18ਵਾਂ ਗੁੱਟ ਨਿਰਲੇਪ ਅੰਦੋਲਨ (ਨੈਮ) ਸੰਮੇਲਨ
ਅਜ਼ਰਬੇਜਾਨ ਦੀ ਰਾਜਧਾਨੀ ਬਾਕੂ ਵਿਖੇ ਗੁੱਟ ਨਿਰਲੇਪ ਅੰਦੋਲਨ, ਐਨ.ਏ.ਐਮ. ਦਾ ਦੋ ਰੋਜ਼ਾ 18ਵਾਂ ਸਿਖਰ ਸੰਮੇਲਨ ਮੁਕੰਮਲ ਹੋਇਆ , ਜਿਸ ਨੇ ਕਿ ਦੁਨੀਆ ਭਰ ਦੇ ਨਿਰੀਖਕਾਂ ਨੂੰ ਇਹ ਅਹਿਸਾਸ ਕਰਵਿਾਇਆ ਹੈ ਕਿ ਨੈਮ ਅਜੇ ਵੀ ਆਪਣੀ ਹੋਂਦ ਕਾਇਮ ਰੱਖ ਰਿਹਾ ਹੈ।ਛੇ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਨੈਮ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਪੱਛਮ ‘ਚ ਟਿੱਪਣੀਆਂ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਰਹੀ ਹੈ, ਜੋ ਕਿ ਨੈਮ ਦੀ ਸਮਾਪਤੀ ਦੀ ਕਹਾਣੀ ਲਿਖਣ ਨੂੰ ਤਿਆਰ ਬਰ ਤਿਆਰ ਹਨ।ਪਰ ਉਹ ਹਰ ਵਾਰ ਗਲਤ ਸਾਬਤ ਹੋਏ।
ਇਸ ਵਾਰ ਦੇ 18ਵੇਂ ਸੰਮੇਲਨ ਦੀ ਮੇਜ਼ਬਾਨੀ ਅਜ਼ਰਬੇਜਾਨ ਵੱਲੋਂ ਕੀਤੀ ਗਈ, ਜੋ ਕਿ ਸਾਲ 2001 ਦੇ ਆਖੀਰ ‘ਚ ਇਸ ਸਮੂਹ ‘ਚ ਸ਼ਾਮਲ ਹੋਇਆ ਸੀ।ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਮੈਂਬਰ ਮੁਲਕਾਂ ਲਈ ਇਹ ਅੰਦੋਲਨ ਅੱਜ ਵੀ ਖਾਸ ਹੈ ਅਤੇ ਬਹੁਤ ਹੀ ਤੇਜ਼ੀ ਨਾਲ ਬਦਲ ਰਹੀ ਦੁਨੀਆ ਦੀ ਚਾਲ ਅਨੁਸਾਰ ਹੀ ਅੱਗੇ ਵੱਧ ਰਿਹਾ ਹੈ।ਜ਼ਿਕਰੇਖਾਸ ਹੈ ਕਿ ਅੱਜ ਵੀ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਕਿ ਤੀਜੀ ਦੁਨੀਆ ਦੇ ਦੇਸ਼ਾਂ ਲਈ ਇਕ ਹੀ ਸੁਰ ‘ਚ ਬੋਲਣ ਲਈ ਇੱਕ ਵਿਸ਼ੇਸ਼ ਮੰਚ ਦੇ ਰੂਪ ‘ਚ ਨੈਮ ਦੀ ਹੋਂਦ ‘ਚ ਵਿਸ਼ਵਾਸ ਰੱਖਦੇ ਹਨ।ਉਨ੍ਹਾਂ ਲਈ ਇਹ ਮੌਕਾ ਹੈ ਕਿ ਆਲਮੀ ਸ਼ਕਤੀਸ਼ਾਲੀ ਤਾਕਤਾਂ ਦੇ ਕਾਵਾਂਰੌਲੇ ‘ਚ ਉਹ ਆਪਣੇ ਵਿਚਾਰਾਂ ਨੂੰ ਪੂਰੀ ਦੁਨੀਆ ਅੱਗੇ ਪੇਸ਼ ਕਰ ਸਕਣ।
ਗੁੱਟ ਨਿਰਲੇਪ ਅੰਦੋਲਨ ਦੇ ਮੋਢੀ ਵੱਜੋਂ ਭਾਰਤ ਨੇ ਇਸ ਦੇ ਵਿਕਾਸ ‘ਚ ਅਹਿਮ ਭੂਮਿਕਾ ਨਿਭਾਈ ਹੈ।ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਿਆ ਨਾਇਡੂ ਨੇ ਭਾਰਤੀ ਵਫ਼ਦ ਦੀ ਅਗਵਾਈ ਕਰਦਿਆਂ ਸੰਮੇਲਨ ਦੇ ਭਾਗੀਦਾਰਾਂ ਨੂੰ ਦੱਸਿਆ ਕਿ ਭਾਰਤ ਆਪਣੇ ਸਿਧਾਂਤਾ ਅਤੇ ਉਦੇਸ਼ਾਂ ਪ੍ਰਤੀ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਅਤੇ ਉਸ ਨੂੰ ਸ਼ਾਇਦ ਹੀ ਆਪਣੀਆਂ ਇੰਨ੍ਹਾਂ ਪ੍ਰਤੀਬੱਧਤਾਵਾਂ ਨੂੰ ਦੁਹਰਾਉਣ ਦੀ ਲੋੜ ਹੋਵੇ।
ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਪਾਕਿਸਤਾਨ ਇਸ ਮੰਚ ‘ਤੇ ਵੀ ਕਸ਼ਮੀਰ ਮੁੱਦੇ ਸਬੰਧੀ ਆਪਣੀ ਗਾਥਾ ਦੁਹਰਾਉਣ ਤੋਂ ਬਾਜ਼ ਨਹੀਂ ਆਇਆ।ਪਾਕਿ ਰਾਸ਼ਟਰਪਤੀ ਆਰਿਫ ਅਲਵੀ ਦੀ ਕਸ਼ਮੀਰ ਮੁੱਦੇ ‘ਤੇ ਭਾਰਤ ਖਿਲਾਫ ਮੁਹਿੰਮ ਦਾ ਜਵਾਬ ਦਿੰਦਿਆਂ ਸ੍ਰੀ ਨਾਇਡੂ ਨੇ ਕਿਹਾ ਕਿ ਪਾਕਿਸਤਾਨ ਅੱਤਵਾਦ ਦਾ ਗੜ੍ਹ ਹੈ ਅਤੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਨੂੰ ਗ਼ੁਜ਼ਾਰਿਸ਼ ਕੀਤੀ ਕਿ ਉਹ ਆਪਣੇ ਲੰਮੇ ਸਮੇਂ ਤੋਂ ਸਰਹੱਦ ਪਾਰ ਅੱਤਵਾਦ ਦੀ ਨੀਤੀ ਨੂੰ ਸਹੀ ਠਹਿਰਾਉਣ ਦੇ ਮਕਸਦ ਨਾਲ ਕਸ਼ਮੀਰ ਮੁੱਦੇ ‘ਤੇ ਜੋ ਬਿਆਨਬਾਜ਼ੀ ਕਰ ਰਿਹਾ ਹੈ, ਉਸ ਨੂੰ ਖ਼ਤਮ ਕਰੇ।
ਭਾਰਤ ਦੀ ਸਥਿਤੀ ਨੂੰ ਉਸ ਸਮੇਂ ਮਜ਼ਬੂਤੀ ਹਾਸਲ ਹੋਈ ਜਦੋਂ ਸੰਮੇਲਨ ਦੇ ਐਲਾਨਨਾਮੇ ‘ਚ ਸੰਯੁਕਤ ਰਾਸ਼ਟਰ ਦੇ ਸਿਧਾਂਤ, ਕੌਮਾਂਤਰੀ ਕਾਨੂੰਨ ਅਤੇ ਢੁਕਵੇਂ ਸੰਮੇਲਨਾਂ ਦੇ ਅਨੁਸਾਰ ਅੱਤਵਾਦ ਦੇ ਸਾਰੇ ਰੂਪਾਂ ਦੇ ਖ਼ਾਤਮੇ ਦੇ ਯਤਨ ਦੇ ਸੰਕਲਪ ਨੂੰ ਪ੍ਰਗਟ ਕੀਤਾ।
ਇਹ ਸੱਚ ਹੈ ਕਿ ਨੈਮ ਦੀ ਹੋਂਦ ਅਤੇ ਸ਼ੀਤ ਯੁੱਧ ਜਿਸ ਨੇ ਦੁਨੀਆ ਨੂੰ ਦੋ ਵਿਰੋਧੀ ਵਿਚਾਰਧਾਰਕ ਧਿਰਾਂ ‘ਚ ਵੰਡ ਦਿੱਤਾ ਸੀ, ਤੋਂ ਬਾਅਦ ਸੰਸਾਰ ‘ਚ ਬਹੁਤ ਤਬਦੀਲੀ ਵੇਖਣ ਨੂੰ ਮਿਲੀ ਹੈ।ਅੰਤਰਰਾਸ਼ਟਰੀ ਸਿਆਸਤ ‘ਚ ਆ ਰਹੇ ਬਦਲਾਵਾਂ ਦੇ ਨਾਲ ਨਾਲ ਨੈਮ ਦੀ ਭੂਮਿਕਾ ‘ਚ ਵੀ ਤਬਦੀਲੀ ਆ ਰਹੀ ਹੈ।
ਇਸ ਦੇ ਅਨੁਸਾਰ ਨੈਮ ਮੁਲਕਾਂ ਨੂੰ ਵੀ ਖੇਤਰੀ ਅਤੇ ਕੌਮਾਂਤਰੀ ਰਾਜਨੀਤੀ ਦੀ ਗਤੀਸ਼ੀਲਤਾ ਨੂੰ ਧਿਆਨ ‘ਚ ਰੱਖਦਿਆਂ ਆਪਣੀ ਸਥਿਤੀ ‘ਚ ਤਬਦੀਲੀਆਂ ਕਰਨੀਆਂ ਪਈਆਂ।ਪਰ ਇਸ ਦੇ ਨਾਲ-ਨਾਲ ਇਹ ਵੀ ਸੱਚ ਹੈ ਕਿ ਨੈਮ ਅੱਜ ਵੀ ਸੰਯੁਕਤ ਰਾਸ਼ਟਰ ਤੋਂ ਬਾਹਰ ਦੁਨੀਆ ਦਾ ਸਭ ਤੋਂ ਵੱਡਾ ਸਮੂਹ ਹੈ।ਲਗਭਗ 120 ਮੈਂਬਰ ਦੇਸ਼ਾਂ ਦਾ ਇਹ ਸਮੂਹ ਵਿਸ਼ਵ ਦੀ ਆਬਾਦੀ ਦੇ 2/3 ਹਿੱਸੇ ਨੂੰ ਦਰਸਾਉਂਦਾ ਹੈ।
ਇਹ ਗੱਲ ਖਾਸ ਹੈ ਕਿ ਸੰਮੇਲਨ ਨੇ ਆਪਣੇ ਵੱਖਰੇ ਏਜੰਡੇ ਨੂੰ ਅਪਣਾਉਣ ਦੀ ਬਜਾਏ ਦੂਰ ਦ੍ਰਿਸ਼ਟੀ ਨਾਲ ਸੰਯੁਕਤ ਰਾਸ਼ਟਰ ਨਾਲ ਗੱਠਜੋੜ ਕਰਨ ‘ਚ ਆਪਣੀ ਭੂਮਿਕਾ ਨੂੰ ਸਪੱਸ਼ਟ ਕੀਤਾ ਹੈ।
ਬਾਕੂ ਐਲਾਨਨਾਮੇ ‘ਚ ਬਹੁਪੱਖੀਵਾਦ ਨੂੰ ਉਸ਼ਾਹਿਤ ਕਰਨ ਅਤੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਮਜ਼ਬੂਤੀ ਦੀ ਮੰਗ ਕੀਤੀ ਗਈ ਹੈ।ਦਰਅਸਲ ਸੰਯੁਕਤ ਰਾਸ਼ਟਰ ਪ੍ਰਣਾਲੀ ਖਾਸ ਕਰਕੇ ਮਹਾਸਭਾ ਦਾ ਲੋਕਤੰਤਰੀਕਰਨ, ਸੰਯੁਕਤ ਰਾਸ਼ਟਰ ਪ੍ਰਣਾਲੀ ਦੇ ਸੁਧਾਰ ਦੇ ਹਿੱਸੇ ਵੱਜੋਂ ਲਾਗੂ ਕਰਨ ਦੀ ਮੰਗ ਹੈ, ਜੋ ਕਿ ਲੰਮੇ ਸਮੇਂ ਤੋਂ ਲੰਬਿਤ ਹੈ।ਇਕ ਤਾਂ ਨੈਮ ‘ਚ ਸ਼ਾਮਲ ਮੁਲਕ ਵਿਸ਼ਵ ਦੀ ਆਬਾਦੀ ਦੀ ਬਹੁਗਿਣਤੀ ਦੀ ਅਗਵਾਈ ਕਰਦੇ ਹਨ।
ਇੱਥੇ ਇਸ ਤੱਥ ਵੱਲ ਧਿਆਨ ਦਿੱਤਾ ਜਾਣਾ ਲਾਜ਼ਮੀ ਹੈ ਕਿ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਕੱਤਰ ਨੇ ਸੰਮੇਲਨ ਲਈ ਆਪਣੇ ਸੰਦੇਸ਼ ‘ਚ ਵੱਧ ਰਹੇ ਭਰੋਸੇ ਦੀ ਘਾਟ, ਵਿਸ਼ਵੀਕਰਨ ‘ਚ ਲੋਕਾਂ ਦੇ ਵਿਸ਼ਾਵਸ ਆ ਰਹੀ ਕਮੀ, ਆਲਮੀ ਅਤੇ ਕੌਮਾਂਤਰੀ ਹਿੰਸਾ ‘ਚ ਵਾਧਾ ਅਤੇ ਸਮੂਹਕ ਕਾਰਵਾਈ ਦੀ ਜ਼ਰੂਰਤ ਵਰਗੇ ਮੁੱਦਿਆਂ ਵੱਲ ਧਿਆਨ ਖਿੱਚਿਆ।ਉਮੀਦ ਕੀਤੀ ਜਾ ਰਹੀ ਹੈ ਕਿ ਦੁਨੀਆ ਦੀਆਂ ਦੋ ਵੱਡੀਆਂ ਪ੍ਰਤੀਨਿਧੀਆਂ ਸੰਸਥਾਵਾਂ ਦਾ ਇਕ ਦੂਜੇ ਨਾਲ ਮੇਲ-ਮਿਲਾਪ ਕਰਕੇ ਕੰਮ ਕਰਨ ਦਾ ਸਮਾਂ ਸ਼ਾਇਦ ਆ ਗਿਆ ਹੈ।
ਸਕ੍ਰਿਪਟ: ਐਮ.ਕੇ. ਟਿੱਕੂ, ਰਾਜਨੀਤਕ ਟਿੱਪਣੀਕਾਰ
Comments
Post a Comment