ਰਾਸ਼ਟਰਪਤੀ ਟਰੰਪ ਦਾ ਤਣਾਅ ਨੂੰ ਦੂਰ ਕਰਨ ਦਾ ਇਰਾਦਾ
ਈਰਾਨ ਨੇ ਪਿਛਲੇ ਹਫ਼ਤੇ ਇਰਾਕ ਵਿੱਚ ਬਣੇ ਅਮਰੀਕਾ ਦੇ ਫੌਜੀ ਠਿਕਾਣਿਆਂ ‘ਤੇ 22 ਮਿਜ਼ਾਈਲਾਂ ਦਾਗੀਆਂ ਸਨ, ਜੋ ਅਸਲ ਵਿੱਚ ਈਰਾਨ ਦੇ ਚੋਟੀ ਦੇ ਸੈਨਿਕ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੂੰ ਇਰਾਕ ਵਿੱਚ ਮਾਰਨ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਦਾ ਤਿੱਖਾ ਜਵਾਬ ਸੀ। ਜ਼ਾਹਿਰ ਹੈ ਕਿ ਇਸ ਤਰ੍ਹਾਂ ਦੇ ਬਦਲੇ ਦੀ ਉਮੀਦ ਵੀ ਜਤਾਈ ਜਾ ਰਹੀ ਸੀ। ਜਨਰਲ ਸੁਲੇਮਾਨੀ ਦੀ ਹੱਤਿਆ ਦਾ ਈਰਾਨ ਵਿੱਚ ਭਾਰੀ ਵਿਰੋਧ ਹੋਇਆ ਕਿਉਂਕਿ ਉਹ ਨਾ ਸਿਰਫ਼ ਈਰਾਨ ਦਾ ਇੱਕ ਬਹੁਤ ਸ਼ਕਤੀਸ਼ਾਲੀ ਫੌਜੀ ਜਰਨੈਲ ਮੰਨਿਆ ਜਾਂਦਾ ਸੀ, ਸਗੋਂ ਫੌਜ ਅਤੇ ਲੋਕਾਂ ਵਿੱਚ ਵੀ ਬਹੁਤ ਲੋਕਪ੍ਰਿਅ ਸੀ। ਈਰਾਨ ਤੋਂ ਇਲਾਵਾ, ਇਰਾਕ ਵਿਚ ਵੀ ਉਸ ਦੇ ਬਹੁਤ ਸਾਰੇ ਖੈਰ-ਖਵਾਹ ਹਨ ਕਿਉਂਕਿ ਉਸ ਨੇ ਪੱਛਮੀ ਏਸ਼ੀਆ ਦੇ ਸਭ ਤੋਂ ਖ਼ਤਰਨਾਕ ਅੱਤਵਾਦੀ ਗੁੱਟ ਆਈ.ਐੱਸ.ਆਈ.ਐੱਸ. ਦੇ ਖਿਲਾਫ਼ ਅਹਿਮ ਸਫ਼ਲਤਾ ਪ੍ਰਾਪਤ ਕੀਤੀ ਸੀ। ਆਈ.ਐੱਸ.ਆਈ.ਐੱਸ. ਨੂੰ ਜਿਸ ਤਰ੍ਹਾਂ ਇਰਾਕ ਅਤੇ ਸੀਰੀਆ ਦੇ ਕਬਜ਼ੇ ਵਾਲੇ ਇਲਾਕਿਆਂ ਤੋਂ ਬਾਹਰ ਕੱਢਿਆ ਗਿਆ, ਕੋਈ ਛੋਟਾ ਕਾਰਨਾਮਾ ਨਹੀਂ ਸੀ। ਹਾਲਾਂਕਿ ਟਰੰਪ ਦੇ ਸਹਿਯੋਗੀ ਅਤੇ ਵਿਰੋਧੀ ਦੋਵੇਂ ਰਾਸ਼ਟਰਪਤੀ ਟਰੰਪ ਦੇ ਇਸ ਅਚਾਨਕ ਲਏ ਫੈਸਲੇ ਤੋਂ ਹੈਰਾਨ ਸਨ। ਜ਼ਿਆਦਾਤਰ ਹਲਕਿਆਂ ਨੇ ਅੰਦਾਜ਼ਾ ਲਾਇਆ ਕਿ ਕਿਉਂਕਿ ਰਾਸ਼ਟਰਪਤੀ ਟਰੰਪ ਕੁਝ ਹੱਦ ਤਕ ਘਰੇਲੂ ਰਾਜਨੀਤੀ ਅਤੇ ਖਾਸ ਕਰਕੇ ਕੁਝ ਕਾਨੂੰਨੀ ਪਚੜਿਆਂ ਵਿੱਚ ਘਿਰੇ ਹੋਏ ਸਨ, ਜੋ ਕਿ ਉਨ੍ਹਾਂ ਦੀ ਪ੍ਰੇਸ਼ਾਨੀ ਦਾ ਕਾਰਨ ਸਨ, ਇਸ ਲਈ ਉਨ੍ਹਾਂ ਨੇ ਇਹ ਫੈਸਲਾ ਲਿਆ। ਹਾਲਾਂਕਿ ਜੋ ਵੀ ਹੋਵੇ, ਪੂਰਾ ਵਿਸ਼ਵ ਇਸ ਮਸਲੇ ਨੂੰ ਲੈ ਕੇ ਫਿਕਰਮੰਦ ਸੀ। ਇਥੋਂ ਤਕ ਕਿ ਅਮਰੀਕਾ ਦੇ ਰਵਾਇਤੀ ਸਹਿਯੋਗੀ ਵੀ ਚਿੰਤਾ ਵਿੱਚ ਸਨ। ਇਸ ਤੋਂ ਇਲਾਵਾ ਉਨ੍ਹਾਂ ਸਾਰੇ ਮੁਲਕਾਂ ਲਈ ਵੀ ਇਹ ਫਿਕਰ ਵਾਲੀ ਗੱਲ ਸੀ, ਜਿਨ੍ਹਾਂ ਨਾਲ ਈਰਾਨ ਦੇ ਤਜਾਰਤੀ ਸੰਬੰਧ ਹਨ। ਈਰਾਨ ਨੇ ਵੀ ਛੇਤੀ ਹੀ ਇਸ ਦਾ ਜਵਾਬ ਦਿੰਦਿਆਂ ਜਵਾਬੀ ਕਾਰਵਾਈ ਕੀਤੀ। ਇਰਾਕ ਵਿੱਚ ਅਮਰੀਕੀ ਫੌਜੀ ਠਿਕਾਣਿਆਂ ‘ਤੇ ਹੋਏ ਹਮਲੇ ਤੋਂ ਬਾਅਦ ਕੌਮਾਂਤਰੀ ਭਾਈਚਾਰੇ ਦਾ ਤੌਖਲਾ ਹੋਰ ਵੀ ਵੱਧ ਗਿਆ ਸੀ। ਇਹ ਤੌਖਲਾ ਸੀ ਕਿ ਇਸ ਹਮਲੇ ਤੋਂ ਬਾਅਦ ਹਮਲਿਆਂ ਅਤੇ ਜਵਾਬੀ ਹਮਲਿਆਂ ਦੀ ਇੱਕ ਨਵੀਂ ਲੜੀ ਸ਼ੁਰੂ ਹੋ ਸਕਦੀ ਹੈ। ਜੇਕਰ ਇਸ ਤਰ੍ਹਾਂ ਹੋਇਆ ਹੁੰਦਾ ਤਾਂ ਨਾ ਸਿਰਫ਼ ਪੱਛਮੀ ਏਸ਼ੀਆ ਵਿੱਚ ਤਣਾਅ ਵਧਿਆ ਹੁੰਦਾ, ਸਗੋਂ ਇਸ ਨਾਲ ਇੱਕ ਨਵੇਂ ਵਿਸ਼ਵੀ ਗੱਠਜੋੜ ਦੀ ਸੰਭਾਵਨਾ ਵੀ ਪੈਦਾ ਹੋ ਸਕਦੀ ਸੀ।
ਗੌਰਤਲਬ ਹੈ ਕਿ ਹਾਲੀਆ ਸਮੇਂ ਵਿੱਚ ਅਜਿਹਾ ਕੋਈ ਤੌਖਲਾ ਨਹੀਂ ਜਾਪਦਾ ਹੈ। ਹਰ ਕੋਈ ਰਾਸ਼ਟਰਪਤੀ ਟਰੰਪ ਦੇ ਜਵਾਬ ਦੀ ਉਡੀਕ ਕਰ ਰਿਹਾ ਸੀ ਕਿ ਉਹ ਅੱਗੇ ਦੇ ਲਈ ਕੀ ਤੈਅ ਕਰਦੇ ਹਨ, ਪਰ ਇਸ ਗੱਲ ‘ਤੇ ਸਭ ਨੇ ਤਸੱਲੀ ਜਤਾਈ ਕਿ ਉਨ੍ਹਾਂ ਦਾ ਸੁਰ ਮੁਕਾਬਲਤਨ ਨਰਮ ਸੀ ਅਤੇ ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਈਰਾਨ ਦੇ ਮਿਜ਼ਾਈਲ ਹਮਲਿਆਂ ਨੇ ਅਮਰੀਕਾ ਨੂੰ ਕੁਝ ਨੁਕਸਾਨ ਪਹੁੰਚਾਇਆ ਹੈ ਪਰ ਸਾਰੇ ਅਮਰੀਕੀ ਫੌਜੀ ਸੁਰੱਖਿਅਤ ਹਨ। ਇਹ ਬੜੀ ਤਸੱਲੀ ਦੇਣ ਵਾਲੀ ਗੱਲ ਸੀ ਜਦੋਂ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਹਾਲੀਆ ਤਣਾਅ ਤੋਂ ਨਿਜਾਤ ਚਾਹੁਣ ਦੇ ਹੱਕ ਵਿੱਚ ਹੈ ਹਾਲਾਂਕਿ ਇਹ ਫੌਜੀ ਤੌਰ ਤੇ ਸੁਰੱਖਿਅਤ ਅਤੇ ਸ਼ਕਤੀਸ਼ਾਲੀ ਹੈ ਪਰ ਫਿਰ ਵੀ ਉਹ ਆਪਣੀ ਤਾਕਤ ਦੀ ਵਰਤੋਂ ਨਹੀਂ ਕਰੇਗਾ। ਕਾਬਿਲੇਗੌਰ ਹੈ ਕਿ ਈਰਾਨ ਤੋਂ ਵੀ ਇਸੇ ਤਰ੍ਹਾਂ ਦੇ ਸੰਕੇਤ ਮਿਲੇ ਹਨ। ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਕਿ ਜੇ ਅਮਰੀਕਾ ਨੇ ਦੁਬਾਰਾ ਅਜਿਹੀ ਗਲਤੀ ਕੀਤੀ ਤਾਂ ਈਰਾਨ ਵੱਲੋਂ ਇਸ ਦਾ ਬਹੁਤ ਖ਼ਤਰਨਾਕ ਬਦਲਾ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕੀ ਫੌਜੀ ਠਿਕਾਣਿਆਂ ਉੱਤੇ ਮਿਜ਼ਾਈਲ ਹਮਲੇ ਈਰਾਨ ਦੀ ਰੱਖਿਆ ਲਈ ਚੁੱਕਿਆ ਇੱਕ ਜਾਇਜ਼ ਕਦਮ ਸੀ। ਇਸ ਤਰ੍ਹਾਂ ਦੋਵਾਂ ਧਿਰਾਂ ਨੇ ਸੰਕੇਤ ਦਿੱਤਾ ਹੈ ਕਿ ਜਦੋਂ ਤੱਕ ਕਿਸੇ ਵੀ ਧਿਰ ਦੁਆਰਾ ਹਮਲਾਵਰ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਇਸ ਦਾ ਹਮਲਾਵਰ ਰੂਪ ਵਿੱਚ ਜਵਾਬ ਨਹੀਂ ਦਿੱਤਾ ਜਾਵੇਗਾ।
ਘੱਟੋ-ਘੱਟ ਅਸਥਾਈ ਤੌਰ 'ਤੇ, ਸਮੁੱਚੇ ਵਿਸ਼ਵ ਵਿਆਪੀ ਭਾਈਚਾਰੇ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਖਾਸ ਕਰਕੇ ਖਾੜੀ ਮੁਲਕਾਂ ਲਈ ਇਹ ਚੰਗੀ ਖ਼ਬਰ ਹੈ। ਪਰ ਸੰਕਟ ਦੇ ਬੱਦਲ ਬਿਲਕੁਲ ਹਟ ਗਏ ਹਨ, ਇਹ ਕਹਿਣਾ ਵੀ ਸਹੀ ਨਹੀਂ ਹੋਵੇਗਾ। ਇਸ ਲਈ ਕੌਮਾਂਤਰੀ ਭਾਈਚਾਰੇ ਨੂੰ ਇਸ 'ਤੇ ਨਜ਼ਰ ਰੱਖਣੀ ਪਵੇਗੀ ਅਤੇ ਅਮਰੀਕਾ ਤੇ ਈਰਾਨ ਦੋਵਾਂ ਦੀ ਚੋਟੀ ਦੀ ਲੀਡਰਸ਼ਿਪ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਹਾਲਾਤ ਠੀਕ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਯੂਰਪੀ ਸੰਘ ਨੇ ਵੀ ਅਮਰੀਕਾ ਨੂੰ ਵੱਧ ਤੋਂ ਵੱਧ ਸਬਰ ਰੱਖਣ ਦੀ ਅਪੀਲ ਕੀਤੀ ਹੈ ਤੇ ਈਰਾਨ ਨੂੰ ਵੀ ਕਿਸੇ ਉਕਸਾਵੇ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਰਾਸ਼ਟਰਪਤੀ ਰੂਹਾਨੀ ਨੂੰ ਟਕਰਾਅ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਬ੍ਰਿਟੇਨ, ਈਰਾਨ ਨਾਲ ਪ੍ਰਮਾਣੂ ਸਮਝੌਤੇ ਲਈ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਬ੍ਰਿਟੇਨ ਨੇ 2015 ਵਿੱਚ ਪ੍ਰਮਾਣੂ ਸਮਝੌਤੇ ਨੂੰ ਮੌਜੂਦਾ ਸਥਿਤੀ ਵਿੱਚ ਸਭ ਤੋਂ ਉਚਿਤ ਮੰਨਿਆ ਕਿਉਂਕਿ ਇਹ ਪ੍ਰਮਾਣੂ ਪ੍ਰਸਾਰ ਨੂੰ ਰੋਕਣ ਵਿੱਚ ਮਦਦ ਕਰੇਗਾ। ਕਾਬਿਲੇਗੌਰ ਹੈ ਕਿ ਰਾਸ਼ਟਰਪਤੀ ਟਰੰਪ 2015 ਵਿੱਚ ਇਸ ਇਕਰਾਰਨਾਮੇ ਤੋਂ ਇਕਤਰਫਾ ਵੱਖ ਹੋ ਗਏ ਸਨ। ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ ਬ੍ਰਿਟੇਨ, ਫਰਾਂਸ, ਜਰਮਨੀ, ਰੂਸ ਅਤੇ ਚੀਨ ਨੂੰ ਅਮਰੀਕਾ ਦੀ ਗੱਲ ਮੰਨਣੀ ਚਾਹੀਦੀ ਹੈ ਅਤੇ 2015 ਦੇ ਸਮਝੌਤੇ ਨੂੰ ਰੱਦ ਕਰਨਾ ਚਾਹੀਦਾ ਹੈ। ਰੂਸ ਅਤੇ ਚੀਨ, ਅਮਰੀਕਾ ਦੇ ਪੱਛਮੀ ਭਾਈਵਾਲਾਂ ਸਮੇਤ, 2015 ਦੇ ਸਮਝੌਤੇ ਨੂੰ ਇੱਕ ਬਿਹਤਰ ਸਮਝੌਤਾ ਮੰਨਦੇ ਹਨ। ਗੌਰਤਲਬ ਹੈ ਕਿ ਭਾਰਤ ਵੀ ਪ੍ਰਮਾਣੂ ਸੌਦੇ ਨੂੰ ਬਣਾਈ ਰੱਖਣ ਵਿੱਚ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ। ਭਾਰਤ ਨੇ ਪਹਿਲਾਂ ਵੀ ਚਿੰਤਾ ਜ਼ਾਹਿਰ ਕੀਤੀ ਹੈ ਕਿ ਵੱਧ ਰਹੇ ਤਣਾਅ ਨਾਲ ਨਾ ਸਿਰਫ ਖਿੱਤੇ ਵਿੱਚ ਅਸ਼ਾਂਤੀ ਆਵੇਗੀ ਬਲਕਿ ਪੱਛਮੀ ਏਸ਼ੀਆ ਵਿਚ ਅਸਥਿਰਤਾ ਵੀ ਪੈਦਾ ਹੋ ਸਕਦੀ ਹੈ। ਭਾਰਤ ਦੇ ਤਕਰੀਬਨ 8 ਮਿਲੀਅਨ ਲੋਕ ਖਾੜੀ ਮੁਲਕਾਂ ਵਿਚ ਰਹਿੰਦੇ ਹਨ ਅਤੇ ਹਰ ਸਾਲ 40 ਬਿਲੀਅਨ ਡਾਲਰ ਆਪਣੇ ਮੁਲਕ ਨੂੰ ਭੇਜਦੇ ਹਨ। ਜ਼ਾਹਿਰ ਹੈ ਕਿ ਭਾਰਤ ਨੂੰ ਆਪਣੇ ਲੋਕਾਂ ਦੀ ਸੁਰੱਖਿਆ ਦੀ ਵੀ ਫਿਕਰ ਹੈ। ਫਿਰ ਇਸ ਖਿੱਤੇ ਨਾਲ ਭਾਰਤ ਦੇ ਤਜਾਰਤੀ ਸੰਬੰਧ ਵੀ ਵੱਧ ਰਹੇ ਹਨ। ਭਾਰਤ ਚਾਹੁੰਦਾ ਹੈ ਕਿ ਤਣਾਅ ਖ਼ਤਮ ਹੋਵੇ ਅਤੇ ਸਦੀਵੀ ਸ਼ਾਂਤੀ ਕਾਇਮ ਰਹੇ।
ਸਕ੍ਰਿਪਟ: ਮੋਈਨੁੱਦੀਨ ਖਾਨ
Comments
Post a Comment