ਨਫ਼ਰਤ ਭਰੀ ਤਕਰੀਰ ‘ਤੇ ਪਾਕਿਸਤਾਨ ਨੂੰ ਨਹੀਂ ਮਿਲਿਆ ਸਮਰਥਨ

ਸੰਯੁਕਤ ਰਾਸ਼ਟਰ ਮਹਾਸਭਾ ਦੇ 74ਵੇਂ ਇਜਲਾਸ ਵਿੱਚ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਦੁਆਰਾ ਕਸ਼ਮੀਰ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉਠਾਉਣ ਦੀਆਂ ਕੋਸ਼ਿਸ਼ਾਂ ਇੱਕ ਵਾਰੀ ਫਿਰ ਤੋਂ ਧਰਾਸ਼ਾਈ ਹੋ ਗਈਆਂ ਹਨ। ਕਾਬਿਲੇਗੌਰ ਹੈ ਕਿ ਇਸ ਇਜਲਾਸ ਵਿੱਚ ਉਨ੍ਹਾਂ ਭਾਰਤੀ ਸੂਬੇ ਜੰਮੂ-ਕਸ਼ਮੀਰ ਦੇ ਵਸਨੀਕਾਂ ਦੀ ਅਖੌਤੀ ਦੁਰਦੁਸ਼ਾ ਦਾ ਰਾਗ ਅਲਾਪਿਆ ਤੇ ਆਪਣੀ ਭੜਾਸ ਕੱਢੀ। ਹਾਲਾਂਕਿ ਮਹਾਸਭਾ ਨੇ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਦੀ ਤਕਰੀਰ ‘ਤੇ ਕੋਈ ਵਿਸ਼ੇਸ਼ ਗੌਰ ਨਹੀਂ ਕੀਤਾ। ਇੱਥੇ ਇਮਰਾਨ ਖਾਨ ਨੇ ਇੱਕ ਵਾਰੀ ਫਿਰ ਜੰਗ ਦਾ ਮੁੱਦਾ ਵੀ ਚੁੱਕਿਆ ਤੇ ਆਪਣੀ ਤਕਰੀਰ ਵਿੱਚ ਪ੍ਰਮਾਣੂ ਲਫਜ਼ ਦੀ ਵੀ ਵਰਤੋਂ ਕੀਤੀ। ਗੌਰਤਲਬ ਹੈ ਕਿ ਪਾਕਿਸਤਾਨੀ ਆਗੂਆਂ ਦੁਆਰਾ ਆਪਣੀਆਂ ਤਕਰੀਰਾਂ ਵਿੱਚ ਇਹੋ ਜਿਹੇ ਲਫਜ਼ਾਂ ਦੀ ਵਰਤੋਂ ਆਮ ਜਿਹੀ ਗੱਲ ਹੋ ਗਈ ਹੈ ਤਾਂ ਕਿ ਅਜਿਹੀਆਂ ਹਰਕਤਾਂ ਨਾਲ ਹੋਰਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਜਾ ਸਕੇ।

ਧਿਆਨਯੋਗ ਹੈ ਕਿ ਪਾਕਿਸਤਾਨ ਦੇ ਨੇਤਾ ਨੂੰ ਅਮਰੀਕੀ ਪ੍ਰਸ਼ਾਸਨ ਤੋਂ ਵੀ ਕੋਈ ਮਦਦ ਨਹੀਂ ਮਿਲੀ, ਸਗੋਂ ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਮਰਾਨ ਖਾਨ ਦੀ ਆਲੋਚਨਾ ਕੀਤੀ ਕਿਉਂਕਿ ਉਨ੍ਹਾਂ ਜਿਸ ਤਰ੍ਹਾਂ ਕਸ਼ਮੀਰੀ ਲੋਕਾਂ ਦੇ ਹਾਲਾਤ ਦਾ ਜ਼ਿਕਰ ਕੀਤਾ, ਉਸ ਤਰ੍ਹਾਂ ਚੀਨ ਦੇ ਉਈਗਰਾਂ ਦੀ ਦੁਰਦਸ਼ਾ ਬਾਰੇ ਚੁੱਪ ਵੱਟੀ ਰੱਖੀ। ਦੱਖਣੀ ਅਤੇ ਮੱਧ ਏਸ਼ੀਆ ਦੇ ਲਈ ਅਮਰੀਕੀ ਸਹਾਇਕ ਸਕੱਤਰ ਐਲਿਸ ਵੇਲਜ਼ ਨੇ ਕਸ਼ਮੀਰ ਬਾਰੇ ਇਮਰਾਨ ਖਾਨ ਦੁਆਰਾ ਕੀਤੀ ਗਈ ਟਿੱਪਣੀ ਨੂੰ ਕੋਈ ਅਹਿਮੀਅਤ ਨਾ ਦਿੰਦਿਆਂ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਦੋ ਪ੍ਰਮਾਣੂ ਤਾਕਤਾਂ ਵਾਲੇ ਮੁਲਕਾਂ ਵਿੱਚ ਹੋ ਰਹੀ ਬੇਲੋੜੀ ਬਿਆਨਬਾਜ਼ੀ ਨੂੰ ਘਟਾਉਣ ਦਾ ਸਵਾਗਤ ਕੀਤਾ ਜਾਵੇਗਾ। ਸਹਾਇਕ ਸਕੱਤਰ ਵੇਲਜ਼ ਨੇ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਨੂੰ ਇਹ ਸਵਾਲ ਵੀ ਕੀਤਾ ਕਿ ਉਨ੍ਹਾਂ ਨੇ ਚੀਨ ਦੇ ਖਿਲਾਫ਼ ਕਿਉਂ ਨਹੀਂ ਮੂੰਹ ਖੋਲ੍ਹਿਆ, ਜਿਸ ਨੇ ਤਕਰੀਬਨ 10 ਲੱਖ ਉਈਗਰ ਮੁਸਲਮਾਨਾਂ ਨੂੰ ਨਜ਼ਰਬੰਦ ਕੀਤਾ ਹੋਇਆ ਰੈ ਤਾਂਕਿ ਉਹ ਉਨ੍ਹਾਂ ਨੂੰ ਚੀਨ ਦੀ ਹਾਨ ਪਰੰਪਰਾ ਦਾ ਹਿੱਸਾ ਬਣਾ ਸਕੇ। ਅਸਲ ਗੱਲ ਇਹ ਹੈ ਕਿ ਪਾਕਿਸਤਾਨ ਦੇ ਚੀਨ ਨਾਲ ਖਾਸ ਸੰਬੰਧ ਹਨ, ਇਸੇ ਲਈ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਨੇ ਉਈਗਰ ਮਸਲੇ ਤੇ ਕੁਝ ਵੀ ਕਹਿਣ ਤੋਂ ਮਨ੍ਹਾ ਕਰ ਦਿੱਤਾ।

ਇਸ ਇਜਲਾਸ ਵਿੱਚ ਪਾਕਿਸਤਾਨੀ ਆਗੂ ਦੁਆਰਾ ਕੀਤੀ ਗਈ ਤਕਰੀਰ ਦਾ ਭਾਰਤ ਨੇ ਤੱਥਾਂ ਦੇ ਆਧਾਰ ਤੇ ਢੁਕਵਾਂ ਜਵਾਬ ਦਿੱਤਾ। ਭਾਰਤ ਨੇ ਪਾਕਿਸਤਾਨ ਦੀ ਪ੍ਰਮਾਣੂ ਧਮਕੀ ਨੂੰ ਤਬਾਹਕੁੰਨ ਕਰਾਰ ਦਿੰਦਿਆਂ ਆਪਣੀ ਰਣਨੀਤਕ ਸੂਝ-ਬੂਝ ਦਾ ਸਬੂਤ ਦਿੱਤਾ। ਭਾਰਤ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੰਘ ਵਿੱਚ ਇਮਰਾਨ ਖਾਨ ਦੀ ਤਕਰੀਰ ਦੋ ਮੁਲਕਾਂ ਵਿੱਚ ਫੁੱਟ ਅਤੇ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਕੱਤਰ ਵਿਦਿਸ਼ਾ ਮੈਤਰਾ ਨੇ ਕਿਹਾ ਕਿ ਜਿਸ ਮੁਲਕ ਵਿੱਚ ਅਤਿਵਾਦ ਨੂੰ ਪਾਲਿਆ-ਪੋਸਿਆ ਜਾਂਦਾ ਹੈ, ਉਸ ਮੁਲਕ ਦੇ ਵਜ਼ੀਰ-ਏ-ਆਜ਼ਮ ਦੁਆਰਾ ਅਤਿਵਾਦ ਬਾਰੇ ਦਿੱਤਾ ਸਪੱਸ਼ਟੀਕਰਨ ਗੈਰ-ਜ਼ਿੰਮੇਦਾਰਾਨਾ ਅਤੇ ਭੜਕਾਊ ਹੈ।

ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਦੁਆਰਾ ਪਾਕਿਸਤਾਨ ਵਿੱਚ ਅਤਿਵਾਦੀ ਗਤੀਵਿਧੀਆਂ ਦੀ ਜਾਂਚ ਲਈ ਸੰਯੁਕਤ ਰਾਸ਼ਟਰ ਦੇ ਜਾਂਚਕਰਤਾਵਾਂ ਨੂੰ ਸੱਦਾ ਦੇਣ ਦੇ ਮੁੱਦੇ ਤੇ ਉਨ੍ਹਾਂ ਕਿਹਾ ਕਿ ਇਸ ਵਾਅਦੇ ਦੇ ਲਈ ਦੁਨੀਆ ਉਨ੍ਹਾਂ ਨੂੰ ਮਾਫ ਨਹੀਂ ਕਰੇਗੀ। ਭਾਰਤੀ ਪ੍ਰਤੀਨਿਧੀ ਨੇ ਪਾਕਿਸਤਾਨ ਅੱਗੇ ਇਹ ਵੀ ਸਵਾਲ ਚੁੱਕਿਆ ਕਿ ਕੀ ਉਹ ਇਸ ਤੱਥ ਦੀ ਪੁਸ਼ਟੀ ਕਰ ਸਕਦਾ ਹੈ ਕਿ ਸੰਯੁਕਤ ਰਾਸ਼ਟਰ ਦੁਆਰਾ ਸੂਚੀਬੱਧ 130 ਅੱਤਵਾਦੀਆਂ ਅਤੇ 25 ਦਹਿਸ਼ਤਗਰਦੀ ਗੁੱਟਾਂ ਦਾ ਟਿਕਾਣਾ ਪਾਕਿਸਤਾਨ ਵਿੱਚ ਹੀ ਹੈ ? ਕੀ ਪਾਕਿਸਤਾਨ ਇਸ ਗੱਲ ਤੋਂ ਮੂੰਹ ਮੋੜ ਸਕਦਾ ਹੈ ਕਿ ਇਸ ਸੰਬੰਧੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੁਆਰਾ ਨਿਰਧਾਰਿਤ ਕੀਤੇ ਗਏ 27 ਮਾਪਦੰਡਾਂ ਵਿੱਚੋਂ 20 ਵਿੱਚ ਖਰਾ ਨਾ ਉਤਰਨ ਦੀ ਉਲੰਘਣਾ ਦੇ ਮਾਮਲੇ ਵਿੱਚ ਉਸ ਨੂੰ ਨੋਟਿਸ ਦਿੱਤਾ ਗਿਆ ਹੈ।

ਕਾਬਿਲੇਗੌਰ ਹੈ ਕਿ ਅੱਤਵਾਦ ਅਤੇ ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ਨਾਲ ਪਾਕਿਸਤਾਨ ਮਨੁੱਖੀ ਹੱਕਾਂ ਦੇ ਨਵੇਂ ਚੈਂਪੀਅਨ ਵਜੋਂ ਆਪਣਾ ਤੁਰਪ ਦਾ ਪੱਤਾ ਖੇਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਦੇ 193 ਮੈਂਬਰ ਦੇਸ਼ਾਂ ਨੂੰ ਇਹ ਵੀ ਯਾਦ ਦਿਵਾਇਆ ਹੈ ਕਿ 1947 ਵੇਲੇ ਪਾਕਿਸਤਾਨ ਵਿੱਚ ਘੱਟ-ਗਿਣਤੀਆਂ ਦੀ ਆਬਾਦੀ 23 ਫੀਸਦੀ ਸੀ ਜੋ ਕਿ ਹੁਣ ਘੱਟ ਕੇ ਸਿਰਫ਼ 3 ਫੀਸਦੀ ਰਹਿ ਗਈ ਹੈ। ਇਹ ਕਮੀ ਆਉਣ ਦਾ ਕਾਰਨ ਇਹ ਹੈ ਕਿ ਇਸਾਈ, ਸਿੱਖ, ਅਹਿਮਦੀਆ, ਹਿੰਦੂ, ਸ਼ੀਆ, ਪਸ਼ਤੂਨ, ਸਿੰਧੀ ਅਤੇ ਬਲੋਚ ਲੋਕਾਂ ਨੂੰ ਦੇਸ਼-ਧ੍ਰੋਹੀ ਅਤੇ ਈਸ਼-ਨਿੰਦਾ ਵਰਗੇ ਕਾਨੂੰਨਾਂ ਦੇ ਅਧੀਨ ਸਜ਼ਾਵਾਂ ਦਿੱਤੀਆਂ ਗਈਆਂ ਅਤੇ ਡਰਾ-ਧਮਕਾ ਕੇ ਉਨ੍ਹਾਂ ਦਾ ਜ਼ਬਰੀ ਧਰਮ ਪਰਿਵਰਤਨ ਵੀ ਕੀਤਾ ਗਿਆ।

ਭਾਰਤ ਨੇ ਕਿਹਾ ਹੈ ਕਿ ਇੰਜ ਜਾਪਦਾ ਹੈ ਜਿਵੇਂ ਪਾਕਿਸਤਾਨ ਮਨੁੱਖੀ ਹੱਕਾਂ ਦਾ ਡੰਕਾ ਵਜਾ ਕੇ ਕਿਸੇ ਟਰਾਫੀ ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਭਾਰਤੀ ਪ੍ਰਤੀਨਿਧੀ ਨੇ ਕਿਹਾ ਕਿ ‘ਪੋਗ੍ਰੋਮਜ਼ ਅੱਜ ਦੇ ਜੀਵੰਤ ਲੋਕਤੰਤਰਾਂ ਦਾ ਵਰਤਾਰਾ ਨਹੀਂ ਹਨ।‘ ਭਾਰਤ ਨੇ ਦੁਨੀਆ ਨੂੰ ਇਹ ਵੀ ਯਾਦ ਕਰਾਇਆ ਕਿ ਪਾਕਿਸਤਾਨ ਨੇ 1971 ਵਿੱਚ ਕਿਵੇਂ ਬਰਬਰਤਾ ਨਾਲ ਆਪਣੇ ਹੀ ਲੋਕਾਂ ਦੀ ਨਸਲਕੁਸ਼ੀ ਕੀਤੀ ਸੀ।

ਜੰਮੂ-ਕਸ਼ਮੀਰ ਰਾਜ ਦੇ ਵਿਕਾਸ ਅਤੇ ਇਸ ਦੇ ਭਾਰਤ ਨਾਲ ਏਕੀਕਰਣ ਦੇ ਲਈ ਪੁਰਾਣੀ ਅਤੇ ਅਸਥਾਈ ਵਿਵਸਥਾ (ਧਾਰਾ 370) ਨੂੰ ਭਾਰਤ ਦੁਆਰਾ ਹਟਾਉਣ ਤੇ ਪਾਕਿਸਤਾਨ ਦੀ ਪ੍ਰਤੀਕਿਰਿਆ ਇਸ ਗੱਲ ਦਾ ਸਬੂਤ ਹੈ ਕਿ ਉਹ ਸ਼ਾਂਤੀ ਵਿਵਸਥਾ ਦੀ ਪੈਰਵੀ ਨਹੀਂ ਕਰਦਾ। ਸਗੋਂ ਇਸ ਦੇ ਉਲਟ ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿੱਚ ਅੱਤਵਾਦ ਨੂੰ ਹੀ ਹੁਲਾਰਾ ਦਿੱਤਾ ਹੈ ਅਤੇ ਉਥੇ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਦਿੰਦਾ ਰਿਹਾ ਹੈ। ਜੰਮੂ-ਕਸ਼ਮੀਰ ਵਿੱਚ ਮੁੱਖ-ਧਾਰਾ ਦੇ ਵਿਕਾਸ ਦੇ ਇਰਾਦੇ ਨਾਲ ਭਾਰਤ ਅੱਜ ਅੱਗੇ ਵੱਧ ਰਿਹਾ ਹੈ।

ਜੰਮੂ-ਕਸ਼ਮੀਰ ਦੇ ਨਾਲ ਹੀ ਲੱਦਾਖ ਨੂੰ ਭਾਰਤ ਦੀ, ਵਿਭਿੰਨਤਾ, ਬਹੁਲਵਾਦ ਅਤੇ ਸਹਿਣਸ਼ੀਲਤਾ ਦੀ ਸਦੀਆਂ ਪੁਰਾਣੀ ਵਿਰਾਸਤ ਅਤੇ ਲੋਕਤੰਤਰੀ ਮੁੱਲਾਂ ਨਾਲ ਏਕੀਕ੍ਰਿਤ ਕਰਨ ਦਾ ਕਾਰਜ ਬੜੇ ਹੀ ਸਹਿਜ ਰੂਪ ਨਾਲ ਨੇਪਰੇ ਚੜ੍ਹ ਰਿਹਾ ਹੈ। ਭਾਰਤ ਦੇ ਨਾਗਰਿਕਾਂ ਵੱਲੋਂ ਕਿਸੇ ਹੋਰ ਨੂੰ ਬੋਲਣ ਦੀ ਲੋੜ ਨਹੀਂ ਹੈ, ਘੱਟੋ-ਘੱਟ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਨਫ਼ਰਤ ਦੀ ਵਿਚਾਰਧਾਰਾ ਨਾਲ ਅੱਤਵਾਦ ਦਾ ਅੱਡਾ ਬਣਾਇਆ ਹੋਇਆ ਹੈ।

ਗੌਰਤਲਬ ਹੈ ਕਿ ਪਾਕਿਸਤਾਨ ਦੇ ਵਿਰੋਧੀ ਦਲਾਂ ਨੇ ਵੀ ਸੰਯੁਕਤ ਰਾਸ਼ਟਰ ਵਿੱਚ ਇਮਰਾਨ ਖਾਨ ਦੀ ਤਕਰੀਰ ਦੀ ਆਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਕਸ਼ਮੀਰ ਮੁੱਦੇ ‘ਤੇ ਬਿਨਾਂ ਕਿਸੇ ਸਮਰਥਨ ਦੇ ਖਾਲੀ ਹੱਥੀਂ ਪਰਤ ਆਏ ਹਨ।

ਸਕ੍ਰਿਪਟ : ਕੌਸ਼ਿਕ ਰਾਏ, ਖ਼ਬਰ ਵਿਸ਼ਲੇਸ਼ਕ, ਆਕਾਸ਼ਵਾਣੀ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ