ਅਮਰੀਕਾ-ਈਰਾਨ ਆਪਸੀ ਤਣਾਅ: ਭਾਰਤ ਵਾਸਤੇ ਬਣਿਆ ਚਿੰਤਾ ਦਾ ਕਾਰਨ
ਅਮਰੀਕਾ ਅਤੇ ਈਰਾਨ ਦਰਮਿਆਨ ਤਣਾਅ ਦੇ ਚੱਲਦਿਆਂ ਭਾਰਤ ਦੀਆਂ ਚਿੰਤਾਵਾਂ ਵੀ ਵੱਧ ਗਈਆਂ ਹਨ।ਭਾਰਤ ਦੇ ਇੰਨ੍ਹਾਂ ਦੋਵਾਂ ਹੀ ਮੁਲਕਾਂ ਨਾਲ ਮਿੱਤਰਤਾ ਵਾਲੇ ਸਬੰਧ ਹਨ।ਪਿਛਲੇ ਦਿਨੀ ਈਰਾਕ ਵਿਖੇ ਈਰਾਨ ਦੇ ਇੱਕ ਜ਼ਿੰਮੇਵਾਰ ਮੇਜਰ ਜਨਰਲ ਕਾਸਿਮ ਸੁਲੇਮਾਣੀ ਦੀ ਹੱਤਿਆ ਬਹੁਤ ਹੀ ਹੈਰਾਨ ਕਰਨ ਵਾਲੀ ਕਾਰਵਾਈ ਰਹੀ ਅਤੇ ਵਿਸ਼ਵ ਵਿਆਪੀ ਪੱਧਰ ਤੇ ਚਿੰਤਾਜਨਕ ਸਥਿਤੀ ਨੂੰ ਪੈਦਾ ਕਰਨ ਵਾਲੀ ਘਟਨਾ ਹੈ, ਕਿਉਂਕਿ ਇਸ ਨਾਲ ਪੱਛਮੀ ਏਸ਼ੀਆਂ ਦੇ ਖੇਤਰ ਵਿਚ ਇਕ ਨਵੀਂ ਅਤੇ ਅਪ੍ਰੋਖ ਜੰਗ ਦੇ ਆਸਾਰ ਨਜ਼ਰ ਆਉਣ ਲੱਗ ਪਏ ਹਨ।
ਵੇਖਿਆ ਜਾਵੇ, ਮੇਜਰ ਜਨਰਲ ਕਾਸਿਮ ਸੁਲੇਮਾਣੀ ਈਰਾਨ ਦੇ ਕੱਟੜਪੰਥੀ ਹਲਕਿਆਂ ਅੰਦਰ ਇੱਕ ਜਾਣਿਆ ਪਛਾਣਿਆ ਨਾਮ ਸੀ ਅਤੇ ਇਹ ਵੀ ਸੱਚ ਹੈ ਕਿ ਇੱਕ ਸਫਲ ਕਮਾਂਡਰ ਹੋਣ ਦੇ ਨਾਤੇ ਈਰਾਨ ਵਿਚ ਉਸਦਾ ਆਪਣਾ ਇੱਕ ਸਥਾਨ ਸੀ, ਜਿਸਦੇ ਦਬਦਬੇ ਅੱਗੇ ਈਰਾਨ ਅੰਦਰ ਸਭ ਨਰ ਮਸਤਕ ਸਨ।
ਉਸ ਨੇ ਆਪਣੇ ਦੋ ਦਹਾਕਿਆਂ ਦੌਰਾਨ ਈਰਾਨੀ ਫੌਜ ਦੀ ਸਫਲ ਅਗਵਾਈ ਕੀਤੀ ਅਤੇ ਆਪਣੇ ਹਰ ਫਰਜ਼ ਨੂੰ ਪੂਰੀ ਤਨਦੇਹੀ ਅਤੇ ਵਫ਼ਾਦਾਰੀ ਨਾਲ ਪੂਰਾ ਕੀਤਾ,ਜਿਸ ਕਾਰਨ ਉਹ ਈਰਾਨ ਦੇ ਧਾਰਮਿਕ ਅਤੇ ਚੋਟੀ ਦੇ ਨੇਤਾ ਅਯਤੁੱਲਾ ਅਲੀ ਖੁਮੈਨੀ ਦੇ ਬਹੁਤ ਨਜਦੀਕ ਸੀ। ਇਹ ਵੀ ਵਰਣਨ ਯੋਗ ਹੈ ਕਿ ਇਸ ਨੇਤਾ ਵਲੋਂ ਜਨਰਲ ਸੁਲੇਮਾਣੀ ਨੂੰ ਇਨਕਲਾਬ ਦੇ ਜਿੰਦਾ ਸ਼ਹੀਦ ਆਖ ਕੇ ਵਡਿਆਇਆ ਗਿਆ ਸੀ। ਅਜਿਹਾ ਸਤਿਕਾਰ ਅੱਜ ਤੱਕ ਈਰਾਨ ਦੇ ਇਤਿਹਾਸ ਵਿਚ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ।
ਇੱਥੇ ਇਹ ਵੀ ਦੱਸਣ ਯੋਗ ਹੈ ਕਿ ਉਕਤ ਜਨਰਲ ਸੁਲੇਮਾਣੀ ਵਲੋਂ ਆਪਣੇ ਫਰਜ਼ਾਂ ਨੂੰ ਸਰ-ਏ-ਅੰਜਾਮ ਦਿੰਦੇ ਪੱਛਮੀ ਏਸ਼ੀਆ , ਖਾਸ ਕਰ ਸੀਰੀਆ ਅਤੇ ਇਰਾਕ ਵਿਚ ਅੱਤਵਾਦੀ ਸਮੂਹ ਵਿਰੁੱਧ ਲੜਦਿਆਂ ਆਈ.ਐਸ.ਆਈ.ਐਸ. ਅਤੇ ਆਈ ਐਸ ਅੱਤਵਾਦੀ ਸੰਗਠਨਾਂ ਤੋਂ ਉਕਤ ਇਲਾਕੇ ਨੂੰ ਆਜਾਦ ਕਰਵਾਇਆ ਗਿਆ ਸੀ। ਉਸ ਸਮੇਂ ਅਮਰੀਕਾ ਵੀ ਈਰਾਕ ਵਿਚ ਚਲ ਰਹੇ ਉਕਤ ਅੱਤਵਾਦੀ ਸੰਗਠਨਾਂ ਵਿਰੁੱਧ ਹਵਾਈ ਹਮਲੇ ਕਰ ਰਿਹਾ ਸੀ।ਹੁਣ ਇਸ ਖੇਤਰ ਵਿਚ ਇਕ ਨਵੀਂ ਕਿਸਮ ਦਾ ਤਣਾਅ ਪੈਦਾ ਹੋ ਰਿਹਾ ਹੈ। ਈਰਾਨ ਅੰਦਰ ਜਨਰਲ ਕਾਸਿਮ ਸੁਲੇਮਾਣੀ ਦਾ ਇੱਕ ਵਿਸ਼ੇਸ਼ ਸਥਾਨ ਸੀ, ਪਰ ਦੁੱਖ ਦੀ ਗੱਲ ਇਹ ਹੈ ਕਿ ਉਸਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ਤਹਿਤ ਮਾਰਿਆ ਗਿਆ ਹੈ, ਜਿਸ ਕਾਰਨ ਈਰਾਨ ਅੰਦਰ ਇਸ ਦੇ ਸੈਨਿਕ ਅਤੇ ਜਨਤਕ ਪੱਧਰ ਤੇ ਗੰਭੀਰ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ, ਜੋ ਇਸ ਖਿੱਤੇ ਵਾਸਤੇ ਕਿਸੇ ਵੀ ਪੱਧਰ ਤੇ ਸਾਕਾਰਤਾਮਕ ਨਹੀਂ ਆਖੇ ਜਾ ਸਕਦੇ।
ਇਸ ਤੱਥ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਈਰਾਕੀ ਸੰਸਦ ਅੰਦਰ ਮੈਂਬਰਾਂ ਵਲੋਂ ਇਸ ਗੱਲ ਤੇ ਚਰਚਾ ਕੀਤੀ ਗਈ ਹੈ ਕਿ ਈਰਾਕੀ ਸਰਕਾਰ ਵਲੋਂ ਅਮਰੀਕਾ ਫੌਜ ਨੂੰ ਵਾਪਸ ਜਾਣ ਲਈ ਮਜਬੂਰ ਕੀਤਾ ਜਾਣਾ ਚਾਹੀਦਾ ਹੈ। ਬੇਸ਼ਕ ਇਸ ਵਾਸਤੇ ਪੇਸ਼ ਮਤੇ ਵਿਚ 170 ਵੋਟਾਂ ਪਈਆਂ ,ਜਦੋਂਕਿ 160 ਮੈਂਬਰਾਂ ਨੇ ਇਸ ਪ੍ਰਕਿਰਿਆ ਵਿਚ ਹਿੱਸਾ ਨਹੀਂ ਲਿਆ। ਇਸ ਸਭ ਨਾਲ ਇਹ ਤੱਥ ਸਾਹਮਣੇ ਆ ਗਿਆ ਹੈ ਕਿ ਇਰਾਕ ਦੇ ਅੰਦਰੂਨੀ ਹਲਕਿਆਂ ਅੰਦਰ ਇਹ ਗੱਲ ਜੋਰ ਫੜ ਰਹੀ ਹੈ ਕਿ ਹੁਣ ਅਮਰੀਕੀ ਫੌਜ ਨੂੰ ਵਾਪਸ ਚਲੇ ਜਾਣਾ ਚਾਹੀਦਾ ਹੈ,ਤਾਂ ਜੋ ਇਸ ਖਿੱਤੇ ਅੰਦਰ ਸ਼ਾਂਤੀ ਦਾ ਮਾਹੌਲ ਬਣਿਆ ਰਹੇ, ਕਿਉਂਕਿ ਈਰਾਕੀ ਜਨਤਾ ਦਾ ਇੱਕ ਵਰਗ ਇਹ ਵੀ ਸੋਚਣ ਲਈ ਮਜਬੂਰ ਹੈ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਇਸ ਖੇਤਰ ਅੰਦਰ ਅੱਤਵਾਦੀ ਅਤੇ ਵੱਖਵਾਦੀ ਕਾਰਵਾਈਆਂ ਵੱਧ ਸਕਦੀਆਂ ਹਨ ਤੇ ਇਹ ਵਿਨਾਸ਼ਕਾਰੀ ਸਥਿਤੀ ਇਸ ਖਿੱਤੇ ਵਾਸਤੇ ਬਦਕਿਸਮਤੀ ਤੋਂ ਵੱਧ ਕੁਝ ਨਹੀਂ ਹੋਵੇਗੀ।
ਈਰਾਨ ਅਤੇ ਅਮਰੀਕਾ ਦੇ ਬੀਤੇ ਇਤਿਹਾਸ ਤੇ ਜੇਕਰ ਨਜ਼ਰ ਮਾਰੀ ਜਾਵੇਂ, ਤਾਂ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਕੜਵਾਹਟ ਉਦੋਂ ਪੈਦਾ ਹੋਈ ਸੀ, ਜਦੋਂ ਰਾਸ਼ਟਰਪਤੀ ਟਰੰਪ ਵਲੋਂ ਇਕ ਸੌਦੇ ਦੌਰਾਨ ਆਪਣੇ ਆਪ ਨੂੰ ਵੱਖ ਕਰ ਲਿਆ ਗਿਆ ਸੀ। ਟਰੰਪ ਵਲੋ ਲਏ ਗਏ ਸਟੈਂਡ ਕਾਰਨ ਉਸ ਸਮੇਂ ਪੱਛਮੀ ਸਹਿਯੋਗੀ ਦੇਸ਼ ਵੀ ਨਾਰਾਜ ਸਨ,ਪਰ ਇਸ ਨਾਲ ਈਰਾਨ ਨੇ ਸੁੱਖ ਦਾ ਸਾਹ ਲਿਆ ਸੀ, ਕਿਉਂਕਿ ਅਮਰੀਕਾ ਵਲੋਂ ਲਾਈਆਂ ਆਰਥਿਕ ਪਾਬੰਦੀਆਂ ਅਤੇ ਸਮੱਸਿਆਵਾਂ ਵਿਚੋਂ ਈਰਾਨ ਨੂੰ ਕੁਝ ਰਾਹਤ ਮਹਿਸੂਸ ਹੋਈ ਸੀ। ਉਸ ਸਮੇਂ ਈਰਾਨ ਦੇ ਵਪਾਰਕ ਸਬੰਧ ਬਹੁਤ ਦੇਸ਼ਾਂ ਨਾਲ ਚੰਗੇ ਹੋ ਗਏ ਸਨ,ਜਿਹਨਾਂ ਵਿਚੋਂ ਭਾਰਤ ਵੀ ਇੱਕ ਮਹੱਤਵਪੂਰਣ ਦੇਸ਼ ਸੀ। ਦੋਵਾਂ ਦੇਸ਼ਾਂ ਵਿਚਕਾਰ ਬੀਤੇ ਲੰਮੇ ਸਮੇਂ ਤੋਂ ਆਪਸੀ ਅਤੇ ਵਪਾਰਕ ਸਬੰਧ ਬੇਹਤਰ ਰਹੇ ਹਨ। ਜਿਸ ਕਾਰਨ ਪ੍ਰਮਾਣੂ ਮੁੱਦੇ ਤੇ ਅਮਰੀਕਾ ਦੇ ਵੱਖ ਹੋਣ ਤੇ ਭਾਰਤ ਨੂੰ ਵੀ ਕਈ ਤਰਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ, ਪਰ ਪੱਛਮੀ ਏਸ਼ੀਆੰ ਵਿਚ ਆਈਐਸਆਈਐਸ ਦੇ ਖਾਤਮੇ ਨਾਲ ਜੋ ਸਫਲਤਾਵਾਂ ਹਾਸਿਲ ਹੋ ਰਹੀਆਂ ਸਨ, ਉਹਨਾਂ 'ਚ ਆਈ ਖੜੋਤ ਭਾਰਤ ਵਾਸਤੇ ਚਿੰਤਾ ਦਾ ਵਿਸ਼ਾ ਹੈ।
ਭਾਰਤ ਮੁੱਖ ਤੌਰ ਤੇ ਇਕ ਨਿਰਪੱਖ ਅਤੇ ਵਿਸ਼ਵ ਵਿਆਪੀ ਪੱਧਰ ਤੇ ਸ਼ਾਂਤੀ ਪਸੰਦ ਦੇਸ਼ ਹੈ। ਇਸ ਲਈ ਅਮਰੀਕਾ ਅਤੇ ਈਰਾਨ ਵਿਚ ਦਿਨ-ਬ-ਦਿਨ ਵੱਧ ਰਿਹਾ ਤਣਾਅ ਭਾਰਤ ਵਾਸਤੇ ਚਿੰਤਾ ਗ੍ਰਸਤ ਪਹਿਲੂ ਹੈ। ਭਾਰਤ ਦੇ ਦੋਵਾਂ ਦੇਸ਼ਾਂ ਨਾਲ ਮਿੱਤਰਤਾ ਵਾਲੇ ਸਬੰਧ ਹਨ£ ਇਸ ਲਈ ਭਾਰਤ ਕਦੇ ਇਹ ਨਹੀਂ ਚਾਹੁੰਦਾ ਕਿ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧੇ ਅਤੇ ਹਾਲਾਤ ਬਦਤਰ ਹੋ ਜਾਣ। ਇਸ ਲਈ ਦੋਵਾਂ ਦੇਸ਼ਾਂ ਨੂੰ ਚਾਹੀਦਾ ਹੈ ਕਿ ਉਹ ਸੰਜਮ ਤੋਂ ਕੰਮ ਲੈਣ। ਭਾਰਤ ਦੇ ਈਰਾਨ ਤੋਂ ਇਲਾਵਾ ਪੱਛਮੀ ਏਸ਼ੀਆਂ ਦੇ ਦੂਸਰੇ ਦੇਸ਼ਾਂ ਨਾਲ ਵੀ ਮਿੱਤਰਤਾ ਵਾਲੇ ਸਬੰਧ ਹਨ। ਇਸ ਕਾਰਣ ਈਰਾਨ ਅਤੇ ਅਮਰੀਕਾ ਵਿਚਕਾਰ ਬਣ ਰਹੇ ਨਵੇਂ ਸਮੀਕਰਣ ਭਾਰਤ ਵਾਸਤੇ ਚਿੰਤਾ ਵਧਾਉਣ ਵਾਲੇ ਹਨ।
ਇਸ ਲਈ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਨਾ ਕੇਵਲ ਅਮਰੀਕਾ ਅਤੇ ਈਰਾਨ ਦੇ ਆਪਣੇ ਹਮਅਹੁਦਿਆਂ ਨਾਲ ਫੋਨ 'ਤੇ ਸੰਪਰਕ ਕਰਕੇ ਆਪਸੀ ਤਣਾਅ ਨੂੰ ਘੱਟ ਕਰਨ ਲਈ ਆਖਿਆ, ਬਲਕਿ ਖਾੜੀ ਖੇਤਰ ਦੇ ਹੋਰਨਾਂ ਮੁਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸਥਿਤੀ ਨੂੰ ਹੱਲ ਕਰਨ ਵਾਸਤੇ ਅੱਗੇ ਆਉਣ ਅਤੇ ਇਸ ਖਿੱਤੇ ਨੂੰ ਜੰਗੀ ਤਣਾਅ ਦੇ ਮਾਹੌਲ ਤੋਂ ਮੁਕਤ ਕਰਨ। ਇਸ ਲਈ ਦੂਸਰੇ ਦੇਸ਼ਾਂ ਨੂੰ ਡਿਪਲੋਂਮੈਟਿਕ ਪੱਧਰ ਤੇ ਅਮਰੀਕਾ ਅਤੇ ਈਰਾਨ ਨੂੰ ਮਨਾਉਣ ਵਾਸਤੇ ਦਬਾਅ ਪਾਉਣਾ ਚਾਹੀਦਾ ਹੈ। ਕਿਉਕਿ ਇਸ ਸਮੇਂ ਸਥਿਤੀ ਬਹੁਤ ਵਿਸਫੋਟਕ ਬਣੀ ਹੋਈ ਹੈ।
ਇਕ ਸੁੱਖ ਦਾ ਸਾਹ ਦੇਣ ਵਾਲੀ ਗੱਲ ਇਹ ਵੀ ਹੈ ਕਿ ਈਰਾਨ ਵਲੋਂ ਅਮਰੀਕਾ ਦੇ ਸੈਨਿਕ ਟਿਕਾਣਿਆਂ 'ਤੇ ਮਿਜ਼ਾਇਲੀ ਹਮਲੇ ਕਰਨ ਦੇ ਬਾਵਜੂਦ ਰਾਸ਼ਟਰਪਤੀ ਟਰੰਪ ਦੇ ਸੁਰ ਬਦਲੇ ਹੋਏ ਹਨ ਅਤੇ ਉਹ ਤਣਾਅ ਨੂੰ ਹੋਰ ਨਾ ਵਧਣ ਦੇਣ ਦੇ ਹੱਕ 'ਚ ਨਜ਼ਰੀ ਆ ਰਹੇ ਹਨ। ਜੋ ਕਿ ਇਸ ਖਿੱਤੇ ਵਾਸਤੇ ਇੱਕ ਸਾਂਤੀ ਦਾ ਸ਼ੰਦੇਸ਼ ਹੈ।
Comments
Post a Comment