਤ’, ਇਸੇ ਸੁਪਨੇ ਨੂੰ ਪੂਰਾ ਕਰਨ ਵਿੱਚ ਜੁਟੇ ਹੋਏ ਹਾਂ। ਤਦ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਾਨੂੰ ਅਜਿਹੇ ਪ੍ਰਬੰਧਾਂ ਨੂੰ ਵਿਕਸਤ ਕਰਨਾ ਚਾਹੀਦਾ ਹੈ ਜੋ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਨ ਅਤੇ ਦੇਸ਼ ਨੂੰ ਜੋੜਨ ਲਈ ਲਾਹੇਵੰਦ ਸਿੱਧ ਹੋ ਸਕਣ ਅਤੇ ਇਸ ਪ੍ਰਕਿਰਿਆ ਨੂੰ ਲਗਾਤਾਰ ਜਾਰੀ ਰੱਖਣਾ ਚਾਹੀਦਾ ਹੈ। ਉਹ ਕਿਸੇ ਵਿਸ਼ੇਸ਼ ਸਮੇਂ ਦੇ ਲਈ ਨਹੀਂ ਸਗੋਂ ਲਗਾਤਾਰ ਚੱਲਦੀ ਰਹਿਣੀ ਚਾਹੀਦੀ ਹੈ।
ਜੀ.ਐੱਸ.ਟੀ. ਦੇ ਜ਼ਰੀਏ ਅਸੀਂ ‘ਵਨ ਨੇਸ਼ਨ, ਵਨ ਟੈਕਸ’ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ। ਇਸੇ ਤਰ੍ਹਾਂ ਊਰਜਾ ਦੇ ਖੇਤਰ ਵਿੱਚ ਪਿਛਲੇ ਦਿਨੀਂ ਵਨ ਨੇਸ਼ਨ, ਵਨ ਗਰਿੱਡ, ਇਸ ਕਾਰਜ ਨੂੰ ਵੀ ਅਸੀਂ ਸਫ਼ਲਤਾ ਪੂਰਵਕ ਪੂਰਾ ਕੀਤਾ ਹੈ।
ਇਸੇ ਤਰ੍ਹਾਂ ਵਨ ਨੇਸ਼ਨ, ਵਨ ਮੋਬੀਲਿਟੀ ਕਾਰਡ - ਅਸੀਂ ਇਸ ਪ੍ਰਣਾਲੀ ਦਾ ਵਿਕਾਸ ਵੀ ਕੀਤਾ ਹੈ। ਤੇ ਅੱਜ ਦੇਸ਼ ਵਿੱਚ ਇੱਕ ਵਿਆਪਕ ਚਰਚਾ ਹੋ ਰਹੀ ਹੈ, "ਇੱਕ ਦੇਸ਼, ਇੱਕੋ ਸਮੇਂ ਚੋਣ"। ਇਸ ਬਾਰੇ ਵਿਚਾਰ-ਵਟਾਂਦਰੇ ਕੀਤੇ ਜਾਣੇ ਚਾਹੀਦੇ ਹਨ, ਲੋਕਤੰਤਰੀ ਢੰਗ ਨਾਲ ਕੀਤੇ ਜਾਣੇ ਚਾਹੀਦੇ ਹਨ ਅਤੇ ਕਦੇ ਨਾ ਕਦੇ, "ਏਕ ਭਾਰਤ-ਸ੍ਰੇਸ਼ਠ ਭਾਰਤ" ਦੇ ਸੁਪਨੇ ਨੂੰ ਸਾਕਾਰ ਕਰਨ ਲਈ, ਹੋਰ ਵੀ ਅਜਿਹੀਆਂ ਨਵੀਆਂ ਚੀਜ਼ਾਂ ਨੂੰ ਸਾਨੂੰ ਜੋੜਨਾ ਪਵੇਗਾ।
ਮੇਰੇ ਪਿਆਰੇ ਦੇਸ਼ ਵਾਸੀਓ, ਦੇਸ਼ ਨੇ ਨਵੀਆਂ ਉਚਾਈਆਂ ਨੂੰ ਪਾਰ ਕਰਨਾ ਹੈ, ਦੇਸ਼ ਨੇ ਵਿਸ਼ਵ ਦੇ ਅੰਦਰ ਆਪਣੀ ਸਥਿਤੀ ਸਥਾਪਿਤ ਕਰਨੀ ਹੈ। ਇਸ ਲਈ ਸਾਨੂੰ ਆਪਣੇ ਘਰ ਵਿੱਚ ਵੀ ਗਰੀਬੀ ਤੋਂ ਆਜ਼ਾਦੀ ਦੀ ਭਾਵਨਾ ਨੂੰ ਬਲ ਦੇਣਾ ਪਵੇਗਾ। ਇਹ ਕਿਸੇ ਦੇ ਲਈ ਉਪਕਾਰ ਨਹੀਂ ਹੈ। ਭਾਰਤ ਦੇ ਸੁਨਹਿਰੀ ਭਵਿੱਖ ਲਈ ਸਾਨੂੰ ਗਰੀਬੀ ਤੋਂ ਮੁਕਤ ਹੋਣਾ ਹੀ ਪਵੇਗਾ। ਪਿਛਲੇ ਪੰਜ ਸਾਲਾਂ ਵਿੱਚ ਗਰੀਬੀ ਘੱਟ ਕਰਨ ਦੀ ਦਿਸ਼ਾ ਵਿੱਚ ਬਹੁਤ ਸਫ਼ਲ ਯਤਨ ਕੀਤੇ ਗਏ ਹਨ ਤੇ ਅਨਕਾਂ ਲੋਕ ਗਰੀਬੀ ਤੋਂ ਬਾਹਰ ਆਏ ਹਨ। ਇਸ ਦਿਸ਼ਾ ਵਿੱਚ ਸਾਨੂੰ ਪਹਿਲਾਂ ਦੀ ਬਜਾਇ ਹੋਰ ਤੇਜ਼ੀ ਨਾਲ ਅਤੇ ਵਿਆਪਕ ਤੌਰ ਤੇ ਇਸ ਦਿਸ਼ਾ ਵਿੱਚ ਸਫ਼ਲਤਾ ਮਿਲੀ ਹੈ। ਪਰ ਫਿਰ ਵੀ ਜੇ ਗਰੀਬ ਵਿਅਕਤੀ ਨੂੰ ਸਨਮਾਨ ਮਿਲਦਾ ਹੈ, ਤਾਂ ਉਸ ਦਾ ਸਵੈ-ਮਾਣ ਜਾਗ ਜਾਂਦਾ ਹੈ, ਫਿਰ ਉਹ ਗਰੀਬੀ ਨਾਲ ਲੜਨ ਲਈ ਸਰਕਾਰ ਕੋਲ ਜਾਣ ਦੀ ਉਡੀਕ ਨਹੀਂ ਕਰੇਗਾ। ਉਹ ਆਪਣੀ ਯੋਗਤਾ ਨਾਲ ਗਰੀਬੀ ਨੂੰ ਹਰਾਉਣ ਲਈ ਅੱਗੇ ਆਵੇਗਾ। ਸਾਡੇ ਵਿੱਚ ਕਿਸੇ ਨਾਲੋਂ ਵੀ ਵਧੇਰੇ, ਮਾੜੇ ਹਾਲਾਤਾਂ ਨਾਲ ਲੜਨ ਦੀ ਤਾਕਤ ਜੇਕਰ ਕਿਸੇ ਵਿੱਚ ਹੈ, ਤਾਂ ਮੇਰੇ ਗਰੀਬ ਭੈਣਾਂ-ਭਰਾਵਾਂ ਵਿੱਚ ਹੈ। ਚਾਹੇ ਕਿੰਨੀ ਵੀ ਠੰਢ ਹੋਵੇ, ਉਹ ਮੁੱਠੀ ਬੰਦ ਕਰਕੇ ਗੁਜ਼ਾਰਾ ਕਰ ਸਕਦਾ ਹੈ। ਉਸ ਦੇ ਅੰਦਰ ਇੰਨੀ ਸਮਰੱਥਾ ਹੈ। ਆਓ, ਅਸੀਂ ਉਸ ਸਮਰੱਥਾ ਦੇ ਪੁਜਾਰੀ ਬਣੀਏ ਅਤੇ ਇਸ ਲਈ ਸਾਨੂੰ ਉਸ ਦੇ ਰੋਜ਼ਾਨਾ ਜੀਵਨ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨਾ ਚਾਹੀਦਾ ਹੈ।
ਕੀ ਕਾਰਨ ਹੈ ਕਿ ਮੇਰੇ ਗਰੀਬ ਕੋਲ ਸ਼ੌਚਾਲਯ ਨਹੀਂ ਹੈ, ਘਰ ਵਿੱਚ ਬਿਜਲੀ ਨਹੀਂ ਹੈ, ਰਹਿਣ ਲਈ ਕੋਈ ਘਰ ਨਹੀਂ, ਪਾਣੀ ਦੀ ਸਹੂਲਤ ਨਹੀਂ,ਬੈਂਕ ਵਿੱਚ ਕੋਈ ਖਾਤਾ ਨਾ ਹੋਵੇ, ਕਰਜ਼ਾ ਲੈਣ ਲਈ ਸ਼ਾਹੂਕਾਰਾਂ ਦੇ ਘਰ ਜਾ ਕੇ ਇੱਕ ਤਰ੍ਹਾਂ ਨਾਲ ਸਭ ਕੁਝ ਗਹਿਣੇ ਰੱਖਣਾ ਪੈਂਦਾ ਹੋਵੇ। ਆਓ,ਗਰੀਬਾਂ ਦੇ ਸਵੈ-ਸਨਮਾਨ, ਸਵੈ-ਭਰੋਸੇ, ਉਨ੍ਹਾਂ ਦੇ ਸਵੈ-ਮਾਣ ਨੂੰ ਹੀ ਅੱਗੇ ਵਧਾਉਣ ਲਈ, ਸਮਰੱਥਾ ਪ੍ਰਦਾਨ ਕਰਨ ਲਈ ਅਸੀਂ ਯਤਨ ਕਰੀਏ।
ਭਰਾਵੋ ਤੇ ਭੈਣੋ, ਆਜ਼ਾਦੀ ਨੂੰ 70 ਸਾਲ ਹੋ ਗਏ ਹਨ। ਇਸ ਦੌਰਾਨ ਸਾਰੀਆਂ ਸਰਕਾਰਾਂ ਨੇ ਆਪੋ-ਆਪਣੇ ਢੰਗ ਨਾਲ ਬਹੁਤ ਸਾਰੇ ਕੰਮ ਕੀਤੇ ਹਨ।ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਹੋਵੇ, ਭਾਵੇਂ ਇਹ ਕੇਂਦਰ ਦੀ ਹੋਵੇ ਜਾਂ ਰਾਜ ਦੀ, ਹਰ ਕਿਸੇ ਨੇ ਆਪੋ-ਆਪਣੇ ਢੰਗ ਨਾਲ ਕੋਸ਼ਿਸ਼ ਕੀਤੀ ਹੈ। ਪਰ ਇਹ ਵੀ ਸੱਚ ਹੈ ਕਿ ਅੱਜ ਹਿੰਦੁਸਤਾਨ ਵਿੱਚ ਲਗਭਗ ਅੱਧੇ ਘਰ ਅਜਿਹੇ ਹਨ, ਜਿੱਥੇ ਪੀਣ ਦਾ ਪਾਣੀ ਵੀ ਉਪਲਬਧ ਨਹੀਂ ਹੈ। ਉਨ੍ਹਾਂ ਨੂੰ ਪੀਣ ਵਾਲੇ ਪਾਣੀ ਲਈ ਸੰਘਰਸ਼ ਕਰਨਾ ਪੈਂਦਾ ਹੈ। ਮਾਵਾਂ-ਭੈਣਾਂ ਨੂੰ ਸਿਰ ਤੇ ਪਾਣੀ ਚੁੱਕ ਕੇ, ਘੜੇ ਲੈ ਕੇ ਦੋ-ਦੋ, ਤਿੰਨ-ਤਿੰਨ, ਪੰਜ-ਪੰਜ ਕਿਲੋਮੀਟਰ ਜਾਣਾ ਪੈਂਦਾ ਹੈ। ਜ਼ਿੰਦਗੀ ਦਾ ਬਹੁਤ ਸਾਰਾ ਹਿੱਸਾ ਸਿਰਫ਼ ਪਾਣੀ ਵਿੱਚ ਹੀ ਬਤੀਤ ਹੋ ਜਾਂਦਾ ਹੈ ਤੇ ਇਸ ਲਈ ਇਸ ਸਰਕਾਰ ਨੇ ਇਕ ਖਾਸ ਕੰਮ 'ਤੇ ਜ਼ੋਰ ਦੇਣ ਦਾ ਫੈਸਲਾ ਕੀਤਾ ਹੈ ਅਤੇ ਉਹ ਹੈ - ਸਾਡੇ ਹਰ ਘਰ ਵਿਚ ਪਾਣੀ ਕਿਵੇਂ ਪਹੁੰਚੇ ? ਹਰ ਘਰ ਨੂੰ ਪਾਣੀ ਕਿਵੇਂ ਮਿਲੇ ? ਪੀਣ ਵਾਲਾ ਸਾਫ ਪਾਣੀ ਕਿਵੇਂ ਮਿਲੇ ? ਤੇ ਇਸ ਲਈ ਅੱਜ ਮੈਂ ਲਾਲ ਕਿਲ੍ਹੇ ਤੋਂ ਐਲਾਨ ਕਰਦਾ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਜਲ-ਜੀਵਨ ਮਿਸ਼ਨ ਨੂੰ ਲੈ ਕੇ ਅੱਗੇ ਵਧਾਂਗੇ। ਇਹ ਜਲ-ਜੀਵਨ ਮਿਸ਼ਨ, ਇਸ ਦੇ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਮਿਲ ਕੇ ਕੰਮ ਕਰਨਗੀਆਂ ਅਤੇ ਆਉਣ ਵਾਲੇ ਸਾਲਾਂ ਵਿੱਚ ਅਸੀਂ ਇਸ ਜਲ-ਜੀਵਨ ਮਿਸ਼ਨ ਲਈ ਸਾਢੇ ਤਿੰਨ ਲੱਖ ਕਰੋੜ ਰੁਪਏ ਤੋਂ ਵੱਧ ਖਰਚਣ ਦਾ ਸੰਕਲਪ ਲਿਆ ਹੈ। ਚਾਹੇ ਪਾਣੀ ਦਾ ਭੰਡਾਰ ਹੋਵੇ, ਸਿੰਜਾਈ ਹੋਵੇ, ਮੀਂਹ ਦੇ ਬੂੰਦ-ਬੂੰਦ ਪਾਣੀ ਨੂੰ ਰੋਕਣ ਦਾ ਕੰਮ ਹੋਵੇ, ਸਮੁੰਦਰੀ ਪਾਣੀ ਨੂੰ ਜਾਂ ਗੰਦੇ ਪਾਣੀ ਨੂੰ ਟ੍ਰੀਟਮੈਂਟ ਕਰਨ ਦਾ ਕੰਮ ਹੋਵੇ, ਕਿਸਾਨਾਂ ਲਈ 'ਪਰ ਡਰਾਪ, ਮੋਰ ਕਰੋਪ', ਮਾਈਕਰੋ ਇਰੀਗੇਸ਼ਨ ਦਾ ਕੰਮ ਹੋਵੇ, ਪਾਣੀ ਬਚਾਉਣ ਦੀ ਮੁਹਿੰਮ ਹੋਵੇ, ਆਮ ਲੋਕੀਂ ਪਾਣੀ ਪ੍ਰਤੀ ਜਾਗਰੂਕ ਹੋਣ, ਸੰਵੇਦਨਸ਼ੀਲ ਬਣਨ, ਪਾਣੀ ਦੀ ਮਹੱਤਤਾ ਨੂੰ ਸਮਝਣ, ਸਾਡੀ ਸਿੱਖਿਆ ਦੁਆਰਾ ਵੀ ਬੱਚਿਆਂ ਨੂੰ ਬਚਪਨ ਤੋਂ ਹੀ ਪਾਣੀ ਦੀ ਮਹੱਤਤਾ ਵੀ ਸਿਖਾਈ ਜਾਣੀ ਚਾਹੀਦੀ ਹੈ। ਪਾਣੀ ਇਕੱਠਾ ਕਰਨ ਲਈ, ਪਾਣੀ ਦੇ ਸਰੋਤਾਂ ਨੂੰ ਮੁੜ ਸੁਰਜੀਤ ਕਰਨ ਦੀ ਅਸੀਂ ਲਗਾਤਾਰ ਕੋਸ਼ਿਸ਼ ਕਰੀਏ ਅਤੇ ਅਸੀਂ ਇਸ ਵਿਸ਼ਵਾਸ ਨਾਲ ਅੱਗੇ ਵਧੀਏ ਕਿ ਪਿਛਲੇ 70 ਸਾਲਾਂ ਦੌਰਾਨ ਪਾਣੀ ਦੇ ਖੇਤਰ ਵਿੱਚ ਜੋ ਕੰਮ ਕੀਤਾ ਗਿਆ ਹੈ, ਅਸੀਂ 5 ਸਾਲਾਂ ਵਿੱਚ ਉਸ ਨਾਲੋਂ ਚਾਰ ਗੁਣਾ ਤੋਂ ਵੀ ਜ਼ਿਆਦਾ ਕਰਨਾ ਹੈ। ਹੁਣ ਅਸੀਂ ਹੋਰ ਉਡੀਕ ਨਹੀਂ ਕਰ ਸਕਦੇ ਅਤੇ ਇਸ ਦੇਸ਼ ਦੇ ਮਹਾਨ ਸੰਤ, ਸੈਂਕੜੇ ਸਾਲ ਪਹਿਲਾਂ, ਸੰਤ ਤਿਰੁਵੱਲੁਵਰ ਜੀ ਨੇ ਉਸ ਸਮੇਂ ਇੱਕ ਮਹੱਤਵਪੂਰਣ ਗੱਲ ਕਹੀ ਸੀ, ਸੈਂਕੜੇ ਸਾਲ ਪਹਿਲਾਂ, ਉਦੋਂ ਤਾਂ ਸ਼ਾਇਦ ਕਿਸੇ ਨੇ ਵੀ ਪਾਣੀ ਦੇ ਸੰਕਟ ਬਾਰੇ ਸੋਚਿਆ ਵੀ ਨਹੀਂ ਹੋਵੇਗਾ, ਪਾਣੀ ਦੇ ਮਹੱਤਵ ਬਾਰੇ ਵੀ ਨਹੀਂ ਸੋਚਿਆ ਹੋਵੇਗਾ ਅਤੇ ਉਦੋਂ ਸੰਤ ਤਿਰੁਵੱਲੁਵਰ ਜੀ ਨੇ ਕਿਹਾ ਸੀ, "ਨੀਰ ਇੰਡਰੀ ਅਮਿਯਾਦੂ, ਉਲਾਗ:, ਨੀਰ ਇੰਡਰੀ ਅਮਿਯਾਦੂ, ਉਲਗ:, "ਭਾਵ ਇਹ ਕਿ ਜਦੋਂ ਪਾਣੀ ਖ਼ਤਮ ਹੋ ਜਾਂਦਾ ਹੈ, ਤਾਂ ਪ੍ਰਕਿਰਤੀ ਦੇ ਕਾਰਜ ਵਿੱਚ ਖੜੋਤ ਆ ਜਾਂਦੀ ਹੈ, ਉਹ ਰੁਕ ਜਾਂਦਾ ਹੈ। ਇੱਕ ਤਰ੍ਹਾਂ ਨਾਲ ਵਿਨਾਸ਼ ਸ਼ੁਰੂ ਹੋ ਜਾਂਦਾ ਹੈ।
ਮੇਰਾ ਜਨਮ ਗੁਜਰਾਤ ਵਿੱਚ ਹੋਇਆ, ਗੁਜਰਾਤ ਵਿੱਚ ਤੀਰਥ ਸਥਾਨ ਹੈ ਮਹੂਡੀ, ਜੋ ਕਿ ਉੱਤਰੀ ਗੁਜਰਾਤ ਵਿੱਚ ਹੈ। ਜੈਨ ਭਾਈਚਾਰੇ ਦੇ ਲੋਕ ਉਥੇ ਆਉਂਦੇ-ਜਾਂਦੇ ਰਹਿੰਦੇ ਹਨ। ਲਗਭਗ 100 ਸਾਲ ਪਹਿਲਾਂ ਉਥੇ ਇੱਕ ਜੈਨ ਮੁਨੀ ਹੋਏ ਸਨ, ਉਹ ਇੱਕ ਕਿਸਾਨ ਦੇ ਘਰ ਪੈਦਾ ਹੋਏ ਸਨ,ਕਿਸਾਨ ਸਨ, ਖੇਤ ਵਿੱਚ ਕੰਮ ਕਰਦੇ ਸਨ, ਪਰ ਜੈਨ ਪਰੰਪਰਾ ਨਾਲ ਜੁੜ ਕੇ ਉਨ੍ਹਾਂ ਨੇ ਦੀਖਿਆ ਲਈ ਤੇ ਜੈਨ ਮੁਨੀ ਬਣ ਗਏ।
ਤਕਰੀਬਨ 100 ਸਾਲ ਪਹਿਲਾਂ ਉਹ ਲਿਖ ਕੇ ਗਏ ਹਨ। ਬੁੱਧੀ ਸਾਗਰ ਜੀ ਮਹਾਰਾਜ ਨੇ ਲਿਖਿਆ ਹੈ ਕਿ ਇਕ ਦਿਨ ਅਜਿਹਾ ਆਵੇਗਾ ਜਦੋਂ ਪਾਣੀ ਕਰਿਆਨੇ ਦੀ ਦੁਕਾਨ ਵਿੱਚ ਵਿਕੇਗਾ। ਤੁਸੀਂ ਕਲਪਨਾ ਕਰ ਸਕਦੇ ਹੋ ਕਿ 100 ਸਾਲ ਪਹਿਲਾਂ ਇਕ ਸੰਤ ਨੇ ਲਿਖਿਆ ਸੀ ਕਿ ਕਰਿਆਨੇ ਦੀ ਦੁਕਾਨ ਵਿੱਚ ਪਾਣੀ ਵੇਚਿਆ ਜਾਵੇਗਾ ਅਤੇ ਅੱਜ ਅਸੀਂ ਕਰਿਆਨੇ ਦੀ ਦੁਕਾਨ ਤੋਂ ਪੀਣ ਵਾਲਾ ਪਾਣੀ ਲੈਂਦੇ ਹਾਂ। ਅਸੀਂ ਕਿੱਥਿਓਂ,ਕਿੱਥੇ ਪੁੱਜ ਗਏ ਹਾਂ।
ਮੇਰੇ ਪਿਆਰੇ ਦੇਸ਼ ਵਾਸੀਓ, ਨਾ ਅਸੀਂ ਥੱਕਣਾ ਹੈ, ਨਾ ਅਸੀਂ ਰੁਕਣਾ ਹੈ ਤੇ ਨਾ ਹੀ ਆਪਾਂ ਅੱਗੇ ਵਧਣ ਤੋਂ ਝਿਜਕਣਾ ਹੈ। ਇਹ ਮੁਹਿੰਮ ਸਰਕਾਰੀ ਨਹੀਂ ਬਣਨੀ ਚਾਹੀਦੀ। ਪਾਣੀ ਦੀ ਸੰਭਾਲ ਦਾ ਇਹ ਅਭਿਆਨ, ਜਿਵੇਂ ਸਵੱਛਤਾ ਅਭਿਆਨ ਚੱਲਿਆ ਸੀ, ਉਸੇ ਤਰ੍ਹਾਂ ਆਮ ਲੋਕਾਂ ਦਾ ਅਭਿਆਨ ਬਣਨਾ ਚਾਹੀਦਾ ਹੈ। ਆਮ ਲੋਕਾਂ ਦੇ ਆਦਰਸ਼ਾਂ ਨੂੰ ਲੈ ਕੇ, ਆਮ ਲੋਕਾਂ ਦੀਆਂ ਉਮੀਦਾਂ ਨੂੰ ਲੈ ਕੇ, ਆਮ ਲੋਕਾਂ ਦੀ ਸਮਰੱਥਾ ਨੂੰ ਲੈ ਕੇ ਅਸੀਂ ਅੱਗੇ ਵਧਣਾ ਹੈ।
ਮੇਰੇ ਪਿਆਰੇ ਦੇਸ਼ ਵਾਸੀਓ, ਹੁਣ ਸਾਡਾ ਦੇਸ਼ ਉਸ ਦੌਰ ਵਿੱਚ ਪਹੁੰਚ ਗਿਆ ਹੈ, ਜਿਸ ਵਿੱਚ ਬਹੁਤ ਸਾਰੀਆਂ ਗੱਲਾਂ ਤੋਂ ਹੁਣ ਸਾਨੂੰ ਆਪਣੇ ਆਪ ਨੂੰ ਲੁਕਾਉਣ ਦੀ ਜ਼ਰੂਰਤ ਨਹੀਂ ਹੈ। ਚੁਣੌਤੀਆਂ ਨੂੰ ਸਾਹਮਣੇ ਹੋ ਕੇ ਸਵੀਕਾਰ ਕਰਨ ਦਾ ਵੇਲਾ ਆ ਗਿਆ ਹੈ। ਕਈ ਵਾਰ ਅਸੀਂ ਸਿਆਸੀ ਨਫਾ-ਨੁਕਸਾਨ ਦੇ ਇਰਾਦੇ ਨਾਲ ਫੈਸਲੇ ਲੈਂਦੇ ਹਾਂ ਪਰ ਇਸ ਨਾਲ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਬਹੁਤ ਨੁਕਸਾਨ ਹੁੰਦਾ ਹੈ।
ਇੱਕ ਅਜਿਹਾ ਹੀ ਵਿਸ਼ਾ ਹੈ, ਜਿਸ ਨੂੰ ਮੈਂ ਅੱਜ ਲਾਲ ਕਿਲ੍ਹੇ ਤੋਂ ਸਪੱਸ਼ਟ ਕਰਨਾ ਚਾਹੁੰਦਾ ਹਾਂ। ਤੇ ਇਹ ਵਿਸ਼ਾ ਹੈ, ਸਾਡੇ ਦੇਸ਼ ਵਿੱਚ ਹੋ ਰਿਹਾ ਬੇਤਹਾਸ਼ਾ ਜਨ-ਸੰਖਿਆ ਵਿਸਫੋਟ। ਇਹ ਜਨ-ਸੰਖਿਆ ਵਿਸਫੋਟ ਸਾਡੇ ਲਈ, ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਸਾਰੇ ਨਵੇਂ ਸੰਕਟ ਖੜ੍ਹੇ ਕਰਦਾ ਹੈ ਪਰ ਇਹ ਮੰਨਣਾ ਪਏਗਾ ਕਿ ਸਾਡੇ ਦੇਸ਼ ਵਿੱਚ ਇੱਕ ਚੇਤੰਨ ਵਰਗ ਹੈ, ਜੋ ਕਿ ਇਸ ਗੱਲ ਨੂੰ ਭਲੀ-ਭਾਂਤ ਸਮਝਦਾ ਹੈ। ਉਹ ਆਪਣੇ ਘਰ ਵਿਚ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਦਾ ਹੈ ਕਿ ਮੈਂ ਕਿਤੇ ਉਸ ਨਾਲ ਕੋਈ ਅਨਿਆਂ ਤਾਂ ਨਹੀਂ ਕਰਾਂਗਾ। ਮੈਂ ਉਸ ਦੀਆਂ ਮਨੁੱਖੀ ਲੋੜਾਂ ਨੂੰ ਪੂਰਾ ਕਰਨ ਦੇ ਯੋਗ ਹੋਵਾਂਗਾ, ਉਸ ਦੇ ਜੋ ਸੁਪਨੇ ਹਨ, ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਕੀ ਮੈਂ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਿਭਾ ਸਕਾਂਗਾ। ਇਨ੍ਹਾਂ ਸਾਰੇ ਮਾਪਦੰਡਾਂ ਮੁਤਾਬਿਕ ਆਪਣੇ ਪਰਿਵਾਰ ਦਾ ਲੇਖਾ-ਜੋਖਾ ਕਰਕੇ, ਸਾਡੇ ਦੇਸ਼ ਵਿੱਚ ਅੱਜ ਵੀ ਸਵੈ-ਪ੍ਰੇਰਨਾ ਨਾਲ ਇੱਕ ਛੋਟਾ ਵਰਗ ਪਰਿਵਾਰ ਨੂੰ ਸੀਮਤ ਕਰਕੇ, ਆਪਣੇ ਪਰਿਵਾਰ ਦਾ ਭਲਾ ਵੀ ਕਰਦਾ ਹੈ ਅਤੇ ਦੇਸ਼ ਦੀ ਭਲਾਈ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ। ਇਹ ਸਾਰੇ ਸਨਮਾਨ ਦੇ ਹੱਕਦਾਰ ਹਨ, ਇਹ ਸਤਿਕਾਰ ਦੇ ਹੱਕਦਾਰ ਹਨ। ਛੋਟਾ ਪਰਿਵਾਰ ਹੋਣ ਕਰਕੇ ਵੀ ਉਹ ਦੇਸ਼ ਭਗਤੀ ਦਾ ਪ੍ਰਗਟਾਵਾ ਕਰਦੇ ਹਨ। ਉਹ ਦੇਸ਼ ਭਗਤੀ ਦਾ ਇਜ਼ਹਾਰ ਕਰਦੇ ਹਨ। ਮੈਂ ਚਾਹੁੰਦਾ ਹਾਂ ਕਿ ਸਾਡੇ ਸਮਾਜ ਦੇ ਸਾਰੇ ਲੋਕ ਇਨ੍ਹਾਂ ਦੀ ਜ਼ਿੰਦਗੀ ਨੂੰ ਨੇੜਿਓਂ ਦੇਖਣ ਕਿ ਉਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਅਬਾਦੀ ਦੇ ਵਾਧੇ ਤੋਂ ਆਪਣੇ ਆਪ ਨੂੰ ਬਚਾ ਕੇ ਪਰਿਵਾਰ ਦੀ ਕਿੰਨੀ ਸੇਵਾ ਕੀਤੀ ਹੈ। ਦੇਖਦੇ ਹੀ ਦੇਖਦੇ ਇੱਕ ਜਾਂ ਦੋ ਪੀੜ੍ਹੀਆਂ ਨਹੀਂ, ਪਰਿਵਾਰ ਕਿਵੇਂ ਅੱਗੇ ਵੱਧਦਾ ਚਲਾ ਗਿਆ, ਬੱਚਿਆਂ ਨੇ ਕਿਵੇਂ ਸਿੱਖਿਆ ਪ੍ਰਾਪਤ ਕੀਤੀ, ਉਹ ਪਰਿਵਾਰ ਕਿਵੇਂ ਬਿਮਾਰੀ ਤੋਂ ਮੁਕਤ ਹੈ, ਉਹ ਪਰਿਵਾਰ ਕਿਵੇਂ ਆਪਣੀਆਂ ਮੁੱਢਲੀਆਂ ਲੋੜਾਂ ਨੂੰ ਵਧੀਆ ਢੰਗ ਨਾਲ ਪੂਰਾ ਕਰਦਾ ਹੈ। ਅਸੀਂ ਵੀ ਉਨ੍ਹਾਂ ਤੋਂ ਸਿੱਖੀਏ ਅਤੇ ਆਪਣੇ ਘਰ ਕਿਸੇ ਵੀ ਬੱਚੇ ਦੇ ਜਨਮ ਤੋਂ ਪਹਿਲਾਂ ਅਸੀਂ ਸੋਚੀਏ ਕਿ ਜਿਹੜਾ ਬੱਚਾ ਮੇਰੇ ਘਰ ਆਵੇਗਾ, ਕੀ ਮੈਂ ਉਸ ਬੱਚੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਤਿਆਰ ਕੀਤਾ ਹੈ ? ਕੀ ਮੈਂ ਉਸ ਨੂੰ ਸਮਾਜ ਦੇ ਆਸਰੇ ਛੱਡ ਦਿਆਂਗਾ ? ਮੈਂ ਉਸ ਨੂੰ ਉਹਦੀ ਕਿਸਮਤ ‘ਤੇ ਹੀ ਛੱਡ ਦਿਆਂਗਾ ? ਕੋਈ ਵੀ ਮਾਂ-ਬਾਪ ਅਜਿਹਾ ਨਹੀਂ ਹੋ ਸਕਦਾ ਜੋ ਆਪਣੇ ਬੱਚਿਆਂ ਨੂੰ ਜਨਮ ਦੇ ਕੇ ਇਸ ਕਿਸਮ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਕਰੇ ਤੇ ਇਸ ਲਈ ਇਸ ਬਾਰੇ ਸਮਾਜਿਕ ਜਾਗਰੂਕਤਾ ਦੀ ਲੋੜ ਹੈ।
ਜਿਨ੍ਹਾਂ ਲੋਕਾਂ ਨੇ ਇਹ ਬਹੁਤ ਵੱਡੀ ਭੂਮਿਕਾ ਨਿਭਾਈ ਹੈ, ਉਨ੍ਹਾਂ ਦਾ ਸਨਮਾਨ ਕਰਨ ਦੀ ਲੋੜ ਹੈ, ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀਆਂ ਉਦਾਹਰਣਾਂ ਲੈ ਕੇ ਸਮਾਜ ਦੇ ਬਾਕੀ ਲੋਕ, ਜੋ ਹਾਲੇ ਵੀ ਇਸ ਤੋਂ ਬਾਹਰ ਹਨ, ਉਨ੍ਹਾਂ ਨੂੰ ਜਾਗਰੂਕ ਕਰਦੇ ਹੋਇਆਂ ਸਾਨੂੰ ਜਨ-ਸੰਖਿਆ ਵਿਸਫੋਟ ਦੀ ਚਿੰਤਾ ਕਰਨੀ ਹੀ ਪਵੇਗੀ।
ਸਰਕਾਰਾਂ ਨੂੰ ਵੀ ਵੱਖ-ਵੱਖ ਯੋਜਨਾਵਾਂ ਤਹਿਤ ਅੱਗੇ ਆਉਣਾ ਪਵੇਗਾ। ਭਾਵੇਂ ਇਹ ਰਾਜ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ, ਹਰ ਇੱਕ ਨੂੰ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਪਵੇਗਾ। ਅਸੀਂ ਗੈਰ-ਸਿਹਤਮੰਦ ਸਮਾਜ ਬਾਰੇ ਨਹੀਂ ਸੋਚ ਸਕਦੇ, ਅਸੀਂ ਅਨਪੜ੍ਹ ਸਮਾਜ ਬਾਰੇ ਨਹੀਂ ਸੋਚ ਸਕਦੇ। 21ਵੀਂ ਸਦੀ ਦੇ ਭਾਰਤ ਵਿੱਚ ਸੁਪਨਿਆਂ ਨੂੰ ਪੂਰਾ ਕਰਨ ਦੀ ਯੋਗਤਾ ਵਿਅਕਤੀ ਤੋਂ ਸ਼ੁਰੂ ਹੁੰਦੀ ਹੈ,ਪਰਿਵਾਰ ਤੋਂ ਸ਼ੁਰੂ ਹੁੰਦੀ ਹੈ, ਪਰ ਜੇ ਲੋਕ ਪੜ੍ਹੇ-ਲਿਖੇ ਨਹੀਂ ਹਨ, ਸਿਹਤਮੰਦ ਨਹੀਂ ਹਨ, ਤਾਂ ਨਾ ਹੀ ਉਹ ਘਰ ਸੁਖੀ ਹੁੰਦਾ ਹੈ ਤੇ ਨਾ ਹੀ ਉਹ ਦੇਸ਼ ਸੁਖੀ ਹੁੰਦਾ ਹੈ।
ਦੇਸ਼ ਦੇ ਲੋਕ ਪੜ੍ਹੇ-ਲਿਖੇ ਹੋਣ, ਸਮਰੱਥਾਵਾਨ ਹੋਣ, ਹੁਨਰਮੰਦ ਹੋਣ ਅਤੇ ਆਪਣੀ ਇੱਛਾ ਅਤੇ ਲੋੜਾਂ ਦੀ ਪੂਰਤੀ ਲਈ, ਢੁਕਵਾਂ ਮਾਹੌਲ ਪ੍ਰਾਪਤ ਕਰਨ ਦੇ ਸਰੋਤ ਉਪਲਬਧ ਹੋਣ, ਤਾਂ ਮੈਂ ਸੋਚਦਾ ਹਾਂ ਕਿ ਦੇਸ਼ ਇਨ੍ਹਾਂ ਗੱਲਾਂ ਨੂੰ ਪੂਰਾ ਕਰ ਸਕਦਾ ਹੈ।
ਮੇਰੇ ਪਿਆਸੇ ਦੇਸ਼ ਵਾਸੀਓ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਹੋ ਕਿ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਨੇ ਸਾਡੇ ਦੇਸ਼ ਨੂੰ ਕਲਪਨਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ ਅਤੇ ਸਾਡੀ ਜ਼ਿੰਦਗੀ ਨੂੰ ਇੱਕ ਦੀਮਕ ਵਾਂਗ ਲੱਗ ਚੁੱਕਾ ਹੈ। ਉਸ ਨੂੰ ਬਾਹਰ ਕੱਢਣ ਲਈ ਅਸੀਂ ਲਗਾਤਾਰ ਕੋਸ਼ਿਸਾਂ ਕਰ ਰਹੇ ਹਾਂ। ਕਾਮਯਾਬੀ ਵੀ ਮਿਲੀ ਹੈ ਪਰ ਬਿਮਾਰੀ ਇੰਨੀ ਡੂੰਘੀ ਹੈ, ਬਿਮਾਰੀ ਇੰਨੀ ਫੈਲ ਗਈ ਹੈ ਕਿ ਸਾਨੂੰ ਹੋਰ ਉਪਰਾਲੇ ਕਰਨੇ ਪੈਣਗੇ ਅਤੇ ਉਹ ਵੀ ਨਾ ਸਿਰਫ਼ ਸਰਕਾਰੀ ਪੱਧਰ 'ਤੇ ਸਗੋਂ ਹਰ ਪੱਧਰ 'ਤੇ ਸਾਨੂੰ ਇਹ ਲਗਾਤਾਰ ਕਰਦੇ ਰਹਿਣਾ ਪਵੇਗਾ। ਇੱਕ ਵਾਰੀ ਹੀ ਸਾਰਾ ਕੰਮ ਨਹੀਂ ਹੁੰਦਾ, ਭੈੜੀਆਂ ਆਦਤਾਂ - ਭਿਆਨਕ ਬਿਮਾਰੀ ਵਾਂਗ ਹੁੰਦੀਆਂ ਹਨ, ਕਦੇ ਉਹ ਠੀਕ ਹੋ ਜਾਂਦੀਆਂ ਹਨ, ਪਰ ਜਦੋਂ ਉਨ੍ਹਾਂ ਨੂੰ ਫਿਰ ਮੌਕਾ ਮਿਲਦਾ ਹੈ ਤਾਂ ਬਿਮਾਰੀ ਫਿਰ ਆ ਜਾਂਦੀ ਹੈ। ਇਸੇ ਤਰ੍ਹਾਂ ਹੀ ਇਹ ਇੱਕ ਬਿਮਾਰੀ ਹੈ, ਜਿਸ ਨੂੰ ਅਸੀਂ ਲਗਾਤਾਰ ਤਕਨਾਲੋਜੀ ਦੀ ਵਰਤੋਂ ਕਰਕੇ ਇਸ ਨੂੰ ਖ਼ਤਮ ਕਰਨ ਦੀ ਦਿਸ਼ਾ ਵੱਲ ਕਈ ਕਦਮ ਚੁੱਕੇ ਹਨ। ਹਰੇਕ ਪੱਧਰ ਤੇ ਇਮਾਨਦਾਰੀ ਅਤੇ ਪਾਰਦਰਸ਼ਿਤਾ ਨੂੰ ਬਲ ਮਿਲੇ, ਇਸ ਦੇ ਲਈ ਵੀ ਹਰ ਸੰਭਵ ਹੀਲੇ ਕੀਤੇ ਗਏ ਹਨ।
ਤੁਸੀਂ ਪਿਛਲੇ ਪੰਜ ਸਾਲਾਂ ਵਿੱਚ ਤਾਂ ਦੇਖਿਆ ਹੀ ਹੋਵੇਗਾ, ਇਸ ਵਾਰ ਵੀ ਆਉਂਦਿਆਂ ਹੀ ਸਰਕਾਰ ਵਿੱਚ ਬੈਠੇ ਚੰਗੇ-ਚੰਗੇ ਲੋਕਾਂ ਦੀ ਛੁੱਟੀ ਕਰ ਦਿੱਤੀ ਗਈ ਹੈ। ਸਾਡੀ ਇਸ ਮੁਹਿੰਮ ਵਿੱਚ ਜੋ ਵੀ ਰੁਕਾਵਟ ਖੜ੍ਹੀ ਕਰਦੇ ਸਨ, ਉਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਕੋਈ ਕਾਰੋਬਾਰ ਕਰ ਲਵੋ, ਹੁਣ ਦੇਸ਼ ਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ ਨਹੀਂ ਹੈ।
ਮੇਰਾ ਸਪੱਸ਼ਟ ਤੌਰ ਤੇ ਮੰਨਣਾ ਹੈ ਕਿ ਵਿਵਸਥਾਵਾਂ ਵਿਚ ਤਬਦੀਲੀ ਹੋਣੀ ਚਾਹੀਦੀ ਹੈ, ਪਰ ਉਸ ਦੇ ਨਾਲ-ਨਾਲ ਸਮਾਜਿਕ ਜੀਵਨ ਵਿੱਚ ਵੀ ਤਬਦੀਲੀ ਹੋਣੀ ਚਾਹੀਦੀ ਹੈ। ਸਮਾਜਿਕ ਜੀਵਨ ਵਿੱਚ ਤਬਦੀਲੀ ਹੋਣ ਦੇ ਨਾਲ-ਨਾਲ ਪ੍ਰਬੰਧਾਂ ਨੂੰ ਚਲਾਉਣ ਵਾਲੇ ਲੋਕਾਂ ਦੇ ਦਿਲੋ-ਦਿਮਾਗ ਵਿੱਚ ਵੀ ਤਬਦੀਲੀ ਹੋਣੀ ਬਹੁਤ ਹੀ ਜ਼ਰੂਰੀ ਹੈ। ਤਦ ਹੀ ਅਸੀਂ ਲੋੜੀਂਦੇ ਨਤੀਜੇ ਪ੍ਰਾਪਤ ਕਰ ਸਕਦੇ ਹਾਂ।
ਭਰਾਵੋ ਤੇ ਭੈਣੋ, ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਦੇਸ਼ ਮਜ਼ਬੂਤ ਹੋ ਗਿਆ ਹੈ। ਅਸੀਂ ਆਜ਼ਾਦੀ ਦੇ 75 ਸਾਲ ਮਨਾਉਣ ਜਾ ਰਹੇ ਹਾਂ। ਜਦੋਂ ਮੈਂ ਆਪਣੇ ਅਧਿਕਾਰੀਆਂ ਨਾਲ ਬੈਠਦਾ ਹਾਂ, ਮੈਂ ਇਕ ਗੱਲ ਕਦਦਾ ਹਾਂ, ਮੈਂ ਜਨਤਕ ਤੌਰ ਤੇ ਇਹ ਨਹੀਂ ਬੋਲਦਾ ਸੀ ਪਰ ਅੱਜ ਬੋਲਣਾ ਚਾਹੁੰਦਾ ਹਾਂ। ਮੈਂ ਆਪਣੇ ਅਧਿਕਾਰੀਆਂ ਨੂੰ ਬਾਰ-ਬਾਰ ਕਹਿੰਦਾ ਹਾਂ ਕਿ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ, ਸਰਕਾਰਾਂ ਦੀ ਜੋ ਦਖ਼ਲਅੰਦਾਜ਼ੀ ਹੈ, ਕੀ ਅਸੀਂ ਇਸ ਦਖ਼ਲ ਨੂੰ ਘੱਟ ਨਹੀਂ ਕਰ ਸਕਦੇ ? ਮੇਰੇ ਲਈ ਸੁਤੰਤਰ ਭਾਰਤ ਦਾ ਅਰਥ ਇਹ ਹੈ ਕਿ ਹੌਲੀ-ਹੌਲੀ ਸਰਕਾਰਾਂ ਲੋਕਾਂ ਦੀ ਜ਼ਿੰਦਗੀ ਤੋਂ ਬਾਹਰ ਆਉਣ, ਆਪਣੇ ਜੀਵਨ ਦੇ ਫੈਸਲੇ ਲੈਣ ਲਈ ਲੋਕ ਅੱਗੇ ਵਧਣ, ਉਨ੍ਹਾਂ ਲਈ ਸਾਰੇ ਰਸਤੇ ਖੁੱਲ੍ਹੇ ਰਹਿਣੇ ਚਾਹੀਦੇ ਹਨ, ਇਸ ਦਿਸ਼ਾ ਵਿੱਚ ਸਾਨੂੰ ਅੱਗੇ ਵੱਧਣਾ ਪਵੇਗਾ।
ਅਸੀਂ ਬਹੁਤ ਸਾਰੇ ਗੈਰ-ਲੋੜੀਂਦੇ ਕਾਨੂੰਨ ਖ਼ਤਮ ਕਰ ਦਿੱਤੇ ਹਨ। ਪਿਛਲੇ 5 ਸਾਲਾਂ ਵਿੱਚ ਇੱਕ ਤਰ੍ਹਾਂ ਨਾਲ, ਮੈਂ ਹਰ ਦਿਨ ਇੱਕ ਗੈਰ-ਜ਼ਰੂਰੀ ਕਾਨੂੰਨ ਨੂੰ ਖ਼ਤਮ ਕਰ ਦਿੱਤਾ। ਸ਼ਾਇਦ ਇਹ ਗੱਲ ਦੇਸ਼ ਦੇ ਲੋਕਾਂ ਤੱਕ ਨਾ ਪਹੁੰਚੀ ਹੋਵੇ। ਲਗਭਗ 1450 ਕਾਨੂੰਨ ਖ਼ਤਮ ਕੀਤੇ ਹਨ ਤਾਂ ਕਿ ਆਮ ਲੋਕਾਂ ਦੇ ਜੀਵਨ ਤੋਂ ਭਾਰ ਘੱਟ ਹੋ ਸਕੇ। ਹਾਲੇ ਸਰਕਾਰ ਨੂੰ 10 ਹਫ਼ਤੇ ਹੋਏ ਹਨ, ਇਨ੍ਹਾਂ 10 ਹਫ਼ਤਿਆਂ ਵਿੱਚ ਹੀ 60 ਅਜਿਹੇ ਕਾਨੂੰਨ ਖ਼ਤਮ ਕਰ ਦਿੱਤੇ ਗਏ ਹਨ।
‘ਈਜ਼ ਆਫ ਲਿਵਿੰਗ’ ਇਹ ਸੁਤੰਤਰ ਭਾਰਤ ਦੀ ਜ਼ਰੂਰਤ ਹੈ ਅਤੇ ਇਸ ਲਈ ਅਸੀਂ ਇਸ ‘ਤੇ ਬਲ ਦੇਣਾ ਚਾਹੁੰਦੇ ਹਾਂ। ਅੱਜ ‘ਈਜ਼ ਆਫ ਡੂਈਂਗ ਬਿਜ਼ਨਸ’ ਵਿੱਚ ਅਸੀਂ ਕਾਫੀ ਤਰੱਕੀ ਕਰ ਰਹੇ ਹਾਂ। ਪਹਿਲੇ 50 ਸਥਾਨਾਂ ਤੱਕ ਪਹੁੰਚਣ ਦਾ ਸੁਪਨਾ ਹੈ। ਇਸ ਦੇ ਲਈ ਬਹੁਤ ਸਾਰੇ ਸੁਧਾਰਾਂ ਦੀ ਜ਼ਰੂਰਤ ਹੈ। ਕੋਈ ਵਿਅਕਤੀ ਛੋਟਾ ਉਦਯੋਗ ਲਾਉਣਾ ਚਾਹੁੰਦਾ ਹੈ ਤਾਂ ਇਥੇ ਫਾਰਮ ਭਰੋ, ਉਥੇ ਫਾਰਮ ਭਰੋ, ਇਥੇ ਜਾਓ ਅਤੇ ਸੈਂਕੜੇ ਦਫ਼ਤਰਾਂ ਵਿੱਚ ਚੱਕਰ ਲਾਉਣ ਵਰਗੀਆਂ ਮੁਸੀਬਤਾਂ ਵਿੱਚ ਉਲਝਿਆ ਰਹਿੰਦਾ ਹੈ। ਅਸੀਂ ‘ਈਜ਼ ਆਫ ਡੂਈਂਗ ਬਿਜ਼ਨਸ’ ਦੇ ਕੰਮ ਵਿੱਚ ਕਾਫੀ ਕੁਝ ਕਰਨ ਵਿੱਚ ਸਫ਼ਲ ਹੋਏ ਹਾਂ। ਦੁਨੀਆ ਵਿੱਚ ਇਹ ਵਿਸ਼ਵਾਸ ਵੀ ਪੈਦਾ ਹੋਇਆ ਹੈ ਕਿ ਇੰਨਾ ਵੱਡਾ ਵਿਕਾਸਸ਼ੀਲ ਦੇਸ਼ ਇੰਨਾ ਵੱਡਾ ਸੁਪਨਾ ਦੇਖ ਸਕਦਾ ਹੈ ਅਤੇ ਇੰਨੀ ਵੱਡੀ ਛਾਲ ਮਾਰ ਸਕਦਾ ਹੈ। ‘ਈਜ਼ ਆਫ ਡੂਈਂਗ ਬਿਜ਼ਨਸ’ ਤਾਂ ਇੱਕ ਪੜਾਅ ਹੈ, ਮੇਰੀ ਮੰਜ਼ਿਲ ਤਾਂ ਹੈ ‘ਈਜ਼ ਆਫ ਲਿਵਿੰਗ’ – ਆਮ ਲੋਕਾਂ ਨੂੰ ਸਰਕਾਰੀ ਕੰਮ-ਕਾਜ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਅਸੀਂ ਇਸ ਦਿਸ਼ਾ ਵਿਚ ਕੰਮ ਕਰਨਾ ਚਾਹੁੰਦੇ ਹਾਂ।
ਮੇਰੇ ਪਿਆਰੇ ਦੇਸ਼ਵਾਸੀਆਂ, ਸਾਡਾ ਦੇਸ਼ ਨੂੰ ਅੱਗੇ ਵਧੇ, ਇਸ ਦੇ ਲਈ ਦੇਸ਼ ਹੁਣ ਲੰਬਾ ਇੰਤਜ਼ਾਰ ਨਹੀਂ ਕਰ ਸਕਦਾ, ਸਾਨੂੰ ਉੱਚੀ ਛਾਲ ਮਾਰਨੀ ਪਵੇਗੀ, ਸਾਨੂੰ ਆਪਣੀ ਸੋਚ ਵੀ ਬਦਲਣੀ ਪਵੇਗੀ। ਭਾਰਤ ਨੂੰ ਗਲੋਬਲ ਬੈਂਚਮਾਰਕ ਦੇ ਬਰਾਬਰ ਲਿਆਉਣ ਲਈ, ਸਾਨੂੰ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣਾ ਪਵੇਗਾ। ਅਸੀਂ ਫੈਸਲਾ ਕੀਤਾ ਹੈ ਕਿ 100 ਲੱਖ ਕਰੋੜ ਰੁਪਏ ਆਧੁਨਿਕ ਬੁਨਿਆਦੀ ਢਾਂਚੇ ਤੇ ਖ਼ਰਚ ਕੀਤੇ ਜਾਣਗੇ, ਜਿਸ ਨਾਲ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਚਾਹੇ ਇਹ ਸਾਗਰਮਾਲਾ ਪ੍ਰੋਜੈਕਟ ਹੋਵੇ, ਚਾਹੇ ਭਾਰਤਮਾਲਾ ਪ੍ਰੋਜੈਕਟ ਹੋਵੇ, ਚਾਹੇ ਆਧੁਨਿਕ ਰੇਲਵੇ ਸਟੇਸ਼ਨ ਬਣਾਉਣੇ ਹੋਣ, ਜਾਂ ਬੱਸ ਅੱਡੇ ਬਣਾਉਣੇ ਹੋਣ, ਜਾਂ ਹਵਾਈ ਅੱਡਿਆਂ ਦਾ ਨਿਰਮਾਣ ਕਰਨਾ ਹੋਵੇ, ਆਧੁਨਿਕ ਹਸਪਤਾਲਾਂ ਦੀ ਉਸਾਰੀ ਕਰਨੀ ਹੋਵੇ, ਚਾਹੇ ਵਿਸ਼ਵ ਪੱਧਰ ਦੇ ਵਿਦਿਅਕ ਅਦਾਰਿਆਂ ਦਾ ਨਿਰਮਾਣ ਕਰਨਾ ਹੋਵੇ, ਬੁਨਿਆਦੀ ਢਾਂਚੇ ਦੀ ਦ੍ਰਿਸ਼ਟੀ ਤੋਂ ਅਸੀਂ ਇਨ੍ਹਾੰ ਸਾਰੀਆਂ ਚੀਜ਼ਾਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ।
ਇੱਕ ਸਮਾਂ ਸੀ ਕਿ ਜੇਕਰ ਕਾਗਜ਼ 'ਤੇ ਸਿਰਫ ਇਹ ਫੈਸਲਾ ਹੋ ਜਾਵੇ ਕਿ ਫਲਾਣੇ ਖੇਤਰ ਵਿੱਚ ਇੱਕ ਰੇਲਵੇ ਸਟੇਸ਼ਨ ਬਣਾਇਆ ਜਾ ਰਿਹਾ ਹੈ, ਤਾਂ ਮਹੀਨਿਆਂ ਅਤੇ ਸਾਲਾਂ ਤੱਕ ਇੱਕ ਸਕਾਰਾਤਮਕ ਗੂੰਜ ਬਣੀ ਰਹਿੰਦੀ ਸੀ ਕਿ ਚਲੋ ਸਾਡੇ ਨੇੜੇ ਨਵਾਂ ਰੇਲਵੇ ਸਟੇਸ਼ਨ ਬਣ ਰਿਹਾ ਹੈ। ਅੱਜ ਸਮਾਂ ਬਦਲ ਗਿਆ ਹੈ। ਅੱਜ ਆਮ ਨਾਗਰਿਕ ਰੇਲਵੇ ਸਟੇਸ਼ਨ ਮਿਲਣ ਤੋਂ ਸੰਤੁਸ਼ਟ ਨਹੀਂ ਹੈ, ਉਹ ਤੁਰੰਤ ਪੁੱਛਦਾ ਹੈ, ਵੰਦੇ ਭਾਰਤ ਐਕਸਪ੍ਰੈਸ ਸਾਡੇ ਇਲਾਕੇ ਵਿੱਚ ਕਦੋਂ ਪਹੁੰਚੇਗੀ ? ਉਸ ਦੀ ਸੋਚ ਬਦਲ ਗਈ ਹੈ। ਜੇ ਅਸੀਂ ਇੱਕ ਬਹੁਤ ਚੰਗਾ ਬੱਸ ਅੱਡਾ ਬਣਾਉਂਦੇ ਹਾਂ, ਇੱਕ ਫਾਈਵ ਸਟਾਰ ਰੇਲਵੇ ਸਟੇਸ਼ਨ ਬਣਾਉਂਦੇ ਹਾਂ ਤਾਂ ਉੱਥੋਂ ਦਾ ਨਾਗਰਿਕ ਇਹ ਨਹੀਂ ਕਹਿੰਦਾ ਕਿ ਸਾਹਬ, ਅੱਜ ਵਧੀਆ ਕੰਮ ਕੀਤਾ ਹੈ। ਉਹ ਤੁਰੰਤ ਕਹਿੰਦਾ ਹੈ - ਏਅਰਪੋਰਟ ਕਦੋਂ ਆਵੇਗਾ ? ਯਾਨੀ ਹੁਣ ਉਸ ਦੀ ਸੋਚ ਬਦਲ ਗਈ ਹੈ।
ਪਹਿਲਾਂ ਕਿਸੇ ਵੀ ਨਾਗਰਿਕ ਨੂੰ ਮਿਲੋ ਤਾਂ ਉਹ ਕਹਿੰਦਾ ਸੀ - ਸਾਹਬ, ਪੱਕੀ ਸੜਕ ਕਦੋਂ ਬਣੇਗੀ ? ਜੇ ਕੋਈ ਅੱਜ ਮਿਲਦਾ ਹੈ ਤਾਂ ਤੁਰੰਤ ਕਹਿੰਦਾ ਹੈ - ਸਾਹਬ, 4 ਲੇਨ ਵਾਲਾ ਰੋਡ ਬਣੇਗਾ ਕਿ 6 ਲੇਨ ਵਾਲਾ ? ਮੇਰਾ ਮੰਨਣਾ ਹੈ ਕਿ ਭਾਰਤ ਦੇ ਲਈ ਇਹ ਬਹੁਤ ਵੱਡੀ ਗੱਲ ਹੈ।
ਪਹਿਲਾਂ ਪਿੰਡ ਦੇ ਬਾਹਰ ਬਿਜਲੀ ਦਾ ਖੰਭਾ ਇਵੇਂ ਹੀ ਲਿਆ ਕੇ ਸੁੱਟ ਦਿੱਤਾ ਜਾਵੇ ਤਾਂ ਲੋਕ ਕਹਿੰਦੇ ਸਨ ਕਿ ਚਲੋ ਭਰਾਵੋ ਬਿਜਲੀ ਤਾਂ ਆਈ, ਹਾਲੇ ਖੰਭਾ ਥੱਲੇ ਪਿਆ ਹੋਇਆ ਹੈ, ਗੱਡਿਆ ਵੀ ਨਹੀਂ ਹੈ। ਅੱਜ ਬਿਜਲੀ ਦੀਆਂ ਤਾਰਾਂ ਵੀ ਲੱਗ ਜਾਣ, ਘਰ ਵਿੱਚ ਮੀਟਰ ਵੀ ਲੱਗ ਜਾਵੇ ਤਾਂ ਉਹ ਪੁੱਛਦੇ ਹਨ- ਸਾਹਬ, 24 ਘੰਟੇ ਬਿਜਲੀ ਕਦੋਂ ਆਵੇਗੀ ? ਹੁਣ ਉਹ ਖੰਭਿਆਂ, ਤਾਰਾਂ ਅਤੇ ਮੀਟਰਾਂ ਤੋਂ ਸੰਤੁਸ਼ਟ ਨਹੀਂ ਹਨ।
ਪਹਿਲਾਂ ਜਦੋਂ ਮੋਬਾਈਲ ਆਇਆ ਤਾਂ ਉਨ੍ਹਾਂ ਨੂੰ ਲੱਗਦਾ ਸੀ ਕਿ ਮੋਬਾਈਲ ਫੋਨ ਆ ਗਿਆ ਹੈ। ਉਸ ਨੂੰ ਸੰਤੁਸ਼ਟੀ ਮਹਿਸੂਸ ਹੁੰਦੀ ਸੀ। ਪਰ ਅੱਜ ਉਹ ਤੁਰੰਤ ਇਸ ਬਾਰੇ ਚਰਚਾ ਕਰਨ ਲੱਗਦਾ ਹੈ ਕਿ ਡਾਟਾ ਦੀ ਸਪੀਡ ਕਿੰਨੀ ਹੈ ?
ਇਸ ਬਦਲਦੇ ਹੋਏ ਮਿਜਾਜ਼ ਨੂੰ, ਬਦਲਦੇ ਹੋਏ ਵਕਤ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈ ਅਤੇ ਇਸੇ ਤਰ੍ਹਾਂ ਗਲੋਬਲ ਬੈਂਚਮਾਰਕ ਦੇ ਨਾਲ ਸਾਨੂੰ ਆਪਣੇ ਦੇਸ਼ ਨੂੰ ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ ਕਲੀਨ ਐਨਰਜੀ, ਗੈਸ ਬੇਸਡ ਇਕੋਨੋਮੀ, ਗੈਸ ਗਰਿਡ ਅਤੇ ਈ-ਮੋਬੀਲਿਟੀ ਵਰਗੇ ਅਨੇਕਾਂ ਖੇਤਰਾਂ ਵਿੱਚ ਅਸੀਂ ਅੱਗੇ ਵਧਣਾ ਹੈ।
ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਦੇਸ਼ ਦੀਆਂ ਸਰਕਾਰਾਂ ਦੀ ਪਛਾਣ ਆਮ ਤੌਰ ਤੇ ਇਹ ਹੁੰਦੀ ਸੀ ਕਿ ਸਰਕਾਰ ਨੇ ਫਲਾਣੇ ਇਲਾਕੇ ਲਈ ਕੀ ਕੀਤਾ,ਫਲਾਣੇ ਵਰਗ ਲਈ ਕੀ ਕੀਤਾ ? ਆਮ ਤੌਰ 'ਤੇ ਕੀ ਦਿੱਤਾ, ਕਿੰਨਾ ਦਿੱਤਾ, ਕਿਸ ਨੂੰ ਦਿੱਤਾ, ਕਿਸ ਨੂੰ ਮਿਲਿਆ, ਸਰਕਾਰ ਅਤੇ ਜਨਤਾ ਇਸ ਦੇ ਦੁਆਲੇ ਹੀ ਘੁੰਮਦੀ ਰਹੀ। ਪਰ ਹੁਣ ਕਿਸ ਨੂੰ ਕੀ ਮਿਲਿਆ, ਕਦੋਂ ਮਿਲਿਆ ਦੇ ਰਹਿੰਦੇ ਹੋਇਆਂ ਵੀ ਅਸੀਂ ਸਾਰੇ ਮਿਲ ਕੇ ਦੇਸ਼ ਨੂੰ ਕਿੱਥੇ ਲੈ ਜਾਵਾਂਗੇ, ਅਸੀਂ ਸਾਰੇ ਮਿਲ ਕੇ ਦੇਸ਼ ਦੇ ਲਈ ਕੀ ਹਾਸਿਲ ਕਰਾਂਗੇ, ਇਨ੍ਹਾਂ ਸੁਪਨਿਆਂ ਨੂੰ ਲੈ ਕੇ ਜਿਊਣਾ, ਜੂਝਣਾ ਅਤੇ ਤੁਰਨਾ ਇਹ ਸਮੇਂ ਦੀ ਮੰਗ ਹੈ। ਇਸੇ ਲਈ ਅਸੀਂ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਦਾ ਸੁਪਨਾ ਦੇਖਿਆ ਹੈ। ਜੇ 130 ਕਰੋੜ ਦੇਸ਼ ਵਾਸੀ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਚੱਲ ਪੈਣ ਤਾਂ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਵੀ ਸੱਚ ਹੋ ਸਕਦੀ ਹੈ। ਆਜ਼ਾਦੀ ਦੇ 70 ਸਾਲ ਬਾਅਦ ਅਸੀਂ ਦੋ ਟ੍ਰਿਲੀਅਨ ਡਾਲਰ ਦੀ ਆਰਥਿਕਤਾ ਤੇ ਪਹੁੰਚ ਗਏ ਸੀ। ਪਰ 2014 ਤੋਂ 2019 ਦੇ ਪੰਜ ਸਾਲਾਂ ਦਰਮਿਆਨ ਅਸੀਂ ਦੋ ਟ੍ਰਿਲੀਅਨ ਤੋਂ ਤਿੰਨ ਟ੍ਰਿਲੀਅਨ ਤੱਕ ਪੁੱਜ ਗਏ ਹਾਂ। ਜੇ ਪੰਜ ਸਾਲਾਂ ਵਿੱਚ ਅਸੀਂ ਇੰਨੀ ਵੱਡੀ ਛਾਲ ਮਾਰੀ ਹੈ, ਤਾਂ ਆਉਣ ਵਾਲੇ ਪੰਜ ਸਾਲਾਂ ਵਿਚ ਅਸੀਂ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਵੀ ਬਣ ਸਕਦੇ ਹਾਂ ਅਤੇ ਇਹ ਸੁਪਨਾ ਹਰ ਹਿੰਦੁਸਤਾਨੀ ਦਾ ਹੋਣਾ ਚਾਹੀਦਾ ਹੈ।
ਜਦੋਂ ਅਸੀਂ ਸੁਪਨਾ ਦੇਖਦੇ ਹਾਂ ਕਿ ਦੇਸ਼ ਦੇ ਕਿਸਾਨ ਦੀ ਆਮਦਨੀ ਦੁੱਗਣੀ ਹੋਣੀ ਚਾਹੀਦੀ ਹੈ, ਜਦੋਂ ਅਸੀਂ ਸੁਪਨਾ ਦੇਖਦੇ ਹਾਂ ਕਿ ਆਜ਼ਾਦੀ ਦੇ 75 ਸਾਲਾਂ ਵਿੱਚ, ਹਿੰਦੁਸਤਾਨ ਵਿੱਚ ਕੋਈ ਪਰਿਵਾਰ, ਗਰੀਬ ਤੋਂ ਗਰੀਬ ਵੀ, ਉਸ ਦਾ ਇਕ ਪੱਕਾ ਘਰ ਹੋਣਾ ਚਾਹੀਦਾ ਹੈ। ਜਦੋਂ ਅਸੀਂ ਸੁਪਨਾ ਦੇਖਦੇ ਹਾਂ ਕਿ ਆਜ਼ਾਦੀ ਦੇ 75 ਸਾਲ ਹੋਣ ਤਾਂ ਦੇਸ਼ ਦੇ ਹਰ ਪਰਿਵਾਰ ਕੋਲ ਬਿਜਲੀ ਹੋਣੀ ਚਾਹੀਦੀ ਹੈ, ਜਦੋਂ ਅਸੀਂ ਸੁਪਨਾ ਲੈਂਦੇ ਹਾਂ ਕਿ ਆਜ਼ਾਦੀ ਦੇ 75 ਸਾਲ ਹੋਣ ਤਾਂ ਹਿੰਦੁਸਤਾਨ ਦੇ ਹਰ ਪਿੰਡ ਵਿੱਚ ਆਪਟੀਕਲ ਫਾਈਬਰ ਨੈੱਟਵਰਕ ਹੋਵੇ, ਬ੍ਰੌਡਬੈਂਡ ਦੀ ਕਨੈਕਟੀਵਿਟੀ ਹੋਵੇ, ਲੌਂਗ ਡਿਸਟੈਂਸ ਐਜੂਕੇਸ਼ਨ ਦੀ ਸਹੂਲਤ ਹੋਵੇ।
ਅਸੀਂ ਆਪਣੇ ਮਛੇਰੇ ਭੈਣ-ਭਰਾਵਾਂ ਨੂੰ ਤਾਕਤ ਦੇਈਏ। ਸਾਡੇ ਕਿਸਾਨ ਅੰਨਦਾਤਾ ਹਨ, ਊਰਜਾਦਾਤਾ ਬਣਨ। ਸਾਡੇ ਕਿਸਾਨ ਵੀ ਐਕਸਪੋਰਟਰ ਬਣਨ। ਦੁਨੀਆਂ ਦੇ ਅੰਦਰ ਸਾਡੇ ਕਿਸਾਨਾਂ ਦੁਆਰਾ ਤਿਆਰ ਕੀਤੀਆਂ ਚੀਜ਼ਾਂ ਤੋਂ ਡੰਕਾ ਵੱਜੇ। ਇਹ ਸੁਪਨੇ ਲੈ ਕੇ, ਅਸੀਂ ਤੁਰਨਾ ਚਾਹੁੰਦੇ ਹਾਂ।
ਸਾਡੇ ਜ਼ਿਲ੍ਹਿਆਂ ਵਿੱਚ ਦੁਨੀਆ ਦੇ ਛੋਟੇ-ਛੋਟੇ ਦੇਸ਼ਾਂ ਜਿੰਨੀ ਤਾਕਤ ਹੈ। ਸਾਨੂੰ ਇਸ ਸਮਰੱਥਾ ਨੂੰ ਸਮਝਣਾ ਪਵੇਗਾ। ਕਿਉਂ ਨਾ ਹਰ ਜ਼ਿਲ੍ਹੇ ਲਈ ਐਕਸਪੋਰਟ ਹੱਬ ਬਣਨ ਦੀ ਦਿਸ਼ਾ ਵੱਲ ਸੋਚਿਆ ਜਾਵੇ, ਹਰ ਜ਼ਿਲ੍ਹੇ ਦੀ ਆਪਣੀ ਦਸਤਕਾਰੀ ਹੈ, ਹਰ ਜ਼ਿਲ੍ਹੇ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹਨ। ਜੇ ਕਿਸੇ ਜ਼ਿਲ੍ਹੇ ਵਿੱਚ ਇਤਰ ਦੀ ਪਹਿਚਾਣ ਹੈ, ਤਾਂ ਕੁਝ ਜ਼ਿਲ੍ਹਿਆਂ ਦੀ ਪਛਾਣ ਸਾੜ੍ਹੀਆਂ ਕਾਰਨ ਹੈ, ਕੁਝ ਜ਼ਿਲ੍ਹਿਆਂ ਦੇ ਬਰਤਨ ਮਸ਼ਹੂਰ ਹਨ, ਤਾਂ ਕੁਝ ਜ਼ਿਲ੍ਹਿਆਂ ਵਿੱਚ ਮਠਿਆਈ ਮਸ਼ਹੂਰ ਹੈ। ਇਨ੍ਹਾਂ ਚੀਜ਼ਾਂ ਨੂੰ ਲੈ ਕੇ ਜੇ ਅਸੀਂ ਨਿਰਯਾਤ ਤੇ ਜ਼ੋਰ ਦਿੰਦੇ ਹਾਂ, ਤਾਂ ਅਸੀਂ ਆਪਣੇ ਆਪ ਨੂੰ ਦੁਨੀਆ ਦੀ ਮਾਰਕੀਟ ਵਿੱਚ ਸਥਾਪਿਤ ਕਰ ਲਵਾਂਗੇ ਅਤੇ ਇਸ ਨਾਲ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ।
ਸੈਰ-ਸਪਾਟੇ ਦੇ ਲਈ ਸਾਡਾ ਦੇਸ਼ ਦੁਨੀਆ ਦੇ ਅਜੂਬਾ ਹੋ ਸਕਦਾ ਹੈ, ਪਰ ਕੁਝ ਕਾਰਨਾਂ ਕਰਕੇ ਇਸ ਸੰਬੰਧੀ ਅਸੀਂ ਤੇਜ਼ੀ ਨਾਲ ਕੰਮ ਨਹੀਂ ਕਰ ਸਕੇ। ਆਓ, ਸਾਰੇ ਦੇਸ਼ ਵਾਸੀ ਇਹ ਫੈਸਲਾ ਕਰੀਏ ਕਿ ਸਾਨੂੰ ਦੇਸ਼ ਦੇ ਸੈਰ-ਸਪਾਟੇ 'ਤੇ ਜ਼ੋਰ ਦੇਣਾ ਪਵੇਗਾ। ਜਦੋਂ ਸੈਰ-ਸਪਾਟਾ ਵੱਧਦਾ ਹੈ, ਘੱਟੋ-ਘੱਟ ਪੂੰਜੀ ਨਿਵੇਸ਼ ਨਾਲ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਹੁੰਦਾ ਹੈ। ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਮਿਲਦਾ ਹੈ।
ਮੇਰੇ ਪਿਆਰੇ ਭਰਾਵੋ ਤੇ ਭੈਣੋ, ਅੱਜ ਦੇਸ਼ ਵਿੱਚ ਆਰਥਿਕ ਤਰੱਕੀ ਪ੍ਰਾਪਤ ਕਰਨ ਲਈ ਬਹੁਤ ਹੀ ਢੁਕਵਾਂ ਮਾਹੌਲ ਹੈ। ਜਦੋਂ ਸਰਕਾਰ ਸਥਿਰ ਹੁੰਦੀ ਹੈ ਤਾਂ ਦੁਨੀਆ ਦਾ ਵੀ ਭਰੋਸਾ ਕਾਇਮ ਹੋ ਜਾਂਦਾ ਹੈ। ਪੂਰੀ ਦੁਨੀਆ ਭਾਰਤ ਦੀ ਰਾਜਨੀਤਕ ਸਥਿਰਤਾ ਨੂੰ ਬਹੁਤ ਮਾਣ ਅਤੇ ਸਤਿਕਾਰ ਨਾਲ ਦੇਖ ਰਹੀ ਹੈ। ਸਾਨੂੰ ਇਸ ਮੌਕੇ ਨੂੰ ਗੁਆਉਣਾ ਨਹੀਂ ਚਾਹੀਦਾ। ਅੱਜ ਵਿਸ਼ਵ ਸਾਡੇ ਨਾਲ ਕਾਰੋਬਾਰ ਕਰਨ ਲਈ ਉਤਸੁਕ ਹੈ। ਉਹ ਸਾਡੇ ਨਾਲ ਸ਼ਾਮਿਲ ਹੋਣਾ ਚਾਹੁੰਦਾ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਮਹਿੰਗਾਈ ਨੂੰ ਨਿਯੰਤਰਿਤ ਕਰਦੇ ਹੋਇਆਂ ਅਸੀਂ ਵਿਕਾਸ ਦਰ ਨੂੰ ਵਧਾਉਣ ਦਾ ਅਹਿਮ ਬੀੜਾ ਚੁੱਕਿਆ ਹੈ। ਕਈ ਵਾਰ ਵਿਕਾਸ ਦਰ ਵੱਧ ਜਾਂਦੀ ਹੈ, ਪਰ ਮਹਿੰਗਾਈ ਕੰਟਰੋਲ ਵਿੱਚ ਨਹੀਂ ਹੁੰਦੀ। ਕਈ ਵਾਰ ਜਦੋਂ ਮਹਿੰਗਾਈ ਵੱਧਦੀ ਹੈ, ਵਿਕਾਸ ਲਈ ਕੋਈ ਜਗ੍ਹਾ ਨਹੀਂ ਹੁੰਦੀ। ਪਰ ਇਹ ਅਜਿਹੀ ਸਰਕਾਰ ਹੈ ਜਿਸ ਨੇ ਮਹਿੰਗਾਈ ਨੂੰ ਵੀ ਕਾਬੂ ਕੀਤਾ ਹੈ ਅਤੇ ਵਿਕਾਸ ਦਰ ਨੂੰ ਵੀ ਵਧਾਇਆ ਹੈ।
ਸਾਡੀ ਅਰਥ-ਵਿਵਸਥਾ ਦੇ ਅਧਾਰ ਬਹੁਤ ਮਜ਼ਬੂਤ ਹਨ। ਇਹ ਤਾਕਤ ਸਾਨੂੰ ਅੱਗੇ ਵਧਾਉਣ ਦਾ ਵਿਸ਼ਵਾਸ ਦਿੰਦੀ ਹੈ। ਇਸੇ ਤਰ੍ਹਾਂ, ਜੀ.ਐੱਸ.ਟੀ. ਵਰਗੀ ਪ੍ਰਣਾਲੀ ਦੀ ਵਿਵਸਥਾ ਕਰਕੇ ਅਸੀਂ ਆਪਣੇ ਆਪ ਵਿਚ ਇਕ ਨਵਾਂ ਵਿਸ਼ਵਾਸ ਪੈਦਾ ਕਰਨਾ ਚਾਹੁੰਦੇ ਹਾਂ। ਸਾਡੇ ਦੇਸ਼ ਵਿਚ ਉਤਪਾਦਨ ਵਧੇ, ਸਾਡੀ ਕੁਦਰਤੀ ਸੰਪਦਾ ਦੀ ਪ੍ਰੋਸੈਸਿੰਗ ਵਧੇ, ਵੈਲਿਊ ਐਡੀਸ਼ਨ ਹੋਵੇ ਤੇ ਇਨ੍ਹਾਂ ਚੀਜ਼ਾਂ ਦਾ ਨਿਰਯਾਤ ਵਧੇ। ਇਸ ਨਾਲ ਅਸੀਂ ਆਮਦਨੀ ਨੂੰ ਵੀ ਵਧਾ ਸਕਦੇ ਹਾਂ। ਸਾਡੀਆਂ ਕੰਪਨੀਆਂ, ਸਾਡੇ ਉੱਦਮੀ, ਉਹ ਵੀ ਵਿਸ਼ਵ ਮਾਰਕੀਟ ਵਿੱਚ ਜਾਣ ਦਾ ਸੁਪਨਾ ਦੇਖਦੇ ਹਨ। ਦੁਨੀਆ ਦੇ ਬਾਜ਼ਾਰ ਵਿਚ ਜਾ ਕੇ ਅਤੇ ਭਾਰਤ ਦੇ ਰੁਤਬੇ ਨੂੰ ਕਾਇਮ ਕਰੋ। ਸਾਡੇ ਨਿਵੇਸ਼ਕ ਵਧੇਰੇ ਕਮਾਈ ਕਰਨ, ਸਾਡੇ ਨਿਵੇਸ਼ਕ ਵਧੇਰੇ ਨਿਵੇਸ਼ ਕਰਨ, ਸਾਡੇ ਨਿਵੇਸ਼ਕ ਵਧੇਰੇ ਰੁਜ਼ਗਾਰ ਪੈਦਾ ਕਰਨ - ਅਸੀਂ ਇਸ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।
ਸਾਡੇ ਦੇਸ਼ ਵਿੱਚ ਕੁਝ ਅਜਿਹੀਆਂ ਗ਼ਲਤ ਧਾਰਨਾਵਾਂ ਬਣ ਗਈਆਂ ਹਨ ਕਿ ਸਾਨੂੰ ਉਨ੍ਹਾਂ ਧਾਰਨਾਵਾਂ ਵਿੱਚੋਂ ਬਾਹਰ ਨਿਕਲਣਾ ਹੋਵੇਗਾ। ਵੈਲਥ ਕ੍ਰਿਏਸ਼ਨ ਨੂੰ ਸਾਡੇ ਦੇਸ਼ ਵਿੱਚ ਸ਼ੱਕ ਭਰੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਜਦਕਿ ਵੈਲਥ ਕ੍ਰਿਏਸ਼ਨ ਦਾ ਕਿਸੇ ਦੇਸ਼ ਦੇ ਵਿਕਾਸ ਵਿੱਚ ਆਪਣਾ ਮਹੱਤਵ ਹੈ। ਸਾਨੂੰ ਇਸ ਪ੍ਰਤੀ ਸਨਮਾਨ ਦੀ ਨਜ਼ਰ ਨਾਲ ਦੇਖਣਾ ਪਵੇਗਾ ਜੋ ਕਿ ਉਨ੍ਹਾਂ ਦੇ ਇਸ ਕਦਮ ਨੂੰ ਨਵੀਂ ਤਾਕਤ ਦੇਵੇਗਾ।
ਮੇਰੇ ਪਿਆਰੇ ਦੇਸ਼ ਵਾਸੀਓ, ਅੱਜ ਸ਼ਾਂਤੀ ਅਤੇ ਸੁਰੱਖਿਆ ਵਿਕਾਸ ਦੇ ਜ਼ਰੂਰੀ ਪਹਿਲੂ ਹਨ। ਪੂਰੀ ਦੁਨੀਆ ਅੱਜ ਅਸੁਰੱਖਿਆ ਨਾਲ ਘਿਰੀ ਹੋਈ ਹੈ। ਦੁਨੀਆਂ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ, ਕਿਸੇ ਨਾ ਕਿਸੇ ਰੂਪ ਵਿੱਚ ਮੌਤ ਦਾ ਸਾਇਆ ਮੰਡਰਾ ਰਿਹਾ ਹੈ। ਵਿਸ਼ਵ ਸ਼ਾਂਤੀ ਦੇ ਲਈ ਭਾਰਤ ਨੂੰ ਆਪਣੀ ਭੂਮਿਕਾ ਨਿਭਾਉਣੀ ਪਵੇਗੀ। ਭਾਰਤ ਅੱਤਵਾਦੀਆਂ ਖਿਲਾਫ਼ ਜ਼ੋਰਦਾਰ ਲੜਾਈ ਲੜ ਰਿਹਾ ਹੈ। ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਅੱਤਵਾਦੀ ਘਟਨਾ ਮਨੁੱਖਤਾ ਦੇ ਖਿਲਾਫ਼ ਛੇੜੀ ਜੰਗ ਹੈ। ਇਸ ਲਈ ਸਾਡੀ ਅਪੀਲ ਹੈ ਕਿ ਵਿਸ਼ਵ ਦੀਆਂ ਮਨੁੱਖਤਾਵਾਦੀ ਤਾਕਤਾਂ ਇਕਜੁੱਟ ਹੋਣ ਤੇ ਅੱਤਵਾਦ ਨੂੰ ਪਨਾਹ ਦੇਣ ਵਾਲੀਆਂ ਤਾਕਤਾਂ ਦੇ ਅਸਲੀ ਰੂਪ ਨੂੰ ਦੁਨੀਆ ਦੇ ਸਾਹਮਣੇ ਰੱਖ ਕੇ ਅੱਤਵਾਦ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਕੁਝ ਲੋਕਾਂ ਨੇ ਸਿਰਫ਼ ਭਾਰਤ ਨੂੰ ਹੀ ਨਹੀਂ ਸਗੋਂ ਸਾਡੇ ਗੁਆਂਢੀ ਦੇਸ਼ਾਂ ਨੂੰ ਵੀ ਅੱਤਵਾਦ ਨਾਲ ਤਬਾਹ ਕੀਤੀ ਹੋਇਆ ਹੈ। ਬੰਗਲਾਦੇਸ਼ ਵੀ ਅੱਤਵਾਦ ਨਾਲ ਲੜ ਰਿਹਾ ਹੈ, ਅਫ਼ਗਾਨਿਸਤਾਨ ਵੀ ਅੱਤਵਾਦ ਨਾਲ ਜੂਝ ਰਿਹਾ ਹੈ। ਸ਼੍ਰੀਲੰਕਾ ਦੇ ਅੰਦਰ ਚਰਚ ਵਿੱਚ ਬੈਠੇ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਕਿੰਨੀਆਂ ਦੁਖਦਾਈ ਗੱਲਾਂ ਹਨ ਅਤੇ ਇਸ ਲਈ ਜਦੋਂ ਅਸੀਂ ਅੱਤਵਾਦ ਵਿਰੁੱਧ ਲੜਦੇ ਹਾਂ, ਅਸੀਂ ਇਸ ਪੂਰੇ ਖਿੱਤੇ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਆਪਣੀ ਭੂਮਿਕਾ ਨਿਭਾਉਣ ਲਈ ਵੀ ਸਰਗਰਮੀ ਨਾਲ ਕੰਮ ਕਰ ਰਹੇ ਹਾਂ।
ਸਾਡਾ ਗੁਆਂਢੀ, ਸਾਡਾ ਇੱਕ ਚੰਗਾ ਮਿੱਤਰ ਅਫ਼ਗਾਨਿਸਤਾਨ ਚਾਰ ਦਿਨਾਂ ਬਾਅਦ ਆਪਣੀ ਆਜ਼ਾਦੀ ਦਾ ਜਸ਼ਨ ਮਨਾਏਗਾ ਅਤੇ ਇਹ ਉਸ ਦੀ ਆਜ਼ਾਦੀ ਦਾ 100ਵਾਂ ਸਾਲ ਹੈ। ਮੈਂ ਅੱਜ ਲਾਲ ਕਿਲ੍ਹੇ ਤੋਂ ਅਫ਼ਗਾਨਿਸਤਾਨ ਦੇ ਮੇਰੇ ਦੋਸਤਾਂ ਨੂੰ, ਜੋ ਚਾਰ ਦਿਨਾਂ ਬਾਅਦ 100ਵਾਂ ਆਜ਼ਾਦੀ ਦਿਹਾੜਾ ਮਨਾਉਣ ਜਾ ਰਹੇ ਹਨ, ਬਹੁਤ ਸਾਰੀਆਂ ਸ਼ੁੱਭ-ਕਾਮਨਾਵਾਂ ਦਿੰਦਾ ਹੈ।
ਅੱਤਵਾਦ ਅਤੇ ਹਿੰਸਾ ਦਾ ਮਾਹੋਲ ਬਣਾਉਣ ਵਾਲਿਆਂ ਨੂੰ, ਉਨ੍ਹਾਂ ਨੂੰ ਫੈਲਾਉਣ ਵਾਲਿਆਂ ਨੂੰ, ਡਰ ਦਾ ਮਾਹੌਲ ਪੈਦਾ ਕਰਨ ਵਾਲਿਆਂ ਨੂੰ ਮਟੀਆਮੇਟ ਕਰਨ ਨੂੰ ਲੈ ਕੇ ਸਾਡੀ ਸਰਕਾਰ ਦੀ ਨੀਤੀ ਬਹੁਤ ਹੀ ਸਪੱਸ਼ਟ ਹੈ। ਸਾਨੂੰ ਕੋਈ ਝਿਜਕ ਨਹੀਂ ਹੈ। ਸਾਡੇ ਸੈਨਿਕਾਂ ਨੇ, ਸਾਡੇ ਸੁਰੱਖਿਆ ਬਲਾਂ,ਸੁਰੱਖਿਆ ਏਜੰਸੀਆਂ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਇਨ੍ਹਾਂ ਨੇ ਸਾਡੇ ਭਵਿੱਖ ਨੂੰ ਬਚਾਉਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ। ਮੈਂ ਉਨ੍ਹਾਂ ਸਾਰਿਆਂ ਨੂੰ ਸਲਾਮ ਕਰਦਾ ਹਾਂ ਪਰ ਸਮੇਂ ਦੇ ਨਾਲ ਸੁਧਾਰ ਦੀ ਵੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ।
ਤੁਸੀਂ ਦੇਖਿਆ ਹੋਵੇਗਾ ਕਿ ਸਾਡੇ ਦੇਸ਼ ਵਿੱਚ ਫੌਜੀ ਵਿਵਸਥਾ ਵਿੱਚ ਸੁਧਾਰ ਲਿਆਉਣ ਦੀ ਲੰਮੇ ਸਮੇਂ ਤੋਂ ਚਰਚਾ ਕੀਤੀ ਜਾ ਰਹੀ ਹੈ। ਕਈ ਸਰਕਾਰਾਂ ਨੇ ਇਸ ਬਾਰੇ ਵਿਚਾਰ-ਵਟਾਂਦਰੇ ਕੀਤੇ ਹਨ। ਬਹੁਤ ਸਾਰੇ ਕਮਿਸ਼ਨ ਬਣੇ ਹਨ, ਬਹੁਤ ਸਾਰੀਆਂ ਰਿਪੋਰਟਾਂ ਆਈਆਂ ਹਨ ਅਤੇ ਸਾਰੀਆਂ ਰਿਪੋਰਟਾਂ ਲਗਭਗ ਇਕੋ ਜਿਹੀ ਸਵੀਕਾਰਤਾ ਨੂੰ ਉਜਾਗਰ ਕਰ ਰਹੀਆਂ ਹਨ। ਸਾਡੀਆਂ ਤਿੰਨੇ ਫੌਜਾਂ - ਜਲ, ਥਲ ਤੇ ਹਵਾਈ ਸੈਨਾ ਵਿਚਕਾਰ ਬਹੁਤ ਵਧੀਆ ਤਾਲਮੇਲ ਹੈ, ਜਿਸ ਦੇ ਸਾਨੂੰ ਮਾਣ ਹੈ। ਪਰ ਅੱਜ ਜਿਵੇਂ ਦੁਨੀਆ ਬਦਲ ਰਹੀ ਹੈ, ਅੱਜ ਯੁੱਧ ਦਾ ਘੇਰਾ ਬਦਲ ਰਿਹਾ ਹੈ, ਰੂਪ ਬਦਲ ਰਿਹਾ ਹੈ। ਅੱਜ ਜਿਸ ਤਰੀਕੇ ਨਾਲ ਤਕਨਾਲੋਜੀ ਦੁਆਰਾ ਚਲਾਈਆਂ ਜਾ ਰਹੀਆਂ ਪ੍ਰਣਾਲੀਆਂ ਵਿਕਸਿਤ ਹੋ ਰਹੀਆਂ ਹਨ, ਉਸ ਵੇਲੇ ਭਾਰਤ ਟੁਕੜਿਆਂ ਵਿੱਚ ਵੀ ਨਹੀਂ ਸੋਚ ਸਕੇਗਾ। ਸਾਡੀ ਪੂਰੀ ਸੈਨਿਕ ਸ਼ਕਤੀ ਨੂੰ ਇਕੱਠੇ ਹੋ ਕੇ ਅੱਗੇ ਵਧਣ ਲਈ ਕੰਮ ਕਰਨਾ ਹੋਵੇਗਾ। ਅਸੀਂ ਚਾਹੁੰਦੇ ਹਾਂ ਕਿ ਸਾਡੀ ਫੌਜ ਦੇ ਤਿੰਨੇ ਅੰਗ ਇੱਕੋ ਸਮੇਂ ਅੱਗੇ ਵਧਣ। ਦੁਨੀਆ ਵਿੱਚ ਬਦਲਦੇ ਹੋਏ ਜੰਗ ਦੇ ਮਾਹੌਲ ਦੇ ਮੁਤਾਬਿਕ ਬਿਹਤਰ ਤਾਲਮੇਲ ਹੋਵੇ, ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਇਆਂ ਮੈਂ ਅੱਜ ਲਾਲ ਕਿਲ੍ਹੇ ਤੋਂ ਇੱਕ ਅਹਿਮ ਫੈਸਲੇ ਦੀ ਘੋਸ਼ਣਾ ਕਰਨੀ ਚਾਹੁੰਦਾ ਹਾਂ। ਜੋ ਲੋਕ ਇਸ ਵਿਸ਼ੇ ਬਾਰੇ ਜਾਣੂ ਹਨ, ਉਹ ਲੰਮੇ ਸਮੇਂ ਤੋਂ ਇਸ ਦੀ ਮੰਗ ਕਰ ਰਹੇ ਹਨ।
ਅੱਜ ਅਸੀਂ ਫੈਸਲਾ ਕੀਤਾ ਹੈ ਕਿ ਹੁਣ ਅਸੀਂ ਚੀਫ ਆਫ਼ ਡਿਫੈਂਸ – ਸੀ.ਡੀ.ਐੱਸ. ਦੀ ਵਿਵਸਥਾ ਕਰਾਂਗੇ ਅਤੇ ਇਸ ਅਹੁਦੇ ਦੇ ਗਠਨ ਤੋਂ ਬਾਅਦ ਫੌਜ ਦੇ ਤਿੰਨਾਂ ਅੰਗਾਂ ਨੂੰ ਉੱਚ ਪੱਧਰ ਤੇ ਪ੍ਰਭਾਵਸ਼ਾਲੀ ਅਗਵਾਈ ਮਿਲੇਗੀ।
ਮੇਰੇ ਪਿਆਰੇ ਦੇਸ਼ ਵਾਸੀਓ, ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਇੱਕ ਅਜਿਹੇ ਦੌਰ ਵਿਚ ਪੈਦਾ ਹੋਏ ਹਾਂ, ਅਸੀਂ ਇੱਕ ਅਜਿਹੇ ਸਮੇਂ ਵਿੱਚ ਜੀ ਰਹੇ ਹਾਂ, ਅਸੀਂ ਇੱਕ ਅਜਿਹੇ ਦੌਰ ਵਿੱਚ ਹਾਂ ਜਦੋਂ ਸਾਡੇ ਕੋਲ ਕੁਝ ਨਾ ਕੁਝ ਕਰਨ ਦੀ ਯੋਗਤਾ ਹੈ। ਕਈ ਵਾਰ ਇਹ ਮਨ ਵਿਚ ਹਮੇਸ਼ਾ ਆਉਂਦਾ ਹੈ ਕਿ ਜਦੋਂ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ, ਭਗਤ ਸਿੰਘ, ਸੁਖਦੇਵ, ਰਾਜਗੁਰੂ ਵਰਗੇ ਮਹਾਪੁਰਖ ਆਪਣੇ ਬਲੀਦਾਨ ਦੇ ਲਈ ਮੁਕਾਬਲਾ ਕਰ ਰਹੇ ਸਨ। ਮਹਾਤਮਾ ਗਾਂਧੀ ਦੀ ਅਗਵਾਈ ਹੇਠ ਸੁਤੰਤਰਤਾ ਪ੍ਰੇਮੀ ਆਪਣੇ ਆਜ਼ਾਦੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦੇਸ਼ ਨੂੰ ਜਗਾਉਣ ਲਈ ਘਰ-ਘਰ, ਗਲੀ-ਗਲੀ ਜਾ ਰਹੇ ਸਨ। ਅਸੀਂ ਉਸ ਸਮੇਂ ਨਹੀਂ ਸੀ, ਅਸੀਂ ਜੰਮੇ ਨਹੀਂ ਸੀ, ਸਾਨੂੰ ਦੇਸ਼ ਲਈ ਮਰਨ ਦਾ ਮੌਕਾ ਨਹੀਂ ਮਿਲਿਆ, ਪਰ ਸਾਨੂੰ ਦੇਸ਼ ਲਈ ਜਿਊਣ ਦਾ ਮੌਕਾ ਜ਼ਰੂਰ ਮਿਲਿਆ ਹੈ। ਤੇ ਇਹ ਖੁਸ਼ਕਿਸਮਤੀ ਹੈ ਕਿ ਇਹ ਸਮਾਂ ਸਾਡੇ ਲਈ ਬਹੁਤ ਹੀ ਮਹੱਤਵਪੂਰਣ ਹੈ। ਪੂਜਨੀਕ ਬਾਪੂ ਮਹਾਤਮਾ ਗਾਂਧੀ, ਉਨ੍ਹਾਂ ਦੀ 150ਵੀਂ ਜਿਅੰਤੀ ਦਾ ਇਹ ਵਰ੍ਹਾ ਹੈ। ਅਜਿਹਾ ਮੌਕਾ ਸਾਡੇ ਸਮੇਂ ਵਿੱਚ ਮਿਲੇ, ਇਹ ਸਾਡੀ ਚੰਗੀ ਕਿਸਮਤ ਹੈ। ਅਤੇ ਦੂਜਾ, ਸਾਡੀ ਆਜ਼ਾਦੀ ਦੇ 75 ਸਾਲ, ਦੇਸ਼ ਦੀ ਆਜ਼ਾਦੀ ਲਈ ਮਰ-ਮਿਟਣ ਵਾਲਿਆਂ ਦੀ ਯਾਦ ਸਾਨੂੰ ਕੁਝ ਕਰਨ ਲਈ ਪ੍ਰੇਰਦੀ ਹੈ। ਸਾਨੂੰ ਇਹ ਮੌਕਾ ਨਹੀਂ ਗੁਆਉਣਾ ਚਾਹੀਦਾ। 130 ਕਰੋੜ ਦੇਸ਼ ਵਾਸੀਆਂ ਦੇ ਦਿਲ ਵਿੱਚ ਮਹਾਤਮਾ ਗਾਂਧੀ ਦੇ ਸੁਪਨਿਆਂ ਮੁਤਾਬਿਕ, ਦੇਸ਼ ਦੀ ਆਜ਼ਾਦੀ ਦੇ ਦੀਵਾਨਿਆਂ ਦੇ ਸੁਪਨਿਆਂ ਦੇ ਮੁਤਾਬਿਕ ਆਜ਼ਾਦੀ ਦੇ 75 ਸਾਲ ਅਤੇ ਗਾਂਧੀ ਜੀ ਦੇ 150 ਸਾਲ, ਦੇ ਇਨ੍ਹਾਂ ਮੌਕਿਆਂ ਨੂੰ ਆਪਣੀ ਪ੍ਰੇਰਨਾ ਦਾ ਮਹਾਨ ਸੋਮਾ ਬਣਾ ਕੇ ਸਾਨੂੰ ਅੱਗੇ ਵਧਣਾ ਪਵੇਗਾ।
ਮੈਂ ਇਸੇ ਲਾਲ ਕਿਲ੍ਹੇ ਤੋਂ 2014 ਵਿੱਚ ਸਵੱਛਤਾ ਬਾਰੇ ਗੱਲ ਕੀਤੀ ਸੀ। 2019 ਵਿੱਚ ਕੁਝ ਹਫ਼ਤਿਆਂ ਬਾਅਦ ਹੀ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ ਆਪਣੇ ਆਪ ਨੂੰ ਖੁੱਲ੍ਹੇ ਵਿੱਚ ਸ਼ੌਚ ਮੁਕਤ ਐਲਾਨ ਕਰਨ ਦੇ ਯੋਗ ਹੋ ਜਾਵੇਗਾ। ਰਾਜਾਂ, ਪਿੰਡਾਂ, ਨਗਰ ਪਾਲਿਕਾਵਾਂ, ਹਰ ਕਿਸੇ ਨੇ, ਮੀਡੀਆ ਨੇ ਇਸ ਨੂੰ ਇੱਕ ਲੋਕ-ਲਹਿਰ ਹੀ ਬਣਾ ਦਿੱਤਾ। ਸਰਕਾਰ ਕਿਤੇ ਨਜ਼ਰ ਨਾ ਆਈ, ਲੋਕਾਂ ਨੇ ਖੁਦ ਹੀ ਬੀੜਾ ਚੁੱਕ ਲਿਆ ਤੇ ਨਤੀਜੇ ਸਾਹਮਣੇ ਹਨ।
ਮੇਰੇ ਪਿਆਰੇ ਦੇਸ਼ ਵਾਸੀਓ, ਮੈਂ ਅੱਜ ਤੁਹਾਡੇ ਸਾਹਮਣੇ ਇੱਕ ਛੋਟੀ ਜਿਹੀ ਉਮੀਦ ਰੱਖਣਾ ਚਾਹੁੰਦਾ ਹਾਂ। ਇਸ 2 ਅਕਤੂਬਰ ਨੂੰ ਅਸੀਂ ਭਾਰਤ ਨੂੰ ਸਿੰਗਲ ਯੂਜ਼ ਪਲਾਸਟਿਕ, ਕੀ ਅਸੀਂ ਇਸ ਤੋਂ ਦੇਸ਼ ਨੂੰ ਮੁਕਤੀ ਦਿਵਾ ਸਕਦੇ ਹਾਂ। ਅਸੀਂ ਟੋਲੀਆਂ ਬਣਾ ਕੇ ਨਿਕਲ ਪਈਏ ਤੇ ਬਾਪੂ ਨੂੰ ਯਾਦ ਕਰਦੇ ਹੋਏ ਜਿੱਥੇ ਵੀ ਪਲਾਸਟਿਕ ਪਿਆ ਹੋਵੇ, ਚੌਕ ਵਿੱਚ ਪਿਆ ਹੋਵੇ ਜਾਂ ਗੰਦੀ ਨਾਲੀ ਵਿੱਚ, ਉਸ ਨੂੰ ਇਕੱਠਾ ਕਰੀਏ ਤੇ ਨਗਰ ਪਾਲਿਕਾਵਾਂ, ਮਹਾ-ਨਗਰਪਾਲਿਕਾਵਾਂ, ਗ੍ਰਾਮ ਪੰਚਾਇਤਾਂ ਇਸ ਸਭ ਨੂੰ ਸੰਭਾਲਣ ਦਾ ਇੰਤਜ਼ਾਮ ਕਰਨ। ਕੀ ਅਸੀਂ 2 ਅਕਤੂਬਰ ਨੂੰ ਪਲਾਸਟਿਕ ਨੂੰ ਅਲਵਿਦਾ ਕਹਿਣ ਲਈ ਪਹਿਲਾ ਮਜ਼ਬੂਤ ਕਦਮ ਚੁੱਕ ਸਕਦੇ ਹਾਂ ?
ਆਓ, ਮੇਰੇ ਦੇਸ਼ ਵਾਸੀਓ, ਅਸੀਂ ਇਸ ਨੂੰ ਅੱਗੇ ਵਧਾਈਏ। ਹੁਣ ਮੈਂ ਸਟਾਰਟ-ਅਪ, ਟੈਕਨੀਸ਼ੀਅਨ, ਉੱਦਮੀਆਂ ਨੂੰ ਤਾਕੀਦ ਕਰਦਾ ਹਾਂ ਕਿ ਅਸੀਂ ਇਸ ਪਲਾਸਟਿਕ ਦੇ ਰੀਸਾਈਕਲ ਲਈ ਕੀ ਕਰ ਸਕਦੇ ਹਾਂ ? ਜਿਵੇਂ ਪਲਾਸਟਿਕ ਦੀ ਵਰਤੋਂ ਹਾਈਵੇਅ ਬਣਾਉਣ ਲਈ ਕੀਤੀ ਜਾ ਰਹੀ ਹੈ ਪਰ ਇਸ ਦੇ ਨਾਲ ਹੀ ਸਾਨੂੰ ਬਦਲਵੇਂ ਪ੍ਰਬੰਧ ਵੀ ਕਰਨੇ ਪੈਣਗੇ। ਮੈਂ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਹਮੇਸ਼ਾ ਆਪਣੀ ਦੁਕਾਨ ਤੇ ਇੱਕ ਬੋਰਡ ਲਾਉਂਦੇ ਹੋ, ਇੱਕ ਬੋਰਡ ਇਹ ਵੀ ਲਗਾਓ, ਕਿਰਪਾ ਕਰਕੇ ਸਾਡੇ ਤੋਂ ਪਲਾਸਟਿਕ ਦੀ ਥੈਲੀ ਦੀ ਉਮੀਦ ਨਾ ਕਰੋ। ਤੁਸੀਂ ਆਪਣੇ ਘਰੋਂ ਹੀ ਕੱਪੜੇ ਦਾ ਥੈਲਾ ਲੈ ਕੇ ਜਾਓ। ਅਸੀਂ ਕਿਉਂ ਨਾ ਇੱਕ ਮਾਹੌਲ ਬਣਾਈਏ। ਦੀਵਾਲੀ ਦੇ ਮੌਕੇ, ਜਿਥੇ ਅਸੀਂ ਲੋਕਾਂ ਨੂੰ ਕਈ ਤਰ੍ਹਾਂ ਤੋਹਫ਼ੇ ਦਿੰਦੇ ਹਾਂ, ਕਿਉਂ ਨਾ ਇਸ ਵਾਰ ਲੋਕਾਂ ਨੂੰ ਕੱਪੜੇ ਦੇ ਥੈਲੇ ਗਿਫਟ ਕਰੀਏ, ਤਾਂ ਕਿ ਜੇ ਕੋਈ ਕੱਪੜੇ ਦਾ ਥੈਲਾ ਲੈ ਕੇ ਬਾਜ਼ਾਰ ਜਾਂਦਾ ਹੈ, ਤਾਂ ਤੁਹਾਡੀ ਕੰਪਨੀ ਦਾ ਇਸ਼ਤਿਹਾਰ ਵੀ ਹੋਵੇਗਾ। ਜੇ ਤੁਸੀਂ ਸਿਰਫ ਇਕ ਡਾਇਰੀ ਦਿੰਦੇ ਹੋ, ਤਾਂ ਸ਼ਾਇਦ ਕੁਝ ਨਹੀਂ ਹੁੰਦਾ, ਜੇ ਤੁਸੀਂ ਕੈਲੰਡਰ ਦਿੰਦੇ ਹੋ, ਕੁਝ ਨਹੀਂ ਹੁੰਦਾ, ਜੇ ਤੁਸੀਂ ਇਕ ਬੈਗ ਦਿੰਦੇ ਹੋ ਤਾਂ ਜਿੱਥੇ ਵੀ ਉਹ ਜਾਵੇਗਾ, ਤੁਹਾਡੀ ਮਸ਼ਹੂਰੀ ਕਰੇਗਾ। ਜੂਟ ਦੇ ਥੈਲੇ ਮੇਰੇ ਕਿਸਾਨਾਂ ਦੀ ਸਹਾਇਤਾ ਕਰਨਗੇ, ਉਨ੍ਹਾਂ ਨੂੰ ਮਦਦ ਮਿਲੇਗੀ। ਛੋਟੇ-ਛੋਟੇ ਕੰਮ ਹਨ। ਗਰੀਬ ਵਿਧਵਾ ਮਾਂ ਜੋ ਸਿਲਾਈ ਕਰੇਗੀ ਉਸ ਦੀ ਮਦਦ ਹੋਵੇਗੀ, ਭਾਵ ਇਹ ਕਿ ਕਿਵੇਂ ਸਾਡਾ ਛੋਟਾ ਫੈਸਲਾ ਵੀ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਦਲ ਸਕਦਾ ਹੈ, ਸਾਨੂੰ ਉਸ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ।
ਮੇਰੇ ਪਿਆਰੇ ਦੇਸ਼ ਵਾਸੀਓ, ਪੰਜ ਟ੍ਰਿਲੀਅਨ ਡਾਲਰ ਦੀ ਆਰਥਿਕਤਾ ਦਾ ਸੁਪਨਾ ਹੋਵੇ, ਸਵੈ-ਨਿਰਭਰ ਭਾਰਤ ਦਾ ਸੁਪਨਾ ਹੋਵੇ, ਮਹਾਤਮਾ ਗਾਂਧੀ ਦੇ ਆਦਰਸ਼ਾਂ ਤੇ ਜਿਊਣਾ ਅੱਜ ਵੀ ਓਨਾ ਹੀ ਸਾਰਥਾ ਹੈ। ਮਹਾਤਮਾ ਗਾਂਧੀ ਦੇ ਵਿਚਾਰ ਅੱਜ ਵੀ ਸ਼ਲਾਘਾਯੋਗ ਹਨ ਅਤੇ ਇਸ ਲਈ ਮੇਕ ਇਨ ਇੰਡੀਆ ਦਾ ਜੋ ਮਿਸ਼ਨ ਅਸੀਂ ਲਿਆ ਹੈ, ਉਸ ਨੂੰ ਅੱਗੇ ਵਧਾਉਣਾ ਹੈ। ਆਓ ਅਸੀਂ ਇਹ ਫੈਸਲਾ ਕਰੀਏ ਕਿ ਮੇਰੇ ਦੇਸ਼ ਵਿੱਚ ਜੋ ਕੁਝ ਬਣਾਇਆ ਜਾਂਦਾ ਹੈ, ਉਸ ਨੂੰ ਪ੍ਰਾਪਤ ਕਰਨਾ ਮੇਰੀ ਪ੍ਰਾਥਮਿਕਤਾ ਹੋਵੇਗੀ। ਬਿਹਤਰ ਕੱਲ੍ਹ ਦੇ ਲਈ ਸਾਨੂੰ ਸਥਾਨਕ ਉਤਪਾਦਾਂ 'ਤੇ ਜ਼ੋਰ ਦੇਣਾ ਪਵੇਗਾ। ਪਿੰਡ ਵਿੱਚ ਜੋ ਬਣਦਾ ਹੈ ਪਹਿਲਾਂ ਉਸ ਨੂੰ ਪਹਿਲ ਦੇਣੀ ਚਾਹੀਦੀ ਹੈ। ਜੇ ਉਥੇ ਨਹੀਂ ਤਾਂ ਤਹਿਸੀਲ ਵਿੱਚ, ਤਹਿਸੀਲ ਤੋਂ ਬਾਹਰ ਜਾਣਾ ਪੈਂਦਾ ਹੈ ਤਾਂ ਜ਼ਿਲ੍ਹੇ ਵਿੱਚ, ਜੇ ਤੁਹਾਨੂੰ ਜ਼ਿਲ੍ਹੇ ਤੋਂ ਬਾਹਰ ਜਾਣਾ ਪੈਂਦਾ ਹੈ ਤਾਂ ਰਾਜ ਵਿੱਚ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਸ ਤੋਂ ਬਾਅਦ ਤੁਹਾਨੂੰ ਆਪਣੀਆਂ ਜ਼ਰੂਰਤਾਂ ਲਈ ਕਿਤੇ ਵੀ ਨਹੀਂ ਜਾਣ ਦੀ ਲੋੜ ਨਹੀਂ ਪਵੇਗੀ। ਇਸ ਸਭ ਨਾਲ ਸਾਡੀ ਪੇਂਡੂ ਆਰਥਿਕਤਾ ਨੂੰ ਕਿੰਨੀ ਤਾਕਤ ਮਿਲੇਗੀ ? ਛੋਟੇ ਉੱਦਮੀਆਂ ਨੂੰ ਕਿੰਨਾ ਬਲ ਮਿਲੇਗਾ ? ਸਾਡੀ ਰਵਾਇਤੀ ਚੀਜ਼ਾਂ ਨੂੰ ਕਿੰਨਾ ਬਲ ਮਿਲੇਗਾ ? ਭਰਾਵੋ ਤੇ ਭੈਣੋ, ਸਾਨੂੰ ਮੋਬਾਈਲ ਫੋਨ ਚੰਗਾ ਲੱਗਦਾ ਹੈ, ਅਸੀਂ ਵਟਸਐਪ ਭੇਜਣਾ ਪਸੰਦ ਕਰਦੇ ਹਾਂ, ਅਸੀਂ ਫੇਸਬੁਕ, ਟਵਿੱਟਰ 'ਤੇ ਰਹਿਣਾ ਪਸੰਦ ਕਰਦੇ ਹਾਂ, ਪਰ ਦੇਸ਼ ਦੀ ਆਰਥਿਕਤਾ ਵਿੱਚ ਵੀ ਇਸ ਦੇ ਕਾਰਨ ਅਸੀਂ ਮਦਦ ਕਰ ਸਕਦੇ ਹਾਂ। ਜਾਣਕਾਰੀਆਂ ਦੇ ਲਈ ਤਕਨਾਲੋਜੀ ਦੀ ਜਿੰਨੀ ਵਰਤੋਂ ਕੀਤੀ ਜਾਂਦੀ ਹੈ, ਆਧੁਨਿਕ ਭਾਰਤ ਦੀ ਉਸਾਰੀ ਲਈ ਵੀ ਤਕਨਾਲੋਜੀ ਦਾ ਓਨਾ ਹੀ ਉਪਯੋਗ ਹੈ ਅਤੇ ਅਸੀਂ ਆਮ ਨਾਗਰਿਕ ਡਿਜੀਟਲ ਭੁਗਤਾਨ ਦੇ ਲਈ ਕਿਉਂ ਨਾ ਅੱਗੇ ਵਧੀਏ ? ਅੱਜ ਸਾਨੂੰ ਮਾਣ ਹੈ ਕਿ ਸਾਡਾ ਰੁਪੈ ਕਾਰਡ ਸਿੰਗਾਪੁਰ ਵਿਚ ਚੱਲ ਰਿਹਾ ਹੈ, ਸਾਡਾ ਰੁਪੈ ਕਾਰਡ ਆਉਣ ਵਾਲੇ ਦਿਨਾਂ ਵਿੱਚ ਹੋਰ ਦੇਸ਼ਾਂ ਵਿੱਚ ਵੀ ਚੱਲਣ ਵਾਲਾ ਹੈ। ਸਾਡਾ ਡਿਜੀਟਲ ਪਲੇਟਫਾਰਮ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਉੱਭਰ ਰਿਹਾ ਹੈ, ਪਰ ਸਾਡੇ ਪਿੰਡ ਵਿੱਚ, ਇੱਥੋਂ ਤੱਕ ਕਿ ਸਾਡੇ ਸ਼ਹਿਰ ਦੀਆਂ ਛੋਟੀਆਂ ਦੁਕਾਨਾਂ, ਛੋਟੇ ਮਾਲਾਂ ਵਿੱਚ ਵੀ, ਅਸੀਂ ਡਿਜੀਟਲ ਭੁਗਤਾਨ 'ਤੇ ਜ਼ੋਰ ਕਿਉਂ ਨਾ ਦੇਈਏ ? ਆਓ ਅਸੀਂ ਈਮਾਨਦਾਰੀ, ਟ੍ਰਾਂਸਪੇਰੈਂਸੀ ਅਤੇ ਦੇਸ਼ ਦੀ ਆਰਥਿਕਤਾ ਨੂੰ ਤਾਕਤ ਦੇਣ ਲਈ ਡਿਜੀਟਲ ਭੁਗਤਾਨ ਨੂੰ ਅਪਣਾਈਏ। ਮੈਂ ਤਾਂ ਸਗੋਂ ਵਪਾਰੀਆਂ ਨੂੰ ਕਹਾਂਗਾ ਕਿ ਤੁਸੀਂ ਬੋਰਡ ਲਗਾਉਂਦੇ ਹੋ, ਜ਼ਿਆਦਾਤਰ ਪਿੰਡਾਂ ਵਿੱਚ ਜਾਓਗੇ ਤਾਂ ਵਪਾਰੀਆਂ ਦੇ ਬੋਰਡ ਹੁੰਦੇ ਹਨ - ਅੱਜ ਨਗਦ, ਕੱਲ੍ਹ ਉਧਾਰ। ਮੈਂ ਚਾਹੁੰਦਾ ਹਾਂ ਕਿ ਹੁਣ ਸਾਨੂੰ ਇੱਕ ਬੋਰਡ ਲਗਾਉਣਾ ਚਾਹੀਦਾ ਹੈ, ਡਿਜੀਟਲ ਭੁਗਤਾਨ ਨੂੰ ਹਾਂ, ਨਗਦ ਨੂੰ ਨਾਂਹ, ਇਸ ਤਰ੍ਹਾਂ ਦਾ ਇੱਕ ਮਾਹੌਲ ਬਣਾਉਣਾ ਚਾਹੀਦਾ ਹੈ। ਮੈਂ ਬੈਂਕਿੰਗ ਸੈਕਟਰ ਨੂੰ ਅਪੀਲ ਕਰਦਾ ਹਾਂ, ਮੈਂ ਕਾਰੋਬਾਰੀ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਆਉ ਅਸੀਂ ਇਨ੍ਹਾਂ ਚੀਜ਼ਾਂ ਉੱਤੇ ਜ਼ੋਰ ਦੇਈਏ।
ਸਾਡੇ ਦੇਸ਼ ਵਿੱਚ ਮਿਡਲ ਕਲਾਸ, ਉੱਚ ਮਿਡਲ ਕਲਾਸ ਦਾ ਘੇਰਾ ਵੱਧ ਰਿਹਾ ਹੈ, ਜੋ ਕਿ ਚੰਗੀ ਗੱਲ ਹੈ। ਪਰਿਵਾਰ ਨਾਲ ਸਾਲ ਵਿੱਚ ਇੱਕ-ਦੋ ਵਾਰ ਸੈਰ-ਸਪਾਟੇ ਦੇ ਲਈ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੀ ਜਾਂਦੇ ਹਨ। ਇਹ ਚੰਗੀ ਗੱਲ ਹੈ। ਪਰ ਮੈਂ ਅੱਜ ਅਜਿਹੇ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਦੇਸ਼ ਆਜ਼ਾਦੀ ਦੇ 75 ਸਾਲ ਮਨਾ ਰਿਹਾ ਹੈ, ਇੰਨੇ ਮਹਾਪੁਰਖਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ, ਤਾਂ ਕੀ ਤੁਸੀਂ ਨਹੀਂ ਚਾਹੁੰਦੇ ਕਿ ਸਾਡੀ ਆਉਣ ਵਾਲੀ ਪੀੜ੍ਹੀ ਭਾਵਨਾਤਮਕ ਤੌਰ 'ਤੇ ਇਸ ਮਿੱਟੀ ਨਾਲ, ਇਸ ਦੇ ਇਤਿਹਾਸ ਨਾਲ ਜੁੜੇ, ਇਸ ਦੀਆਂ ਹਵਾਵਾਂ ਤੋਂ, ਇਸ ਦੇ ਪਾਣੀ ਤੋਂ ਨਵੀਂ ਊਰਜਾ ਪ੍ਰਾਪਤ ਕਰੇ। ਇਸ ਦੇ ਲਈ ਸਾਨੂੰ ਪੂਰਾ ਯਤਨ ਕਰਨਾ ਚਾਹੀਦਾ ਹੈ। ਅਸੀਂ ਭਾਵੇਂ ਕਿੰਨੀ ਵੀ ਤਰੱਕੀ ਕਰ ਲਈਏ ਪਰ ਜੜ੍ਹਾਂ ਤੋਂ ਕੱਟੇ ਜਾਣ ਨਾਲ ਸਾਨੂੰ ਕੋਈ ਨਹੀਂ ਬਚਾ ਸਕਦਾ। ਇਸ ਲਈ ਮੈਂ ਲਾਲ ਕਿਲ੍ਹੇ ਤੋਂ ਦੇਸ਼ ਦੇ ਨੌਜਵਾਨਾਂ ਦੇ ਰੁਜ਼ਗਾਰ ਲਈ, ਭਾਰਤ ਨੂੰ ਵਿਸ਼ਵ ਵਿਚ ਮਾਨਤਾ ਦਿਵਾਉਣ, ਭਾਰਤ ਦੀ ਸ਼ਕਤੀ ਨੂੰ ਉਜਾਗਰ ਕਰਨ ਮੈਂ ਆਪਣੇ ਦੇਸ਼ ਵਾਸੀਆਂ ਅੱਗੇ ਇੱਕ ਛੋਟੀ ਜਿਹੀ ਮੰਗ ਰੱਖ ਰਿਹਾ ਹਾਂ - ਕੀ ਤੁਸੀਂ ਤੈਅ ਕਰ ਸਕਦੇ ਹੋ ਕਿ 2022 ਆਜ਼ਾਦੀ ਦੇ 75 ਸਾਲ ਤੋਂ ਪਹਿਲਾਂ, ਅਸੀਂ ਆਪਣੇ ਪਰਿਵਾਰ ਨਾਲ ਭਾਰਤ ਵਿੱਚ ਘੱਟੋ-ਘੱਟ 15 ਸੈਰ-ਸਪਾਟਾ ਥਾਵਾਂ ਦਾ ਦੌਰਾ ਕਰਾਂਗੇ। ਉਥੇ ਮੁਸ਼ਕਿਲਾਂ ਹੋਣਗੀਆਂ ਤਾਂ ਵੀ ਉਥੇ ਜਾਵਾਂਗੇ। ਚੰਗੇ ਹੋਟਲ ਨਹੀਂ ਹੋਣਗੇ ਤਾਂ ਵੀ ਜਾਵਾਂਗੇ। ਕਈ ਵਾਰ ਮੁਸ਼ਕਿਲਾਂ ਵੀ ਜ਼ਿੰਦਗੀ ਜਿਊਣ ਦੇ ਕੰਮ ਆਉਂਦੀਆਂ ਹਨ। ਇੱਕ ਵਾਰ ਜਦੋਂ ਤੁਸੀਂ ਜਾਣਾ ਸ਼ੁਰੂ ਕਰ ਦਿੱਤਾ, ਤਾਂ ਵਿਵਸਥਾ ਵਿਕਸਿਤ ਕਰਨ ਵਾਲੇ ਲੋਕ ਵੀ ਆਉਣਾ ਸ਼ੁਰੂ ਕਰ ਦੇਣਗੇ। ਕਿਉਂ ਨਾ ਅਸੀਂ ਸਾਡੇ ਦੇਸ਼ ਵਿਚ 100 ਅਜਿਹੇ ਮਹਾਨ ਸੈਰ-ਸਪਾਟੇ ਵਾਲੇ ਸਥਾਨ ਵਿਕਸਿਤ ਕਰੀਏ, ਕਿਉਂ ਨਾ ਹਰ ਰਾਜ ਵਿਚ 2 ਜਾਂ 5 ਜਾਂ 7 ਉੱਚ ਪੱਧਰ ਦੇ ਸੈਰ-ਸਪਾਟਾ ਸਥਾਨ ਤਿਆਰ ਕੀਤੇ ਜਾਣ। ਆਓ ਅਸੀਂ ਫੈਸਲਾ ਕਰੀਏ - ਸਾਡੇ ਉੱਤਰ-ਪੂਰਬ ਵਿੱਚ ਇੰਨਾ ਜ਼ਿਆਦਾ ਪ੍ਰਕਿਰਤਕ ਸੁਹਜ ਹੈ ਪਰ ਕਿੰਨੀਆਂ ਯੂਨੀਵਰਸਿਟੀਆਂ ਹਨ ਜੋ ਆਪਣਾ ਟੂਰਿਸਟ ਡੈਸਟੀਨੇਸ਼ਨ, ਨਾਰਥ-ਈਸਟ ਨੂੰ ਬਣਾਉਂਦੀਆਂ ਹਨ ? ਤੁਹਾਨੂੰ ਸਿਰਫ਼ 7 ਦਿਨ, 10 ਦਿਨ ਕੱਢਣੇ ਪੈਣਗੇ ਪਰ ਦੇਸ਼ ਦੇ ਅੰਦਰ ਹੀ ਸੈਰ-ਸਪਾਟੇ ਦੇ ਲਈ ਨਿਕਲੋ।
ਤੁਸੀਂ ਦੇਖਣਾ ਜਿਥੇ ਵੀ ਜਾ ਕੇ ਆਓਗੇ, ਤੁਸੀਂ ਇੱਕ ਨਵੀਂ ਦੁਨੀਆਂ ਖੜ੍ਹੀ ਕਰਕੇ ਆਓਗੇ ਤੇ ਇਸ ਨਾਲ ਤੁਹਾਨੂੰ ਜ਼ਿੰਦਗੀ ਵਿੱਚ ਸੰਤੁਸ਼ਟੀ ਵੀ ਮਿਲੇਗੀ। ਜੇ ਹਿੰਦੁਸਤਾਨ ਦੇ ਲੋਕ ਜਾਣ ਲੱਗ ਪਏ ਤਾਂ ਦੁਨੀਆ ਦੇ ਲੋਕ ਵੀ ਆਉਣੇ ਸ਼ੁਰੂ ਹੋ ਜਾਣਗੇ। ਅਸੀਂ ਦੁਨੀਆਂ ਵਿਚ ਜਾਵਾਂਗੇ ਅਤੇ ਕਹਾਂਗੇ ਕਿ ਤੁਸੀਂ ਇਹ ਦੇਖਿਆ ਹੈ ? ਕੋਈ ਵੀ ਸੈਲਾਨੀ ਸਾਨੂੰ ਪੁੱਛੇਗਾ ਕਿ ਤੁਸੀਂ ਹਿੰਦੁਸਤਾਨ ਤੋਂ ਆ ਰਹੇ ਹੋ, ਕੀ ਤੁਸੀਂ ਤਾਮਿਲਨਾਡੂ ਦਾ ਉਹ ਮੰਦਰ ਦੇਖਿਆ ਹੈ ? ਤੇ ਅਸੀਂ ਕਹਾਂਗੇ ਕਿ ਮੈਂ ਗਿਆ ਨਹੀਂ ਤਾਂ ਉਹ ਸਾਨੂੰ ਦੱਸੇਗਾ ਕਿ ਭਰਾਵਾ ਕਮਾਲ ਹੈ, ਮੈਂ ਤੁਹਾਡੇ ਦੇਸ਼ ਵਿੱਚ ਤਾਮਿਲਨਾਡੂ ਦੇ ਮੰਦਰਾਂ ਨੂੰ ਦੇਖਣ ਗਿਆ ਸੀ ਅਤੇ ਤੁਸੀਂ ਇੱਥੇ ਦੇਖਣ ਆਏ ਹੋ। ਅਸੀਂ ਦੁਨੀਆ ਵਿੱਚ ਜਾਈਏ ਪਰ ਆਪਣੇ ਦੇਸ਼ ਨੂੰ ਜਾਣਨ ਤੋਂ ਬਾਅਦ ਜਾਈਏ।
ਮੈਂ ਅੱਜ ਆਪਣੇ ਕਿਸਾਨ ਭਰਾਵਾਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ, ਮੈਂ ਤੁਹਾਡੇ ਤੋਂ ਕੁਝ ਮੰਗਣਾ ਚਾਹੁੰਦਾ ਹਾਂ। ਮੇਰੇ ਕਿਸਾਨ ਦੇ ਲਈ, ਮੇਰੇ ਦੇਸ਼ ਵਾਸੀਆਂ ਦੇ ਲਈ, ਇਹ ਧਰਤੀ ਸਾਡੀ ਮਾਂ ਹੈ। ਜਿਵੇਂ ਹੀ ਅਸੀਂ ਭਾਰਤ ਮਾਤਾ ਦੀ ਜੈ ਬੋਲਦੇ ਹਾਂ, ਸਾਡੇ ਅੰਦਰ ਊਰਜਾ ਦਾ ਪ੍ਰਵਾਹ ਹੁੰਦਾ ਹੈ। ਵੰਦੇ ਮਾਤਰਮ ਦੇ ਬੋਲਣ ਨਾਲ ਇਸ ਧਰਤੀ ਮਾਂ ਦੇ ਲਈ ਆਪਾ ਵਾਰਨ ਦੀ ਪ੍ਰੇਰਨਾ ਮਿਲਦੀ ਹੈ। ਇੱਕ ਲੰਮਾ ਇਤਿਹਾਸ ਸਾਡੇ ਸਾਹਮਣੇ ਆਉਂਦਾ ਹੈ ਪਰ ਕੀ ਅਸੀਂ ਕਦੇ ਇਸ ਧਰਤੀ ਮਾਂ ਦੀ ਸਿਹਤ ਬਾਰੇ ਵੀ ਕਦੇ ਚਿੰਤਾ ਕੀਤੀ ਹੈ। ਜਿਸ ਤਰੀਕੇ ਨਾਲ ਅਸੀਂ ਰਸਾਇਣਾਂ ਦੀ ਵਰਤੋਂ ਕਰ ਰਹੇ ਹਾਂ, ਰਸਾਇਣਕ ਖਾਦ ਦੀ ਵਰਤੋਂ ਕਰ ਰਹੇ ਹਾਂ, ਕੀਟਨਾਸ਼ਕਾਂ ਦੀ ਵਰਤੋਂ ਕਰ ਰਹੇ ਹਾਂ, ਅਸੀਂ ਆਪਣੀ ਧਰਤੀ ਮਾਂ ਨੂੰ ਤਬਾਹ ਕਰ ਰਹੇ ਹਾਂ। ਇਸ ਮਾਂ ਦੀ ਸੰਤਾਨ ਹੋਣ ਦੇ ਨਾਤੇ, ਇੱਕ ਕਿਸਾਨ ਵਜੋਂ ਮੈਨੂੰ ਆਪਣੀ ਧਰਤੀ ਮਾਂ ਨੂੰ ਤਬਾਹ ਕਰਨ ਦਾ ਹੱਕ ਨਹੀਂ ਹੈ। ਮੇਰੀ ਧਰਤੀ ਨੂੰ ਮਾਂ ਨੂੰ ਦੁਖੀ ਕਰਨ ਦਾ ਹੱਕ ਨਹੀਂ ਹੈ, ਮੇਰੀ ਧਰਤੀ ਨੂੰ ਮਾਂ ਨੂੰ ਬਿਮਾਰ ਬਣਾਉਣ ਦਾ ਹੱਕ ਨਹੀਂ ਹੈ।
ਆਓ, ਆਜ਼ਾਦੀ ਦੇ 75 ਸਾਲ ਹੋਣ ਜਾ ਰਹੇ ਹਨ। ਪੂਜਨੀਕ ਬਾਪੂ ਨੇ ਸਾਨੂੰ ਰਾਹ ਦਿਖਾਇਆ ਹੈ, ਕੀ ਅਸੀਂ ਆਪਣੇ ਖੇਤ ਵਿੱਚ ਇਸ ਰਸਾਇਣਕ ਖਾਦ ਦੀ ਵਰਤੋਂ ਨੂੰ 10 ਪ੍ਰਤੀਸ਼ਤ, 20 ਪ੍ਰਤੀਸ਼ਤ, 25 ਪ੍ਰਤੀਸ਼ਤ ਤੱਕ ਘਟਾਵਾਂਗੇ। ਤੁਸੀਂ ਦੇਖੋਗੇ, ਇਹ ਦੇਸ਼ ਦੀ ਕਿੰਨੀ ਮਹਾਨ ਸੇਵਾ ਹੋਵੇਗੀ। ਸਾਡੀ ਧਰਤੀ ਧਰਤੀ ਨੂੰ ਬਚਾਉਣ ਵਿੱਚ ਤੁਹਾਡਾ ਕਿੰਨਾ ਵੱਡਾ ਯੋਗਦਾਨ ਹੋਵੇਗਾ। ਵੰਦੇ ਮਾਤਰਮ ਕਹਿ ਕੇ ਜੋ ਫਾਂਸੀ ਦੇ ਤਖ਼ਤੇ ਤੇ ਝੂਲ ਗਿਆ ਸੀ, ਉਸ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ, ਇਸ ਧਰਤੀ ਮਾਂ ਨੂੰ ਬਚਾਉਣ ਦਾ ਤੁਹਾਡਾ ਕੰਮ, ਉਸ ਦਾ ਆਸ਼ੀਰਵਾਦ ਵੀ ਪ੍ਰਾਪਤ ਕਰੇਗਾ। ਇਸ ਲਈ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਮੇਰੇ ਦੇਸ਼ ਵਾਸੀ ਅਜਿਹਾ ਕਰਨਗੇ। ਮੈਨੂੰ ਵਿਸ਼ਵਾਸ ਹੈ ਕਿ ਮੇਰੇ ਕਿਸਾਨ, ਮੇਰੀ ਇਹ ਮੰਗ ਪੂਰੀ ਕਰਨਗੇ।
ਮੇਰੇ ਪਿਆਰੇ ਭਰਾਵੋ ਤੇ ਭੈਣੋ, ਸਾਡੇ ਦੇਸ਼ ਦੇ ਪੇਸ਼ੇਵਰਾਂ ਦੀ ਅੱਜ ਪੂਰੀ ਦੁਨੀਆ ਵਿੱਚ ਗੂੰਜ ਹੈ। ਉਨ੍ਹਾਂ ਦੀ ਕਾਬਲੀਅਤ ਦੀ ਚਰਚਾ ਹੈ। ਲੋਕ ਉਨ੍ਹਾਂ ਦਾ ਲੋਹਾ ਮੰਨਦੇ ਹਨ। ਪੁਲਾੜ ਹੋਵੇ, ਤਕਨਾਲੋਜੀ ਹੋਵੇ, ਅਸੀਂ ਨਵੇਂ ਮੁਕਾਮ ਹਾਸਿਲ ਕੀਤੇ ਹਨ। ਅਸੀਂ ਖੁਸ਼ ਹਾਂ ਕਿ ਸਾਡਾ ਚੰਦਰਯਾਨ ਤੇਜ਼ੀ ਦੇ ਨਾਲ ਚੰਨ ਦੇ ਉਸ ਹਿੱਸੇ ਵੱਲ ਵੱਧ ਰਿਹਾ ਹੈ, ਜਿੱਥੇ ਹਾਲੇ ਤੱਕ ਕੋਈ ਨਹੀਂ ਗਿਆ। ਇਹ ਸਾਡੇ ਵਿਗਿਆਨੀਆਂ ਦੇ ਕਾਰਨ ਹੀ ਸਿੱਧ ਹੋਇਆ ਹੈ।
ਇਸੇ ਤਰ੍ਹਾਂ ਅਸੀਂ ਖੇਡ ਦੇ ਮੈਦਾਨਾਂ ਵਿੱਚ ਵੀ ਬਹੁਤ ਘੱਟ ਨਜ਼ਰ ਆਉਂਦੇ ਸੀ। ਅੱਜ, ਦੁਨੀਆ ਦੇ ਖੇਡ ਮੈਦਾਨਾਂ ਵਿੱਚ, ਮੇਰੇ ਦੇਸ਼ ਦੇ 18-20 ਸਾਲ, 22 ਸਾਲ ਦੇ ਮੁੰਡੇ-ਕੁੜੀਆਂ ਹਿੰਦੁਸਤਾਨ ਦਾ ਤਿਰੰਗਾ ਝੰਡਾ ਲਹਿਰਾ ਰਹੇ ਹਨ। ਇਹ ਸਾਡੇ ਲਈ ਕਿੰਨੇ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਖਿਡਾਰੀ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ।
ਮੇਰੇ ਦੇਸ਼ ਵਾਸੀਓ, ਅਸੀਂ ਆਪਣੇ ਦੇਸ਼ ਨੂੰ ਅੱਗੇ ਵਧਾਉਣਾ ਹੈ। ਸਾਨੂੰ ਆਪਣੇ ਦੇਸ਼ ਵਿਚ ਤਬਦੀਲੀ ਲਿਆਉਣੀ ਪਵੇਗੀ। ਅਸੀਂ ਨਵੀਆਂ ਉਚਾਈਆਂ ਨੂੰ ਪਾਰ ਕਰਨਾ ਹੈ ਅਤੇ ਮਿਲ-ਜੁਲ ਕੇ ਕੰਮ ਕਰਨਾ ਹੈ। ਸਰਕਾਰ ਅਤੇ ਜਨਤਾ ਨੇ ਮਿਲ ਕੇ ਇਹ ਕਰਨਾ ਹੈ। 130 ਕਰੋੜ ਦੇਸ਼ ਵਾਸੀਆਂ ਨੇ ਇਹ ਕਰਨਾ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਵੀ ਤੁਹਾਡੇ ਵਾਂਗ ਇਸ ਦੇਸ਼ ਦਾ ਬੱਚਾ ਹੈ, ਇਸ ਦੇਸ਼ ਦਾ ਨਾਗਰਿਕ ਹੈ। ਅਸੀਂ ਸਾਰਿਆਂ ਨੇ ਮਿਲ ਕੇ ਇਹ ਕਰਨਾ ਹੈ।
ਆਉਣ ਵਾਲੇ ਦਿਨਾਂ ਵਿੱਚ ਡੇਢ ਲੱਖ ਵੈੱਲਨੈੱਸ ਸੈਂਟਰ ਪਿੰਡਾਂ ਵਿੱਚ ਬਣਾਏ ਜਾਣੇ ਹਨ, ਸਿਹਤ ਕੇਂਦਰ ਸਥਾਪਿਤ ਕਰਨੇ ਹਨ, ਹਰ ਤਿੰਨ ਲੋਕ ਸਭਾ ਹਲਕਿਆਂ ਵਿੱਚ ਇੱਕ ਮੈਡੀਕਲ ਕਾਲਜ ਬਣਾਉਣਾ ਹੈ ਜੋ ਸਾਡੇ ਨੌਜਵਾਨਾਂ ਦੇ ਡਾਕਟਰ ਬਣਨ ਦੇ ਸੁਪਨੇ ਨੂੰ ਪੂਰਾ ਕਰੇਗਾ। ਦੋ ਕਰੋੜ ਤੋਂ ਵੱਧ ਗਰੀਬ ਲੋਕਾਂ ਲਈ ਘਰ ਬਣਾਉਣੇ ਹਨ। 15 ਕਰੋੜ ਪੇਂਡੂ ਘਰਾਂ ਵਿੱਚ ਪੀਣ ਵਾਲਾ ਪਾਣੀ ਪਹੁੰਚਾਉਣਾ ਹੈ। ਸਵਾ ਲੱਖ ਕਿਲੋਮੀਟਰ ਪਿੰਡਾਂ ਦੀਆਂ ਸੜਕਾਂ ਬਣਾਉਣੀਆਂ ਹਨ। ਹਰ ਪਿੰਡ ਨੂੰ ਬ੍ਰੌਡਬੈਂਡ ਕਨੈਕਟੀਵਿਟੀ, ਓਪਟੀਕਲ ਫਾਈਬਰ ਨੈੱਟਵਰਕ ਨਾਲ ਜੋੜਿਆ ਜਾਣਾ ਹੈ। 50 ਹਜ਼ਾਰ ਤੋਂ ਜ਼ਿਆਦਾ ਨਵੇਂ ਸਟਾਰਟ-ਅਪ ਦਾ ਜਾਲ ਵੀ ਵਿਛਾਉਣਾ ਹੈ। ਇਸ ਤਰ੍ਹਾਂ ਦੇ ਅਨੇਕਾਂ ਸੁਪਨਿਆਂ ਨੂੰ ਲੈ ਕੇ ਅੱਗੇ ਵਧਣਾ ਹੈ। ਇਸ ਲਈ ਭਰਾਵੋ ਤੇ ਭੈਣੋ, ਅਸੀਂ ਸਾਰੇ ਦੇਸ਼ ਵਾਸੀਆਂ ਨੇ ਮਿਲ ਕੇ, ਸੁਪਨਿਆਂ ਨੂੰ ਸੰਜੋਅ ਕੇ ਦੇਸ਼ ਨੂੰ ਅੱਗੇ ਲਿਜਾਉਣ ਦੇ ਲਈ ਤੁਰਨਾ ਹੈ ਅਤੇ ਆਜ਼ਾਦੀ ਦੇ 75 ਸਾਲ ਇਸ ਦੇ ਲਈ ਬਹੁਤ ਵੱਡੀ ਪ੍ਰੇਰਨਾ ਹੈ।
ਮੈਂ ਜਾਣਦਾ ਹਾਂ ਕਿ ਲਾਲ ਕਿਲ੍ਹੇ ਦੀ ਪ੍ਰਾਚੀਰ ‘ਤੇ ਸਮੇਂ ਦੀ ਵੀ ਇੱਕ ਸੀਮਾ ਹੈ। 130 ਕਰੋੜ ਦੇਸ਼ ਵਾਸੀਆਂ ਦੇ ਆਪਣੇ ਸੁਪਨੇ ਵੀ ਹਨ, 130 ਕਰੋੜ ਦੇਸ਼ ਵਾਸੀਆਂ ਦੀਆਂ ਆਪਣੀਆਂ ਚੁਣੌਤੀਆਂ ਵੀ ਹਨ। ਹਰ ਸੁਪਨੇ, ਹਰ ਚੁਣੌਤੀ ਦਾ ਆਪਣਾ ਮਹੱਤਵ ਹੁੰਦਾ ਹੈ। ਕੋਈ ਵਧੇਰੇ ਮਹੱਤਵਪੂਰਣ ਹੈ, ਕੋਈ ਘੱਟ ਮਹੱਤਵਪੂਰਣ ਹੈ, ਅਜਿਹੀ ਗੱਲ ਨਹੀਂ ਹੈ। ਪਰ ਬਾਰਿਸ਼ ਦਾ ਮੌਸਮ ਹੈ, ਹੋਰ ਜ਼ਿਆਦਾ ਬੋਲਦਿਆਂ ਹੋਇਆਂ ਵੀ ਭਾਸ਼ਣ ਦੇ ਪੂਰੇ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਇਸ ਲਈ ਹਰ ਮੁੱਦੇ ਦਾ ਆਪਣਾ ਮਹੱਤਵ ਹੋਣ ਦੇ ਬਾਵਜੂਦ ਜਿੰਨੀਆਂ ਗੱਲਾਂ ਮੈਂ ਕਹਿ ਸਕਿਆਂ ਹਾਂ ਅਤੇ ਜੋ ਮੈਂ ਨਹੀਂ ਕਹਿ ਸਕਿਆ, ਉਹ ਵੀ ਮਹੱਤਵਪੂਰਣ ਹਨ। ਆਓ, ਅਸੀਂ ਉਨ੍ਹਾਂ ਗੱਲਾਂ ਨੂੰ ਲੈ ਕੇ ਅੱਗੇ ਵਧੀਏ ਤੇ ਦੇਸ਼ ਨੂੰ ਅੱਗੇ ਲਿਜਾਈਏ।
ਆਜ਼ਾਦੀ ਦੇ 75 ਸਾਲ, ਗਾਂਧੀ ਜੀ ਦੇ 150 ਸਾਲ ਅਤੇ ਬਾਬਾ ਸਾਹਿਬ ਅੰਬੇਦਕਰ ਦੇ ਸੁਪਨੇ, ਭਾਰਤ ਦੇ ਸੰਵਿਧਾਨ ਦੇ 70 ਸਾਲ ਹੋ ਚੁੱਕੇ ਹਨ। ਇਹ ਸਾਲ ਇੱਕ ਗੱਲੋਂ ਹੋਰ ਵੀ ਮਹੱਤਵਪੂਰਨ ਹੈ, ਇਸ ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਵੀ ਮਨਾਇਆ ਜਾ ਰਿਹਾ ਹੈ। ਆਓ, ਬਾਬਾ ਸਾਹਿਬ ਅੰਬੇਦਕਰ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਲੈ ਕੇ ਅਸੀਂ ਅੱਗੇ ਵਧੀਏ ਅਤੇ ਇੱਕ ਬਿਹਤਰ ਸਮਾਜ ਦਾ ਨਿਰਮਾਣ, ਮਹਾਨ ਦੇਸ਼ ਦਾ ਨਿਰਮਾਣ, ਦੁਨੀਆ ਦੀਆਂ ਉਮੀਦਾਂ ਦੇ ਮੁਤਾਬਿਕ ਭਾਰਤ ਭਾਰਤ ਦਾ ਨਿਰਮਾਣ ਅਸੀਂ ਕਰਨਾ ਹੈ।
ਮੇਰੇ ਪਿਆਰੇ ਭਰਾਵੋ ਤੇ ਭੈਣੋ, ਅਸੀਂ ਜਾਣਦੇ ਹਾਂ ਕਿ ਸਾਡੇ ਟੀਚੇ ਹਿਮਾਲਿਆ ਜਿੰਨੇ ਉੱਚੇ ਹਨ, ਸਾਡੇ ਸੁਪਨੇ ਅਣਗਿਣਤ ਤਾਰਿਆਂ ਨਾਲੋਂ ਵੀ ਕਿਤੇ ਜ਼ਿਆਦਾ ਹਨ, ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਸਾਡੇ ਹੌਸਲਿਆਂ ਦੀ ਉਡਾਣ ਅੱਗੇ ਅਸਮਾਨ ਵੀ ਕੁਝ ਨਹੀਂ ਹੈ। ਇਹ ਸੰਕਲਪ ਹਨ, ਸਾਡੀ ਸਮਰੱਥਾ ਹਿੰਦ ਮਹਾਸਾਗਰ ਜਿੰਨੀ ਅਥਾਹ ਹੈ, ਸਾਡੀਆਂ ਕੋਸ਼ਿਸ਼ਾਂ ਗੰਗਾ ਦੀ ਧਾਰਾ ਜਿੰਨੀਆਂ ਪਵਿੱਤਰ ਹਨ, ਨਿਰੰਤਰ ਹਨ ਅਤੇ ਸਭ ਤੋਂ ਵੱਡੀ ਗੱਲ ਸਾਡੀਆਂ ਕਦਰਾਂ-ਕੀਮਤਾਂ ਦੇ ਪਿੱਛੇ ਹਜ਼ਾਰਾਂ ਸਾਲ ਪੁਰਾਣਾ ਸਾਡਾ ਸਭਿਆਚਾਰ, ਰਿਸ਼ੀਆਂ-ਮੁਨੀਆਂ ਦੀ ਤਪੱਸਿਆ, ਦੇਸ਼ ਵਾਸੀਆਂ ਦਾ ਤਿਆਗ, ਸਖ਼ਤ ਮਿਹਨਤ - ਇਹ ਸਾਡੀ ਪ੍ਰੇਰਨਾ ਹਨ।
ਆਓ, ਇਨ੍ਹਾਂ ਵਿਚਾਰਾਂ ਦੇ ਨਾਲ, ਇਨ੍ਹਾਂ ਆਦਰਸ਼ਾਂ ਦੇ ਨਾਲ, ਇਨ੍ਹਾਂ ਸੰਕਲਪਾਂ ਦੇ ਨਾਲ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਟੀਚੇ ਨੂੰ ਲੈ ਕੇ ਅਸੀਂ ਚੱਲ ਪਈਏ, ਨਵੇਂ ਭਾਰਤ ਦਾ ਨਿਰਮਾਣ ਕਰਨ ਲਈ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ, ਨਵਾਂ ਆਤਮ-ਵਿਸ਼ਵਾਸ, ਨਵਾਂ ਸੰਕਲਪ, ਨਵਾਂ ਭਾਰਤ ਬਣਾਉਣ ਦੀ ਜੜੀ-ਬੂਟੀ ਹੈ। ਆਓ, ਅਸੀਂ ਇਕੱਠੇ ਹੋ ਕੇ ਦੇਸ਼ ਨੂੰ ਅੱਗੇ ਲਿਜਾਈਏ। ਇਸੇ ਉਮੀਦ ਨਾਲ ਮੈਂ ਇੱਕ ਵਾਰ ਫਿਰ ਦੇਸ਼ ਦੇ ਲਈ ਜਿਊਣ ਵਾਲੇ, ਦੇਸ਼ ਦੇ ਲਈ ਲੜਨ ਵਾਲੇ, ਦੇਸ਼ ਦੇ ਲਈ ਮਰਨ ਵਾਲੇ,ਦੇਸ਼ ਦੇ ਲਈ ਕੁਝ ਕਰਨ ਵਾਲੇ ਹਰੇਕ ਬੰਦੇ ਨੂੰ ਨਮਨ ਕਰਦਾ ਹਾਂ। ਮੇਰੇ ਨਾਲ ਬੋਲੋ -
ਜੈ ਹਿੰਦ।
ਜੈ ਹਿੰਦ।
ਭਾਰਤ ਮਾਤਾ ਦੀ ਜੈ
ਭਾਰਤ ਮਾਤਾ ਦੀ ਜੈ
ਵੰਦੇ ਮਾਤਰਮ।
ਵੰਦੇ ਮਾਤਰਮ।
ਬਹੁਤ ਬਹੁਤ ਧੰਨਵਾਦ।

Comments
Post a Comment