ਭਾਰਤ ਬੰਗਲਾਦੇਸ਼ ਨਾਲ ਆਪਣੇ ਸਬੰਧਾਂ ਨੂੰ ਕਰ ਰਿਹਾ ਹੈ ਮਜ਼ਬੂਤ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਭਾਰਤ ਫੇਰੀ ਦੁਵੱਲੇ ਰਾਜਨੀਤਕ ਅਤੇ ਕੂਟਨੀਤਕ ਕਾਰਨਾਂ ਕਰਕੇ ਬਹੁਤ ਖਾਸ ਰਹੀ।ਇਸ ਦੌਰੇ ਦੀ ਸ਼ੁਰੂਆਤ ਪਿਛਲੇ ਹਫ਼ਤੇ ਦਿੱਲੀ ਵਿਖੇ ਆਯੋਜਿਤ ਵਿਸ਼ਵ ਆਰਥਿਕ ਫੋਰਮ ‘ਚ ਦੇਸ਼ ਦੀ ਵੱਧ ਰਹੀ ਨਿਵੇਸ਼ ਸੰਭਾਵਨਾ ਨੂੰ ਪ੍ਰਦਰਸ਼ਿਤ ਕਰਨ ਦੇ ਇਕ ਮੌਕੇ ਵੱਜੋਂ ਕੀਤੀ ਗਈ ਸੀ, ਹਾਲਾਂਕਿ ਅਧਿਕਾਰਤ ਸਮਝੌਤਿਆਂ ਅਤੇ ਜਾਰੀ ਕੀਤੇ ਸਾਂਝੇ ਬਿਆਨ ‘ਚ ਦੱਸਿਆ ਗਿਆ ਹੈ ਕਿ ਦੋਵਾਂ ਧਿਰਾਂ ਨੇ ਇਸ ਮੌਕੇ ਕੁੱਝ ਠੋਸ ਕਦਮ ਚੁੱਕੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਦੀ ਆਪਣੀ ਹਮਅਹੁਦਾ ਦਾ ਸਵਾਗਤ ਕਰਦਿਆਂ ਆਪਣੇ ਭਾਸ਼ਣ ‘ਚ ਕਿਹਾ ਕਿ ਦੋਵਾਂ ਮੁਲਕਾਂ ਦੀ ਸਾਂਝੇਦਾਰੀ ਦਾ ਉਦੇਸ਼ ਭਾਰਤ ਅਤੇ ਬੰਗਲਾਦੇਸ਼ ਦੇ ਹਰ ਨਾਗਰਿਕ ਦੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ।ਇਸ ਸਬੰਧ ‘ਚ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਇਕ ਸਾਲ ‘ਚ ਢਾਕਾ ਅਤੇ ਦਿੱਲੀ ਨੇ 9 ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਹੈ ਅਤੇ ਪੀਐਮ ਹਸੀਨਾ ਦੀ ਇਸ ਤਾਜ਼ਾ ਫੇਰੀ ਦੌਰਾਨ 3 ਹੋਰ ਪ੍ਰਾਜੈਕਟ ਇਸ ਸੂਚੀ ‘ਚ ਸ਼ਾਮਲ ਕੀਤੇ ਗਏ ਹਨ।

ਦੋਵਾਂ ਧਿਰਾਂ ਨੇ ਐਲਪੀਜੀ ਦੀ ਖੁੱਲੀ ਸਪਲਾਈ, ਕਿੱਤਾਮੁਖੀ ਹੁਨਰ ਅਤੇ ਢਾਕਾ ਦੇ ਰਾਮਾਕ੍ਰਿਸ਼ਨ ਮਿਸ਼ਨ ‘ਚ ਵਿਵੇਕਾਨੰਦ ਭਵਨ ਦੀਸ ਥਾਪਨਾ ਸਬੰਧੀ ਇਕਰਾਰਨਾਮਿਆਂ ਨੂੰ ਵੀ ਸਹੀਬੱਧ ਕੀਤਾ।ਬੰਗਲਾਦੇਸ਼ ਤੋਂ ਐਲਪੀਜੀ ਦੀ ਸਪਲਾਈ ਦਾ ਉਦੇਸ਼ ਭਾਰਤ ‘ਚ ਉੱਤਰ-ਪੂਰਬੀ ਰਾਜਾਂ ‘ਚ ਐਲਪੀਜੀ ਦੀ ਮਾਤਰਾ ਨੂੰ ਪੂਰਾ ਕਰਨਾ ਹੈ।

ਇਸ ਤੋਂ ਇਲਾਵਾ ਦੋਵਾਂ ਧਿਰਾਂ ਨੇ ਸੱਤ ਸਮਝੋਤਿਆਂ ‘ਤੇ ਦਸਤਖਤ ਕੀਤੇ ਜਿੰਨ੍ਹਾਂ ‘ਚ ਤੱਟਵਰਤੀ ਨਿਗਰਾਨੀ , ਭਾਰਤੀ ਸਮੁੰਦਰੀ ਜਹਾਜ਼ਾਂ ਵੱਲੋਂ ਚਟਗਾਓਂ ਅਤੇ ਮੰਗੋਲਾ ਬੰਦਰਗਾਹਾਂ ਦੀ ਵਰਤੋਂ ਅਤੇ ਤ੍ਰਿਪੁਰਾ ਦੇ ਸਬਰੂਮ ਕਸਬੇ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਭਾਰਤ ਵੱਲੋਂ ਫੈਨੀ ਨਦੀ ਤੋਂ 1.82 ਕਿਊਸਿਕ ਪਾਣੀ ਵਾਪਸ ਲੈਣ ਸਬੰਧੀ ਸਮਝੌਤੇ ਸ਼ਾਮਲ ਹਨ।

ਤੱਟਵਰਤੀ ਨਿਗਰਾਨੀ ਬਾਰੇ ਗੱਲ ਕਰਦਿਆਂ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਹ ਸਮਝੌਤਾ ਆਖਰਕਾਰ ਭਾਰਤ ਨੂੰ ਸਾਂਝੀ ਤੱਟਵਰਤੀ ਰੇਖਾ ਦੇ ਨਾਲ ਲੱਗਦੇ ਖੇਤਰ ‘ਚ ਨਿਗਰਾਨੀ ਰਾਡਾਰ ਇਕਾਈਆਂ ਅਤੇ ਬੁਨਿਆਦੀ ਢਾਂਚੇ ਦੀ ਇਜਾਜ਼ਤ ਦੇਵੇਗਾ।ਜਿਸ ਨਾਲ ਕਿ ਦੋਵਾਂ ਪਾਸਿਆਂ ਨੂੰ ਸਾਂਝੇ ਤੱਟਵਰਤੀ ਖੇਤਰ ਦੀ ਨਿਗਰਾਨੀ ਉੱਚਿਤ ਢੰਗ ਨਾਲ ਕਰਨ ‘ਚ ਮਦਦ ਮਿਲੇਗੀ।

ਡਬਲਿਊ.ਈ.ਐਫ. ‘ਚ ਆਪਣੀ ਪੇਸ਼ਕਾਰੀ ਦੌਰਾਨ ਪੀਐਮ ਸ਼ੇਖ ਹਸੀਨਾ ਨੇ ਬੰਗਲਾਦੇਸ਼ ਨੂੰ ਇਕ ਧਰਮ ਨਿਰਪੱਖ ਪ੍ਰਗਤੀਸ਼ੀਲ ਮੁਲਕ ਦੱਸਿਆ, ਜੋ ਕਿ ਰੋਹਿੰਗਿਆ ਸ਼ਰਨਾਰਥੀ ਸੰਕਟ ਨਾਲ ਨਜਿੱਠ ਰਿਹਾ ਹੈ।ਦੱਸਣਯੋਗ ਹੈ ਕਿ ਅਗਸਤ-ਸਤੰਬਰ 2017 ਤੋਂ ਲੱਖਾਂ ਹੀ ਰੋਹਿੰਗਿਆ ਸ਼ਰਨਾਰਥੀ ਮਿਆਂਮਾਰ ਤੋਂ ਬੰਗਲਾਦੇਸ਼ ਵੱਲ ਪ੍ਰਵਾਸ ਕਰ ਗਏ ਸਨ।ਉਨ੍ਹਾਂ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਰੋਹਿੰਗਿਆ ਸ਼ਰਨਾਰਥੀਆਂ ਨੂੰ ਜਲਦ ਤੋਂ ਜਲਦ ਮਿਆਂਮਾਰ ਦੇ ਰਖੀਨੇ ਪ੍ਰਾਂਤ ‘ਚ ਵਾਪਸ ਭੇਜਣ ‘ਚ ਇਕ ਅਹਿਮ ਭੂਮਿਕਾ ਅਦਾ ਕਰੇ।1.1 ਮਿਲੀਅਨ ਰੋਹਿੰਗਿਆ ਸ਼ਰਨਾਰਥੀ ਇਸ ਸਮੇਂ ਚਿਟਗੋਂਗ ਦੀਆਂ ਪਹਾੜੀਆਂ ‘ਚ ਬਣੇ ਸ਼ਰਨਾਰਤੀ ਕੈਂਪਾਂ ‘ਚ ਰਹਿ ਰਹੇ ਹਨ।

ਭਾਰਤ ਰੋਹਿੰਗੀਆਂ ਦੀ ਮਦਦ ਲਈ 120 ਕਰੋੜ ਰੁਪਏ ਦੇ ਸਾਲਾਨਾ ਪੈਕੇਜ ਦੀ ਪੰਜਵੀਂ ਕਿਸ਼ਤ ਦੀ ਅਦਾਇਗੀ ਲਈ ਵਚਨਬੱਧ ਹੈ।ਭਾਰਤ ਨੇ ਹਾਲ ‘ਚ ਹੀ ਰਖੀਨੇ ਵਿਖੇ ਰੋਹਿੰਗੀਆ ਭਾਈਚਾਰੇ ਦੇ ਮੁੜ ਵਸੇਬੇ ਲਈ ਕਲੋਨੀ ਦਾ ਨਿਰਮਾਣ ਕੀਤਾ ਹੈ।ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਾਜੈਕਟ ਹਨ ਜਿੰਨਾਂ ‘ਤੇ ਵਿਚਾਰ ਚੱਲ ਰਹੀ ਹੈ।ਨਵੀਂ ਦਿੱਲੀ ਨੇ ਮਿਆਂਮਾਰ ਤੋਂ ਉਜੜ ਚੁੱਕੀ ਬੋਧੀ ਅਰਕਾਨੀ ਭਾਈਚਾਰੇ ਦੀ ਮਦਦ ਲਈ 10 ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਜੋ ਕਿ ਬੰਗਲਾਦੇਸ਼ ‘ਚ ਹੀ ਰਹਿ ਰਹੇ ਹਨ।

ਸ਼ੇਖ ਹਸੀਨਾ ਨੇ ਰੋਹਿੰਗੀਆ ਮਸਲੇ ਨਾਲ ਨਜਿੱਠਣ ਲਈ ਆਪਣੀ ਸਰਕਾਰ ਦੇ ਯਤਨਾਂ ਬਾਰੇ ਜਾਣਕਾਰੀ ਦਿੱਤੀ
ਉਮੀਦ ਕੀਤੀ ਜਾ ਰਹੀ ਹੈ ਕਿ ਬੰਗਲਾਦੇਸ ਅਗਾਮੀ ਆਸੀਆਨ ਸੰਮੇਲਨ ‘ਚ ਰੋਹਿੰਗਿਆ ਦੇ ਭਵਿੱਖ ਸਬੰਧੀ ਮੁੱਦੇ ਨੂੰ ਜ਼ਰੂਰ ਚੁੱਕੇਗਾ।ਬੰਗਲਾਦੇਸ਼ ਨੇ ਅਸਾਮ ਦੀ ਨੈਸ਼ਨਲ ਰਜਿਸਟਰੇਸ਼ਨ ਆਫ ਸਿਟੀਜ਼ਨਜ਼ ਦੀ ਚੱਲ ਰਹੀ ਪ੍ਰਕ੍ਰਿਆ ਬਾਰੇ ਵੀ ਗੱਲ ਕੀਤੀ।

ਬੰਗਲਾਦੇਸ਼ ਦੇ ਵਿਦੇਸ਼ ਸਕੱਤਰ ਸ਼ਾਹਿਦੁਲ ਹੱਕ ਨੇ ਕਿਹਾ ਕਿ ਬੰਗਲਾਦੇਸ਼ ਐਨਆਰਸੀ ਦੀ ਸਥਿਤੀ ਨੂੰ ਨੇੜਿਓਂ ਨਜ਼ਰ ਰੱਖੇਗਾ ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ।

ਬੰਗਲਾਦੇਸ਼ੀ ਪੀਐਮ ਹਸੀਨਾ ਨੇ ਅੱਤਵਾਦ ਦੇ ਸਾਰੇ ਰੂਪਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਅੱਤਵਾਦ ਅਤੇ ਕੱਟੜਵਾਦ ਅਤੇ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨਾਂ ਨੇ ਦੱਖਣੀ ਏਸ਼ੀਆਂਈ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਹੁਗਿਣਤੀ-ਘੱਟਗਿਣਤੀ ਵਰਗੀ ਸੋਚ ਦੇ ਘੇਰੇ ਤੋਂ ਬਾਹਰ ਆਉਣ।ਹਾਲਾਂਕਿ ਇਸ ਮਿਲਣੀ ਦੌਰਾਨ ਤੀਸਤਾ ਜਲ ਸਮਝੌਤੇ ਸਬੰਧੀ ਕੋਈ ਤਰੱਕੀ ਨਾ ਹੋ ਸਕੀ।ਜ਼ਿਕਰਯੋਗ ਹੈ ਕਿ ਮੁੱਦਾ ਇਸ ਸਮੇਂ ਬੰਗਲਾਦੇਸ਼ ‘ਚ ਬਹੁਤ ਚਰਚਾ ‘ਚ ਹੈ।

ਇਸ ਦੁਵੱਲੀ ਗੱਲਬਾਤ ਦੇ ਅੰਤ ‘ਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ 2020 ‘ਚ ਬੰਗਾਬੰਧੂ ਸ਼ੇਖ ਮੁਜੀਬਰ ਰਹਿਮਾਨ ਦੀ ਜਨਮ ਸ਼ਤਾਬਦੀ ਮੌਕੇ ਢਾਕਾ ਆਉਣ ਦਾ ਸੱਦਾ ਦਿੱਤਾ।ਭਾਰਤ ਨੇ ਬੰਗਲਾਦੇਸ਼ ਦੇ ਇਸ ਸੱਦੇ ਨੂੰ ਸਵੀਕਾਰ ਕਰ ਲਿਆ ਹੈ।

ਕਲੋਲ ਭੱਟਾਚਾਰੀਜੀ, ਵਿਸ਼ੇਸ ਪੱਤਰਕਾਰ, ਦ ਹਿੰਦੂ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ