71ਵੇਂ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਰਾਸ਼ਟਰਪਤੀ ਬੋਲਸੋਨਾਰੋ ਦੀ ਮੌਜੂਦਗੀ ਨੇ ਸੰਬੰਧਾਂ ਨੂੰ ਕੀਤਾ ਮਜ਼ਬੂਤ
ਭਾਰਤ ਅਤੇ ਬ੍ਰਾਜ਼ੀਲ ਦੀ ਪੂਰੀ ਦੁਨੀਆ ਵਿੱਚ ਆਪੋ-ਆਪਣੀ ਮਹਾਨਤਾ ਹੈ। ਚੀਨ ਤੋਂ ਇਲਾਵਾ ਸਿਰਫ਼ ਭਾਰਤ ਅਤੇ ਬ੍ਰਾਜ਼ੀਲ ਹੀ ਅਜਿਹੇ ਸੰਭਾਵਿਤ ਮੁਲਕ ਹਨ ਜਿਨ੍ਹਾਂ ਦੇ ਮਹਾਂ ਸ਼ਕਤੀ ਬਣਨ ਦੀ ਪੂਰੀ ਉਮੀਦ ਹੈ। ਹਾਲੇ ਬਹੁਤਾ ਸਮਾਂ ਨਹੀਂ ਹੋਇਆ ਜਦੋਂ ਭਾਰਤ ਨੂੰ ਜਨ-ਸੰਖਿਆ ਦੇ ਵਾਧੇ ਅਤੇ ਇਸ ਦੀ ਗੰਭੀਰ ਗਰੀਬੀ ਲਈ ਜਾਣਿਆ ਜਾਂਦਾ ਸੀ ਤੇ ਬ੍ਰਾਜ਼ੀਲ ਬਹੁਤ ਜ਼ਿਆਦਾ ਮਹਿੰਗਾਈ ਅਤੇ ਕਰਜ਼ੇ ਦੇ ਭਾਰ ਹੇਠ ਦੱਬਿਆ ਹੋਇਆ ਮੁਲਕ ਸੀ। ਕਾਬਿਲੇਗੌਰ ਹੈ ਕਿ ਲੋਕਤੰਤਰ ਹੋਣ ਦੇ ਬਾਵਜੂਦ ਵੀ ਭਾਰਤ,ਪੱਛਮੀ ਮੁਲਕਾਂ ਲਈ ਸੱਪਾਂ ਅਤੇ ਰਹੱਸਵਾਦੀ ਸਾਧੂਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਰਿਹਾ ਤੇ ਫਰਾਂਸ ਦੇ ਚਾਰਲਸ ਡੀ ਗੌਲੇ ਨੇ ਬ੍ਰਾਜ਼ੀਲ ਨੂੰ ਗੰਭੀਰ ਦੇਸ਼ ਨਾ ਹੋਣ ਦੀ ਗੱਲ ਕਹਿ ਕੇ ਖਾਰਜ ਕਰ ਦਿੱਤਾ ਸੀ। ਅੱਜ ਭਾਰਤ ਅਤੇ ਬ੍ਰਾਜ਼ੀਲ ਦੋਵੇਂ ਵਿਸ਼ਵ ਦੇ ਸ਼ਕਤੀਸ਼ਾਲੀ ਮੁਲਕਾਂ ਦੀ ਕਤਾਰ ਵਿੱਚ ਖੜ੍ਹੇ ਹਨ। ਪਿਛਲੇ ਇਕ ਦਹਾਕੇ ਤੋਂ ਇਨ੍ਹਾਂ ਦੋਹਾਂ ਮੁਲਕਾਂ ਨੇ ਆਪਣੀ ਵਿਦੇਸ਼ ਨੀਤੀ ਦੇ ਜ਼ਰੀਏ ਵੱਖ-ਵੱਖ ਦੁ-ਪੱਖੀ ਅਤੇ ਬਹੁਪੱਖੀ ਮੰਚਾਂ ਤੇ ਆਪਣੀ ਸਰਗਰਮ ਭਾਗੀਦਾਰੀ ਦੁਆਰਾ ਕੌਮਾਂਤਰੀ ਸੰਬੰਧਾਂ ਵਿੱਚ ਅਹਿਮ ਥਾਂ ਬਣਾਈ ਹੈ।
ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਮੈਸੀਅਸ ਬੋਲਸੋਨਾਰੋ ਦਾ 71ਵੇਂ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਭਾਰਤ ਦਾ ਦੌਰਾ ਭਾਰਤ-ਬ੍ਰਾਜ਼ੀਲ ਦੀ ਵੱਧ ਰਹੀ ਭਾਈਵਾਲੀ ਦਾ ਸਬੂਤ ਹੈ। ਭਾਰਤ ਅਤੇ ਬ੍ਰਾਜ਼ੀਲ ਨਾ ਸਿਰਫ਼ ਲੋਕਤੰਤਰੀ ਮੁਲਕ ਹਨ ਬਲਕਿਖਰਬਾਂ ਡਾਲਰ ਦੀ ਇਨ੍ਹਾਂ ਦਾ ਆਰਥਿਕਤਾ ਵੀ ਹੈ। ਭਾਰਤ ਵਾਂਗ ਬ੍ਰਾਜ਼ੀਲ ਨੇ ਵੀ ਕੌਮਾਂਤਰੀ ਮਾਮਲਿਆਂ ਅਤੇ ਵਿਸ਼ਵੀ ਕੂਟਨੀਤੀ ਵਿੱਚ ਤੇਜ਼ੀ ਨਾਲ ਸ਼ਮੂਲੀਅਤ ਕੀਤੀ ਹੈ। ਲੰਮੇ ਸਮੇਂ ਲਈ ਬ੍ਰਾਜ਼ੀਲ ਆਪਣੀ ਪੁਰਾਣੀ ਵਿਦੇਸ਼ ਨੀਤੀ ਦਾ ਪਾਲਣ ਕਰਦਾ ਰਿਹਾ। ਪਰ ਹਾਲੀਆ ਸਮੇਂ ਵਿੱਚ ਇਹ ਵਿਸ਼ਵ ਪੱਧਰ ਤੇ ਆਪਣੀ ਗੱਲ ਅਤੇ ਦਾਅਵੇ ਨੂੰ ਜਤਾਉਣ ਲਈ ਬਹੁਪੱਖੀ ਸੰਸਥਾਵਾਂ ਦੀ ਕੁਸ਼ਲਤਾ ਨਾਲ ਵਰਤੋਂ ਕਰਦਾ ਹੈ। ਗੌਰਤਲਬ ਹੈ ਕਿ ਰਾਸ਼ਟਰਪਤੀ ਬੋਲਸੋਨਾਰੋ ਗਣਤੰਤਰ ਦਿਵਸ 'ਤੇ ਮੁੱਖ ਮਹਿਮਾਨ ਵਜੋਂ ਬੁਲਾਏ ਜਾਣ ਵਾਲੇ ਬ੍ਰਾਜ਼ੀਲ ਦੇ ਤੀਜੇ ਰਾਸ਼ਟਰਪਤੀ ਹਨ। ਰਾਸ਼ਟਰਪਤੀ ਫਰਨਾਂਡੋ ਹੈਨਰੀਕ ਕਾਰਡੋਸੋ ਅਤੇ ਰਾਸ਼ਟਰਪਤੀ ਲੁਇਜ਼ ਇਨਾਸੀਓ ਡਾ ਸਿਲਵਾ ‘ਲੂਲਾ’ ਨੂੰ ਕ੍ਰਮਵਾਰ 1996 ਅਤੇ 2004 ਵਿੱਚ ਇਹ ਸਨਮਾਨ ਮਿਲਿਆ ਸੀ।
ਕਾਬਿਲੇਗੌਰ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਾਲ 2014 ਵਿੱਚ ਫੋਰਟਾਲੇਜ਼ਾ ਵਿੱਚ ਅਤੇ 2019 ਵਿੱਚ ਬ੍ਰਾਜ਼ੀਲੀਆ ਵਿਖੇ ਦੋ ਬ੍ਰਿਕਸ ਸੰਮੇਲਨਾਂ ਵਿੱਚ ਭਾਗ ਲਿਆ ਸੀ। ਧਿਆਨਯੋਗ ਹੈ ਕਿ ਗਣਤੰਤਰ ਦਿਵਸ ਮੌਕੇ ਵਿਦੇਸ਼ੀ ਮੁਲਕਾਂ ਦੇ ਨੇਤਾਵਾਂ ਨੂੰ ਸਰਕਾਰ ਦੇ ਮੁੱਖ ਮਹਿਮਾਨਾਂ ਵਜੋਂ ਸੱਦਾ ਦੇਣ ਦਾ ਫੈਸਲਾ ਰਣਨੀਤਕ ਤੌਰ ਤੇ ਬਹੁਤ ਹੀ ਅਹਿਮ ਹੈ।
ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਬੋਲਸੋਨਾਰੋ ਨੇ ਕੌਮਾਂਤਰੀ ਅਤੇ ਦੁ-ਪੱਖੀ ਮਹੱਤਵ ਵਾਲੇ ਮੁੱਦਿਆਂ 'ਤੇ ਵਿਆਪਕ ਗੱਲਬਾਤ ਕੀਤੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਦੇ ਸਨਮਾਨ ਵਿੱਚ ਇੱਕ ਦਾਅਵਤ ਦੀ ਮੇਜ਼ਬਾਨੀ ਕੀਤੀ। ਦੋਵਾਂ ਮੁਲਕਾਂ ਨੇ ਇਕ ਦਰਜਨ ਤੋਂ ਵੱਧ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਹਨ, ਜਿਨ੍ਹਾਂ ਵਿਚ ਦੁ-ਪੱਖੀ ਨਿਵੇਸ਼ ਅਤੇ ਸਹੂਲਤਾਂ ਦੀ ਸਾਂਝੇਦਾਰੀ ਦੇ ਨਾਲ-ਨਾਲ ਕੌਮਾਂਤਰੀ ਅੱਤਵਾਦ ਦਾ ਮੁਕਾਬਲਾ ਕਰਨ ਬਾਰੇ ਵੀ ਇਕ ਸਮਝੌਤਾ ਵੀ ਸ਼ਾਮਿਲ ਹੈ। ਰਾਸ਼ਟਰਪਤੀ ਬੋਲਸੋਨਾਰੋ ਨੇ ਭਾਰਤ-ਬ੍ਰਾਜ਼ੀਲ ਵਪਾਰ ਮੰਚ ਨੂੰ ਵੀ ਸੰਬੋਧਨ ਕੀਤਾ ਅਤੇ ਉਨ੍ਹਾਂ ਦੇ 7 ਮੰਤਰੀਆਂ ਨੇ ਆਪਣੇ ਭਾਰਤੀ ਹਮਰੁਤਬਾ ਨਾਲ ਵਿਸਥਾਰ ਵਿੱਚ ਚਰਚਾ ਵੀ ਕੀਤੀ। ਦੋਵਾਂ ਧਿਰਾਂ ਦਰਮਿਆਨ ਬਹੁ-ਪੱਖੀ ਗੱਲਬਾਤ ਦਾ ਮਕਸਦ ਦੁ-ਪੱਖੀ ਸੰਬੰਧਾਂ ਨੂੰ ਹੋਰ ਅੱਗੇ ਵਧਾਉਣਾ ਹੈ।
ਜਦੋਂ ਸ੍ਰੀ ਬੋਲਸੋਨਾਰੋ ਨੂੰ ਰਾਸ਼ਟਰਪਤੀ ਚੁਣਿਆ ਗਿਆ ਤਾਂ ਬਹੁਤ ਸਾਰੇ ਵਿਸ਼ਲੇਸ਼ਕਾਂ ਨੇ ਇਹ ਵਿਚਾਰ ਜ਼ਾਹਿਰ ਕੀਤਾ ਸੀ ਕਿ ਬ੍ਰਾਜ਼ੀਲ, ਯੂਰਪ ਅਤੇ ਉੱਤਰੀ ਅਮਰੀਕਾ ਦੇ ਮੁੱਖ ਮੁਲਕਾਂ ਨਾਲ ਆਪਣੇ ਸੰਬੰਧਾਂ ਨੂੰ ਤਰਜੀਹ ਦੇਵੇਗਾ। ਕੁਝ ਲੋਕਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਬ੍ਰਾਜ਼ੀਲ ਹੁਣ ਬ੍ਰਿਕਸ ਵਿੱਚ ਵੀ ਦਿਲਚਸਪੀ ਨਹੀਂ ਲਵੇਗਾ, ਜਿਵੇਂ ਕਿ ਚੋਣਾਂ ਵੇਲੇ ਕੀਤੇ ਗਏ ਐਲਾਨਾਂ ਤੋਂ ਜ਼ਾਹਿਰ ਸੀ। ਪਰ ਅਜਿਹੀਆਂ ਗਲਤਫ਼ਹਿਮੀਆਂ ਬੇਬੁਨਿਆਦ ਸਨ। ਸਿਰਫ਼ ਕੁਝ ਮਹੀਨੇ ਪਹਿਲਾਂ ਹੀ ਰਾਸ਼ਟਰਪਤੀ ਬੋਲਸੋਨਾਰੋ ਨੇ ਬ੍ਰਿਕਸ ਸੰਮੇਲਨ ਦੀ ਸਫ਼ਲਤਾ ਪੂਰਵਕ ਮੇਜ਼ਬਾਨੀ ਕੀਤੀ। ਉਸ ਨੇ ਚੀਨ ਦਾ ਸਫ਼ਲ ਦੌਰਾ ਵੀ ਕੀਤਾ ਹੈ। ਰਣਨੀਤਕ ਭਾਈਵਾਲ ਹੋਣ ਦੇ ਨਾਤੇ ਭਾਰਤ ਅਤੇ ਬ੍ਰਾਜ਼ੀਲ ਨੇ ਵਿਸ਼ਵ ਪੱਧਰ ਤੇ ਆਪਣੀ ਪਹੁੰਚ ਬਣਾਉਣ ਲਈ ਆਪਣੀ ਵਿਦੇਸ਼ ਨੀਤੀ ਨੂੰ ਤਰਜੀਹ ਦਿੱਤੀ ਹੈ। ਮੌਜੂਦਾ ਸਮੇਂ ਵਿੱਚ ਵਿਸ਼ਵ ਨੂੰ "ਨੋਨ-ਪੋਲਰ ਵਰਲਡ" ਭਾਵ ਕੋਈ ਵੀ ਮੁਲਕ ਕਿਸੇ ਦੇ ਪੱਖ ਜਾਂ ਵਿਰੋਧ ਵਿੱਚ ਨਹੀਂ ਖੜ੍ਹਾ ਹੈ, ਅਜਿਹਾ ਮੰਨਿਆ ਜਾ ਰਿਹਾ ਹੈ। ਇਸ ਲਈ ਇਨ੍ਹਾਂ ਦੋਵਾਂ ਮੁਲਕਾਂ ਨੇ ਰਾਸ਼ਟਰੀ ਹਿੱਤ ਵਿੱਚ ਨਵੇਂ ਗੱਠਜੋੜ ਬਣਾਉਣ ਤੇ ਧਿਆਨ ਕੇਂਦ੍ਰਿਤ ਕੀਤਾ ਹੈ।
ਗੌਰਤਲਬ ਹੈ ਕਿ ਵਪਾਰ ਅਤੇ ਨਿਵੇਸ਼ ਸੰਬੰਧਾਂ ਨੂੰ ਵੱਡਾ ਹੁਲਾਰਾ ਮਿਲਿਆ ਹੈ। ਭਾਰਤ ਨੇ 3.8 ਬਿਲੀਅਨ ਡਾਲਰ ਦਾ ਸਾਮਾਨ ਨਿਰਯਾਤ ਕੀਤਾ ਹੈ ਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰ 8.2 ਬਿਲੀਅਨ ਡਾਲਰ ਹੋ ਗਿਆ ਹੈ। ਬ੍ਰਾਜ਼ੀਲ ਵਿੱਚ ਵਧ ਰਹੇ ਭਾਰਤੀ ਨਿਵੇਸ਼ਾਂ ਖਾਸ ਕਰਕੇ ਆਈ.ਟੀ., ਫਾਰਮਾਸਿਊਟੀਕਲ, ਊਰਜਾ, ਖੇਤੀ ਵਸਤਾਂ, ਖਣਨ ਅਤੇ ਇੰਜੀਨੀਅਰਿੰਗ ਦੇ ਖੇਤਰਾਂ ਵਿੱਚ ਹੋ ਰਹੇ ਨਿਵੇਸ਼ ਨੂੰ ਕਾਫੀ ਉਤਸ਼ਾਹ ਮਿਲਿਆ ਹੈ। ਦੋਵੇਂ ਪੱਖ ਰਣਨੀਤਕ ਭਾਈਵਾਲੀ ਲਈ ਬਹੁਤ ਖੁਸ਼ ਹਨ, ਜਿਸ ਤੇ ਹੋਰ ਅੱਗੇ ਵਧਣ ਦੀ ਯੋਜਨਾ ਹੈ ਜਿਸ ਦੇ ਅੰਤਰਗਤ ਸੁਰੱਖਿਆ, ਤਕਨਾਲੋਜੀ ਅਤੇ ਲੌਜਿਸਟਿਕ ਸਮਝੌਤਿਆਂ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਦੀ ਉਮੀਦ ਕੀਤੀ ਗਈ ਹੈ।
ਬ੍ਰਿਕਸ, ਜੀ-20 ਅਤੇ ਆਈ.ਬੀ.ਐੱਸ.ਏ. ਵਰਗੇ ਬਹੁਤ ਹੀ ਅਹਿਮ ਮੰਚਾਂ ਤੇ ਆਪਸੀ ਗੱਲਬਾਤ ਦੇ ਸਿੱਟੇ ਵਜੋਂ ਭਾਰਤ ਅਤੇ ਬ੍ਰਾਜ਼ੀਲ ਦੇ ਸੰਬੰਧਾਂ ਵਿੱਚ ਮਜ਼ਬੂਤੀ ਦੇਖਣ ਨੂੰ ਮਿਲੀ ਹੈ। ਹਾਲੀਆ ਸਮੇਂ ਦੌਰਾਨ ਦੋਵਾਂ ਦੇਸ਼ਾਂ ਨੂੰ ਦੁ-ਪੱਖੀ ਸੰਬੰਧਾਂ ਵਿੱਚ ਹੋਰ ਨੇੜਤਾ ਲਿਆਉਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ ਤਾਂ ਕਿ ਉਹ ਹੋਰਨਾਂ ਮੁਲਕਾਂ ਲਈ ਇੱਕ ਮਿਸਾਲ ਪੇਸ਼ ਕਰ ਸਕਣ।
ਸਕ੍ਰਿਪਟ: ਡਾ. ਆਸ਼ ਨਾਰਾਇਣ ਰਾਏ, ਡਾਇਰੈਕਟਰ, ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼, ਦਿੱਲੀ
Comments
Post a Comment